ਜਿਸ ਦਿਨ ਦੀ ਨਸੀਬ ਕੌਰ ਪੂਰੀ ਹੋਈ ਹੈ ਜਗਮੋਹਨ ਹਰ ਰੋਜ਼ ਹੀ ਪਾਲਾ ਸਿੰਘ ਕੋਲ ਜਾ ਬੈਠਦਾ ਹੈ। ਲੋਕ ਆਉਂਦੇ ਜਾਂਦੇ ਰਹਿੰਦੇ ਹਨ ਪਰ ਜਗਮੋਹਨ ਘਰ ਦੇ ਜੀਆਂ ਵਾਂਗ ਹਾਜ਼ਰ ਰਹਿੰਦਾ ਹੈ। ਜਿਵੇਂ ਪਾਲਾ ਸਿੰਘ ਉਸ ਦੇ ਪਿਓ ਨਾਲ ਫੌਜ ਵਿਚ ਰਿਹਾ ਹੈ ਇਵੇਂ ਹੀ ਜਗਮੋਹਨ ਦੀ ਮਾਂ ਤੇ ਨਸੀਬ ਕੌਰ ਵੀ ਆਪਸ ਵਿਚ ਸਹੇਲੀਆਂ ਰਹੀਆਂ ਹਨ। ਜਦ ਜਗਮੋਹਨ ਇੰਗਲੈਂਡ ਆਇਆ ਸੀ ਤਾਂ ਇਸ ਘਰੋਂ ਉਸ ਨੂੰ ਆਪਣੇ ਘਰ ਵਰਗਾ ਹੀ ਮੋਹ ਮਿਲਿਆ ਸੀ ਇਸ ਲਈ ਅਫਸੋਸ ਦੇ ਮੌਕੇ ਤੇ ਉਹ ਉਹਨਾਂ ਦੇ ਨਾਲ ਰਹਿਣਾ ਚਾਹੁੰਦਾ ਹੈ। ਅਜ ਜਦ ਉਹ ਪਾਲਾ ਸਿੰਘ ਦੇ ਘਰ ਆਉਂਦਾ ਹੈ ਤਾਂ ਪਰਦੁੱਮਣ ਸਿੰਘ ਸਾਹਮਣੇ ਬੈਠਾ ਮਿਲਦਾ ਹੈ। ਨਸੀਬ ਕੌਰ ਅਚਾਨਕ ਗੁਜ਼ਰ ਗਈ ਹੈ। ਲੋਕਾਂ ਲਈ ਅਚਾਨਕ ਗੁਜ਼ਰਦੀ ਹੈ ਪਰ ਕਾਫੀ ਦੇਰ ਤੋਂ ਬਿਮਾਰ ਹੈ। ਅੰਤੜੀਆਂ ਦੀ ਕੋਈ ਬਿਮਾਰੀ ਰਹੀ ਹੈ। ਡਾਕਟਰ ਕਹਿੰਦੇ ਹਨ ਕਿ ਕਿਸੇ ਵੇਲੇ ਅੰਤੜੀਆਂ ਗੁਲਝ ਖਾ ਗਈਆਂ ਹਨ। ਪਾਲਾ ਸਿੰਘ ਚੜ੍ਹਦੀ ਕਲਾ ਵਿਚ ਰਹਿਣ ਵਾਲਾ ਬੰਦਾ ਹੋਣ ਕਰਕੇ ਕਿਸੇ ਨੂੰ ਦੱਸਦਾ ਤੱਕ ਵੀ ਨਹੀਂ। ਪਤਨੀ ਦੀ ਮੌਤ ਨੂੰ ਖਿੜੇ ਮੱਥੇ ਵਾਹਿਗੁਰੂ ਦੀ ਮਰਜ਼ੀ ਕਹਿ ਕੇ ਮਨਜ਼ੂਰ ਕਰਦਾ ਹੈ। ਅਫਸੋਸ ਕਰਨ ਆਇਆਂ ਨਾਲ ਵੀ ਬਹੁਤੇ ਦੁੱਖ ਦੀ ਗੱਲ ਨਹੀਂ ਕਰਦਾ। ਵੈਸੇ ਵੀ ਲੌਂਜ ਵਿਚੋਂ ਸੋਫੇ ਚੁੱਕ ਕੇ ਹੇਠਾਂ ਦਰੀ ਉਪਰ ਚਾਦਰਾਂ ਨਹੀਂ ਵਿਛਾਉਂਦਾ ਜਿਵੇਂ ਕਿ ਅਜਿਹੇ ਮੌਕਿਆਂ ਉਪਰ ਰਿਵਾਜ ਹੈ। ਉਹ ਕੁਰਸੀਆਂ ਕੁਝ ਹੋਰ ਲਿਆ ਕੇ ਰੱਖ ਦਿੰਦਾ ਹੈ ਤਾਂ ਕਿ ਅਫਸੋਸ ਨੂੰ ਆਏ ਔਰਤਾਂ ਤੇ ਮਰਦ ਇਕੋ ਥਾਂ ਹੀ ਬੈਠ ਜਾਣ। ਵੀਹ ਕੁ ਵਿਅਕਤੀ ਤਾਂ ਸਹਿਜੇ ਹੀ ਬੈਠ ਜਾਂਦੇ ਹਨ। ਜ਼ਿਆਦਾ ਹੋਣ ਤਾਂ ਕੁਰਸੀਆਂ ਹੋਰ ਵੀ ਪਈਆਂ ਹਨ ਪਰ ਕਦੇ ਲੋੜ ਨਹੀਂ ਪੈਂਦੀ। ਉਸ ਨੂੰ ਅਫਸੋਸ ਦੀਆਂ ਗੱਲਾਂ ਇਸ ਲਈ ਵੀ ਚੰਗੀਆਂ ਨਹੀਂ ਲੱਗ ਰਹੀਆਂ ਕਿ ਉਸ ਦੇ ਬੱਚੇ ਹਾਲੇ ਪੂਰੇ ਜ਼ਿੰਮੇਵਾਰ ਨਹੀਂ ਹੋਏ, ਘੱਟੋ ਘੱਟ ਓਨੇ ਕੁ ਜਿੰਨਾ ਉਹ ਸਮਝਦਾ ਹੈ ਕਿ ਹੋਣੇ ਚਾਹੀਦੇ ਹਨ। ਕੋਈ ਵਿਆਹਿਆ ਨਹੀਂ ਹੈ। ਵੱਡਾ ਮੋਹਣਦੇਵ ਹਾਲੇ ਇਸੇ ਸਾਲ ਕੰਮ 'ਤੇ ਲੱਗਾ ਹੈ ਤੇ ਛੋਟਾ ਅਮਰਦੇਵ ਡਿਗਰੀ ਕਰਕੇ ਹਟਿਆ ਹੈ ਤੇ ਮਨਿੰਦਰ ਹਾਲੇ ਯੂਨੀਵਰਸਿਟੀ ਵਿਚ ਹੈ। ਇਸ ਲਈ ਉਹ ਸੋਚ ਰਿਹਾ ਹੈ ਕਿ ਜਲਦੀ ਤੋਂ ਜਲਦੀ ਫਿਊਨਰਲ ਦੀ ਰਸਮ ਹੋਵੇ ਤੇ ਜ਼ਿੰਦਗੀ ਮੁੜ ਨਾਰਮਲ ਹੋ ਕੇ ਤੁਰਨ ਲੱਗੇ। ਉਸ ਦੀ ਧੀ ਮਨਿੰਦਰ ਹਾਲੇ ਅਫਸੋਸ ਕਰਨ ਜੋਗੀ ਵੀ ਨਹੀਂ। ਔਰਤਾਂ ਆ ਆ ਕੇ ਉਸ ਨੂੰ ਰੁਆਉਣ ਲੱਗਦੀਆਂ ਹਨ। ਪਾਲਾ ਸਿੰਘ ਨੂੰ ਖਿੱਝ ਚੜ੍ਹਨ ਲੱਗਦੀ ਹੈ।
