ਪਰਦੁੱਮਣ ਸਿੰਘ ਦਾ ਕੰਮ ਬਹੁਤ ਰੁਕ ਸਿਰ ਚੱਲ ਨਿਕਲਿਆ ਹੈ। ਹੁਣ ਦਸ–ਬਾਰਾਂ ਮਰਦ–ਔਰਤਾਂ ਤਾਂ ਅੰਦਰ ਹੀ ਕੰਮ ਕਰਦੇ ਹਨ। ਦੋ ਡਰਾਈਵਰ ਮਾਲ ਦੇਣ ਲਈ ਹਨ। ਆਪ ਉਹ ਉਪਰਲੇ ਕੰਮਾਂ 'ਤੇ ਰਹਿੰਦਾ ਹੈ। ਕਦੇ ਐਪਰਨ ਜਾਂ ਓਵਰਆਲ ਪਾ ਕੇ ਤੇ ਦਾਹੜੀ ਨੂੰ ਜਾਲੀ ਚਾੜ੍ਹ ਕੇ ਆਪ ਵੀ ਕੰਮ ਕਰਨ ਆ ਲੱਗਦਾ ਹੈ ਤੇ ਕਦੇ ਕਾਰ ਜਾਂ ਵੈਨ ਚੁੱਕ ਕੇ ਸ਼ੌਪਿੰਗ ਕਰਨ ਚਲੇ ਜਾਂਦਾ ਹੈ। ਜੇ ਕੋਈ ਡਰਾਈਵਰ ਛੁੱਟੀ 'ਤੇ ਹੋਵੇ ਤਾਂ ਡਲਿਵਰੀ ਆਪ ਕਰ ਆਉਂਦਾ ਹੈ। ਕੁੜੀਆਂ ਨੂੰ ਛੁੱਟੀ ਹੋਵੇ ਤਾਂ ਫੈਕਟਰੀ ਆ ਜਾਂਦੀਆਂ ਹਨ। ਬਲਰਾਮ ਹੁਣ ਯੂਨੀਵਰਸਿਟੀ ਜਾਂਦਾ ਹੈ। ਵੱਡੀ ਸਤਿੰਦਰ ਗਰੀਨਫੋਰਡ ਹਾਈ ਸਕੂਲ ਵਿਚ ਏ ਲੈਵਲ ਕਰਦੀ ਹੈ। ਛੋਟੀ ਪਵਨਦੀਪ ਜੀ.ਸੀ.ਐਸ.ਈ. ਕਰ ਰਹੀ ਹੈ। ਰਾਜਵਿੰਦਰ ਹਾਲੇ ਵੀ ਵਿਹਲਾ ਹੀ ਹੈ। ਘਰ ਦੇ ਕੰਮ ਨਾਲ ਉਸ ਨੂੰ ਨਫਰਤ ਜਿਹੀ ਹੈ ਤੇ ਕਿਤੇ ਹੋਰ ਕੰਮ ਲੱਭਣ ਦੀ ਉਸ ਨੇ ਕਦੇ ਕੋਸਿ਼ਸ਼ ਹੀ ਨਹੀਂ ਕੀਤੀ।
ਕੁਝ ਸਾਲਾਂ ਵਿਚ ਹੀ ਪਰਦੁੱਮਣ ਸਿੰਘ ਨੇ ਆਪਣੇ ਪੈਰ ਪੱਕੀ ਤਰ੍ਹਾਂ ਬੰਨ੍ਹ ਲਏ ਹਨ। ਦੋ ਰਾਊਂਡ ਖੜੇ ਕਰ ਲਏ ਹਨ। ਹਰ ਰੋਜ਼ ਕੰਮ ਵਧਾਉਂਦਾ ਚਲਿਆ ਜਾਂਦਾ ਹੈ। ਕਈ ਹੋਰ ਲੋਕ ਲੰਡਨ ਵਿਚ ਸਮੋਸੇ ਡਿਲਿਵਰ ਕਰਨ ਲਗੇ ਹਨ ਤੇ ਉਹ ਮਾਲ ਪਰਦੁੱਮਣ ਸਿੰਘ ਤੋਂ ਚੁੱਕਦੇ ਹਨ। ਵੱਡੇ ਵੱਡੇ ਰੈਸਟੋਰੈਂਟ ਵੀ ਉਸ ਤੋਂ ਸਮੋਸੇ ਲੈਣ ਲਗ ਪਏ ਹਨ। ਸਮੋਸਿਆਂ ਨਾਲ ਉਸ ਨੇ ਪਕੌੜੇ ਵੀ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਪਕੌੜਿਆਂ ਨੂੰ ਓਨੀਅਨ ਭਾਜੀ ਦਾ ਨਾਂ ਦੇ ਦਿੱਤਾ ਹੈ ਜਿਹੜਾ ਕਿ ਮਸ਼ਹੂਰ ਹੋ ਗਿਆ ਹੈ। ਨਾਲ ਨਾਲ ਸਪਰਿੰਗ ਰੋਲ ਅਤੇ ਕਰੀ ਰੋਲ ਵੀ ਬਣਾਉਣ ਲੱਗਿਆ ਹੈ। ਹੁਣ ਉਹ ਹਰ ਚੀਜ਼ ਨੂੰ ਪੈਕਟ ਵਿਚ ਬੰਦ ਕਰਨ ਲਗ ਪਿਆ ਹੈ। ਹਰ ਪੈਕਟ ਉਪਰ ਪੂਰਾ ਲੇਬਲ ਲੱਗਿਆ ਹੁੰਦਾ ਹੈ। ਵੇਚ ਸਕਣ ਦੀ ਤਰੀਕ ਹੁੰਦੀ ਹੈ। ਲੇਬਲ ਉਪਰ ਉਸ ਦੀ ਕੰਪਨੀ ਦਾ ਨਾਂ ‘ਹੈਵ ਏ ਬਾਈਟ’ ਹੁੰਦਾ ਹੈ। ਉਸ ਦਾ ਇਹ ਨਾਂ ਹੁਣ ਸਥਾਪਤ ਹੋ ਚੁੱਕਾ ਹੈ। ਲੇਬਲ ਬਣਾਉਣ ਲਈ ਉਸ ਨੇ ਕੰਪਿਊਟਰ ਖਰੀਦ ਲਿਆ ਹੈ। ਇਵੇਂ ਹੀ ਬਿਲ ਵੀ ਹੁਣ ਉਹ ਕੰਪਿਊਟਰ ਰਾਹੀਂ ਹੀ ਕੱਢਦਾ ਹੈ। ਸਮੇਂ ਦੇ ਬਦਲਾਅ ਨਾਲ ਉਸ ਨੇ ਫੈਕਟਰੀ ਵਿਚ ਕੰਪਿਊਟਰ ਵਰਤਣੇ ਸ਼ੁਰੂ ਕਰ ਦਿਤੇ ਹਨ। ਕੰਪਿਊਟਰ ‘ਤੇ ਕੰਮ ਕਰਨ ਲਈ ਆਰਜ਼ੀ ਤੌਰ ਤੇ ਇਕ ਕੁੜੀ ਰੱਖ ਲੈਂਦਾ ਹੈ ਪਰ ਫਿਰ ਉਸ ਨੇ ਆਪ ਹੀ ਗੁਜ਼ਾਰੇ ਜੋਗਾ ਕੰਪਿਊਟਰ ਚਲਾਉਣਾ ਸਿਖ ਲੈਂਦਾ ਹੈ। ਕੰਪਿਊਟਰ ਦੇ ਕੰਮ ਲਈ ਬਲਰਾਮ ਜਾਂ ਕੁੜੀਆਂ ਵੀ ਆ ਜਾਂਦੀਆਂ ਹਨ।
ਬਲਬੀਰ ਅਤੇ ਗੁਰਮੀਤ, ਦੋ ਡਰਾਈਵਰ ਹਨ ਉਸ ਕੋਲ। ਪੰਜ ਦਿਨ ਸਮੋਸੇ ਡਲਿਵਰ ਕਰਦੇ ਹਨ ਤੇ ਦੋ ਦਿਨ ਫੈਕਟਰੀ ਵਿਚ ਕੰਮ ਕਰਵਾਉਂਦੇ ਹਨ। ਇਹ ਦੋਵੇਂ ਹੀ ਫੌਜੀ ਹਨ। ‘ਫੌਜੀ’ ਸ਼ਬਦ ਗੈਰਕਨੂੰਨੀ ਪ੍ਰਵਾਸੀਆਂ ਲਈ ਵਰਤਿਆ ਜਾਣ ਲਗਿਆ ਹੈ। ਇਨ੍ਹਾਂ ਦੋਨਾਂ ਦੇ ਕੇਸ ਉਸ ਨੇ ਸੁਰਮੁਖ ਸੰਧੂ ਤੋਂ ਕਰਵਾਏ ਹੋਏ ਹਨ। ਉਸ ਦੀ ਕੋਸ਼ਿਸ਼ ਹੈ ਕਿ ਕੇਸਾਂ ਦੀ ਕਾਰਵਾਈ ਜਾਂ ਇਨ੍ਹਾਂ ਦੀ ਸਟੇਜ ਬਾਰੇ ਉਨ੍ਹਾਂ ਦੋਨਾਂ ਨੂੰ ਬਹੁਤਾ ਪਤਾ ਨਾ ਚੱਲੇ। ਉਹ ਅਹਿਸਾਨ ਥੱਲੇ ਦੱਬੇ ਜੀਅ ਜਾਨ ਨਾਲ ਕੰਮ ਕਰ ਰਹੇ ਹਨ। ਕੇਸ ਚੱਲਦੇ ਹੋ ਜਾਣ ਨਾਲ ਕਨੂੰਨਨ ਤੌਰ 'ਤੇ ਡਰਾਈਵਿੰਟ ਟੈਸਟ ਪਾਸ ਕਰਕੇ ਵੈਨਾਂ ਵੀ ਚਲਾ ਸਕਦੇ ਹਨ। ਉਨ੍ਹਾਂ ਨੂੰ ਭੱਜ ਭੱਜ ਕੇ ਕੰਮ ਕਰਦਿਆਂ ਨੂੰ ਦੇਖ ਕੇ ਪਰਦੁੱਮਣ ਸਿੰਘ ਸੋਚਣ ਲੱਗਦਾ ਹੈ ਕਿ ਜੇ ਉਸ ਦਾ ਆਪਣਾ ਮੁੰਡਾ ਰਾਜਵਿੰਦਰ ਕਿਸੇ ਕੰਮ ਜੋਗਾ ਹੁੰਦਾ ਤਾਂ ਉਸ ਨੂੰ ਕਿੰਨੀ ਮਦਦ ਹੋ ਜਾਂਦੀ।
