ਪਰਦੁੱਮਣ ਸਿੰਘ ਦੇਖਦਾ ਹੈ ਕਿ ਬਲਬੀਰ ਕੁਝ ਵੱਟਿਆ ਵੱਟਿਆ ਰਹਿਣ ਲੱਗਿਆ ਹੈ। ਪਿਛਲੇ ਮਹੀਨੇ ਉਸ ਦਾ ਵਿਆਹ ਹੋਇਆ ਹੈ। ਰਿਸ਼ਤੇਦਾਰਾਂ ਨੇ ਕੁੜੀ ਲੱਭੀ ਤੇ ਇਹ ਕਾਰਜ ਕਰ ਦਿੱਤਾ ਹੈ। ਵਿਆਹ ਕਾਰਨ ਉਸ ਦੇ ਪੱਕੇ ਹੋਣ ਦੇ ਮੌਕੇ ਵੱਧ ਗਏ ਹਨ। ਵੈਸੇ ਤਾਂ ਸਾਰੇ ਕਹਿੰਦੇ ਹਨ ਕਿ ਇਮੀਗਰੇਸ਼ਨ ਕਾਨੂੰਨ ਇਕ ਡਰਟੀ ਗੇਮ ਹੈ, ਪਤਾ ਨਹੀਂ ਇਸ ਨੇ ਕਿਧਰ ਨੂੰ ਤੁਰ ਪੈਣਾ ਹੈ। ਉਹ ਸੋਚਦਾ ਹੈ ਕਿ ਸ਼ਾਇਦ ਉਸ ਨੇ ਹੀ ਬਲਬੀਰ ਨੂੰ ਕੁਝ ਕਹਿ ਦਿੱਤਾ ਹੋਵੇ। ਜਾਂ ਫਿਰ ਤਨਖਾਹ ਵਧਵਾਉਣ ਦਾ ਕੋਈ ਬਹਾਨਾ ਲੱਭ ਰਿਹਾ ਹੋਵੇ। ਕਈ ਕਾਮੇ ਆਪਣਾ ਮੁੱਲ ਪਵਾਉਣ ਲਈ ਅਕਸਰ ਇਵੇਂ ਕਰਦੇ ਹਨ ਕਿ ਕਹਿਣ ਲੱਗਦੇ ਹਨ ਕਿ ਉਹ ਕੰਮ ਛੱਡ ਰਹੇ ਹਨ। ਉਹ ਸੋਚਣ ਲੱਗਦਾ ਹੈ ਕਿ ਬਲਬੀਰ ਵਧੀਆ ਡਰਾਈਵਰ ਹੈ। ਜੇ ਜ਼ਿਆਦਾ ਕਹੇਗਾ ਤਾਂ ਹਫਤੇ ਦੇ ਦਸ ਪੌਂਡ ਵਧਾ ਦੇਵੇਗਾ। ਇਹਦੇ ਨਾਲੋਂ ਕਿ ਨਵਾਂ ਡਰਾਈਵਰ ਲੱਭਿਆ ਜਾਵੇ, ਫਿਰ ਟਰੇਂਡ ਕੀਤਾ ਜਾਵੇ, ਦਸ ਪੌਂਡ ਵਧਾਉਣੇ ਸੌਖੇ ਹਨ। ਬਲਬੀਰ ਪੂਰੇ ਕੰਮ ਨੂੰ ਬਾਖੂਬੀ ਨਾਲ ਸੰਭਾਲ ਰਿਹਾ ਹੈ। ਇਕ ਦੋ ਦਿਨ ਦੇਖ ਕੇ ਉਹ ਬਲਬੀਰ ਨੂੰ ਆਪ ਹੀ ਪੁੱਛਦਾ ਹੈ,
“ਪੁੱਤਰਾ, ਠੀਕ ਐਂ ?”
“ਆਹੋ ਅੰਕਲ, ਬਿਲਕੁਲ ਠੀਕ ਆਂ।”
“ਫੇਰ ਮੂੰਹ ਕਿਉਂ ਬਰੂ ਖਾਧੀ ਮੱਝ ਵਾਂਗ ਕੀਤਾ ਹੋਇਆ ?”
