ਸਾਊਥਾਲ (ਕਾਂਡ 27)

ਈਲਿੰਗ ਕੌਂਸਲ ਦੀਆਂ ਚੋਣਾ ਆ ਰਹੀਆਂ ਹਨ। ਸਾਰੀਆਂ ਪਾਰਟੀਆਂ ਨੇ ਆਪੋ ਆਪਣੀ ਪਾਰਟੀ ਵਲੋਂ ਕੌਂਸਲਰ ਖੜੇ ਕਰਨੇ ਹਨ। ਪਹਿਲਾਂ ਆਪਣੇ ਆਪਣੇ ਉਮੀਦਵਾਰ ਨਾਮਜ਼ੱਦ ਕਰਨੇ ਹਨ। ਭਾਰਦਵਾਜ ਸਰਗਰਮ ਹੋ ਜਾਂਦਾ ਹੈ। ਸੋਹਣਪਾਲ ਉਸ ਦੇ ਨਾਲ ਹੈ। ਜਗਮੋਹਣ ਤੇ ਗੁਰਚਰਨ ਵੀ ਹਨ। ਦਿਲਜੀਤ ਪਰਾਂਹ ਰਹਿੰਦਾ ਹੈ, ਸਿਆਸਤ ਤੋਂ ਇਕ ਪਾਸੇ। ਸੋਹਣਪਾਲ ਨੇ ਉਸ ਲਈ ਹਿੱਲਸਾਈਡ ਵਾਰਡ ਚੁਣੀ ਹੈ। ਇਥੋਂ ਦਾ ਕੌਂਸਲਰ ਪ੍ਰੀਤਮ ਫੁੱਲ ਅਨਪੜ੍ਹ ਜਿਹਾ ਬੰਦਾ ਹੈ। ਲੋਕਾਂ ਵਿਚ ਉਸ ਦਾ ਵੱਡਾ ਨਾਂ ਨਹੀਂ ਹੈ। ਕੁਝ ਕੁ ਹੇਰਾਫੇਰੀ ਨਾਲ ਪਿਛਲੀ ਵੇਰ ਨਾਮਜ਼ੱਦਗੀ ਜਿੱਤ ਗਿਆ ਸੀ, ਵੈਸੇ ਕਾਬਲ ਨਹੀਂ ਹੈ। ਉਸ ਦੇ ਮੁਕਾਬਲੇ ਸ਼ਾਮ ਭਾਰਦਵਾਜ ਜ਼ਿਆਦਾ ਪੜ੍ਹਿਆ ਲਿਖਿਆ ਹੈ ਤੇ ਸਪੀਕਰ ਵੀ ਵਧੀਆ ਹੈ।

ਹਰ ਵਾਰਡ ਦੇ ਪਾਰਟੀ ਮੈਂਬਰਾਂ ਨੇ ਉਮੀਦਵਾਰ ਨਾਮਜ਼ੱਦ ਕਰਨੇ ਹਨ। ਉਹ ਤਰੀਕ ਆ ਜਾਂਦੀ ਹੈ। ਸ਼ਾਮ ਭਾਰਦਵਾਜ਼ ਨੇ ਆਪਣੇ ਕਾਫੀ ਸਾਰੇ ਨਵੇਂ ਮੈਂਬਰ ਜੋ ਕਿ ਇਸ ਵਾਰਡ ਵਿਚ ਰਹਿੰਦੇ ਹਨ, ਲੇਬਰ ਪਾਰਟੀ ਵਿਚ ਭਰਤੀ ਕੀਤੇ ਹਨ। ਦੋਸਤਾਂ ਨਾਲ ਵੈਨਾਂ ਭਰ ਕੇ ਲੇਬਰ ਪਾਰਟੀ ਦੇ ਐਕਟਨ ਵਾਲੇ ਦਫਤਰ ਵਕਤ ਸਿਰ ਪੁੱਜ ਜਾਂਦਾ ਹੈ। ਸਿਲੈਕਸ਼ਨ ਕਮੇਟੀ ਦੇ ਤਿੰਨ ਵਿਅਕਤੀ ਹਨ। ਸਭ ਤੋਂ ਪਹਿਲਾਂ ਤਾਂ ਚੇਅਰਮੈਨ ਨਵੇਂ ਮੈਂਬਰਾਂ ਨੂੰ ਪਾਰਟੀ ਜੁਆਇਨ ਕਰਨ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹੈ, ਸਵਾਗਤ ਕਰਦਾ ਹੈ ਤੇ ਏਡੀ ਹਾਜ਼ਰੀ ਉਪਰ ਹੈਰਾਨ ਵੀ ਹੈ। ਉਹ ਅਰਜ਼ੀਆਂ ਦੇਖਦਾ ਵਾਰੀ ਵਾਰੀ ਸੰਭਵ ਉਮੀਦਵਾਰਾਂ ਨੂੰ ਸਟੇਜ 'ਤੇ ਬੁਲਾਉਂਦਾ ਹੈ। ਹਰ ਇਕ ਆਪਣਾ ਪਰੀਚੈ ਕਰਾਉਂਦਾ ਹੈ ਤੇ ਦੱਸਦਾ ਹੈ ਕਿ ਉਹ ਕੌਂਸਲਰ ਕਿਉਂ ਬਣਨਾ ਚਾਹੁੰਦਾ ਹੈ। ਸਾਰੇ ਆਪੋ ਆਪਣੀਆਂ ਸਮਾਜਿਕ ਤੇ ਰਾਜਨੀਤਕ ਗਤੀਵਿਧੀਆਂ ਬਾਰੇ ਚਾਨਣਾ ਪਾਉਂਦੇ ਕੌਂਸਲਰ ਬਣਨ ਦੀ ਆਪਣੀ ਯੋਗਤਾ ਬਾਰੇ ਦਾਅਵੇ ਕਰਦੇ ਹਨ। ਫਿਰ ਹਾਜ਼ਰ ਮੈਂਬਰ ਉਨ੍ਹਾਂ ਨੂੰ ਭਾਂਤ ਭਾਂਤ ਦੇ ਸਵਾਲ ਪੁੱਛਦੇ ਹਨ। ਇਹ ਪੰਜ ਅਰਜ਼ੀਕਾਰ ਹਨ ਤਿੰਨ ਏਸ਼ੀਅਨ ਤੇ ਦੋ ਗੋਰੇ। ਏਸ਼ੀਅਨਾਂ ਵਿਚੋਂ ਸਭ ਤੋਂ ਵੱਧ ਪ੍ਰਭਾਵਸ਼ਾਲੀ ਭਾਸ਼ਣ ਮੁਖਤਿਆਰ ਸਿੰਘ ਗਰੇਵਾਲ ਦਾ ਹੈ। ਉਹ ਕਾਲਜ ਦਾ ਅਧਿਆਪਕ ਹੈ। ਉਹ ਸਾਊਥਾਲ ਵਿਚ ਬੱਚਿਆਂ ਦੀ ਪੜ੍ਹਾਈ ਤੇ ਔਰਤਾਂ ਦੇ ਹੱਕਾਂ ਉਪਰ ਜ਼ੋਰ ਦੇਣਾ ਚਾਹੁੰਦਾ ਹੈ ਤੇ ਨਾਲ ਹੀ ਉਹ ਸਾੳਥਾਲ ਵਿਚ ਘਰਾਂ ਦੀ ਬਹੁਤਾਤ ਨਾਲ ਹੋ ਰਹੇ ਭੀੜ-ਭੜੱਕੇ ਬਾਰੇ ਵੀ ਫਿਕਰਵੰਦ ਹੈ। ਸ਼ਾਮ ਭਾਰਦਵਾਜ ਦਾ ਭਾਸ਼ਣ ਆਮ ਮਸਲਿਆਂ ਬਾਰੇ ਹੈ ਜਿਵੇਂ ਕਿ ਸਾਊਥਾਲ ਦੀ ਗੰਦਗੀ, ਵੱਧਦਾ ਟਰੈਫਿਕ ਤੇ ਭਾਈਚਾਰੇ ਦੇ ਚੰਗੇ ਸਬੰਧ। ਇਵੇਂ ਪ੍ਰੀਤਮ ਫੁੱਲ ਨੇ ਰਟੀਆਂ ਰਟਾਈਆਂ ਗੱਲਾਂ ਕਰਦਾ ਹੈ। ਦੋਨੋਂ ਗੋਰੇ ਕੁਝ ਠੀਕ ਗੱਲਾਂ ਕਰਦੇ ਹਨ ਪਰ ਹਾਲ ਵਿਚ ਗੋਰਿਆਂ ਦੀ ਗਿਣਤੀ ਘੱਟ ਹੈ।
ਵੋਟਾਂ ਪੈਂਦੀਆਂ ਹਨ। ਸ਼ਾਮ ਭਾਰਦਵਾਜ ਦੀਆਂ ਇੱਕੀ, ਪ੍ਰੀਤਮ ਫੁੱਲ ਦੀਆਂ ਉੱਨੀ, ਪੀਟਰ ਐਂਡਰਸਨ ਦੀਆਂ ਸਤਾਰਾਂ, ਆਰਥਰ ਮਿੱਲਰ ਦੀਆਂ ਸੋਲਾਂ ਤੇ ਗਰੇਵਾਲ ਦੀਆਂ ਸੱਤ ਵੋਟਾਂ ਹਨ। ਸ਼ਾਮ ਭਾਰਦਵਾਜ ਖੁਸ਼ ਹੈ। ਉਹ ਹੁਣ ਤੋਂ ਹੀ ਆਪਣੇ ਆਪ ਨੂੰ ਕੌਂਸਲਰ ਬਣਿਆ ਸਮਝ ਰਿਹਾ ਹੈ। ਲੇਬਰ ਪਾਰਟੀ ਦੇ ਉਮੀਦਵਾਰ ਨੇ ਸਾਊਥਾਲ ਵਿਚੋਂ ਤਾਂ ਜਿੱਤਣਾ ਹੀ ਹੈ। ਇਸ ਪਾਰਟੀ ਦਾ ਹੀ ਇਥੇ ਜ਼ੋਰ ਹੈ। ਬਹੁਤੇ ਏਸ਼ੀਅਨ ਲੋਕਾਂ ਦੇ ਦਿਲਾਂ ਵਿਚ ਇਹ ਗੱਲ ਘਰ ਕਰੀ ਬੈਠੀ ਹੈ ਕਿ ਉਹ ਮਜ਼ਦੂਰ ਕਲਾਸ ਲੋਕ ਹਨ ਤੇ ਲੇਬਰ ਪਾਰਟੀ ਹੀ ਉਹਨਾਂ ਲਈ ਚੰਗੀ ਹੈ। ਇਸ ਲਈ ਉਹ ਸਾਰੇ ਲੇਬਰ ਪਾਰਟੀ ਨੂੰ ਹੀ ਵੋਟ ਪਾਉਂਦੇ ਹਨ। ਸ਼ਾਮ ਭਾਰਦਵਾਜ ਨੂੰ ਲਗਦਾ ਹੈ ਕਿ ਉਹ ਜਿੱਤਿਆ ਕਿ ਜਿੱਤਿਆ। ਉਹ ਹੁਣੇ ਹੀ ਸਭ ਤੋਂ ਵਧਾਈਆਂ ਲੈ ਰਿਹਾ ਹੈ। ਜਗਮੋਹਣ ਉਸ ਨੂੰ ਦੂਰੋਂ ਹੱਥ ਹਿਲਾਉਂਦਾ ਵਧਾਈ ਦਿੰਦਾ ਹੈ। ਪ੍ਰੀਤਮ ਫੁੱਲ ਆਪਣੇ ਸਾਥੀਆਂ ਨਾਲ ਮੂੰਹ ਲਟਕਾਈ ਖੜਾ ਹੈ। ਕੁਝ ਕੁ ਲੋਕ ਹੌਲੀ ਹੌਲੀ ਕਹਿ ਰਹੇ ਹਨ ਕਿ ਇਹ ਤਾਂ ਸਿੱਧੀ ਹੇਰਾਫੇਰੀ ਹੈ। ਇਵੇਂ ਅਚਾਨਕ ਮੈਂਬਰਾਂ ਦੀਆਂ ਗੱਡੀਆਂ ਭਰ ਕੇ ਲੈ ਆਉਣੀਆਂ ਇਹ ਤਾਂ ਘਟੀਆ ਸਿਆਸਤ ਹੈ। ਪ੍ਰੀਤਮ ਫੁੱਲ ਨੂੰ ਲਗਦਾ ਨਹੀਂ ਸੀ ਕਿ ਉਹ ਨਾਮਜ਼ਦਗੀ ਤੋਂ ਇਵੇਂ ਹੱਥ ਧੋ ਬੈਠੇਗਾ।
ਜਗਮੋਹਣ ਸਭ ਉਮੀਦਵਾਰਾਂ ਦੇ ਭਾਸ਼ਨ ਧਿਆਨ ਨਾਲ ਵਾਚਦਾ ਹੈ। ਉਸਨੂੰ ਸਭ ਤੋਂ ਵਧੀਆ ਗੱਲਾਂ ਗਰੇਵਾਲ ਦੀਆਂ ਲੱਗਦੀਆਂ ਹਨ। ਉਹ ਇਕ ਪਾਸੇ ਖੜਾ ਲੋਕਾਂ ਵੱਲ ਦੇਖ ਰਿਹਾ ਹੈ। ਜਗਮੋਹਣ ਉਸ ਕੋਲ ਜਾ ਕੇ ਲੋ ਬੁਲਾਉਂਦਾ ਆਖਦਾ ਹੈ,
“ਮੈਨੂੰ ਤੁਹਾਡੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ ਪਰ ਜਾਪਦੈ ਕਿ ਤੁਸੀਂ ਆਪਣਾ ਹੋਮ ਵਰਕ ਪੂਰਾ ਨਹੀਂ ਕੀਤਾ ਜਿਹੜੀ ਕਿ ਨੌਮੀਨੇਸ਼ਨ ਨਹੀਂ ਮਿਲੀ।”
ਗਰੇਵਾਲ ਹੱਸਦਾ ਹੋਇਆ ਕਹਿਣ ਲੱਗਦਾ ਹੈ, 
“ਨੌਮੀਨੇਸ਼ਨ ਮਿਲਣੀ ਤਾਂ ਦੂਰ ਦੀ ਗੱਲ ਐ, ਆਹ ਜਿਹੜੀਆਂ ਛੇ–ਸੱਤ ਵੋਟਾਂ ਮਿਲੀਆਂ ਇਹ ਵੀ ਲੋਕ ਧੋਖੇ ਵਿਚ ਈ ਪਾ ਗਏ ਆ।” 
ਕਹਿ ਕੇ ਉਹ ਫਿਰ ਉਚੀ ਦੇਣੀ ਹੱਸਦਾ ਹੈ। ਜਗਮੋਹਣ ਕਹਿੰਦਾ ਹੈ,
“ਸਿਲੈਕਸ਼ਨ ਦਾ ਤਰੀਕਾ ਈ ਇਹ ਗਲਤ ਐ।”
“ਸਿਲੈਕਸ਼ਨ ਦਾ ਤਰੀਕਾ ਤਾਂ ਠੀਕ ਐ ਪਰ ਅਸੀਂ ਲੋਕ ਹੇਰਾਫੇਰੀ ਕਰਨੋਂ ਨਹੀਂ ਟਲਦੇ।”
ਗਰੇਵਾਲ ਦੇ ਕਹਿਣ 'ਤੇ ਜਗਮੋਹਣ ਕੁਝ ਕੁ ਝਿਪ ਜਾਂਦਾ ਹੈ ਕਿ ਉਸ ਨੂੰ ਲੱਗਦਾ ਹੈ ਕਿ ਗਰੇਵਾਲ ਉਸ ਬਾਰੇ ਹੀ ਕਹਿ ਰਿਹਾ ਹੈ ਕਿ ਉਹ ਸ਼ਮ ਭਾਰਦਵਾਜ ਦੀ ਵੋਟ ਬਣ ਕੇ ਆਇਆ ਹੋਇਆ ਹੈ। ਗਰੇਵਾਲ ਫਿਰ ਆਖਦਾ ਹੈ,
“ਮੈਂ ਤਾਂ ਇਹ ਤਜਰਬਾ ਹੀ ਕੀਤਾ ਹੈ, ਵੈਸੇ ਮੇਰਾ ਫੀਲਡ ਨਹੀਂ ਇਹ।”
“ਤੁਹਾਡਾ ਕਿਹੜਾ ਫੀਲਡ ਐ ?”
“ਮੈਂ ਯੂਨੀਵਰਸਿਟੀ ਟੀਚਰ ਯੂਨੀਅਨ ਵਿਚ ਕੰਮ ਕਰ ਰਿਹਾਂ, ਲੋਕਲ ਪੌਲੇਟਿਕਸ ਵਿਚ ਇਨਵੌਲਵ ਹੋਣ ਦੀ ਟਰਾਈ ਮਾਰੀ ਸੀ ਪਰ ਮੇਰੇ ਵੱਸ ਦੀ ਗੱਲ ਨਹੀਂ।”
ਇਥੋਂ ਹੀ ਜਗਮੋਹਣ ਦੀ ਗਰੇਵਾਲ ਨਾਲ ਵਾਕਫੀ ਪੈਂਦੀ ਹੈ ਜੋ ਕਿ ਜਾਣਕਾਰੀ ਵੱਲ ਵੱਧਦੀ ਹੈ। ਇਕ ਦਿਨ ਉਹ ਈਲਿੰਗ ਸ਼ੌਪਿੰਗ ਸੈਂਟਰ ਵਿਚ ਮਿਲਦੇ ਹਨ ਤੇ ਫਿਰ ਇਕ ਦਿਨ ਦਾ ਗਲੌਸਟਰ ਵਿਚ। ਵਿਚਾਰ ਵਟਾਂਦਰੇ ਹੋਣ ਲੱਗਦੇ ਹਨ। ਸਬੰਧ ਦੋਸਤੀ ਵਿਚ ਬਦਲਣ ਲਗਦੇ ਹਨ। ਇਕ ਦੂਜੇ ਨੂੰ ਆਪਣਾ ਫੋਨ ਨੰਬਰ ਦਿੰਦੇ ਹਨ। ਗਰੇਵਾਲ ਆਪਣੇ ਬਾਰੇ ਦਸਦਾ ਹੋਇਆ ਆਖਦਾ ਹੈ ਕਿ ਕਿਸੇ ਵੇਲੇ ਉਸ ਨੂੰ ਕਵਿਤਾ ਲਿਖਣ ਦਾ ਸ਼ੌਕ ਰਿਹਾ ਹੈ। ਸਾਊਥਾਲ ਦੀ ਕਿਸੇ ਲਿਖਾਰੀ ਸਭਾ ਦਾ ਮੈਂਬਰ ਵੀ ਰਿਹਾ ਹੈ। ਉਹ ਕਾਮਰੇਡ ਇਕਬਾਲ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਹੈ। ਉਹ ਜਗਮੋਹਣ ਨੂੰ ਸਾਊਥਾਲ ਦੇ ਲਿਖਾਰੀਆਂ ਬਾਰੇ ਕਿੰਨਾ ਕੁਝ ਦੱਸਦਾ ਹੈ ਪਰ ਜਗਮੋਹਣ ਨੂੰ ਬਹੁਤੀ ਦਿਲਚਸਪੀ ਨਹੀਂ ਹੈ। ਉਹ ‘ਵਾਸ ਪਰਵਾਸ’ ਵਿਚੋਂ ਕਦੇ ਕੋਈ ਲੇਖ ਆਦਿ ਪੜ ਲੈਂਦਾ ਹੈ ਨਹੀਂ ਤਾਂ ਪੜਨ ਦਾ ਉਸ ਨੂੰ ਬਹੁਤਾ ਸ਼ੌਂਕ ਨਹੀ ਹੈ। ਹਾਂ ਅੰਗਰੇਜ਼ੀ ਦੀ ਅਖਬਾਰ ਉਹ ਲਗਾਤਾਰ ਪੜਦਾ ਹੈ ਭਾਵੇਂ ਕੋਈ ਹੱਥ ਆ ਜਾਵੇ। ‘ਦਾ ਸੰਨ’ ਦੀਆਂ ਮਸਾਲੇਦਾਰ ਖਬ਼ਰਾਂ ਤਾਂ ਉਹ ਵਕਤ ਲੰਘਾਉਣ ਲਈ ਪੜਨ ਲਗਦਾ ਹੈ।
ਇਕ ਦਿਨ ਅੰਗਰੇਜ਼ੀ ਦੀ ਅਖਬਾਰ ‘ਦਾ ਟਾਈਮਜ਼’ ਵਿਚ ਸਾਊਥਾਲ ਦੀ ਔਰਤਾਂ ਦੀ ਜਥੇਬੰਦੀ ਸਿਸਟਰਜ਼ ਇਨ ਹੈਂਡਜ਼ ਬਾਰੇ ਆਰਟੀਕਲ ਆਉਂਦਾ ਹੈ। ਗਰੇਵਾਲ ਪੜ੍ਹਦਾ ਹੈ ਤੇ ਇਕਦਮ ਜਗਮੋਹਣ ਨੂੰ ਫੋਨ ਕਰਦਾ ਹੈ। ਆਖਦਾ ਹੈ,
“ਅੱਜ ਦਾ ਟਾਈਮਜ਼ ਦੇਖਿਐ ?”
“ਨਹੀਂ ਤਾਂ।”
“ਦੇਖ ਫੇਰ ਤੇ ਪੜ੍ਹ, ਇਨ੍ਹਾਂ ਬੀਬੀਆਂ ਬਾਰੇ ਕਿਸੇ ਨੇ ਬੜਾ ਲੰਮਾ ਚੌੜਾ ਆਰਟੀਕਲ ਲਿਖ ਮਾਰਿਐ।”
“ਅੱਛਾ !”
ਇਕ ਦਿਨ ਜਗਮੋਹਣ ਟਾਈਮਜ਼ ਖਰੀਦਦਾ ਹੈ। ਖਬਰ ਪੜ ਕੇ ਉਹ ਗਰੇਵਾਲ ਨੂੰ ਫੋਨ ਘੁਮਾਉਂਦਾ ਹੈ। ਕਹਿਣ ਲੱਗਦਾ ਹੈ, 
“ਸਰ ਜੀ, ਇਹ ਤਾਂ ਕਿਸੇ ਨੇ ਇਨ੍ਹਾਂ ਦੀ ਬਹੁਤੀ ਈ ਫੇਵਰ ਕਰ ਦਿੱਤੀ, ਏਨੀ ਪਾਇਆਂ ਇਨ੍ਹਾਂ ਦੀ ਹੈ ਨਹੀਂ।”
“ਮੇਰਾ ਤਾਂ ਦਿਲ ਕਰ ਰਿਹੈ ਕਿ ਟਾਈਮਜ਼ ਨੂੰ ਲੈਟਰ ਲਿਖਾਂ ਤੇ ਕਹਾਂ ਕਿ ਕਿਸੇ ਜਥੇਬੰਦੀ ਬਾਰੇ ਲਿਖਣ ਤੋਂ ਪਹਿਲਾਂ ਉਹਦੇ ਕੰਮਾਂ ਬਾਰੇ ਪੂਰੀ ਇਨਕੁਆਰੀ ਤਾਂ ਕਰ ਲਿਆ ਕਰੋ।”