ਬਲਬੀਰ ਤੇ ਗੁਰਮੀਤ ਕਿੰਨਾ ਵੀ ਇਮਾਨਦਰੀ ਨਾਲ ਕੰਮ ਕਰਦੇ ਹਨ ਪਰ ਪਰਦੁੱਮਣ ਸਿੰਘ ਉਨ੍ਹਾਂ ਉਪਰ ਯਕੀਨ ਨਹੀਂ ਕਰਦਾ। ਡਲਿਵਰੀ ਦੇ ਕੰਮ ਵਿਚ ਕਾਫੀ ਸਾਰੀ ਨਕਦ ਰਕਮ ਇਕੱਠੀ ਕਰਨੀ ਹੁੰਦੀ ਹੈ। ਕੁਝ ਦੁਕਾਨਦਾਰ ਹਫਤੇ ਬਾਅਦ ਬਿਲ ਦਿੰਦੇ ਹਨ ਤੇ ਕੁਝ ਰੋਜ਼ ਦੀ ਰੋਜ਼। ਹਫਤੇ ਬਾਅਦ ਵਾਲੇ ਬਿਲ ਵਿਚ ਹੇਰਾਫੇਰੀ ਦੇ ਮੌਕੇ ਘੱਟ ਹੁੰਦੇ ਹਨ ਪਰ ਕੈਸ਼ ਡਲਿਵਰੀ ਵਿਚ ਡਰਾਈਵਰ ਹੇਰਾਫੇਰੀ ਕਰ ਸਕਦੇ ਹਨ। ਗੁਰਮੀਤ ਤੇ ਬਲਬੀਰ ਹੇਰਾਫੇਰੀ ਕਰਦੇ ਹਨ ਜਾਂ ਨਹੀਂ ਪਰ ਪਰਦੁੱਮਣ ਸਿੰਘ ਨੂੰ ਹਰ ਵੇਲੇ ਸ਼ੱਕ ਰਹਿੰਦੀ ਹੈ। ਕਈ ਵਾਰ ਤਾਂ ਇੰਨਾ ਸ਼ੱਕ ਕਰਨ ਲੱਗਦਾ ਹੈ ਕਿ ਉਨ੍ਹਾਂ ਦੀਆਂ ਜੇਬਾਂ ਫਰੋਲਣ ਤੱਕ ਜਾਂਦਾ ਹੈ। ਜੇ ਉਹ ਗੁੱਸੇ ਹੋ ਜਾਣ ਤਾਂ ਫਿਰ ਪੁੱਤ ਪੁੱਤ ਕਰਦਾ ਫਿਰਦਾ ਹੈ। ਉਸ ਨੂੰ ਪਤਾ ਕਿ ਉਨ੍ਹਾਂ ਬਿਨਾਂ ਉਸ ਦਾ ਕੰਮ ਨਹੀਂ ਚੱਲਣਾ। ਡਰਾਈਵਰ ਵੀ ਉਸ ਦੇ ਇਵੇਂ ਆਦੀ ਹੋ ਚੁੱਕੇ ਹਨ ਕਿ ਛੋਟੀ ਮੋਟੀ ਗੱਲ ਦਾ ਗੁੱਸਾ ਕਰਨੋਂ ਹਟ ਗਏ ਹਨ ਪਰ ਦਾਅ ਲਗੇ ਤਾਂ ਹੇਰਾ ਫੇਰੀ ਕਰਨ ਤੋਂ ਨਹੀਂ ਝਿਜਕਦੇ। ਫਿਰ ਬਾਅਦ ਵਿਚ ਵਡਿਆਈਆਂ ਮਾਰਦੇ ਦਸਦੇ ਹਨ ਕਿ ਅਜ ਮੈਂ ਇੰਨੇ ਕੱਢੇ ਤੇ ਅਜ ਫਲਾਨੇ ਨੇ ਇੰਨੇ ਕੱਢੇ। ਸ਼ਾਮ ਨੂੰ ਇਕੱਠੇ ਹੋ ਕੇ ਬੋਤਲ ਵੀ ਖਰੀਦਦੇ ਹਨ ਤੇ ਹੱਸਦੇ ਹੋਏ ਆਖਣ ਲਗਦੇ ਹਨ ਕਿ ਮਜ਼ੇ ਲੈ ਕੇ ਪੀਓ ਇਹ ਅੰਕਲ ਦੀ ਸ਼ਰਾਬ ਹੈ ਭਾਵ ਕੇ ਚੋਰੀ ਕੱਢੇ ਪੌਂਡਾਂ ਦੀ ਖਰੀਦੀ ਹੋਈ। ਸ਼ਾਮ ਨੂੰ ਇਕ ਦੂਜੇ ਨੂੰ ਮਜ਼ਾਕ ਕਰਦੇ ਪੁਛਦੇ ਹਨ ਕਿ ਅਜ ਅੰਕਲ ਕੀ ਪਿਲਾ ਰਿਹਾ ਹੈ ਵਿਸਕੀ ਜਾਂ ਬਰਾਂਡੀ।
ਫੈਕਟਰੀ ਵਿਚ ਕੰਮ ਕਰਦੀਆਂ ਔਰਤਾਂ ਉਪਰ ਗਿਆਨ ਕੌਰ ਪੂਰਾ ਰੋਅਬ ਰੱਖਦੀ ਹੈ। ਬ੍ਰੇਕਾਂ ਬਹੁਤ ਸਾਵੀਂਆਂ ਦਿੰਦੀ ਹੈ। ਕਿਸੇ ਨੂੰ ਇਕ ਮਿੰਟ ਲਈ ਵੀ ਵਾਧੂ ਨਹੀਂ ਬੈਠਣ ਦਿੰਦੀ। ਵੈਸੇ ਤਾਂ ਹੁਣ ਸਾਊਥਾਲ ਵਿਚ ‘ਗੁਡ ਮੌਰਨਿੰਗ ਰੇਡੀਓ’ ਸ਼ੁਰੂ ਹੋ ਚੁੱਕਾ ਜੋ ਕਿ ਸਾਰਾ ਦਿਨ ਚੱਲਦਾ ਰਹਿੰਦਾ ਹੈ ਪਰ ਵਿਚ ਵਿਚ ਉਹ ਟੇਪ ਵੀ ਚਲਾ ਲੈਂਦੇ ਹਨ। ਜੇਕਰ ਕਾਮੀਆਂ ਔਰਤਾਂ ਕੰਮ ਨੂੰ ਢਿੱਲੀਆਂ ਪੈਣ ਲੱਗਣ ਤਾਂ ਉਹ ਸੰਗੀਤ ਬੰਦ ਕਰ ਦਿੰਦੀ ਹੈ ਜਿਹੜਾ ਕਿ ਸਭ ਨੂੰ ਤਕਲੀਫਦੇਹ ਜਾਪਦਾ ਹੈ।
