ਸਾਊਥਾਲ ਦੀ ਕੈਸਲ ਰੋਡ। ਪੱਚੀ ਨੰਬਰ ਘਰ। ਰਸੋਈ ਵਿਚੋਂ ਮੀਟ ਨੂੰ ਲੱਗਦੇ ਤੁੜਕੇ ਦੀ ਖੁਸ਼ਬੂ ਸਭ ਨੂੰ ਭੁੱਖ ਲਗਾ ਰਹੀ ਹੈ। ਬਿੱਲਾ ਮੀਟ ਵਿਚ ਕੜਛੀ ਫੇਰ ਰਿਹਾ ਹੈ ਤੇ ਕੋਲ ਖੜਾ ਨਿੱਕੇ ਨਿੱਕੇ ਘੁੱਟ ਵਿਸਕੀ ਦੇ ਵੀ ਭਰ ਰਿਹਾ ਹੈ। ਹਰ ਵੀਕਐਂਡ ਵਾਂਗ ਮਹਿਫਲ ਚੱਲ ਰਹੀ ਹੈ। ਸਾਰੇ ਤਾਰੇ ਦੇ ਕਮਰੇ ਵਿਚ ਬੈਠੇ ਹਨ। ਮੋਹਰਲਾ ਕਮਰਾ ਤਾਰੇ ਕੋਲ ਤੇ ਪਿਛਲਾ ਬਿੱਲੇ ਕੋਲ। ਉਪਰਲੇ ਤਿੰਨ ਕਮਰਿਆਂ ਵਿਚੋਂ ਇਕ ਵਿਚ ਮਾਈਕਲ ਰਹਿੰਦਾ ਹੈ। ਦੂਜੇ ਦੋ ਮਿੰਦੀ ਤੇ ਨਿੰਮੇ ਕੋਲ ਹਨ। ਕਦੇ ਕੋਈ ਕਮਰਾ ਛੱਡ ਜਾਵੇ ਤਾਂ ਇਹਨਾਂ ਵਰਗਾ ਫੌਜੀ ਹੋਰ ਆ ਜਾਂਦਾ ਹੈ। ਕਈ ਵਾਰ ਇਕ ਕਮਰੇ ਵਿਚ ਦੋ ਜਾਂ ਤਿੰਨ ਜਾਣੇ ਵੀ ਰਹਿਣ ਲਗਦੇ ਹਨ। ਕੁਝ ਦੇਰ ਤਾਂ ਜੋਧ ਸਿੰਘ ਦੀ ਨਜ਼ਰ ਤੋਂ ਓਹਲਾ ਰੱਖ ਸਕਦੇ ਹਨ ਪਰ ਜਦ ਪਤਾ ਚਲ ਜਾਵੇ ਤਾਂ ਉਹ ਕਿਰਾਇਆ ਵਧਾ ਦਿੰਦਾ ਹੈ। ਜੋਧ ਸਿੰਘ ਨੂੰ ਵੱਧ ਤੋਂ ਵੱਧ ਕਿਰਾਇਆ ਚਾਹੀਦਾ ਹੈ ਬੰਦੇ ਇਸ ਘਰ ਵਿਚ ਭਾਵੇਂ ਪੰਜਾਹ ਰਹੀ ਜਾਣ। ਕਦੇ ਕਦੇ ਮੀਕਾ ਤੇ ਦੇਬੂ ਵੀ ਆ ਜਾਇਆ ਕਰਦੇ ਹਨ। ਪਹਿਲਾਂ ਤਾਂ ਉਹ ਰਹਿਣ ਹੀ ਉਥੇ ਲੱਗ ਪਏ ਸਨ ਪਰ ਫਿਰ ਮਾਲਕ ਮਕਾਨ ਜੋਧ ਸਿੰਘ ਨੂੰ ਪਤਾ ਚੱਲ ਗਿਆ ਤਾਂ ਉਨ੍ਹਾਂ ਨੂੰ ਜਾਣਾ ਪਿਆ। ਜੋਧ ਸਿੰਘ ਦਾ ਅਸੂਲ ਹੈ ਕਿ ਰਹਿਣਾ ਹੈ ਤਾਂ ਕਿਰਾਇਆ ਦਿਓ। ਮੁਫਤਖੋਰਿਆਂ ਨੂੰ ਉਹ ਲਾਗੇ ਨਹੀਂ ਲੱਗਣ ਦਿੰਦਾ। ਹਫਤਾਂਤ 'ਤੇ ਇਵੇਂ ਇਕੱਠੇ ਹੋਇਆਂ ਨੂੰ ਉਹ ਬਹੁਤਾ ਬੁਰਾ ਨਹੀਂ ਮਨਾਉਂਦਾ। ਕਦੇ ਕਦੇ ਜੋਧ ਸਿੰਘ ਆਪ ਵੀ ਇਨ੍ਹਾਂ ਵਿਚ ਸ਼ਾਮਿਲ ਹੋ ਕੇ ਮੀਟ ਖਾ ਜਾਂਦਾ ਹੈ, ਸ਼ਰਾਬ ਵੀ ਪੀ ਜਾਂਦਾ ਹੈ ਤੇ ਨਾਲੇ ਕਿਰਾਇਆ ਕਢਵਾ ਲੈਂਦਾ ਹੈ। ਉਸ ਦਾ ਤਰੀਕਾ ਹੈ ਕਿ ਮਿੱਠੇ ਹੋ ਕੇ ਕਿਰਾਇਆ ਲੈ ਲਓ ਜੇ ਨਹੀਂ ਤਾਂ ਫਿਰ ਡਰਾਵਾ ਤਾਂ ਹੈ ਹੀ। ਇਹਨਾਂ ਵਿਚੋਂ ਬਹੁਤੇ ਕਿਰਾਏਦਾਰ ਸਾਊਥਾਲ ਵਿਚ ਗੈਰਕਨੂੰਨੀ ਹੀ ਹਨ। ਬਹੁਤਿਆਂ ਕੋਲ ਇਸ ਮੁਲਕ ਵਿਚ ਰਹਿਣ ਲਈ ਕਾਗਜ਼ ਪਤਰ ਨਹੀਂ ਹਨ।