“ਗੱਲ ਤਾਂ ਤੁਹਾਡੀ ਠੀਕ ਐ ਸਰ ਜੀ, ਇਹ ਔਰਤਾਂ ਕੰਮ ਏਨਾ ਨਹੀਂ ਕਰਦੀਆਂ। ਬਸ ਖਬਰਾਂ ਵਿਚ ਰਹਿਣ ਦੇ ਚੱਕਰ 'ਚ ਰਹਿੰਦੀਆਂ, ਏਦਾਂ ਈ ਟਾਈਮਜ਼ ਦਾ ਕੋਈ ਰਿਪੋਰਟਰ ਪੱਟ ਲਿਆ ਹੋਊ।”
“ਵੈਸੇ ਤਾਂ ਅਖਬਾਰਾਂ ਵਾਲਿਆਂ ਵੀ ਸਾਰੀਆਂ ਕੁਮਿਨਟੀਜ਼ ਨੂੰ ਪ੍ਰਤੀਨਿਧਤਾ ਦੇਣੀ ਹੁੰਦੀ ਐ, ਏਸ਼ੀਅਨ ਔਰਤਾਂ ਦੀ ਹੋਰ ਕੋਈ ਢੰਗ ਦੀ ਜਥੇਬੰਦੀ ਹੈ ਵੀ ਤਾਂ ਨਹੀਂ।”
“ਸਰ ਜੀ, ਇਹ ਸਭ ਛੋਟੇ ਜਿਹੇ ਸਰਕਲ ਵਿਚ ਈ ਘੁੰਮਦੀਆਂ ਫਿਰਦੀਆਂ, ਬਸ।”
ਜਗਮੋਹਣ ਗਰੇਵਾਲ ਨੂੰ ਸਦਾ ਸਰ ਜੀ ਕਹਿ ਕੇ ਹੀ ਬੁਲਾਉਂਦਾ ਹੈ। ਸਰ ਜੀ ਮਜ਼ਾਕ ਵਿਚ ਕਹਿਣਾ ਸ਼ੁਰੂ ਕੀਤਾ ਸੀ ਕਿ ਇੰਡੀਅਨ ਲੋਕ ਅੰਕਲ ਦੇ ਨਾਲ ਵੀ ਜੀ ਲਗਾ ਦਿੰਦੇ ਹਨ ਤੇ ਡੈਡੀ ਨਾਲ ਵੀ ਤੇ ਇਵੇਂ ਹੀ ਸਰ ਨਾਲ ਵੀ। ਜਗਮੋਹਣ ਹੱਸਿਆ ਕਰਦਾ ਹੈ ਕਿ ਇੰਡੀਆ ਵਿਚ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਸ਼ਬਦ ਮਿਸਟਰ ਸਰਨੇਮ ਦੇ ਨਾਲ ਲਗਾਈਦਾ ਹੈ ਜਾਂ ਮੁਹਰਲੇ ਨਾਂ ਦੇ ਨਾਲ। ਉਸ ਨੇ ਸਰ ਜੀ ਕਹਿਣਾ ਅਰੰਭਿਆ ਤੇ ਹੁਣ ਵੀ ਸਰ ਜੀ ਹੀ ਕਿਹਾ ਕਰਦਾ ਹੈ। ਇਹੋ ਪੱਕ ਗਿਆ ਹੈ। ਗਰੇਵਾਲ ਭਾਵੇਂ ਉਸ ਨਾਲੋਂ ਉਮਰ ਵਿਚ ਅਠਾਰਾਂ ਵੀਹ ਸਾਲ ਵੱਡਾ ਹੈ ਪਰ ਦੋਸਤਾਂ ਵਾਂਗ ਹੀ ਵਰਤਦਾ ਹੈ। ਦੋਸਤਾਂ ਵਾਂਗ ਹੀ ਖੁੱਲ੍ਹੀਆਂ ਗੱਲਾਂ ਕਰ ਲਿਆ ਕਰਦਾ ਹੈ। ਇਕ ਦਿਨ ਜਗਮੋਹਨ ਉਸ ਦੇ ਸਾਹਮਣੇ ਬੈਠ ਕੇ ਸਿਗਰਟ ਪੀਣ ਲਗਦਾ ਹੈ ਤਾਂ ਗਰੇਵਾਲ ਕਹਿੰਦਾ ਹੈ,
“ਲਿਆ ਯਾਰ ਲਵਾ ਇਕ ਮੈਨੂੰ ਵੀ।”
ਜਗਮੋਹਣ ਜ਼ਰਾ ਕੁ ਹੈਰਾਨੀ ਹੁੰਦੀ ਹੈ ਤੇ ਪੁੱਛਦਾ ਹੈ,
“ਸਰ ਜੀ, ਤੁਸੀਂ ਵੀ!”
“ਨਹੀਂ ਯਾਰ, ਮੈਂ ਕਿਥੇ, ਇਹ ਤਾਂ ਤੈਨੂੰ ਦੇਖ ਕੇ ਹੁੜਕ ਜਿਹੀ ਜਾਗ ਪਈ। ਕਦੇ ਪੀਂਦਾ ਹੁੰਦਾ ਸੀ, ਹੁਣ ਮਸਾਂ ਇਹ ਆਦਤ ਤੋਂ ਨਜਾਤ ਪਾਈ ਆ।”
ਹੁਣ ਉਹ ਅਕਸਰ ਇਕੱਠੇ ਹੁੰਦੇ ਰਹਿੰਦੇ ਹਨ। ਬਹੁਤੀ ਵਾਰ ਗਰੇਵਾਲ ਦੇ ਘਰ ਹੀ ਬੈਠਦੇ ਹਨ। ਗਰੇਵਾਲ ਆਪਣੇ ਘਰ ਵਿਚ ਇਕੱਲਾ ਰਹਿੰਦਾ ਹੈ। ਸਿਸਟਰਜ਼ ਇਨਹੈਂਡਜ਼ ਉਹਨਾਂ ਦੀ ਗੱਲ ਬਾਤ ਵਿਚ ਆਮ ਹਾਜ਼ਰ ਰਹਿੰਦੀਆਂ ਹਨ। ਗਰੇਵਾਲ ਜਗਮੋਹਣ ਨੂੰ ਪੁੱਛਣ ਲਗਦਾ ਹੈ, 
“ਤੂੰ ਇਸ ਜਥੇਬੰਦੀ ਵਲ ਨੂੰ ਇੰਨਾ ਫੈਸੀਨੇਟਿਡ ਕਿਉਂ ਏਂ?”