ਕੁਲਜੀਤ ਪਰਦੁੱਮਣ ਨੂੰ ਹਾਲੇ ਵੀ ਚੇਤੇ ਆਉਂਦੀ ਹੈ। ਕੁਲਜੀਤ ਗਈ ਤੇ ਉਸ ਨੂੰ ਨੀਰੂ ਮੁੜ ਯਾਦ ਆਉਣ ਲੱਗਦੀ ਹੈ। ਉਹ ਕਦੇ ਕਦੇ ਨੀਰੂ ਨੂੰ ਫੋਨ ਕਰ ਲਿਆ ਕਰਦਾ ਹੈ ਪਰ ਉਸ ਕੋਲੋਂ ਭਾਰਤ ਨਹੀਂ ਜਾਇਆ ਜਾਂਦਾ। ਗਿਆਨ ਕੌਰ ਇੰਡੀਆ ਜਾ ਆਈ ਹੈ। ਜਿੰਨਾ ਚਿਰ ਕੁਲਜੀਤ ਉਸ ਨਾਲ ਫਿਰਦੀ ਰਹੀ ਹੈ ਉਹ ਜਿਵੇਂ ਹਵਾ ਵਿਚ ਉਡਿਆ ਫਿਰਦਾ ਰਿਹਾ ਹੋਵੇ। ਜਵਾਨ ਕੁੜੀ ਨੂੰ ਕਾਰ ਵਿਚ ਬੈਠਾ ਕੇ ਸਾਊਥਾਲ ਦਾ ਚਕਰ ਲਾਉਣਾ ਉਸ ਨੂੰ ਚੰਗਾ ਲਗਦਾ ਹੈ। ਕੁਲਜੀਤ ਨੂੰ ਲੈ ਕੇ ਕਈ ਵਾਰ ਕਾਰੇ ਨੂੰ ਮਿਲਣ ਵੀ ਚਲੇ ਜਾਂਦਾ। ਕੁਲਜੀਤ ਪੱਕੀ ਹੁੰਦੀ ਹੈ ਤਾਂ ਬਦਲ ਜਾਂਦੀ ਹੈ। ਇਕ ਦਿਨ ਉਹ ਉਸ ਨੂੰ ਆਖਦੀ ਹੈ,
“ਅੰਕਲ, ਹੁਣ ਮੈਂ ਆਪਣੀ ਜਿ਼ੰਦਗੀ ਨਵੇਂ ਸਿਰਿਓਂ ਸ਼ੁਰੂ ਕਰਨੀ ਐ, ਤੁਸੀੰ ਮੇਰੀ ਕੀ ਮੱਦਦ ਕਰ ਸਕਦੇ ਓ?”
“ਦੱਸ ਮੈਂ ਕੀ ਕਰਾਂ?”
“ਮੈਂ ਇਕ ਫਲੈਟ ਦੇਖਿਆ ਬਹੁੱਤ ਸਸਤਾ ਵਿਕ ਰਿਹੈ।”
“ਕੁਲਜੀਤ ਕੁਰੇ, ਮੈਂ ਫਲੈਟ ਵਾਲ ਬੰਦਾ ਨਹੀਂ, ਮੈਂ ਤੈਨੂੰ ਸ਼ੁਭ ਇਛਾਵਾਂ ਈ ਦੇ ਸਕਦਾਂ।”
“ਇੰਨੇ ਚਿਰ ਦੀ ਦੋਸਤੀ ਤੇ ਢਿਡ ਘਸਾਈ ਕਿਹੜੇ ਕੰਮ ਆਈ!”
“ਇਹ ਮੁਹੱਬਤ ਸੀ ਜਾਂ ਸਹੂਲਤ ਸੀ, ਤੂੰ ਹੀ ਦੱਸ?”
“ਤੁਹਾਡੀ ਪੂਰੀ ਇਜ਼ਤ ਇਹਦੇ ਤੇ ਖੜੀ ਐ।”
ਇਕ ਮਿੰਟ ਲਈ ਪਰਦੁੱਮਣ ਸਿੰਘ ਡੋਲਦਾ ਹੈ ਤੇ ਫਿਰ ਆਖਦਾ ਹੈ,
“ਇਸ਼ਕ ਵਿਚ ਬਲੈਕਮੇਲ ਨਹੀਂ ਕਰੀਦਾ।”
“ਤੁਸੀਂ ਮੈਨੂੰ ਬਲੈਕਮੇਲ ਕੀਤਾ ਇੰਨਾ ਚਿਰ, ਮੈਂ ਤਾਂ ਸਿਰਫ ਮਦਦ ਈ ਮੰਗੀ ਐ, ਜੇ ਅੰਟੀ ਨੂੰ ਤੁਹਾਡੇ ਬਾਰੇ ਪਤਾ ਚਲ ਜਾਵੇ ਤਾਂ ਕੀ ਹੋਵੇ!”