ਅਫਸੋਸ ਦੀਆਂ ਸੀਮਤ ਜਿਹੀਆਂ ਗੱਲਾਂ ਪਰਦੁੱਮਣ ਕੋਲ ਮੁੱਕ ਜਾਂਦੀਆਂ ਹਨ ਤਾਂ ਉਹ ਪਾਲਾ ਸਿੰਘ ਤੋਂ ਉਸ ਦੀ ਕਾਰ ਬਾਰੇ ਕੁਝ ਪੁੱਛਣ ਲੱਗਦਾ ਹੈ। ਇਕ ਪਲ ਲਈ ਤਾਂ ਉਸ ਨੂੰ ਲਗਦਾ ਹੈ ਕਿ ਉਹ ਵਿਵਹਾਰਕ ਤੌਰ ਤੇ ਬਹੁਤ ਗਰੀਬ ਹੋ ਗਿਆ ਹੈ, ਇੰਨਾ ਗਰੀਬ ਕਿ ਅਫਸੋਸ ਕਰਨ ਲਈ ਉਸ ਕੋਲ ਸ਼ਬਦ ਹੀ ਮੁੱਕ ਗਏ ਹਨ। ਜਗਮੋਹਣ ਦੇ ਆਉਣ 'ਤੇ ਉਸ ਨੂੰ ਕੁਝ ਹੌਸਲਾ ਹੁੰਦਾ ਹੈ ਕਿ ਉਹ ਹੀ ਕੋਈ ਗੱਲ ਕਰੇਗਾ। ਜਗਮੋਹਣ ਨੂੰ ਆਮ ਅਫਸੋਸ ਕਰਨ ਵਾਲਿਆਂ ਨਾਲੋਂ ਵਧੇਰੇ ਦੁੱਖ ਹੈ। ਗੱਲ ਕਰਦੇ ਸਮੇਂ ਉਸ ਨੂੰ ਕੁਝ ਹੋਣ ਲਗਦਾ ਹੈ ਜਿਵੇਂ ਕਿ ਉਹ ਆਪਣੀ ਹੀ ਮਾਂ ਬਾਰੇ ਗੱਲ ਕਰ ਰਿਹਾ ਹੋਵੇ। ਪਰਦੁੱਮਣ ਉਸ ਨੂੰ ਹੌਲੇ ਜਿਹੇ ਪੁੱਛਦਾ ਹੈ,
“ਹੋਮ ਆਫਿਸ ਤੋਂ ਕੋਈ ਜਵਾਬ ਆਇਆ ?”
“ਤੁਹਾਨੂੰ ਈ ਆਊ, ਮੇਰਾ ਮਤਲਬ ਕੁਲਜੀਤ ਨੂੰ ਈ ਆਊ, ਆਪਣਾ ਐਡਰੈਸ ਤਾਂ ਅਸੀਂ ਕਦੇ ਦਿੰਦੇ ਨਹੀਂ।”
“ਬੈਠਦੇ ਹੁੰਨੇ ਆਂ ਹਾਲੇ ਵੀ ?”
“ਮੈਂ ਇਕੱਲਾ ਹੀ ਹੁੰਨਾ, ਵੀਕਐਂਡ 'ਤੇ ਜਾਨਾਂ ਪਰ ਕੋਈ ਘੱਟੇ ਈ ਔਂਦਾ।”
ਜਗਮੋਹਣ ਆਖਦਾ ਹੈ। ਪਾਲਾ ਸਿੰਘ ਉਸ ਦੀ ਗੱਲ ਸੁਣਦਾ ਆਖਦਾ ਹੈ,
“ਐਡਵਾਈਜ਼ ਬਿਓਰੋ ਦੀ ਗੱਲ ਕਰਦੇ ਆਂ ?”