ਇਸ ਦਾ ਜਵਾਬ ਜਗਮੋਹਨ ਕੋਲ ਨਹੀਂ ਹੈ। ਇਕ ਦਿਨ ਉਸ ਦੇ ਮਨ ਵਿਚ ਕੁਝ ਅਜਿਹਾ ਆਉਂਦਾ ਹੈ ਕਿ ਉਹ ਗਰੀਨ ਰੋਡ ਪੰਦਰਾਂ ਨੰਬਰ ਦਾ ਦਰਵਾਜ਼ਾ ਜਾ ਖੜਕਾਉਂਦਾ ਹੈ। ਉਸ ਦੇ ਮਨ ਵਿਚ ਕਿ ਇਹ ਸਿਸਟਰਜ਼ ਇਨ ਹੈਂਡਜ਼ ਵਾਲੀਆਂ ਔਰਤਾਂ ਓਨਾ ਕੁਝ ਨਹੀਂ ਕਰ ਰਹੀਆਂ ਜਿੰਨੇ ਦੀ ਲੋੜ ਹੈ ਤੇ ਜਿੰਨਾ ਕੁਝ ਉਹ ਕਰ ਸਕਦੀਆਂ ਹਨ, ਉਹਨਾਂ ਨੂੰ ਆਪਣਾ ਕਾਰਜ ਖੇਤਰ ਹੋਰ ਫੈਲਾਉਣਾ ਚਾਹੀਦਾ ਹੈ। ਇਕ ਔਰਤ ਦਰਵਾਜ਼ਾ ਖੋਲ੍ਹਦੀ ਹੈ। ਉਹ ਕੁਝ ਕੁ ਡਰੀ ਜਿਹੀ ਹੈ। ਉਹ ਪੁੱਛਦੀ ਹੈ,
“ਦੱਸੋ, ਮੈਂ ਕੀ ਕਰ ਸਕਦੀ ਆਂ ਤੇਰੇ ਲਈ ?”
“ਮੈਂ ਕੁਲਵਿੰਦਰ ਨੂੰ ਮਿਲਣਾ।”
“ਉਹ ਤਾਂ ਹੈ ਨਹੀਂ।”
“ਵੈਸੇ ਹੁੰਦੀ ਤਾਂ ਇਥੇ ਈ ਐ ਨਾ ?”
“ਨਹੀਂ, ਉਹ ਹੁਣ ਨਹੀਂ ਆਇਆ ਕਰਦੀ।”
“ਤੇ ਪ੍ਰੀਤੀ ?”
“ਪ੍ਰੀਤੀ ਕੌਣ ? ਮੈਂ ਨਹੀਂ ਜਾਣਦੀ।”
ਉਹ ਔਰਤ ਨਾਂਹ ਵਿਚ ਸਿਰ ਹਿਲਾਉਂਦੀ ਹੈ। ਜਗਮੋਹਣ ਤਾਂ ਉਥੇ ਸਿਰਫ ਕੁਲਵਿੰਦਰ ਨੂੰ ਹੀ ਜਾਣਦਾ ਹੈ ਜਿਹੜੀ ਕਿ ਉਸ ਕੋਲ ਸਲਾਹ ਲੈਣ ਆਈ ਸੀ। ਫਿਰ ਇਧਰ ਉਧਰ ਵੀ ਮਿਲੀ ਸੀ ਇਕ ਦੋ ਵਾਰ। ਪ੍ਰੀਤੀ ਦਾ ਨਾਂ ਤਾਂ ਅਚਾਨਕ ਹੀ ਉਸ ਦੇ ਮਨ ਵਿਚ ਆ ਜਾਂਦਾ ਹੈ। ਪ੍ਰੀਤੀ ਨੇ ਉਸ ਨੂੰ ਦਸਿਆ ਸੀ ਕਿ ਉਹ ਵੀ ਇਸ ਸੰਸਥਾ ਨਾਲ ਜੁੜੀ ਹੋਈ ਹੈ। ਪ੍ਰੀਤੀ ਤਾਂ ਉਸ ਨੂੰ ਬਹੁਤ ਦੇਰ ਤੋਂ ਮਿਲੀ ਹੀ ਨਹੀਂ ਹੈ। ਉਸ ਨੂੰ ਕਦੇ ਕਦੇ ਉਸ ਦੀ ਯਾਦ ਵੀ ਆਉਂਦੀ ਹੈ। ਇਕ ਵਾਰ ਭੁਪਿੰਦਰ ਤੋਂ ਵੀ ਉਸ ਬਾਰੇ ਪੁੱਛਿਆ ਸੀ। ਭੁਪਿੰਦਰ ਕਹਿੰਦਾ ਹੈ ਕਿ ਪ੍ਰੀਤੀ ਦਾ ਪਤੀ ਉਸ ਨੂੰ ਨਾਟਕਾਂ ਵਿਚ ਕੰਮ ਨਹੀਂ ਕਰਨ ਦੇ ਰਿਹਾ। ਇਸ ਗੱਲ ਦਾ ਤਾਂ ਉਸ ਨੂੰ ਪਹਿਲਾਂ ਹੀ ਪਤਾ ਹੈ। ਹੁਣ ਇਸ ਦਾ ਮਤਲਬ ਹੈ ਕਿ ਪ੍ਰੀਤੀ ਦਾ ਇਸ ਸੰਸਥਾ ਨਾਲ ਵੀ ਕੋਈ ਵਾਹ ਨਹੀਂ ਹੈ। ਉਹ ਉਥੋਂ ਤੁਰ ਪੈਂਦਾ ਹੈ। ਕੁਝ ਕੁ ਕਦਮ ਹੀ ਤੁਰਦਾ ਹੈ ਤਾਂ ਪਿੱਛਿਉਂ ਆਵਾਜ਼ ਆਉਂਦੀ ਹੈ,
“ਐਕਸਕਿਊਜ਼ ਮੀ।”
ਉਹ ਘੁੰਮ ਕੇ ਦੇਖਦਾ ਹੈ। ਦਰਵਾਜ਼ੇ ਵਿਚ ਇਕ ਹੋਰ ਔਰਤ ਖੜੀ ਹੈ। ਉਹ ਪੁੱਛਦੀ ਹੈ,
“ਕੋਈ ਕੰਮ ?”