ਪਰਦੁੱਮਣ ਸਿੰਘ ਥੋੜਾ ਕੁ ਹਸਦਾ ਹੈ ਤੇ ਬੋਲਦਾ ਹੈ,
“ਕੁਲਜੀਤ ਕੋਰੇ ਮੈਂ ਤਾਂ ਕਿਹਾ ਤੂੰ ਸਿਆਣੀ ਕੁੜੀ ਹੋਵੇਂਗੀ, ਤੂੰ ਤਾਂ ਇੰਨਾ ਵੀ ਨਹੀਂ ਸੋਚ ਸਕਦੀ ਕਿ ਮੈਂ ਤੈਨੂੰ ਸ਼ਰੇਆਮ ਲਈ ਫਿਰਦਾਂ ਤੇ ਉਹਨੂੰ ਹਾਲੇ ਤਕ ਪਤਾ ਈ ਨਹੀਂ ਹੋਊ! ਜੇ ਹਾਲੇ ਵੀ ਸਿਆਣਪ ਵਰਤਦੀ ਐਂ ਤਾਂ ਇਹ ਡਰਾਵੇ ਛੱਡ ਤੇ ਮੇਰੇ ਨਾਲ ਦੋਸਤੀ ਰੱਖ, ਕਿਸੇ ਵੇਲੇ ਕੰਮ ਆਵਾਂਗਾ।”
ਪਰਦੁੱਮਣ ਸਿੰਘ ਗਲ ਕਰਦਾ ਸੋਚਦਾ ਹੈ ਕਿ ਕੀ ਇਹ ਤਾਂ ਬਹੁਤ ਖਤਰਨਾਕ ਕੁੜੀ ਹੈ। ਇਕ ਦਿਨ ਉਹ ਗਿਆਨ ਕੌਰ ਦੇ ਮੋਢ੍ਹੇ ਤੇ ਰੱਖ ਕੇ ਚਲਾ ਦਿੰਦਾ ਹੈ। ਕੁਲਜੀਤ ਨੂੰ ਕੰਮ ਤੋਂ ਹਟਾ ਦਿੰਦਾ ਹੈ।
ਕੁਲਜੀਤ ਨਾਲ ਉਹ ਅੰਦਰ ਹੀ ਅੰਦਰ ਪਿਆਰ ਕਰਨ ਲਗਦਾ ਹੈ। ਉਸ ਨਾਲੋਂ ਟੁੱਟਣ ਤੇ ਕੁਝ ਕੁ ਦਿਨ ਉਸ ਦਾ ਮਨ ਬਹੁਤ ਉਦਾਸ ਰਹਿੰਦਾ ਹੈ ਪਰ ਉਸ ਨੂੰ ਤਸੱਲੀ ਵੀ ਹੈ ਕਿ ਪਿਛਿਓਂ ਲੱਥੀ, ਕਿਸੇ ਵੇਲੇ ਮੁਸੀਬਤ ਵਿਚ ਵੀ ਪਾ ਸਕਦੀ ਸੀ। ਕੁਝ ਦਿਨਾਂ ਬਾਅਦ ਨਵੀਂ ਆਈ ਕਾਮੀ ਸਿ਼ੰਦਰ ਕੌਰ ਨਾਲ ਦੋਸਤੀ ਗੰਢ ਲੈਂਦਾ ਹੈ ਪਰ ਇਕ ਵਿਥ ਰੱਖਦਾ ਹੈ। ਹੋਰ ਵੀ ਲੋੜਵੰਦ ਔਰਤਾਂ ਉਪਰ ਉਸ ਦੀ ਨਜ਼ਰ ਘੁੰਮਦੀ ਰਹਿੰਦੀ ਹੈ।
ਵੈਸੇ ਤਾਂ ਪਰਦੁੱਮਣ ਸਿੰਘ ਕਾਫੀ ਖੁਸ਼ ਰਹਿੰਦਾ ਹੈ ਪਰ ਵੱਡੇ ਮੁੰਡੇ ਦਾ ਫਿਕਰ ਉਸ ਦੇ ਮਨ ਵਿਚ ਰੋੜ ਵਾਂਗ ਰੜਕਦਾ ਰਹਿੰਦਾ ਹੈ ਹਰ ਵੇਲੇ। ਪੜ੍ਹਾਈ ਵਿਚ ਵੀ ਉਹ ਕਿਸੇ ਕੰਢੇ ਨਹੀਂ ਲੱਗਿਆ। ਕੰਮ ਕਰਨ ਦਾ ਵੀ ਉਸ ਦਾ ਕੋਈ ਇਰਾਦਾ ਨਹੀਂ ਹੈ। ਰਾਜਵਿੰਦਰ ਪੂਰਾ ਡਰਾਈਵਰ ਹੈ ਪਰ ਕੋਈ ਵੈਨ ਕਦੇ ਨਹੀਂ ਚਲਾਉਂਦਾ। ਕਾਰ ਨੂੰ ਵੀ ਜਦ ਲੋੜ ਹੋਵੇ ਤਾਂ ਲੈ ਜਾਦਾ ਹੈ। ਜੇਕਰ ਪਰਦੁੱਮਣ ਝਿੜਕ ਦਿੰਦਾ ਹੈ ਤਾਂ ਉਹ ਰੁੱਸ ਕੇ ਘਰੋਂ ਚਲੇ ਜਾਂਦਾ ਹੈ ਤੇ ਇਕ ਦੋ ਦਿਨ ਬਾਹਰ ਰਹਿ ਕੇ ਮੁੜ ਆਉਂਦਾ ਹੈ। ਹੁਣ ਉਸ ਨੂੰ ਇਹ ਵੀ ਨਹੀਂ ਕਿ ਰਾਜਵਿੰਦਰ ਨੇ ਪੜ੍ਹਾਈ ਵਿਚਕਾਰ ਹੀ ਛੱਡ ਦਿੱਤੀ। ਉਹ ਸੋਚਦਾ ਹੈ ਕਿ ਕਿਹੜੀ ਸਾਰੀ ਦੁਨੀਆ ਡਿਗਰੀਆਂ ਹੀ ਲਈ ਫਿਰਦੀ ਹੈ। ਕਾਰਾ ਅਨਪੜ੍ਹ ਜਿਹਾ ਹੀ ਹੈ ਤੇ ਏਡਾ ਵੱਡਾ ਇੰਸ਼ੋਰੰਸ ਦਾ ਕੰਮ ਚਲਾਈ ਫਿਰਦਾ ਹੈ। ਇੰਨਾ ਜ਼ਰੂਰ ਹੈ ਕਿ ਪੜ੍ਹਾਈ ਬਿਨਾਂ ਅੱਜ ਕੱਲ ਕੰਮ ਘੱਟ ਮਿਲਦੇ ਹਨ ਪਰ ਰਾਜਵਿੰਦਰ ਤਾਂ ਘਰ ਦਾ ਕੰਮ ਹੀ ਨਹੀਂ ਕਰ ਰਿਹਾ ਬਾਹਰ ਤਾਂ ਉਸ ਨੇ ਕੀ ਕਰਨਾ ਹੈ। ਗਿਆਨ ਕੌਰ ਵੀ ਰਾਜਵਿੰਦਰ ਨੂੰ ਸਮਝਾਉਣ ਲੱਗਦੀ ਹੈ ਪਰ ਉਹ ਨਹੀਂ ਸਮਝਦਾ।
ਇਕ ਦਿਨ ਪਰਦੁੱਮਣ ਸਿੰਘ ਕਹਿਣ ਲੱਗਦਾ ਹੈ,
“ਵਿਹਲਾ ਬੈਠ ਕੇ ਟਾਈਮ ਨਾ ਖਰਾਬ ਕਰ, ਜਾਂ ਤਾਂ ਫੈਕਟਰੀ ਆ ਕੇ ਸਾਡੀ ਹੈਲਪ ਕਰ, ਤੈਨੂੰ ਪੂਰੀ ਤਨਖਾਹ ਦੇਵਾਂਗੇ।”
“ਮੈਂ ਮੰਮੀ ਨੂੰ ਟੈੱਲ ਕੀਤਾ ਮੈਨੂੰ ਕੁਕਿੰਗ ਤੋਂ ਅਲਰਜੀ ਆ।”
“ਡਰਾਈਵਿੰਗ ਕਰ ਲੈ।”
“ਡਰਾਈਵਿੰਗ ਮੈਨੂੰ ਪਰੈਸ਼ਰ ਦਿੰਦੀ ਆ।”
“ਕੋਈ ਹੋਰ ਜੌਬ ਲਭ ਲੈ।”
“ਮੇਰੇ ਮਾਈਂਡ ਦੀ ਜੌਬ ਮਿਲੂ ਤਾਂ ਈ ਕਰੂੰ।”
“ਮਾਈਂਡ ਦੀ ਜੌਬ ਨੂੰ ਹੁਣ ਬੈਂਕ ਮੈਨੇਜਰ ਲੱਗਣੈ।”
“ਡੈਡ, ਯੂ ਆਲਵੇਅਜ਼ ਅੰਡਰਐਸਟੀਮੇਟ ਮੀ।”
“ਐਸਟੀਮੇਟ ਤਾਂ ਮੈਂ ਤੈਨੂੰ ਠੀਕ ਕਰ ਰਿਹਾਂ, ਤੇਰਾ ਘਰੋਂ ਕੋਈ ਪੈਸਾ ਮਿਲਣਾ ਬੰਦ, ਡੋਲ ਮਨੀ ਦੇ 'ਤੇ ਈ ਗੁਜ਼ਾਰਾ ਕਰ।”
“ਪਹਿਲਾਂ ਵੀ ਡੈਡ ਤੂੰ ਕਦੇ ਨਹੀਂ ਕੁਸ਼ ਦਿੰਦਾ, ਮੌਮ ਵੀ ਪੂਰਾ ਨਹੀਂ ਦਿੰਦੀ, ਦੈਸ'ਸ ਇਟ।”
ਪਰਦੁੱਮਣ ਸਿੰਘ ਗਿਆਨ ਕੌਰ ਨੂੰ ਵੀ ਸਮਝਾਉਂਦਾ ਹੈ ਕਿ ਉਸ ਨੂੰ ਜੇਬ ਖਰਚ ਦੇਣਾ ਬੰਦ ਕਰੇ। ਗਿਆਨ ਕੌਰ ਪੁੱਤਰ ਨੂੰ ਕਹਿਣ ਲੱਗਦੀ ਹੈ,
“ਕਾਕਾ, ਕੰਮ ਕਰੇਂਗਾ ਤਾਂ ਚੰਗੀ ਜਗ੍ਹਾ ਵਿਆਹਿਆ ਜਾਏਂਗਾ।”
ਗਿਆਨ ਕੌਰ ਨੂੰ ਹੁਣ ਉਸ ਦੇ ਵਿਆਹ ਦਾ ਫਿਕਰ ਪੈ ਗਿਆ ਹੈ। ਉਹ ਆਪਣੇ ਪਤੀ ਨੂੰ ਆਖਦੀ ਹੈ,
“ਮੈਂ ਤਾਂ ਸੋਚਦੀ ਆਂ ਕਿ ਏਹਨੂੰ ਵਿਆਹ ਦੇਈਏ, ਬੇਗਾਨੀ ਕੁੜੀ ਨੇ ਆਪੇ ਈ ਸਿੱਧਾ ਕਰ ਲੈਣਾ ਏਹਨੂੰ।”