“ਹਾਂ, ਇਨ੍ਹਾਂ ਮੁੰਡਿਆਂ ਨੇ ਹਿੰਮਤ ਤਾਂ ਮਾਰੀ ਸੀ ਪਰ ਕਾਮਯਾਬੀ ਨਹੀਂ ਮਿਲੀ।”
“ਕਾਮਯਾਬੀ ਇਨ੍ਹਾਂ ਨੂੰ ਸੁਆਹ ਮਿਲਣੀ ਸੀ ਇਕ ਤਾਂ ਇਹ ਪੈਸੇ ਨਹੀਂ ਸੀ ਲੈਂਦੇ ਤੇ ਦੂਜਾ ਇਹ ਗਲਤ ਕੇਸ ਨਹੀਂ ਸੀ ਫੜਦੇ ਅਖੇ ਲੋਕ ਝੂਠੇ ਖਾਲਿਸਤਾਨੀ ਬਣ ਕੇ ਸਟੇਅ ਮੰਗਦੇ ਆ।”
“ਤੁਹਾਨੂੰ ਭਲਾ ਖਾਲਿਸਤਾਨ ਦੰਦੀ ਵਢਦਾ ਐ!”
“ਅੰਕਲ ਜੀ, ਤੁਹਾਨੂੰ ਚਹੀਦੈ ਖਾਲਿਸਤਾਨ?”
“ਅਸੀਂ ਕੀ ਕਰਨੈ!”
“ਅੰਕਲ ਜੀ, ਫਿਰ ਗਲਤ ਗੱਲ ਤਾਂ ਗਲਤ ਐ ਨਾ।”
“ਓ ਜੁਆਨਾ, ਇਹ ਲੋਕ ਕੋਈ ਵੱਡਾ ਗੁਨਾਹ ਨਹੀਂ ਕਰ ਰਹੇ, ਜੇ ਸਾਡਾ ਮੁਲਕ ਸਾਨੂੰ ਨੌਕਰੀ ਦੇ ਸਕਦਾ ਹੁੰਦਾ ਤਾਂ ਅਸੀਂ ਅਜਿਹੇ ਗਲਤ ਸਹਾਰੇ ਕਿਉਂ ਲਬਦੇ, ਸਾਰੀ ਦੁਨੀਆ ਈ ਗਲਤ ਆਈ ਐ ਇਥੇ, ਇਲਲੀਗਲ, ਇਹ ਕੋਈ ਨਵੀਂ ਗੱਲ ਤਾਂ ਹੈ ਨਾ ਸੀ ਕਿ ਪੱਕੇ ਹੋਣ ਲਈ ਝੂਠ ਬੋਲਣਾ ਜਾਂ ਬੈਕ ਡੋਰ ਵਰਤਣੇ।”
“ਅੰਕਲ ਜੀ, ਮੇਰੀ ਆਤਮਾ ਨਹੀਂ ਮੰਨਦੀ ਗਲਤ ਕੰਮ ਕਰਨ ਲਈ।”
“ਤੂੰ ਵੱਡਾ ਧਰਮ ਪੁੱਤਰ ਬਣਿਐ ਫਿਰਦੈਂ। ਵਕੀਲ ਪਤਾ ਨਹੀਂ ਤੈਨੂੰ ਕਿਹਨੇ ਬਣਾ ਦਿੱਤਾ, ਉਦੋਂ ਸਾਧੂ ਸੂੰਹ ਦੇ ਕੇਸ ਵੇਲੇ ਵੀ ਕਮਲਾ ਹੋਇਆ ਫਿਰੇ। ਏਹਦਾ ਡੈਡੀ ਏਨਾ ਬਹਾਦਰ ਬੰਦਾ ਐ, ਅਸੀਂ ਆਰਮੀ 'ਚ ਇਕੱਠੇ ਰਹੇ ਆਂ, ਉਹ ਚੁਣ ਚੁਣ ਕੇ ਦੁਸ਼ਮਣ ਮਾਰਦਾ ਹੁੰਦਾ ਸੀ, ਕਦੇ ਸੀਅ ਨਹੀਂ ਸੀ ਕਰਦਾ।”