“ਅਸਲ 'ਚ ਗੱਲ ਇਹ ਐ ਅੰਕਲ, ਮੈਂ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਨਾਂ।”
“ਅੱਛਾ ! ਕਾਹਦਾ ?”
“ਆਹੀ, ਸਮੋਸਿਆਂ ਦਾ। ਮੇਰੀ ਵਾਈਫ ਵੀ ਤੇਜ਼ ਐ, ਸੱਸ ਨੇ ਵੀ ਇਹ ਕੰਮ ਕੀਤਾ ਹੋਇਐ, ਉਨ੍ਹਾਂ ਦੀ ਗੈਰਜ ਕਾਫੀ ਵੱਡੀ ਐ, ਖਾਲੀ ਪਈ ਐ।”
ਗੱਲ ਸੁਣ ਕੇ ਪਰਦੁੱਮਣ ਸਿੰਘ ਦੀ ਖਾਨਿਉਂ ਗਈ ਹੋ ਜਾਂਦੀ ਹੈ। ਘਰ ਵਿਚ ਹੀ ਸ਼ਰੀਕ ਜੰਮ ਰਿਹਾ ਹੈ। ਉਸ ਤੋਂ ਸਿੱਖ ਕੇ ਉਸ ਦੇ ਬਰਾਬਰ ਹੀ ਖੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਆਪਣੇ ਸਮੋਸੇ ਬਣਾਵੇਗਾ, ਫਿਰ ਉਸ ਦੀਆਂ ਦੁਕਾਨਾਂ ਉਪਰ ਜਾ ਕੇ ਰੱਖਣ ਦੀ ਕੋਸ਼ਿਸ਼ ਕਰੇਗਾ। ਦੁਕਾਨਦਾਰ ਨੂੰ ਸਮੋਸੇ ਮਗਰ ਦੋ ਤਿੰਨ ਪੈਨੀਆਂ ਘੱਟ ਕਰਕੇ ਮਗਰ ਲਾ ਸਕਦਾ ਹੈ। ਇਹ ਮੁੰਡਾ ਭਾਵੇਂ ਚੁੱਪ ਜਿਹਾ ਹੈ ਪਰ ਅੰਦਰੋਂ ਤੇਜ਼ ਹੈ। ਬਲਬੀਰ ਚਲੇ ਜਾਂਦਾ ਹੈ ਪਰ ਪਰਦੁੱਮਣ ਸਿੰਘ ਸੋਚਾਂ ਵਿਚ ਪੈ ਜਾਂਦਾ ਹੈ ਕਿ ਕੀ ਕੀਤਾ ਜਾਵੇ। ਬਲਬੀਰ ਨੂੰ ਕਿਵੇਂ ਰੋਕਿਆ ਜਾਵੇ।
ਅਗਲੇ ਦਿਨ ਉਹ ਚਿਹਰੇ 'ਤੇ ਖੁਸ਼ੀ ਲਿਆਉਂਦਿਆਂ ਬਲਬੀਰ ਨੂੰ ਆਖਦਾ ਹੈ,
“ਇਹ ਤਾਂ ਚੰਗੀ ਗੱਲ ਐ ਬਈ ਤੂੰ ਆਪਣਾ ਕੰਮ ਸ਼ੁਰੂ ਕਰਨ ਬਾਰੇ ਸੋਚ ਰਿਹੈਂ।”
“ਅੱਛਾ! ਅੰਕਲ ਮੈਂ ਤਾਂ ਡਰਦਾ ਸੀ ਕਿ ਤੁਸੀਂ ਗੁੱਸਾ ਕਰੋਂਗੇ।”
“ਗੁੱਸਾ ਕਾਹਦਾ ਬਈ, ਪੁੱਤ ਜਵਾਨ ਹੋ ਕੇ ਪਿਓ ਬਰਾਬਰ ਖੜਦੇ ਈ ਹੁੰਦੇ ਆ। ਸਗਾਂ ਤੈਨੂੰ ਕਿਸੇ ਹੈਲਪ ਦੀ ਲੋੜ ਹੋਈ ਤਾਂ ਦੱਸੀਂ।”
“ਠੀਕ ਐ ਅੰਕਲ।”
“ਪਰ ਇਕ ਗੱਲ ਹੋਰ ਐ ਬਲਬੀਰ।”
“ਕਿਹੜੀ ?”