“ਪਹਿਲਾਂ ਤਾਂ ਆਪਾਂ ਏਹਦਾ ਭਾਰ ਚੁੱਕਦੇ ਆਂ ਫੇਰ ਓਸ ਕੁੜੀ ਦਾ ਵੀ ਚੁੱਕਾਂਗੇ।”
“ਕੀ ਪਤਾ ਠੀਕ ਈ ਹੋ ਜਾਊ।”
“ਥੋੜ੍ਹਾ ਕੁ ਤਾਂ ਲੱਗੇ ਕਿ ਇਹ ਕੰਮ ਕਰਨਾ ਚਾਹੁੰਦਾ, ਸਾਲਾ ਸਵੇਰੇ ਈ ਨਿਕਲ ਜਾਂਦੈ ਤੇ ਅੱਧੀ ਰਾਤ ਨੂੰ ਮੁੜਦਾ, ਅਵਾਰਾ ਤੁਰਿਆ ਫਿਰਦਾ।”
“ਕਿਤੇ ਕੋਈ ਗੋਰੀ, ਕਾਲੀ ਈ ਨਾ ਲੈ ਆਵੇ।”
ਗਿਆਨ ਕੌਰ ਡਰਦੀ ਹੋਈ ਆਖਦੀ ਹੈ।
ਪਰਦੁੱਮਣ ਸਿੰਘ ਨੂੰ ਵੀ ਇਸ ਗੱਲ ਦੀ ਚਿੰਤਾ ਹੈ ਕਿ ਜੇਕਰ ਉਸ ਨੇ ਗਲਤ ਕਦਮ ਚੁੱਕ ਲਿਆ ਕਿ ਕੋਈ ਗਰਲ ਫਰਿੰਡ ਰੱਖ ਲਈ ਤਾਂ ਇਸ ਦਾ ਅਸਰ ਕੁੜੀਆਂ ਉਪਰ ਵੀ ਪੈ ਸਕਦਾ ਹੈ ਤੇ ਬਲਰਾਮ ਉਪਰ ਵੀ। ਫਿਰ ਜਦ ਉਹ ਧਿਆਨ ਨਾਲ ਸੋਚਦਾ ਹੈ ਤਾਂ ਦੇਖਦਾ ਹੈ ਕਿ ਇੰਨਾ ਚਿਰ ਹੋ ਗਿਆ ਉਸ ਨੂੰ ਇਵੇਂ ਤੁਰਿਆਂ ਫਿਰਦਿਆਂ, ਅੱਜ ਤੱਕ ਵੀ ਉਸ ਨਾਲ ਕੋਈ ਕੁੜੀ ਨਹੀਂ ਦੇਖੀ ਗਈ। ਉਸ ਨੂੰ ਇਕਦਮ ਖਿਆਲ ਆਉਂਦਾ ਹੈ ਕਿ ਕਿਤੇ ਉਹ ਗੇਅ ਹੀ ਨਾ ਬਣ ਜਾਵੇ। ਉਸ ਨੂੰ ਪਤਾ ਹੈ ਕਿ ਅਜਕਲ ਗੇਅ ਬਣਨ ਦੀ ਪ੍ਰਵਿਰਤੀ ਬਹੁਤ ਫੈਲ ਰਹੀ ਹੈ। ਗੇਅ ਬਣਨ ਦੀ ਪਰਵਿਰਤੀ ਪਿਛੇ ਕਾਰਨ ਇਹੋ ਹਨ ਕਿ ਇਕ ਤਾਂ ਔਰਤ ਦੀ ਬਹੁਤਲਤਾ ਤੇ ਦੂਜਾ ਔਰਤ ਦਾ ਨਾ ਮਿਲਣਾ। ਕਈ ਵਾਰ ਬੁਰੇ ਸਾਥ ਦਾ ਵੀ ਅਸਰ ਹੋ ਜਾਂਦਾ ਹੈ। ਉਸ ਨੂੰ ਹੈ ਕਿ ਰਾਜਵਿੰਦਰ ਸਾਰਾ ਦਿਨ ਮੁੰਡਿਆਂ ਵਿਚ ਰਹਿੰਦਾ ਹੈ ਤੇ ਕੋਈ ਗੇਅ ਰੁਝਾਨ ਦਾ ਮੁੰਡਾ ਹੀ ਉਸ ਨੂੰ ਇਸ ਪਾਸੇ ਲਾ ਸਕਦਾ ਹੈ। ਇਸ ਸਭ ਕੁਝ ਸੋਚਦਿਆਂ ਉਹ ਰਾਜਵਿੰਦਰ ਬਾਰੇ ਹੋਰ ਹੀ ਫਿਕਰਮੰਦ ਹੋਣ ਲਗਦਾ ਹੈ।
ਉਸ ਦਿਨ ਰਾਜਵਿੰਦਰ ਲੇਟ ਘਰ ਮੁੜਦਾ ਹੈ। ਪਰਦੁੱਮਣ ਸਿੰਘ ਬੈਠਾ ਉਸ ਨੂੰ ਉਡੀਕ ਰਿਹਾ ਹੈ। ਨਹੀਂ ਤਾਂ ਇੰਨੀ ਦੇਰ ਤੱਕ ਉਹ ਜਾਗਿਆ ਨਹੀਂ ਕਰਦਾ। ਸਵੇਰੇ ਜਲਦੀ ਉਠਣਾ ਹੋਣ ਕਰਕੇ ਸੌਂ ਗਿਆ ਹੁੰਦਾ ਹੈ। ਉਹ ਰਾਜ ਨੂੰ ਆਪਣੇ ਕੋਲ ਸੱਦਦਾ ਹੈ। ਬੈਠਣ ਲਈ ਆਖਦਾ ਹੈ ਤੇ ਪੁੱਛਦਾ ਹੈ,
“ਡਰਿੰਕ ਲਏਂਗਾ ਇਕ ?”
“ਨਹੀਂ ਡੈਡ, ਮੈਂ ਤਾਂ ਸੌਣਾ ਮੰਗਦਾਂ।”
“ਗੱਲ ਸੁਣ, ਤੇਰੇ ਕੋਲ ਗਰਲ ਫਰਿੰਡ ਕਿਉਂ ਨਹੀਂ ਕੋਈ।”
“ਡੈਡ, ਤੇਰੇ ਕੋਲ ਜਿਉਂ ਹੈਗੀ ਆ, ਫੇਰ ਮੈਂ ਕੀ ਕਰਨੀ ਆਂ।”
ਰਾਜਵਿੰਦਰ ਕਹਿੰਦਾ ਹੈ। ਪਰਦੁੱਮਣ ਸਿੰਘ ਡਰਦਾ ਹੋਇਆ ਰਸੋਈ ਵੱਲ ਦੇਖਣ ਲੱਗਦਾ ਹੈ ਜਿਥੇ ਗਿਆਨ ਕੌਰ ਭਾਂਡੇ ਸੰਭਾਲ ਰਹੀ ਹੈ। ਪਰਦੁੱਮਣ ਸਿੰਘ ਫਿਰ ਆਖਦਾ ਹੈ,
“ਮੈਂ ਚਾਹੁੰਨਾਂ ਕਿ ਤੂੰ ਕੋਈ ਕੁੜੀ ਲੱਭੇਂ।”
“ਡੈਡ, ਕੁੜੀਆਂ ਪੈਸੇ ਨਾਲ ਲੱਭਦੀਆਂ ਤੇ ਪੈਸੇ ਮੇਰੇ ਕੋਲ ਹੈ ਨਹੀਂ।”
“ਪੈਸਿਆਂ ਲਈ ਕੋਈ ਕੰਮ ਕਰ, ਕੋਈ ਜੌਬ ਲੱਭ।”
“ਮੈਂ ਤਾਂ ਬਹੁਤ ਟਰਾਈ ਕਰਦਾਂ, ਆਪਣੇ ਫਰਿੰਡ ਨਾਲ ਏਅਰਪੋਰਟ 'ਤੇ ਵੀ ਗਿਆ ਸੀ ਪਰ ਮਿਲੀ ਨਹੀਂ।”
“ਤੂੰ ਕਾਰੇ ਨਾਲ ਇੰਸ਼ੋਰੰਸ ਦਾ ਕੰਮ ਕਿਉਂ ਨਹੀਂ ਸਿੱਖਣ ਲੱਗ ਜਾਂਦਾ।”
“ਨੋ ਡੈਡ, ਕਾਰਾ ਅੰਕਲ ਟੌਕ ਫਨੀ।”
“ਕੰਮ ਵੀ ਲੱਭ ਤੇ ਗਰਲ ਫਰਿੰਡ ਵੀ ਲੱਭ।”
“ਗਰਲ ਫਰਿੰਡ ਤਾਂ ਮਨੀ ਨਾਲ ਲੱਭਣੀ ਆਂ।”
“ਤੈਨੂੰ ਕੌਣ ਕਹਿੰਦੈ, ਆਹ ਜਿੰਨੇ ਮੁੰਡੇ ਕੁੜੀਆਂ ਲਈ ਫਿਰਦੇ ਆ ਇਨ੍ਹਾਂ ਕੋਲ ਕਿਤੇ ਮਨੀ ਈ ਹੁੰਦੀ ਐ।”
“ਹੋਰ ਕਿਤੇ ਨਾ ਵੀ, ਡੈਡ ਲੁਕ ਐਟ ਯੋਅਰ ਸੈਲਫ, ਯੂ ਹੈਵ ਮਨੀ ਦੈਟ'ਸ ਵਾਈ ਵੂਮਿਨ ਕਮਿੰਗ ਟੂ ਯੂ।”
“ਤੈਨੂੰ ਕੌਣ ਕਹਿੰਦਾ ਇਹ ਗੱਲ ?”
“ਮੈਂ ਤਾਂ ਕਿੰਨੀ ਵਾਰ ਤੇਰੇ ਨਾਲ ਔਰਤਾਂ ਦੇਖਦਾਂ।”
“ਉਹ ਤਾਂ ਕਿਸੇ ਨੂੰ ਕੰਮ ਤੋਂ ਘਰ ਛੱਡਣ ਜਾਨਾਂ ਜਾਂ ਲੈਣ ਜਾਣਾ ਹੁੰਦਾ।”
“ਆਈ ਨੋਅ, ਬੱਟ ਦਾ ਵੇਅ ਯੂ ਬੀਹੇਵ, ਦੇਅ ਬੀਹੇਵ, ਯੂ ਕੈਨ ਟੈਲ...।”
“ਤੂੰ ਮੇਰੀ ਗੱਲ ਛੱਡ, ਅਗਲੀ ਵਾਰ ਤੇਰੇ ਨਾਲ ਕੋਈ ਕੁੜੀ ਹੋਣੀ ਚਾਹੀਦੀ ਐ। ਮੈਂ ਬਹੁਤ ਵੱਰੀਡ ਆਂ ਤੇਰੇ ਲਈ।”
“ਕਾਹਦੀ ਵੱਰੀ ਐ ਡੈਡ ?”
“ਕਿ ਤੂੰ ਗੇਅ ਨਾ ਹੋ ਜਾਵੇਂ।”
“ਡੌਂਟ ਟੌਕ ਰੱਬਿੱਸ਼ ਡੈਡ!”
ਚਲਦਾ....