“ਉਹ ਦੁਸ਼ਮਣ ਹੋਣਗੇ ਪਰ ਇਹ ਤਾਂ ਸਾਧੂ ਸਿੰਘ ਦੀ ਆਪਣੀ ਧੀ ਸੀ ਜਿਹੜੀ ਉਹਨੇ ਮਾਰੀ ਸੀ।”
“ਜਦੋਂ ਬੰਦਾ ਦੁਸ਼ਮਣ ਈ ਹੋ ਜਾਵੇ ਤਾਂ ਰਿਸ਼ਤੇ ਖਤਮ ਹੋ ਜਾਂਦੇ ਆ, ਕੁੜੀ ਨੇ ਦੁਸ਼ਮਣੀ ਕੀਤੀ ਤੇ ਸਾਧੂ ਸਿੰਘ ਨੇ ਪੁਗਾ ਦਿੱਤੀ, ਮੁੱਛ ਨੀਵੀਂ ਨਹੀਂ ਹੋਣ ਦਿੱਤੀ।”
ਕਹਿੰਦਾ ਪਾਲਾ ਸਿੰਘ ਮੁੱਛਾਂ ਨੂੰ ਵਟਾ ਦੇਣ ਲੱਗਦਾ ਹੈ। ਮਨਿੰਦਰ ਆ ਕੇ ਪੁੱਛਦੀ ਹੈ,
“ਡੈਡ, ਚਾਹ ਤਾਂ ਨਹੀਂ ਚਾਹੀਦੀ ?”
“ਨਹੀਂ ਬੇਟਾ, ਜੂਸ ਲਿਆ ਦੇ ਇਨ੍ਹਾਂ ਨੂੰ।”
ਫਿਰ ਉਹ ਬੰਦੇ ਗਿਣਦਾ ਕਹਿੰਦਾ ,
“ਪੁੱਤਰ, ਪੰਜ ਗਲਾਸ ਲਿਆਈਂ।”
ਵੱਡਾ ਪੁੱਤਰ ਮੋਹਣ ਦੇਵ ਵੀ ਕੰਮ ਤੋਂ ਮੁੜ ਆਉਂਦਾ ਹੈ। ਉਹ ਸਭ ਨਾਲ ਹੱਥ ਮਿਲਾ ਕੇ ਬੈਠ ਜਾਂਦਾ ਹੈ। ਸਾਰੇ ਉਸ ਕੋਲ ਵੀ ਅਫਸੋਸ ਕਰਦੇ ਹਨ। ਮੋਹਣ ਦੇਵ ਉਨ੍ਹਾਂ ਦੇ ਅਫਸੋਸ ਦਾ ਉਤਰ ਦੇ ਰਿਹਾ ਹੈ। ਪਾਲਾ ਸਿੰਘ ਦਾ ਇਕ ਹੱਥ ਮੁੱਛਾਂ ਉਪਰ ਹੈ। ਦੋ ਮਰਦ ਤੇ ਇਕ ਔਰਤ ਹੋਰ ਆ ਜਾਂਦੇ ਹਨ। ਔਰਤ ਮਨਿੰਦਰ ਦੇ ਗਲ ਲੱਗ ਕੇ ਰੋਣ ਲੱਗਦੀ ਹੈ। ਦੋਵੇਂ ਮਰਦ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਕਹਿੰਦੇ ਸੈਟੀ 'ਤੇ ਬੈਠ ਜਾਂਦੇ ਹਨ। ਇਕ ਪੁੱਛਦਾ ਹੈ,
“ਨਾ ਭਰਜਾਈ ਨੂੰ ਬਿਮਾਰੀ ਕੀ ਸੀ ?”