“ਤੂੰ ਰਾਊਂਡ ਆਪਣਾ ਖੜਾ ਕਰ ਲੈ। ਸਮੋਸੇ ਤੈਨੂੰ ਮੈਂ ਕੌਸਟ ਪਰਾਈਸ 'ਤੇ ਦੇਈ ਜਾਨਾਂ। ਤੂੰ ਐਵੇਂ ਭੱਠੀਆਂ ਬਗੈਰਾ 'ਤੇ ਖਰਚ ਕਰਦਾ ਫਿਰੇਂਗਾ।”
“ਕਿੰਨੇ ਦਾ ਸਮੋਸਾ ਦੇਵੋਂਗੇ ?”
“ਇਹ ਤਾਂ ਮੈਂ ਤੈਨੂੰ ਪੂਰੀ ਤਰ੍ਹਾਂ ਕੈਲਕੁਲੇਟ ਕਰ ਕੇ ਦੱਸੂੰ, ਅੱਜ ਕੱਲ ਆਪਾਂ ਦੁਕਾਨਦਾਰ ਨੂੰ ਪੰਜਤਾਲੀ ਪੈਂਸ ਦਾ ਦਿੰਨੇ ਆਂ, ਆਪਾਂ ਨੂੰ ਅੰਦਾਜ਼ਨ ਕੌਸਟ ਪੱਚੀ ਕੁ ਪੈਂਸ ਕਰੇਗਾ ਤੇ ਦੋ ਕੁ ਪੈਨੀਆਂ ਮੈਂ ਕਮਾਊਂ ਤੈਨੂੰ ਅੱਠਾਈ ਪੈਂਸ ਦਾ ਦੇਈ ਜਾਊਂ, ਪਰ ਮੈਨੂੰ ਹਿਸਾਬ ਕਰਕੇ ਦੇਖ ਲੈਣ ਦੇ।”
ਸ਼ਾਮ ਨੂੰ ਪਰਦੁੱਮਣ ਸਿੰਘ ਹਿਸਾਬ ਲਾ ਕੇ ਦੇਖਣ ਲਗਦਾ ਹੈ ਕਿ ਇਕ ਸਮੋਸਾ ਕਿੰਨੇ ਦਾ ਪੈਂਦਾ ਹੈ। ਪਹਿਲਾਂ ਤਾਂ ਇਹ ਸਸਤਾ ਹੀ ਸੀ। ਉਹ ਦੁਕਾਨਦਾਰਾਂ ਨੂੰ ਵੀ ਤੀਹ ਪੈਂਸ ਦਾ ਵੇਚਦਾ ਰਿਹਾ ਸੀ ਪਰ ਹੁਣ ਪੰਜਤਾਲੀ ਦਾ ਦਿੰਦਾ ਹੈ। ਹੁਣ ਸਮੋਸਾ ਪੈਕਟ ਵਿਚ ਬੰਦ ਅਤੇ ਲੇਬਲ ਲੱਗਿਆ ਹੋਣ ਕਰਕੇ ਖਰਚਾ ਵੱਧ ਚੁੱਕਾ ਹੈ। ਉਹ ਹਿਸਾਬ ਲਾਉਂਦਾ ਹੈ। ਸਮੋਸਾ ਹਾਲੇ ਵੀ ਵੀਹ ਪੈਨੀਆਂ ਦੇ ਅੰਦਰ ਅੰਦਰ ਹੀ ਪੈਂਦਾ ਹੈ।
ਅਗਲੇ ਦਿਨ ਉਸਦੀ ਗੱਲਬਾਤ ਬਲਬੀਰ ਨਾਲ ਅੱਠਾਈ ਪੈਨੀ ਦੇ ਹਿਸਾਬ ਨਾਲ ਪੱਕੀ ਹੋ ਜਾਂਦੀ ਹੈ। ਬਲਬੀਰ ਨੂੰ ਵੀ ਇਹ ਸੌਦਾ ਗਲਤ ਨਹੀਂ ਜਾਪਦਾ। ਇੰਨੇ ਦਿਨ ਘੁੰਮ ਕੇ ਆਪਣਾ ਕੰਮ ਸ਼ੁਰੂ ਕਰਨ ਦੇ ਰਾਹ ਵਿਚ ਆਉਂਦੀਆਂ ਤਕਲੀਫਾਂ ਉਸ ਨੇ ਦੇਖ ਹੀ ਲਈਆਂ ਹਨ। ਸਭ ਤੋਂ ਵੱਡਾ ਚੱਕਰ ਤਾਂ ਹੈਲਥ ਵਾਲਿਆਂ ਦਾ ਪੈਂਦਾ ਹੈ। ਉਹ ਬਹੁਤ ਚੈਕ ਕਰਦੇ ਹਨ। ਹੁਣ ਜੇਕਰ ਸਮੋਸੇ ਉਹ ਪਰਦੁੱਮਣ ਸਿੰਘ ਕੋਲੋਂ ਲੈਂਦਾ ਰਹੇ ਤਾਂ ਜ਼ਿੰਮੇਵਾਰੀ ਵੀ ਉਸੇ ਦੀ ਹੋਵੇਗੀ। ਬਲਬੀਰ ਕਹਿੰਦਾ ਹੈ,
“ਪਰ ਅੰਕਲ ਜੇ ਕੱਲ ਨੂੰ ਤੂੰ ਸਮੋਸੇ ਦੇਣੇ ਬੰਦ ਕਰ ਦੇਵੇਂ ਤਾਂ ?”