ਬਾਕੀ ਸਾਰੇ ਕਿਰਾਏਦਾਰ ਤਾਂ ਨਕਦੀ ਕਿਰਾਏ ਵਾਲੇ ਹਨ ਪਰ ਮਾਈਕਲ ਦਾ ਕਿਰਾਇਆ ਸੋਸ਼ਲ ਸਕਿਉਰਿਟੀ ਤੋਂ ਆਉਂਦਾ ਹੈ। ਕਈ ਵਾਰ ਮਾਈਕਲ ਬੰਦ ਕਰਵਾ ਦਿੰਦਾ ਹੈ ਤੇ ਦੋ ਚਾਰ ਹਫਤੇ ਦੀ ਹੇਰਾਫੇਰੀ ਵੀ ਕਰ ਜਾਂਦਾ ਹੈ। ਜੋਧ ਸਿੰਘ ਨਾਲ ਉਹ ਕਈ ਵਾਰ ਲੜ ਵੀ ਪੈਂਦਾ ਹੈ। ਪਾਕੀ ਬਾਸਟਰਡ ਤਕ ਵੀ ਕਹਿ ਜਾਂਦਾ ਹੈ। ਪਰ ਉਸ ਦਾ ਕਿਰਾਇਆ ਕਾਫੀ ਆ ਰਿਹਾ ਹੈ ਇਸ ਲਈ ਜੋਧ ਸਿੰਘ ਮਾਈਕਲ ਦੀ ਵਧ ਘਟ ਗੱਲ ਵੀ ਸਹਿ ਲੈਂਦਾ ਹੈ। ਉਸ ਨੂੰ ਪਤਾ ਹੈ ਮਾਈਕਲ ਆਇਰਸ਼ ਹੋਣ ਕਰਕੇ ਨਸਲਵਾਦੀ ਨਹੀਂ ਹੈ ਵੈਸੇ ਹੀ ਹੇਰਾਫੇਰੀ ਦੀ ਤਾਕ ਵਿਚ ਰਹਿੰਦਾ ਹੈ। ਜੇਕਰ ਦੋ ਚਾਰ ਹਫਤਿਆਂ ਦੇ ਕਿਰਾਏ ਦੀ ਗੜਬੜ ਕਰ ਵੀ ਜਾਵੇ ਫਿਰ ਵੀ ਮਾਈਕਲ ਵਲੋਂ ਦੋ ਕਮਰਿਆਂ ਜਿੰਨਾ ਕਿਰਾਇਆ ਆ ਰਿਹਾ ਹੈ। ਮਾਈਕਲ ਜੋਧ ਸਿੰਘ ਨੂੰ ਭਾਵੇਂ ਕੁਝ ਵੀ ਕਹਿ ਲੈਂਦਾ ਹੋਵੇ ਪਰ ਬਾਕੀਆਂ ਮੁਹਰੇ ਨਹੀਂ ਬੋਲਦਾ। ਉਸ ਨੂੰ ਪਤਾ ਹੈ ਕਿ ਉਹ ਕੁੱਟ ਵੀ ਧਰਨਗੇ। ਸਗੋਂ ਮਾਈਕਲ ਉਨ੍ਹਾਂ ਨਾਲ ਬਣਾ ਕੇ ਰੱਖਦਾ ਹੈ। ਕੁਝ ਨਾ ਕੁਝ ਖਾਣ ਪੀਣ ਨੂੰ ਜਿਉਂ ਮਿਲ ਜਾਂਦਾ ਹੈ। ਮਾਈਕਲ ਨੂੰ ਕਦੇ ਕਦੇ ਕੋਈ ਮਿਲਣ ਵਾਲਾ ਆ ਜਾਂਦਾ ਹੈ। ਉਹ ਉਹਦੇ ਵਰਗਾ ਹੀ ਗੰਦਾ ਜਿਹਾ ਹੁੰਦਾ ਹੈ। ਉਲਝੇ ਵਾਲਾਂ ਵਾਲਾ ਤੇ ਪੁਰਾਣੇ ਗੰਦੇ ਕੱਪੜਿਆਂ ਵਾਲਾ। ਇਕ ਔਰਤ ਵੀ ਉਸ ਨੂੰ ਮਿਲਣ ਆਇਆ ਕਰਦੀ ਹੈ ਪਰ ਉਹ ਸਭ ਕਿਸੇ ਦੇ ਅਨੰਦ ਵਿਚ ਦਖਲ ਨਹੀਂ ਦਿੰਦੇ।