“ਨਹੀਂ, ਖਾਸ ਨਹੀਂ, ਕੁਲਵਿੰਦਰ ਨੂੰ ਹੀ ਮਿਲਣਾ ਸੀ।”
“ਉਹ ਤਾਂ ਇਥੋਂ ਜਾ ਚੁੱਕੀ ਐ, ਜੇ ਕੋਈ ਕੰਮ ਐ ਸਾਡੇ ਕਰਨ ਵਾਲਾ ਤਾਂ ਦੱਸੋ।”
“ਨਹੀਂ, ਮੈਂ ਟਾਈਮਜ਼ ਵਿਚ ਤੁਹਾਡੀ ਆਰਗੇਨਾਈਜ਼ੇਸ਼ਨ ਬਾਰੇ ਲੇਖ ਪੜ੍ਹਿਆ ਹੇ, ਉਹਦੇ ਬਾਰੇ ਈ ਡਿਸਕਸ ਕਰਨਾ ਸੀ ਕੁਝ।”
“ਆਓ, ਮੇਰੇ ਨਾਲ ਕਰੋ, ਮੈਂ ਇਥੋਂ ਦੀ ਕਨਵੀਨਰ ਆਂ।”
ਜਗਮੋਹਣ ਉਸ ਦੇ ਪਿੱਛੇ ਪਿੱਛੇ ਅੰਦਰ ਚਲੇ ਜਾਂਦਾ ਹੈ। ਫਰੰਟ ਰੂਮ ਵਿਚ ਕੁਝ ਕੁਰਸੀਆਂ ਪਈਆਂ ਹਨ। ਇਕ ਵੱਡਾ ਸਾਰਾ ਮੇਜ਼ ਲਗਿਆ ਹੋਇਆ ਹੈ। ਉਹ ਔਰਤ ਉਸ ਨੂੰ ਉਥੇ ਬੈਠਣ ਦਾ ਇਸ਼ਾਰਾ ਕਰਦੀ ਹੈ ਤੇ ਆਪ ਵੀ ਬੈਠ ਜਾਂਦੀ ਹੈ ਤੇ ਪੁੱਛਦੀ ਹੈ,
“ਤੁਸੀਂ ਹੀ ਉਥੇ ਲੀਗਲ ਐਡਵਾਈਜ਼ ਸੈਂਟਰ ਖੋਲ੍ਹਿਆ ਹੈ, ਲੇਡੀ ਮਾਰਗਰੇਟ ਰੋਡ 'ਤੇ।“
“ਹਾਂ, ਪਰ ਬੰਦ ਕਰਨਾ ਪਿਆ।”
“ਕਿਉਂ ?”
“ਕੋਈ ਆਉਂਦਾ ਨਹੀਂ ਸੀ।”
“ਅਸੀਂ ਤਾਂ ਤੁਹਾਡੇ ਤੱਕ ਅਪਰੋਚ ਕੀਤੀ ਸੀ ਪਰ ਤੁਸੀਂ ਨਾਂਹ ਕਰ ਦਿੱਤੀ।”
“ਕਿਉਂਕਿ ਮੈਂ ਤਾਂ ਇਮੀਗਰੇਸ਼ਨ ਦੇ ਕੇਸ ਈ ਕਰਦਾ ਸੀ, ਦੂਜੇ ਲਾਅ ਦਾ ਮੈਨੂੰ ਬਹੁਤਾ ਪਤਾ ਨਹੀਂ।”
“ਦੱਸੋ, ਕਿਹੜੀ ਗੱਲ ਕਰਨੀ ਐ ?... ਬਾਈ ਦਾ ਵੇਅ, ਮਾਈ ਨੇਮ ਇਜ਼ ਲਕਸ਼ਮੀ।”
“ਆਏ'ਮ ਜਗਮੋਹਣ।”
“ਆਏ ਨੋਅ ! ਬਸ ਗੱਲ ਦੱਸੋ।”
“ਮੈਂ ਤਾਂ ਇਹ ਕਹਿਣਾ ਕਿ ਜਿੰਨੀ ਤੁਹਾਡੀ ਕੈਪੇਸਟੀ ਐ ਤੁਸੀਂ ਓਨਾ ਕੰਮ ਨਹੀਂ ਕਰ ਰਹੇ।”
“ਤੁਸੀਂ ਆਰਟੀਕਲ ਪੜ੍ਹਿਆ ਨਹੀਂ ? ਸਾਡੀਆਂ ਪ੍ਰਾਪਤੀਆਂ ਬਾਰੇ ਨਹੀਂ ਪੜ੍ਹਿਆ ਤੁਸੀਂ ਏਸ ਆਰਟੀਕਲ ਵਿਚ ?”
“ਦੇਖੋ, ਇਹ ਆਰਟੀਕਲ ਦਾ ਕੀ ਮਕਸਦ ਐ ਜਾਂ ਏਹਦੇ ਰਾਹੀਂ ਏਹਦਾ ਰਾਈਟਰ ਕੀ ਕਹਿਣਾ ਚਾਹੁੰਦੈ, ਇਹ ਇਕ ਵੱਖਰਾ ਸਵਾਲ ਐ, ਮੈਂ ਤਾਂ ਇਹ ਕਹਿਣਾ ਕਿ ਤੁਸੀਂ ਔਰਤਾਂ ਦੀ ਮੈਰੀਡ ਲਾਈਫ ਦੀਆਂ ਪਰੌਬਲਮਜ਼ ਨੂੰ ਈ ਕਵਰ ਕਰ ਰਹੇ ਓ, ਜਦ ਕਿ ਔਰਤਾਂ ਦੀਆਂ ਹੋਰ ਵੀ ਤਕਲੀਫਾਂ ਨ।”
“ਫਾਰ ਐਗਜੰਪਲ ?”