“ਏਦਾਂ ਕਦੇ ਨਾ ਹੋਊ ਪਰ ਸ਼ਰਤ ਇਕੋ ਐ ਕਿ ਤੂੰ ਸਾਡੀ ਦੁਕਾਨ ਜਾਂ ਸਟੋਰ ਆਦਿ 'ਤੇ ਨਾ ਜਾਈਂ, ਨਵੀਂ ਜਗ੍ਹਾ ਲੱਭੀਂ, ਤੈਨੂੰ ਪਤੈ ਲੰਡਨ ਤਾਂ ਸਮੁੰਦਰ ਐ ਜਿੰਨੀਆਂ ਮਰਜ਼ੀ ਮੱਛੀਆਂ ਫੜੀ ਜਾਵੋ।”
“ਠੀਕ ਐ, ਫੇਰ ਡਰਾਈਵਰ ਦਾ ਇੰਤਜ਼ਾਮ ਕਰ ਲਓ।”
ਬਲਬੀਰ ਖੁਸ਼ ਹੈ। ਪਰਦੁੱਮਣ ਸਿੰਘ ਵੀ ਖੁਸ਼ ਹੈ। ਉਸ ਨੂੰ ਪਤਾ ਹੈ ਕਿ ਮਾਲ ਸਪਲਾਈ ਕਰਨਾ ਜਾਂ ਸੇਲਜ਼ਮੈਨਸ਼ਿੱਪ ਕਰਨੀ ਬਹੁਤ ਔਖੀ ਹੈ। ਮਾਲ ਤਿਆਰ ਕਰਨ ਦਾ ਕੀ ਹੈ, ਕੋਈ ਵੀ ਕਰ ਕਰਾ ਸਕਦਾ ਹੈ। ਉਹ ਸੋਚ ਰਿਹਾ ਹੈ ਕਿ ਬਲਬੀਰ ਜਿੰਨਾ ਵੀ ਕੰਮ ਵਧਾਏਗਾ, ਓਨਾ ਈ ਉਹ ਵੀ ਕਮਾਏਗਾ। ਜੇ ਬਲਬੀਰ ਵਰਗੇ ਇਕ ਦੋ ਬੰਦੇ ਹੋਰ ਉਸ ਕੋਲੋਂ ਮਾਲ ਲੈ ਕੇ ਅਗੇ ਸਪਲਾਈ ਕਰਨ ਲੱਗ ਪੈਣ ਤਾਂ ਉਸ ਦੇ ਵਾਰੇ ਨਿਆਰੇ ਹੀ ਹੋ ਜਾਣ। ਕੰਮ ਬਹੁਤ ਵੱਧ ਜਾਵੇ। ਹੁਣ ਉਸ ਨੂੰ ਨਵਾਂ ਡਰਾਈਵਰ ਭਾਲਣ ਦੀ ਚਿੰਤਾ ਹੈ। ਉਹ ਹਰ ਮਿਲਣ ਵਾਲੇ ਨੂੰ ਪੁੱਛ ਦੱਸ ਕਰਨ ਲੱਗਦਾ ਹੈ ਕਿ ਉਸ ਨੂੰ ਡਰਾਈਵਰ ਦੀ ਲੋੜ ਹੈ। ਬਹੁਤੀ ਵਾਰ ਤਾਂ ਲੋਕ ਕੰਮ ਦੀ ਭਾਲ ਵਿਚ ਉਸ ਦੀ ਫੈਕਟਰੀ ਤਕ ਹੀ ਆ ਪੁੱਜਦੇ ਹਨ ਪਰ ਡਰਾਈਵਰ ਮਿਲਣੇ ਥੋੜੇ ਮੁਸ਼ਕਲ ਹੋ ਜਾਂਦੇ ਹਨ। ਡਰਾਈਵਰ ਦੀ ਤਲਾਸ਼ ਵਿਚ ਉਹ ਸੰਧੂ ਵਕੀਲ ਨਾਲ ਵੀ ਗੱਲ ਕਰਦਾ ਹੈ। ਸੰਧੂ ਅਗੇ ਮੀਕੇ ਨੂੰ ਦੱਸਦਾ ਹੈ ਜਿਸ ਨੇ ਡਰਾਈਵਿੰਗ ਟੈਸਟ ਪਾਸ ਕਰਕੇ ਲਾਇਸੰਸ ਲੈ ਲਿਆ ਹੈ। ਮੀਕਾ ਇਕ ਦਿਨ ਆ ਸਤਿ ਸ੍ਰੀ ਅਕਾਲ ਬੁਲਾਉਂਦਾ ਹੈ। ਕਹਿੰਦਾ ਹੈ,
“ਮੈਨੂੰ ਸ਼ਰਾਬੀ ਵਕੀਲ ਨੇ ਦੱਸਿਆ ਕਿ ਤੁਹਾਨੂੰ ਡਰੈਵਰ ਚਾਹੀਦੈ।”
ਪਰਦੁੱਮਣ ਸਿੰਘ ਮੀਕੇ ਨੂੰ ਪੈਰਾਂ ਤੋਂ ਸਿਰ ਤੱਕ ਦੇਖਦਾ ਹੈ ਤੇ ਪੁੱਛਦਾ ਹੈ,
“ਲਾਇਸੰਸ ਹੈਗਾ?”
“ਤੇ ਹੋਰ ਮੈਂ ਮੂੰਹ ਦਿਖਾਉਣ ਆਇਆਂ।”
“ਆਪਣਾ ਈ ਆ ?”
“ਨਹੀਂ ਬਿਨ ਵਿਚੋਂ ਲੱਭਿਆ ਸੀ।”
ਕਹਿ ਕੇ ਮੀਕਾ ਹੱਸਣ ਲੱਗਦਾ ਹੈ। ਪਰਦੁੱਮਣ ਸਿੰਘ ਵੀ ਹੱਸਦਾ ਹੈ। ਮੀਕਾ ਜੇਬ ਵਿਚੋਂ ਲਾਇਸੰਸ ਕੱਢ ਕੇ ਦਿਖਾਉਂਦਾ ਆਖਦਾ ਹੈ,
“ਅੰਕਲਾ, ਤੈਨੂੰ ਟਿੱਚਰਾਂ ਬਹੁਤ ਔਂਦੀਆਂ।”
“ਪੁੱਛ ਪੜਤਾਲ ਤਾਂ ਕਰਨੀ ਈ ਪੈਣੀ ਆਂ। ਲੋਕ ਇਕ ਦੂਜੇ ਦਾ ਲਾਇਸੰਸ ਵੀ ਵਰਤੀ ਜਾਂਦੇ ਆ। ਕੀ ਨਾਂ ਬਈ ਤੇਰਾ?”
“ਮੀਕਾ।”
“ਮੀਕਾ ਕੀ? ਪੂਰਾ ਕੀ ਐ ?”