ਉਹ ਸਾਰੇ ਤਾਰੇ ਦੇ ਕਮਰੇ ਵਿਚ ਬੈਠੇ ਹਨ। ਤੀਜੀ ਬੋਤਲ ਚੱਲ ਰਹੀ ਹੈ। ਪੰਜਾਂ ਬੰਦਿਆਂ ਨੂੰ ਦੋ ਬੋਤਲਾਂ ਨੇ ਕੁਝ ਨਹੀਂ ਕਿਹਾ। ਇਨ੍ਹਾਂ ਵਿਚ ਇਕ ਤਾਰਾ ਹੀ ਜਿਸ ਕੋਲ ਇਸ ਮੁਲਕ ਕਨੂੰਨੀ ਰਿਹਾਇਸ਼ ਦਾ ਹੱਕ ਹੈ ਪਰ ਉਹ ਵੀ ਹਾਲੇ ਪੱਕਾ ਨਹੀਂ ਹੋਇਆ। ਕੇਸ ਚੱਲ ਰਿਹਾ ਹੈ। ਪਤਾ ਨਹੀਂ ਵਾਪਸ ਹੀ ਮੋੜ ਦਿੱਤਾ ਜਾਵੇ। ਜੋਧ ਸਿੰਘ ਨੇ ਤਾਰੇ ਦੀ ਡਿਊਟੀ ਲਗਾਈ ਹੋਈ ਹੈ ਕਿ ਸਭ ਤੋਂ ਕਿਰਾਇਆ ਲੈ ਲਿਆ ਕਰੇ। ਉਪਰਲੇ ਕਮਰਿਆਂ ਦਾ ਪੈਂਤੀ ਪੈਂਤੀ ਪੌਂਡ ਕਿਰਾਇਆ ਹੈ ਤੇ ਹੇਠਲਿਆਂ ਦਾ ਚਾਲੀ ਚਾਲੀ। ਕਿਰਾਇਆ ਇਕੱਠੇ ਕਰਨ ਦੇ ਬਦਲੇ ਵਿਚ ਤਾਰਾ ਵੀ ਪੈਂਤੀ ਪੌਂਡ ਹਫਤੇ ਦੇ ਹੀ ਦਿੰਦਾ । ਉਹ ਸਭ ਨੂੰ ਕਹਿੰਦਾ ਹੈ,
“ਲਓ ਬਈ, ਸ਼ਰਾਬੀ ਹੋਣ ਤੋਂ ਪਹਿਲਾਂ ਪਹਿਲਾਂ ਕਿਰਾਇਆ ਦੇ ਦਿਓ।”
“ਤੂੰ ਸਾਲਿਆ, ਜੋਧੇ ਦਾ ਮੁਨਸ਼ੀ ਐਂ !”
ਆਪਣਾ ਹਾੜ੍ਹਾ ਚੁੱਕਦਾ ਮੀਕਾ ਆਖਦਾ ਹੈ। ਤਾਰਾ ਥੋੜੇ ਹਿਰਖ ਵਿਚ ਬੋਲਦਾ ਹੈ,
“ਮੀਕਿਆ, ਤੂੰ ਬਾਹਰਲਾ ਬੰਦਾ ਐਂ, ਸਾਡਾ ਗੈਸਟ, ਤੂੰ ਨਾ ਬੋਲ ਸਾਡੇ ਵਿਚ।”
“ਬੋਲਾਂ ਕਿੱਦਾਂ ਨਾ, ਹਰੇਕ ਵੀਕਐਂਡ 'ਤੇ ਜਦੋਂ ਮੂਡ ਬਣਦੈ ਤੂੰ ਕਿਰਾਇਆ ਮੰਗਣ ਬਹਿ ਜਾਨਾਂ, ਇਕ ਅੱਧਾ ਹਫਤਾ ਛੱਡ ਲਿਆ ਕਰ।”
“ਆਹੋ, ਖੋਤੀ ਨੂੰ ਹੱਥ ਲੱਗਿਆ ਹੋਇਆ ਨਾ।”
“ਨਹੀਂ ਲੱਗਿਆ ਤਾਂ ਲਾ ਲੈ।”
“ਮੈਂ ਤੁਹਾਨੂੰ ਮਾਲਕ ਮਕਾਨ ਦਾ ਹੁਕਮ ਸੁਣਾ 'ਤਾ, ਕਿਰਾਇਆ ਦੇਣਾ ਜਾਂ ਨਾ ਦੇਣਾ ਤੁਹਾਡੀ ਮਰਜ਼ੀ।”
ਤਾਰੇ ਨੂੰ ਪਤਾ ਹੈ ਕਿ ਮੀਕਾ ਐਵੇਂ ਹੀ ਲੱਤ ਅੜਾ ਰਿਹਾ ਹੈ, ਕਿਰਾਇਆ ਦੇਣ ਵਾਲਿਆਂ ਨੇ ਦੇ ਹੀ ਦੇਣਾ ਹੈ। ਹੁਣ ਨਾ ਦਿੱਤਾ ਤਾਂ ਸਵੇਰੇ ਦੇ ਦੇਣਗੇ। ਸਵੇਰੇ ਐਤਵਾਰ ਹੈ। ਐਤਵਾਰ ਨੂੰ ਜੋਧ ਸਿੰਘ ਆਪ ਹੀ ਇਧਰ ਦਾ ਗੇੜਾ ਮਾਰ ਹੀ ਲਿਆ ਕਰਦਾ ਹੈ। ਤਾਰੇ ਵਲੋਂ ਗੱਲ ਨੂੰ ਮਰੋੜੀ ਦੇ ਕੇ ਛੱਡ ਦੇਣਾ ਮੀਕੇ ਨੂੰ ਰੜਕਣ ਲਗਦਾ ਹੈ। ਉਹ ਕਹਿਣ ਲਗਦਾ ਹੈ,