“ਫਾਰ ਐਗਜੈਂਪਲ ਆਹ ਜ਼ਬਰਦਸਤੀ ਦੇ ਵਿਆਹ, ਆਹ ਔਨਰ ਕਿਲਿੰਗ ਤੇ ਇੰਡੀਆ, ਪਾਕਿਸਤਾਨ ਵਿਚ ਔਰਤਾਂ ਨਾਲ ਕਿੰਨੀਆਂ ਜ਼ਿਆਦਤੀਆਂ ਹੋ ਰਹੀਆਂ।”
“ਦੇਖੋ, ਸਾਡੀ ਕੈਪੇਸਟੀ ਬਹੁਤ ਲਿਮਟਿਡ ਐ, ਸਾਨੂੰ ਪਤੈ ਔਰਤਾਂ ਦੀਆਂ ਬਹੁਤ ਪਰੌਬਲਮਜ਼ ਐ ਪਰ ਇਸ ਵੇਲੇ ਵੱਡਾ ਮਸਲਾ ਔਰਤ ਉਪਰ ਹੁੰਦੀ ਵੁਆਏਲੰਸ ਦਾ ਐ। ਭਾਰਤੀਆਂ ਵਿਚੋਂ ਪੰਜਾਬੀ ਮਰਦ ਆਪਣੀਆਂ ਪਤਨੀਆਂ ਦੀ ਬਹੁਤੀ ਕੁੱਟਮਾਰ ਕਰ ਰਹੇ ਆ, ਇਹ ਲੋਕ ਸ਼ਰਾਬ ਪੀਂਦੇ ਆ ਤੇ ਸ਼ਰਾਬ ਪੀ ਕੇ ਔਰਤ ਉਪਰ ਹੱਥ ਚੁੱਕਦੇ ਆ ਤੇ ਦੂਜਾ ਅਸੀਂ ਬਜ਼ੁਰਗ ਔਰਤਾਂ ਦੀਆਂ ਪਰੌਬਲਮ ਨੂੰ ਵੀ ਡੀਲ ਕਰਦੇ ਆਂ।”
“ਇਹ ਮੈਨੂੰ ਪਤੈ, ਮੈਂ ਕਹਿੰਨਾ ਕਿ ਇਹ ਏਰੀਆ ਵਧਾਓ, ਹੋਰ ਕੰਮ ਕਰੋ।”
“ਸਾਡੇ ਕੋਲ ਗਰਾਂਟਾਂ ਦੀ ਘਾਟ ਐ, ਫਿਰ ਵੀ ਅਸੀਂ ਸੁੱਖੀ ਕਤਲ ਕਾਂਡ ਵਿਚ ਆਵਾਜ਼ ਉਠਾਈ ਸੀ।”
“ਸਿਰਫ ਇਕ ਮੁਜ਼ਾਹਰਾ ਕੀਤਾ ਸੀ।”
“ਤੇ ਇਕੋ ਮੁਜ਼ਾਹਰਾ ਹੀ ਕੰਮ ਕਰ ਗਿਆ, ਕਾਤਲ ਨੂੰ ਸਜ਼ਾ ਹੋ ਗਈ, ਸੱਚ ਤਾਂ ਇਹ ਹੈ ਕਿ ਇਕ ਮੁਜ਼ਾਹਰਾ ਵੀ ਬਹੁਤ ਮੁਸ਼ਕਲ ਨਾਲ ਕਰ ਹੁੰਦੈ। ਸਾਰੀਆਂ ਔਰਤਾਂ ਕੰਮ ਕਰਦੀਆਂ ਤੇ ਜਲੂਸ ਵਿਚ ਆਉਣ ਲਈ ਹਸਬੈਂਡ ਦੀ ਇਜਾਜ਼ਤ ਚਾਹੀਦੀ ਐ। ਤੁਸੀਂ ਸ਼ਾਇਦ ਸਾਡੀ ਪਰੌਬਲਮ ਨੂੰ ਏਸ ਐਂਗਲ ਤੋਂ ਨਹੀਂ ਸਮਝ ਸਕਦੇ। ਹੁਣ ਪਿਛਲੇ ਦਿਨੀਂ ਇਕ ਆਪਣੇ ਪੰਜਾਬੀ ਬੰਦੇ ਨੇ ਕਿਸੇ ਤੋਂ ਆਪਣੇ ਘਰ ਨੂੰ ਅੱਗ ਲਗਵਾ ਦਿੱਤੀ ਜਿਹਦੇ ਵਿਚ ਉਹਦੀਆਂ ਤਿੰਨ ਧੀਆਂ ਤੇ ਪਤਨੀ ਸੜ ਕੇ ਮਰ ਗਈਆਂ। ਉਸ ਨੇ ਅੱਗ ਇਸ ਕਰਕੇ ਲਗਵਾਈ ਐ ਕਿ ਉਸ ਦੀ ਪਤਨੀ ਮੁੰਡਾ ਜੰਮਣ ਦੇ ਕਾਬਲ ਨਹੀਂ ਸੀ।”
“ਮੈਨੂੰ ਪਤਾ ਕਹਾਣੀ ਦਾ, ਮੈਂ ‘ਵਾਸ ਪ੍ਰਵਾਸ’ ਵਿਚ ਪੜ੍ਹਿਆ ਸੀ।”
“ਅਸੀਂ ਏਸ ਇਸ਼ੂ ਨੂੰ ਲੈ ਕੇ ਜਲੂਸ ਕੱਢਣਾ ਚਾਹੁੰਦੀਆਂ ਪਰ ਔਰਤਾਂ ਇਕੱਠੀਆਂ ਨਹੀਂ ਹੋ ਰਹੀਆਂ। ਔਰਤਾਂ ਨੇ ਕੰਮਾਂ ਤੋਂ ਆ ਕੇ ਘਰ ਸੰਭਾਲਣਾ ਹੁੰਦਾ, ਬੱਚੇ ਵੀ ਤੇ ਪਤੀ ਦੇ ਹੁਕਮ ਵੀ ਸੁਣਨੇ ਹੁੰਦੇ ਆ। ਸੱਚੀ ਗੱਲ ਤਾਂ ਜਗਮੋਹਣ ਜੀ ਇਹ ਐ ਕਿ ਇਹ ਲਫਜ਼ ਪਤਨੀ ਗਲਤ ਐ ਅਸਲੀ ਸ਼ਬਦ ਤਾਂ ਸਲੇਵ ਐ। ਜਦੋਂ ਅਸੀਂ ਕਹਿੰਦੇ ਹਾਂ ਕਿ ਉਹ ਔਰਤ ਇਸ ਆਦਮੀ ਦੀ ਪਤਨੀ ਐ, ਸਾਨੂੰ ਕਹਿਣਾ ਇਹ ਚਾਹੀਦਾ ਐ ਕਿ ਉਹ ਔਰਤ ਇਸ ਆਦਮੀ ਦੀ ਗੁਲਾਮ ਐ।”

ਚੱਲਦਾ...