“ਮੀਕੇ ਨਾਲ ਈ ਕੰਮ ਚਲਾਈ ਚੱਲੋ।”
ਮੀਕਾ ਹੱਸਦਾ ਹੋਇਆ ਕਹਿੰਦਾ ਹੈ। ਪਰਦੁੱਮਣ ਸਿੰਘ ਲਾਇਸੰਸ ਤੋਂ ਉਸ ਦਾ ਨਾਂ ਤੇ ਐਡਰੈਸ ਪੜ੍ਹਨ ਲੱਗਦਾ ਤੇ ਫਿਰ ਕਹਿੰਦਾ ਹੈ,
“ਤੀਹ ਪੌਂਡ ਦਿਹਾੜੀ ਦੇ ਹਿਸਾਬ ਨਾਲ ਦੇਵਾਂਗੇ, ਜਿੰਨਾ ਚਿਰ ਕੰਮ ਸਿੱਖਣਾ ਓਨਾ ਚਿਰ ਪੱਚੀ ਪੌਂਡ, ਪੰਜ ਦਿਨ ਡਰਾਈਵਰੀ ਤੇ ਦੋ ਦਿਨ ਅੰਦਰ ਜੇ ਲਾਉਣੇ ਹੋਏ ਤਾਂ।”
“ਮੈਂ ਤਾਂ ਸੋਚਦਾ ਜੀ ਕਿ ਰੱਬ ਨੇ ਦਿਨ ਸੱਤ ਕਿਉਂ ਬਣਾਏ ਹਫਤੇ, ਦਸ ਬਣਾ ਦਿੰਦਾ ਭਾਵੇਂ, ਆਪਾਂ ਨੂੰ ਕੋਈ ਫਰਕ ਨਹੀਂ।”
ਮੀਕਾ ਬਲਬੀਰ ਨਾਲ ਰਾਊਂਡ ਸਿੱਖਣ ਲੱਗ ਪੈਂਦਾ ਹੈ। ਬਲਬੀਰ ਸਿਟੀ ਵੱਲ ਨੂੰ ਨਿਕਲਦਾ ਹੈ ਤੇ ਗੁਰਮੀਤ ਦਰਿਆ ਟੱਪ ਕੇ ਵਾਟਰਲੂ ਦੇ ਏਰੀਏ ਵਿਚ ਸਮੋਸੇ ਦੇਣ ਜਾਂਦਾ ਹੈ। ਬਲਬੀਰ ਮੀਕੇ ਨੂੰ ਕਹਿੰਦਾ ਹੈ,
“ਦੋ ਹਫਤੇ ਲੱਗ ਜਾਣੇ ਆਂ ਤੈਨੂੰ ਕੰਮ ਸਿੱਖਣ ਨੂੰ।”
“ਲੰਡਨ ਮੇਰੀ ਦੋ ਦਿਨ ਦੀ ਮਾਰ ਐ ਯਾਰ, ਏਸ ਕੰਕਰੀਟ ਦੇ ਜੰਗਲ ਦੀ ਤਾਂ ਮੈਨੂੰ ਵਾਹਵਾ ਥਾਹ ਐ।”
“ਜੇ ਬਹੁਤਾ ਨਹੀਂ ਤਾਂ ਹਫਤੇ ਵਿਚ ਤਾਂ ਸਿੱਖ ਜਾਏਂਗਾ।”
“ਯਾਰਾ, ਤੇਰੀ ਮੈਂ ਦੋ ਦਿਨ ਵਿਚ ਤਸੱਲੀ ਕਰਾ ਦੇਊਂ।”
“ਮੇਰੀ ਨਹੀਂ ਅੰਕਲ ਦੀ ਤਸੱਲੀ ਚਾਹੀਦੀ ਐ।”
“ਅੰਕਲ ਦੀ ਤਸੱਲੀ ਵੀ ਕਰਾ ਦੇਊਂ, ਜੇ ਏਦਾਂ ਨਾ ਹੋਊ ਤਾਂ ਸਾਨੂੰ ਦੂਜੇ ਤਰ੍ਹਾਂ ਵੀ ਕਰਾਉਣੀ ਆਉਂਦੀ ਐ।”