“ਤਾਰਿਆ, ਮੈਂ ਦੇਖੀ ਜਾਨਾਂ ਜਿੱਦਣ ਦਾ ਤੂੰ ਕੇਸ ਅਪਲਾਈ ਕੀਤਾ, ਬਦਲ ਗਿਐਂ, ਇਕ ਤੇਰਾ ਆਹ ਧੁੰਨੀ ਤੱਕ ਦਾੜ੍ਹੀ ਵਾਲਾ ਜੋਧ ਸੂੰਹ ਤੇ ਦੂਜਾ ਉਹ ਅਲਕੋਹਲਕ ਸੰਧੂ, ਇਨ੍ਹਾਂ ਦੇ ਸਿਰ 'ਤੇ ਈ ਤੂੰ ਠਾਣੇਦਾਰ ਬਣਿਆ ਫਿਰਦੈਂ। ਜਿੱਦਣ ਮੈਂ ਪੱਕਾ ਹੋ ਗਿਆ ਤੁਹਾਨੂੰ 'ਕੱਲੇ 'ਕੱਲੇ ਨੂੰ ਦੇਖ ਲਊਂ।”
ਮੀਕਾ ਇਵੇਂ ਗੰਭੀਰ ਹੈ ਜਿਵੇਂ ਕਿ ਹੁਣ ਕੁਝ ਕਰ ਦੇਵੇਗਾ। ਬਿੱਲਾ ਬੋਲਦਾ ਹੈ,
“ਮੀਕਿਆ, ਤੂੰ ਕਰਨਾ ਛਣਕੰਗਣ ਵੀ ਨਈਂ, ਗੱਲਾਂ ਏਦਾਂ ਮਾਰਦਾ ਜਿੱਦਾਂ ਰਾਮਗੜ੍ਹੀਆ ਬਦਮਾਸ਼ ਹੋਵੇਂ।”
“ਏਹਦੀ ਇਸੇ ਜ਼ੁਬਾਨ ਨੇ ਏਹਨੂੰ ਭਰਾ ਦੇ ਘਰੋਂ ਕਢਾਇਐ। ਗੱਪ ਮਾਰੂ ਜਿੱਦਾਂ ਪਹਾੜ ਹਿਲਾ ਦੇਣਾ ਹੋਵੇ। ਕਦੇ ਕੀੜੀ ਮਾਰੀ ਨਹੀਂ ਹੋਣੀ।”
“ਮਿੰਦੀ ਸਾਲਿਆ, ਤੂੰ ਮੇਰੀ ਉਹ ਸਾਈਡ ਨਹੀਂ ਦੇਖੀ... ਮੈਂ ਦੁਨੀਆ ਏਧਰ ਦੀ ਉਧਰ ਕਰ ਦੇਊਂ।”
“ਹਾਲ ਦੀ ਘੜੀ ਆਹ ਟੇਬਲ ਨਾ ਹਿਲਾ, ਮੀਟ ਵਾਲ਼ੀ ਕੌਲੀ ਨਾ ਸਿਟ ਦੇਈਂ ਉਤੋਂ।”
“ਅਸਲ ਵਿਚ ਮੀਕੇ ਨੂੰ ਰਣਜੀਤ ਕੌਰ ਕੋਲ ਗਏ ਨੂੰ ਦੇਰ ਹੋ ਗਈ, ਤਾਂ ਹੀ..।”
ਰਣਜੀਤ ਕੌਰ ਦਾ ਨਾਂ ਸੁਣ ਕੇ ਮੀਕੇ ਦਾ ਚਿਹਰਾ ਖਿੜ ਉਠਦਾ ਹੈ। ਉਹ ਆਪਣਾ ਪੈਗ ਮੁਕਾਉਂਦਾ ਕਹਿੰਦਾ ਹੈ,
“ਓਹਨੇ ਤਾਂ ਬਈ ਰੇਟ ਵਧਾ 'ਤਾ।”
“ਅਗਲੀ ਨੇ ਮਰਸਡੀ ਖਰੀਦੀ ਐ, ਨਾਲੇ਼ ਬਿੰਦੀ ਸੁਰਖੀ ਵੀ ਹੁਣ ਮਹਿੰਗੀਆਂ ਹੋ ਗਈਆਂ, ਰੇਟ ਤਾਂ ਵਧਾਉਣਾ ਈ ਸੀ, ਨਾਲੇ ਗੁਰਦੁਆਰੇ ਦੇ ਬਿਲਡਿੰਗ ਫੰਡ ਵਿਚ ਵੀ ਉਹਨੇ ਵਾਹਵਾ ਪੈਸੇ ਦਿੱਤੇ ਆ।”
“ਓਦਣ ਗਿਆਨੀ ਕਹਿੰਦਾ ਸੀ ਕਿ ਮੁੰਡਿਓ ਕੁਸ਼ ਹੋਰ ਦੇਵੋ ਏਸ ਫੰਡ ਲਈ, ਦੇਖੋ ਰਣਜੀਤ ਕੌਰ ਨੇ ਹਜ਼ਾਰ ਪੌਂਡ ਦੇ ਦਿੱਤਾ। ਮੈਂ ਕਿਹਾ ਗਿਆਨੀ ਜੀ ਏਹ ਵੀ ਸਾਡੇ ਈ ਐ, ਬਸ ਆਏ ਓਹਦੇ ਰਾਹੀਂ ਆ।”
ਨਿੰਮਾ ਦੱਸਦਾ ਹੈ। ਉਹ ਸਾਰੇ ਹੱਸਦੇ ਹਨ। ਰਣਜੀਤ ਕੌਰ ਸਾਊਥਾਲ ਦੀ ਜਾਣੀ ਪਛਾਣੀ ਕਾਲ ਗਰਲ ਹੈ। ਇਨ੍ਹਾਂ ਵਰਗੇ ਛੜਿਆਂ ਵਿਚ ਉਹ ਬਹੁਤ ਹਰਮਨ ਪਿਆਰੀ ਹੈ ਤੇ ਸਸਤੀ ਵੀ। ਇਕੋ ਟਾਈਮ 'ਤੇ ਜ਼ਿਆਦਾ ਗਾਹਕ ਹੋਣ ਤਾਂ ਕੁਝ ਰਿਆਇਤ ਵੀ ਕਰ ਦਿੰਦੀ ਹੈ। ਪਹਿਲਾਂ ਉਸ ਕੋਲ ਹੌਂਡਾ ਕਾਰ ਹੁੰਦੀ ਸੀ। ਕਾਰ ਤੋਂ ਹੀ ਪਤਾ ਚੱਲ ਜਾਂਦਾ ਕਿ ਕਿਸ ਨੇ ਉਸ ਨੂੰ ਸੱਦਿਆ ਹੋਇਆ ਹੈ। ਮਤਲਵ ਕਿ ਜਿਸ ਦੇ ਦਰਵਾਜ਼ੇ ਮੁਹਰੇ ਇਹ ਹੌਂਡਾ ਕਾਰ ਖੜੀ ਹੁੰਦੀ ਉਸੇ ਦੀ ਜ੍ਹੇਬ ਹਲਕੀ ਹੋ ਰਹੀ ਹੁੰਦੀ। ਹੁਣ ਉਸ ਨੇ ਮਰਸਡੀਜ਼ ਖਰੀਦ ਲਈ ਹੈ। ਮਰਸਡੀਜ਼ ਹੈ ਤਾਂ ਪੁਰਾਣੀ ਜਿਹੀ ਪਰ ਇਹ ਨਾਂ ਵੱਡਾ ਹੈ। ਉਹ ਚਾਹੁੰਦੀ ਹੈ ਕਿ ਵੱਡੀ ਕਾਰ ਨਾਲ ਵੱਡਾ ਗਾਹਕ ਲੱਭੇ ਤੇ ਰੇਟ ਵੀ ਕੁਝ ਕੁ ਵਧਾ ਦੇਵੇ। ਜਦੋਂ ਦਾ ਉਸ ਨੇ ਮੋਬਾਈਲ ਲਿਆ ਹੈ ਤਾਂ ਕੰਮ ਕਰਨਾ ਹੋਰ ਸੌਖਾ ਹੋ ਗਿਆ ਹੈ। ਘਰ ਬੈਠ ਕੇ ਕਿਸੇ ਦੇ ਫੋਨ ਦੀ ਉਡੀਕ ਨਹੀਂ ਕਰਨੀ ਪੈਂਦੀ। ਸਭ ਨਾਲ ਘੁੰਮਦਿਆਂ ਫਿਰਦਿਆਂ ਹੀ ਗੱਲਬਾਤ ਹੋ ਜਾਂਦੀ ਹੈ। ਉਹ ਸਾਰੇ ਰਣਜੀਤ ਦੀਆਂ ਗੱਲਾਂ ਕਰਦੇ ਹਨ। ਮਿੰਦੀ ਕਹਿੰਦਾ ਹੈ,
“ਰਣਜੀਤ ਕੌਰ ਦੀ ਮਾਈਲੇਜ ਭਾਵੇਂ ਹਾਈ ਐ ਪਰ ਸਾਫ ਐ ਪਰ ਆਹ ਜਿਹੜੀ ਛਿੰਦੋ, ਰਾਣੀ ਤੇ ਰਤਨੀ ਟਰੈਫਿਕ ਲਾਈਟਾਂ 'ਤੇ ਖੜੀਆਂ ਹੁੰਦੀਆਂ ਇਹ ਤੀਵੀਆਂ ਠੀਕ ਨਹੀਂ ਹੈਗੀਆਂ।”
“ਬੜਾ ਤਜਰਬਾ ਬਈ ਤੇਰਾ ਤਾਂ।”
“ਮੀਕਿਆ, ਤਜਰਬਾ ਤਾਂ ਹੋਣਾ ਈ ਐ, ਤੁਰ ਫਿਰ ਕੇ ਮੇਲਾ ਦੇਖੀਦੈ, ਮੈਂ ਕਿਹੜਾ ਪਿੱਛੇ ਵਿਆਹਿਆ ਹੋਇਆਂ।”
ਉਨ੍ਹਾਂ ਵਿਚੋਂ ਮੀਕਾ ਅਤੇ ਤਾਰਾ ਭਾਰਤ ਵਿਚ ਵਿਆਹੇ ਹੋਏ ਹਨ। ਪਤਨੀਆਂ ਉਥੇ ਹੀ ਰਹਿੰਦੀਆਂ ਹਨ। ਮੀਕਾ ਕਾਫੀ ਦੇਰ ਤੱਕ ਆਪਣੇ ਵਿਆਹੇ ਹੋਣ ਵਾਲੀ ਗੱਲ ਦਾ ਓਹਲਾ ਰੱਖਦਾ ਰਿਹਾ ਹੈ ਪਰ ਪਤਾ ਚੱਲ ਹੀ ਜਾਂਦਾ ਹੈ ਅਜਿਹੀਆਂ ਗੱਲਾਂ ਦਾ। ਵਿਆਹੇ ਹੋਣ ਦੀ ਗੱਲ ਸੁਣ ਕੇ ਮੀਕਾ ਅਕਸਰ ਚੁੱਪ ਹੋ ਜਾਂਦਾ ਹੈ। ਬਿੱਲਾ ਉਸ ਨੂੰ ਛੇੜਨ ਲੱਗਦਾ ਹੈ,