ਮੀਕਾ ਗੱਲ ਕਰਦਾ ਕਮੀਜ਼ ਦੇ ਕਾਲਰ ਖੜੇ ਕਰ ਲੈਂਦਾ ਹੈ। ਬਲਬੀਰ ਥੋੜ੍ਹਾ ਕੁ ਉਸ ਨੂੰ ਜਾਣਦਾ ਹੈ ਕਿ ਉਹ ਗੱਪੀ ਹੈ। ਬਲਬੀਰ ਆਖਦਾ ਹੈ,
“ਮੈਨੂੰ ਲੱਗਦਾ, ਤੇਰਾ ਕੰਮ ਕਰਨ ਦਾ ਇਰਾਦਾ ਨਹੀਂ।”
“ਕੰਮ ਤਾਂ ਮੈਂ ਕਰਨਾਂ, ਕੰਮ ਦੀ ਲੋੜ ਐ। ਜਿਥੇ ਵੀ ਕੰਮ ਕਰਾਂ ਕੋਈ ਨਾ ਕੋਈ ਪੰਗਾ ਪੈ ਜਾਂਦਾ ਸਾਲਾ।”
“ਇਥੇ ਵੀ ਪਾ ਲਏਂਗਾ ਜੇ ਜੀਭ 'ਤੇ ਕਾਬੂ ਨਾ ਰੱਖਿਆ ਤਾਂ।”
“ਨਹੀਂ, ਇਥੇ ਨਹੀਂ ਪੈਂਦਾ, ਏਸ ਅੰਕਲ ਨੂੰ ਮੈਂ ਸੋਧ ਕੇ ਰੱਖੂੰ, ਮੈਨੂੰ ਏਹਦਾ ਸਾਰਾ ਪਤਾ, ਇਹ ਤੀਵੀਆਂ ਦਾ ਸ਼ੌਕੀਨ ਐ ਤੇ ਮੈਂ ਇਹਨੂੰ ਰਣਜੀਤ ਕੌਰ ਦਾ ਪਤਾ ਦੇ ਦੇਊਂ, ਨਹੀਂ ਤਾਂ ਕਿਸੇ ਹੋਰ ਤਰੀਕੇ ਨਾਲ ਕਾਣਾ ਕਰ ਲਊਂ।”
ਮੀਕਾ ਹੁੱਬ ਕੇ ਕਹਿੰਦਾ ਹੈ। ਉਸ ਨੇ ਦੋ ਦਿਨ ਵਿਚ ਤਾਂ ਰਾਊਂਡ ਕੀ ਸਿੱਖਣਾ ਹੈ ਦੋ ਹਫਤੇ ਵਿਚ ਵੀ ਨਹੀਂ ਸਿੱਖ ਸਕਦਾ। ਬਹਾਨਾ ਕਰਦਾ ਆਖਦਾ ਹੈ,
“ਅਸਲ 'ਚ ਗੱਲ ਇਹ ਆ ਕਿ ਲੰਡਨ ਦੀਆਂ ਗੋਰੀਆਂ ਬਹੁਤ ਖੂਬਸੂਰਤ ਐ, ਕਾਲੀਆਂ ਵੀ ਘੱਟ ਨਹੀਂ, ਗੋਰੀਆਂ ਦਾ ਅੱਗਾ ਤੇ ਕਾਲੀਆਂ ਦਾ ਪਿੱਛਾ, ਬਸ ਇਹੋ ਦੇਖਣ ਲੱਗ ਪੈਨਾਂ ਤੇ ਰਾਹ ਚੇਤੇ ਨਹੀਂ ਹੋ ਰਿਹਾ।”
ਕਰਦਾ ਕਰਾਉਂਦਾ ਮੀਕਾ ਤਿੰਨ ਹਫਤੇ ਰਾਊਂਡ ਸਿੱਖਣ ਨੂੰ ਲਗਾ ਦਿੰਦਾ ਹੈ। ਵੈਸੇ ਮੀਕਾ ਕੰਮ ਤੋਂ ਟਲ਼ਦਾ ਨਹੀਂ ਹੈ। ਕੁਝ ਇਕ ਵਾਰ ਤਾਂ ਪਰਦੁੱਮਣ ਸਿੰਘ ਨੂੰ ਉਸ ਦਾ ਵਿਵਹਾਰ ਬਹੁਤ ਬੁਰਾ ਲੱਗਦਾ ਹੈ। ਉਸ ਦਾ ਦਿਲ ਕਰਦਾ ਹੈ ਕਿ ਹਟਾ ਦੇਵੇ। ਪਰ ਫਿਰ ਉਸ ਦਾ ਕੰਮ ਦੇਖਦਾ ਸੋਚਣ ਲੱਗਦਾ ਹੈ ਕਿ ਉਸ ਦਾ ਕੌਅ ਪਾ ਲਵੇ ਤੇ ਉਸ ਤੋਂ ਵੱਧ ਤੋਂ ਵੱਧ ਕੰਮ ਲਵੇ। ਅਜਿਹੇ ਬੰਦੇ ਵਡਿਆਏ ਹੋਏ ਬਹੁਤਾ ਕੰਮ ਕਰਦੇ ਹਨ ਤੇ ਇਵੇਂ ਹੀ ਹੁੰਦਾ ਹੈ। ਉਹ ਮੀਕੇ ਨੂੰ ਥੋੜ੍ਹੀ ਜਿਹੀ ਫੂਕ ਦੇ ਦਿੰਦਾ ਹੈ ਤੇ ਮੀਕਾ ਕੰਮ ਨੂੰ ਉਡਿਆ ਫਿਰਦਾ ਹੈ।
ਡਲਿਵਰੀ ਦੇ ਕੰਮ ਨੂੰ ਮੀਕਾ ਠੀਕ ਚੱਲ ਪੈਂਦਾ ਹੈ। ਫੈਕਟਰੀ ਅੰਦਰ ਵੀ ਦੋ ਦਿਨ ਲਾ ਲੈਂਦਾ ਹੈ। ਆਪਣੇ ਵੱਡੇ ਖੁਲ੍ਹੇ ਮੂੰਹ ਕਾਰਨ ਕਈਆਂ ਨੂੰ ਨਰਾਜ਼ ਵੀ ਕਰ ਲੈਂਦਾ ਹੈ ਤੇ ਸਭ ਦਾ ਦਿਲ ਵੀ ਲਾਈ ਰੱਖਦਾ ਹੈ। ਕੋਈ ਔਰਤ ਹੌਲੀ ਕੰਮ ਕਰਦੀ ਹੋਵੇ ਤਾਂ ਕਹਿ ਦਿੰਦਾ ਹੈ,
“ਕਿਉਂ ਬੀਬੀ, ਦਿਹਾੜੀ 'ਤੇ ਕਪਾਹ ਚੁਗਣ ਆਈ ਹੋਈ ਐਂ ਜਿਹੜੀ ਹੌਲੀ ਹੌਲੀ ਲੱਗੀ ਹੋਈ ਐਂ ?”
“ਕੋਈ ਪੈਰਾਂ ਪਰਨੇ ਬੈਠੀ ਹੋਵੇ ਤਾਂ ਕਹਿ ਦਿੰਦਾ ,
“ਬੀਬੀ, ਜੰਗਲ ਲਈ ਟੁਆਇਲਟ ਓਧਰ ਐ।”
ਕਈ ਵਾਰ ਆਪਣੇ ਖਾਣ ਲਈ ਪਕੌੜੇ ਵੀ ਕਢਵਾ ਲੈਂਦਾ ਹੈ। ਇਕ ਦਿਨ ਕਿਧਰੋਂ ਭੰਗ ਲੱਭ ਲਿਆਉਂਦਾ ਹੈ ਤੇ ਪਕੌੜਿਆਂ ਵਿਚ ਪਾ ਕੇ ਆਪਣੇ ਨਾਲ ਨਾਲ ਔਰਤਾਂ ਨੂੰ ਵੀ ਖਵਾ ਦਿੰਦਾ ਹੈ। ਕਦੇ ਕੋਈ ਪੁੱਛਦੀ ਹੈ,
“ਵੇ ਮੀਕਿਆ, ਤੇਰਾ ਪੂਰਾ ਨਾਂ ਕੀ ਐ ?”
“ਕਿਉਂ ਬੀਬੀ ? ਮੀਕੇ ਨਾਲ ਕੰਮ ਨਹੀਂ ਚੱਲਦਾ ?”
“ਚੱਲਦਾ ਤਾਂ ਪਰ ਫੇਰ ਵੀ ?”
“ਹਾਲੇ ਮੈਂ ਬੀਜ਼ੀ ਆਂ ਬੀਬੀ, ਹਾਲੇ ਮੀਕੇ ਨਾਲ ਈ ਕੰਮ ਚਲਾਈ ਚੱਲੋ।”
ਚਲਦਾ....