“ਮੀਕਿਆ, ਜੇ ਬਾਹਰ ਹੀ ਆਉਣਾ ਸੀ ਤਾਂ ਉਹਨੂੰ ਵਿਚਾਰੀ ਨੂੰ ਫਾਹੇ ਕਾਹਨੂੰ ਲਾਉਣਾ ਸੀ, ਵਿਆਹ ਨਾ ਕਰਾਉਂਦਾ।”
“ਘਰ ਦੇ ਨਹੀਂ ਹਟੇ, ਆਹ ਸਾਲਾ ਮਾਊਂ ਜਿਹਾ ਮੇਰਾ ਭਰਾ ਇੰਡੀਆ ਗਿਆ ਹੋਇਆ ਸੀ ਜਿਹੜਾ ਹੁਣ ਪੈਰ ਨਹੀਂ ਲੱਗਣ ਦੇ ਰਿਹਾ ਮੇਰੇ।”
ਮੀਕਾ ਜ਼ਰਾ ਕੁ ਨਿੰਮੋਝੂਣਾ ਹੋ ਕੇ ਆਖਦਾ ਹੈ। ਗੱਲ ਕਰਦਿਆਂ ਉਸ ਦੀ ਪਤਨੀ ਦੀ ਤਸਵੀਰ ਉਸ ਦੀਆਂ ਅੱਖਾਂ ਸਾਹਮਣੇ ਘੁੰਮਣ ਲਗਦੀ ਹੈ। ਇਕ ਪਲ ਲਈ ਉਹ ਆਪਣੇ ਪਿੰਡ ਜਾ ਪੁੱਜਦਾ ਹੈ।
ਤਾਰਾ ਇਕ ਵਾਰ ਫਿਰ ਕਿਰਾਇਆ ਮੰਗਦਾ ਹੈ। ਬਿੱਲਾ ਤੇ ਮਿੰਦੀ ਉਸ ਨੂੰ ਦੇ ਦਿੰਦੇ ਹਨ। ਨਿੰਮਾ ਸਵੇਰੇ ਦੇਣ ਦਾ ਵਾਅਦਾ ਕਰਦਾ ਕਹਿੰਦਾ ਹੈ,
“ਇਹ ਜੋਧ ਸੂੰਹ ਵੀ ਮਾਈਕਲ ਤੋਂ ਈ ਠੀਕ ਰਹਿੰਦੈ। ਸਾਨੂੰ ਤਾਂ ਇਹ ਐਵੇਂ ਕੀੜੇ ਮਕੌੜੇ ਈ ਸਮਝਦਾ।”
“ਉਹਦੇ ਕੋਲ ਤਾਂ ਇਹ ਡਰਦਾ ਈ ਨਹੀਂ ਜਾਂਦਾ ਕਿ ਦਾੜ੍ਹੀ ਨਾ ਫੜ ਲਵੇ।”
“ਫੜ ਲਵੇ ਤਾਂ ਫੜ ਲਵੇ, ਇਹਨੂੰ ਕੋਈ ਪ੍ਰਵਾਹ ਨਹੀਂ, ਏਹ ਤਾਂ ਪੈਸੇ ਦਾ ਪੁੱਤ ਐ।”
ਉਹ ਸਾਰੇ ਜੋਧ ਸਿੰਘ ਬਾਰੇ ਬੁਰਾ ਭਲਾ ਬੋਲਦੇ ਹਨ। ਮੀਕਾ ਉਨ੍ਹਾਂ ਨੂੰ ਰੋਕਦਾ ਕਹਿੰਦਾ ਹੈ,
“ਬੰਦਾ ਜਿੱਦਾਂ ਦਾ ਮਰਜ਼ੀ ਹੋਵੇ, ਸਾਧੂ ਸੂੰਹ ਦੇ ਕੇਸ ਲੜਨ ਲਈ ਏਹਨੇ ਪੈਸੇ ਇਕੱਠੇ ਕੀਤੇ ਆ।”
“ਉਹਨੂੰ ਤਾਂ ਪਾਗਲ ਲੋਕ ਹੱਸ ਹੱਸ ਕੇ ਦੇਈ ਜਾਂਦੇ ਸੀ ਜਿੱਦਾਂ ਸਾਲੇ ਨੇ ਕੋਈ ਦੇਸ਼ ਭਗਤੀ ਦਾ ਕੰਮ ਕੀਤਾ ਹੋਵੇ, ਕੁੜੀ ਮਾਰ ਕੇ ਸੂਰਮਾ ਬਣਿਆ ਫਿਰਦੈ।”
“ਨਹੀਂ ਬਈ, ਓਹਦੇ ਤੋਂ ਆਪਣੀ ਬੇਇੱਜ਼ਤੀ ਨਹੀਂ ਦੇਖ ਹੋਈ।”
“ਤੇ ਹੁਣ ਸਾਰੀ ਦੁਨੀਆ ਨੂੰ ਪਤਾ ਲੱਗਿਆ।”
“ਯਾਰ ਕੁੜੀ ਨਹੀਂ ਸੀ ਮਾਰਨੀ ਚਾਹੀਦੀ, ਗਲਤ ਕੀਤਾ ਉਹਨੇ, ਪਾਪ ਕੀਤਾ।”
“ਮਾਰਨ ਨਾਲੋਂ ਤਾਂ ਸਾਡੇ ਵਰਗੇ ਨਾਲ ਵਿਆਹ ਦਿੰਦਾ, ਪੱਕੇ ਤਾਂ ਹੋ ਜਾਂਦੇ।”
ਨਿੰਮਾ ਆਖਦਾ ਹੈ। ਬਿੱਲਾ ਉਦਾਸ ਹੁੰਦਾ ਕਹਿੰਦਾ ਹੈ,
“ਮੈਨੂੰ ਤਾਂ ਉਹਦੀ ਫੋਟੋ ਆਪਣੇ ਵੱਲ ਝਾਕਦੀ ਲੱਗਦੀ ਰਹਿੰਦੀ ਐ।”
“ਤੂੰ ਤਾਂ ਬਿੱਲਿਆ ਮੁਫਤ 'ਚ ਈ ਆਸ਼ਕ ਬਣ ਬੈਠਦੈਂ।”
ਤਾਰਾ ਕਹਿੰਦਾ ਹੈ। ਮੀਕੇ ਦੇ ਮੋਬਾਈਲ ਦੀ ਘੰਟੀ ਵੱਜਦੀ ਹੈ। ਜਦ ਉਹ ਔਨ ਕਰਦਾ ਹੈ ਤਾਂ ਫੋਨ ਬੰਦ ਹੋ ਜਾਂਦਾ ਹੈ। ਫੋਨ ਉਪਰ ਕੋਈ ਨੰਬਰ ਨਹੀਂ ਆ ਰਿਹਾ। ਉਹ ਕਹਿੰਦਾ ਹੈ,
“ਬਾਹਰਲਾ ਲੱਗਦੈ।”
“ਇੰਡੀਆ ਤੋਂ ਹੋਊ ਘਰਵਾਲੀ ਦਾ।”
ਨਿੰਮਾ ਆਖਦਾ ਹੈ। ਮੀਕਾ ਟਾਈਮ ਦੇਖਦਾ ਹੈ ਤੇ ਫਿਰ ਹਿਸਾਬ ਲਾਉਂਦਾ ਹੈ ਕਿ ਇਸ ਵਕਤ ਇੰਡੀਆ ਵਿਚ ਕਿੰਨੇ ਵੱਜੇ ਹੋਣਗੇ ਤੇ ਫਿਰ ਆਖਦਾ ਹੈ,
“ਏਸ ਵੇਲੇ ਤਾਂ ਸਾਰੇ ਸੁੱਤੇ ਪਏ ਹੋਣਗੇ।”
“ਕੀ ਪਤਾ ਕਿਸੇ ਨੇ ਜਗਾਈ ਹੋਈ ਹੋਵੇ।”
ਤਾਰਾ ਕਹਿੰਦਾ ਹੈ। ਉਸ ਦੇ ਕਹਿਣ ਤੇ ਸਾਰੇ ਹੱਸਦੇ ਹਨ। ਮੀਕਾ ਜੋਸ਼ ਵਿਚ ਆ ਕੇ ਬੋਲਦਾ ਹੈ,
“ਮੇਰੀ ਨੂੰ ਜਗਾਉਣ ਵਾਲਾ ਕੋਈ ਨਹੀਂ ਜੰਮਿਆਂ, ਤੂੰ ਆਪਣੀ ਬਾਰੇ ਸੋਚ, ਮੇਰੇ ਤਾਂ ਦਸ ਕੀਲੇ ਆ ਉਹਦੇ ਖਾਣ ਲਈ।”
“ਜ਼ਨਾਨੀ ਨੂੰ ਦਸ ਕੀਲੇ ਨਹੀਂ ਚਾਹੀਦੇ, ਇਕੋ ਹੀ ਚਾਹੀਦੈ ਹੁੰਦੈ ਪਰ ਜੇ ਕੋਲ ਹੋਵੇ।”
“ਨਿੰਮਿਆ, ਤੀਵੀਂ ਤੀਵੀਂ ਦਾ ਫਰਕ ਐ, ਤੇਰੇ ਵਾਂਗੂੰ ਮੈਨੂੰ ਭਰਾ ਨੂੰ ਬਦਾਮਾਂ ਲਈ ਜੁਦੇ ਪੈਸੇ ਨਹੀਂ ਭੇਜਣੇ ਪੈਂਦੇ।”
ਮੀਕਾ ਬਾਂਹ ਕੱਢ ਕੇ ਆਖਦਾ ਹੈ। ਸਾਰੇ ਹੀ ਠਹਾਕੇ ਮਾਰ ਕੇ ਹੱਸ ਰਹੇ ਹਨ। ਬਾਹਰੋਂ ਕਿਸੇ ਦੇ ਆਉਣ ਦੀ ਆਵਾਜ਼ ਵਿਚ ਦਰਵਾਜ਼ਾ ਖੜਕਦਾ ਹੈ। ਨਿੰਮਾ ਬੋਲਦਾ ਹੈ,
“ਮਾਈਕਲ ਹੋਵੇਗਾ।”
“ਅੱਜ ਮਾਈਕਲ ਈ ਠੋਕ ਦੇਈਏ, ਸਾਲ਼ਾ ਮੂਡ ਜਿਹਾ ਬਣਿਆ ਹੋਇਐ।”
ਮੀਕਾ ਉਭਰਦਾ ਹੋਇਆ ਕਹਿੰਦਾ ਹੈ।
“ਆਪਾਂ ਨੂੰ ਕੀ ਕਹਿੰਦਾ ਵਿਚਾਰਾ।”
“ਆਪਾਂ ਨੂੰ ਤਾਂ ਨਹੀਂ ਜੋਧ ਸੂੰਹ ਨੂੰ ਤਾਂ ਪਾਕੀ ਕਹਿੰਦਾ ਈ ਹੁੰਦੈ।”
“ਜੋਧ ਸੂੰਹ ਦੀ ਗੱਲ ਜੋਧ ਸੂੰਹ ਨਾਲ ਗਈ।”
“ਬਾਕੀ ਗੱਲ ਤਾਂ ਗਈ ਪਰ ਪਾਕੀ ਵਾਲੀ ਗੱਲ ਕਿੱਦਾਂ ਚਲੇ ਜਾਊ, ਇਹ ਗਾਲ੍ਹ ਤਾਂ ਸਾਰਿਆਂ ਨੂੰ ਐ।”
“ਮੀਕਿਆ, ਤੂੰ ਤਾਂ ਪੰਗਾ ਪਾ ਕੇ ਚਲੇ ਜਾਣੈ ਪਰ ਸਾਨੂੰ ਬਿਪਤਾ ਪਾ ਜਾਵੇਂਗਾ।”
“ਤੁਸੀਂ ਸੌਂ ਜਾਓ ਯਾਰ, ਮੈਂ ਸਵੇਰੇ ਕੰਮ 'ਤੇ ਵੀ ਜਾਣੈ।”
ਤਾਰਾ ਆਖਦਾ ਹੈ। ਉਸ ਨੂੰ ਐਤਵਾਰ ਨੂੰ ਵੀ ਕੰਮ ਉਪਰ ਜਾਣਾ ਪੈਂਦਾ ਹੈ। ਆਮ ਤੌਰ ਤੇ ਸੱਤੇ ਦਿਨ ਹੀ ਕੰਮ ਚੱਲਦਾ ਹੈ। ਉਹ ਜੋਧ ਸਿੰਘ ਨਾਲ ਹੀ ਕੰਮ ਕਰਦਾ ਹੈ। ਜੋਧ ਸਿੰਘ ਦਾ ਡਬਲ ਗਲੇਜ਼ਿੰਗ ਦਾ ਕੰਮ ਹੈ। ਤਾਰਾ ਪਹਿਲਾਂ ਉਸ ਨਾਲ ਵਿੰਡੋ ਤਿਆਰ ਕਰਵਾਉਂਦਾ ਹੈ ਤੇ ਫਿਰ ਆਰਡਰ ਦੇ ਹਿਸਾਬ ਨਾਲ ਫਿੱਟ ਕਰਕੇ ਆਉਂਦਾ ਹੈ। ਜੋਧ ਸਿੰਘ ਦਾ ਉਹ ਖਾਸ ਜਕੀਨ ਵਾਲਾ ਕਾਮਾ ਹੈ ਬਾਕੀ ਕਾਮਿਆਂ ਨਾਲੋਂ ਤਾਰੇ ਨੂੰ ਰੇਟ ਵੀ ਕੁਝ ਜਿ਼ਆਦਾ ਮਿਲਦਾ ਹੈ ਇਸ ਲਈ ਵੀ ਤਾਰਾ ਉਸ ਪ੍ਰਤੀ ਕਾਫੀ ਵਫਾਦਾਰ ਹੈ।
ਸਵੇਰੇ ਉਠਦਿਆਂ ਬਾਕੀ ਸਾਰੇ ਘੂਕ ਸੁੱਤੇ ਪਏ ਹਨ। ਤਾਰਾ ਕੰਮ 'ਤੇ ਤੁਰ ਜਾਦਾ ਹੈ। ਅੱਜ ਉਨ੍ਹਾਂ ਨੇ ਹੈਰੋ ਵਿਚ ਕਿਸੇ ਦੇ ਘਰ ਦੀਆਂ ਵਿੰਡੋ ਬਦਲਣੀਆਂ ਹਨ। ਉਸ ਦੇ ਫੈਕਟਰੀ ਵਿਚ ਪੁੱਜਦਿਆਂ ਜੋਧ ਸਿੰਘ ਵੈਨ ਲੈ ਕੇ ਤਿਆਰ ਬੈਠਾ ਹੈ। ਪਹਿਲੀ ਗੱਲ ਉਹ ਤਾਰੇ ਨੂੰ ਕਿਰਾਏ ਬਾਰੇ ਪੁੱਛਦਾ ਹੈ। ਉਹ ਆਪਣਾ, ਬਿੱਲੇ ਦਾ ਤੇ ਮਿੰਦੀ ਵਾਲਾ ਕਿਰਾਇਆ ਦੇ ਦਿੰਦਾ ਹੈ ਤੇ ਕਹਿੰਦਾ ਹੈ,
“ਨਿੰਮਾ ਅੱਜ ਦੇਵੇਗਾ।”
“ਓਹਦੇ ਵਲਾਂ ਪਿਛਲੇ ਵੀਕ ਦਾ ਵੀ ਰਹਿੰਦਾ ਸੀ।”
“ਓਹ ਵੀ ਦੇ ਦੇਊ।”
“ਆਹ ਬਿੱਲਾ ਵੀ ਇਕ ਹਫਤੇ ਦੇ ਪੈਸੇ ਮਾਰਨ ਦੀ ਟਰਾਈ ਕਰ ਚੁੱਕੈ, ਏਦਾਂ ਮੈਂ ਨਹੀਂ ਕਰਨ ਦੇਣਾ ਕਿਸੇ ਨੂੰ, ਸਾਨੂੰ ਫੌਜੀ ਈ ਤੰਗ ਕਰਨ ਲੱਗ ਪੈਣ ਤਾਂ ਵੀ ਕਾਹਦਾ ਜੀਣਾ ਹੋਇਆ।”
ਚੱਲਦਾ...