“ਬਸ ਅੰਦਰੋ ਅੰਦਰ ਬਿਮਾਰੀ ਸੀ। ਡਾਕਟਰਾਂ ਨੂੰ ਵੀ ਸਮਝ ਨਹੀਂ ਲੱਗੀ, ਅਸੀਂ ਵੀ ਆਸਵੰਦ ਸਿਗੇ ਪਰ ਉਦੋਂ ਈ ਪਤਾ ਚੱਲਿਆ ਜਦੋਂ ਉਹ ਸਾਨੂੰ ਛੱਡ ਕੇ ਤੁਰ ਗਈ।”
“ਬਹੁਤ ਮਾੜਾ ਹੋਇਆ।”
“ਚਲੋ ਜੀ ਓਹਦੀ ਮਰਜ਼ੀ।”
“ਚੱਲ ਪਾਲਾ ਸਿਆਂ ਹੁਣ ਹੌਸਲਾ ਰੱਖ, ਤੂੰ ਹੀ ਇਨ੍ਹਾਂ ਦੀ ਮਾਂ ਐਂ ਤੇ ਤੂੰ ਹੀ ਪਿਓ।”
ਪਾਲਾ ਸਿੰਘ ਹਾਂ ਵਿਚ ਸਿਰ ਮਾਰ ਰਿਹਾ ਹੈ ਤੇ ਹਾਲੇ ਵੀ ਇਕ ਹੱਥ ਉਸ ਦਾ ਮੁੱਛ 'ਤੇ ਹੈ। ਜਦ ਸਾਰੇ ਗੱਲ ਕਰ ਹਟਦੇ ਹਨ ਤਾਂ ਉਹ ਕਹਿੰਦਾ ਹੈ,
“ਜਨਮ ਮਰਨ ਤਾਂ ਉਪਰ ਵਾਲੇ ਦੇ ਹੱਥ ਐ, ਅਸਲ ਗੱਲ ਤਾਂ ਇਹ ਐ ਕਿ ਜਿੰਨੇ ਦਿਨ ਜੀਉਣਾ ਚੰਗੀ ਤਰ੍ਹਾਂ ਜੀਓ, ਇੱਜ਼ਤ ਨਾਲ।”
ਪਰਦੁੱਮਣ ਸਿੰਘ ਜਗਮੋਹਣ ਨੂੰ ਉਠਣ ਲਈ ਇਸ਼ਾਰਾ ਕਰਦਾ ਹੈ। ਜਗਮੋਹਨ ਹਾਲੇ ਬੈਠਣਾ ਚਾਹੁੰਦਾ ਹੈ ਪਰ ਪਰਦੁੱਮਣ ਸਿੰਘ ਦੇ ਕਹਿਣ ਤੇ ਉਸ ਨੂੰ ਉਠਣਾ ਪੈਂਦਾ ਹੈ। ਪਰਦੁੱਮਣ ਸਿੰਘ ਆਖਦਾ ਹੈ,
“ਚੰਗਾ ਬਈ ਪਾਲਾ ਸਿਆਂ, ਮੇਰੇ ਗੋਚਰੇ ਕੋਈ ਕੰਮ ਹੋਇਆ ਤਾਂ ਦੱਸ ਦੇਵੀਂ।”
“ਦੁੱਮਣਾ, ਤੂੰ ਈ ਕਰਨਾ ਸਭ।”
“ਫਿਊਨਰਲ ਕਿੱਦਣ ਐ ?”
“ਇਹਤੋਂ ਅਗਲੇ ਟਿਊਜ਼ਡੇਅ ! ਗਿਆਰਾਂ ਵਜੇ ਬੌਡੀ ਘਰ ਆਉਣੀ ਐ, ਇਕ ਵਜੇ ਹੈਨਵਰਥ ਕਰੈਟੋਰੀਅਮ ਵਿਚ ਐ ਸੰਸਕਾਰ ਤੇ ਦੋ ਵਜੇ ਆਪਾਂ ਸਾਰਿਆਂ ਵੱਡੇ ਗੁਰਦੁਆਰੇ ਪੁੱਜਣਾ।”
“ਆਵਾਂਗੇ, ਪਹਿਲਾਂ ਵੀ ਗੇੜਾ ਮਾਰਾਂਗੇ।”
ਪਰਦੁੱਮਣ ਸਿੰਘ ਤੁਰਦਾ ਹੋਇਆ ਕਹਿੰਦਾ ਹੈ। ਜਗਮੋਹਣ ਵੀ ਪਾਲਾ ਸਿੰਘ ਤੋਂ ਅਲਵਿਦਾ ਲੈ ਲੈਂਦਾ ਹੈ। ਬਾਹਰ ਨਿਕਲਦਿਆਂ ਹੀ ਪਾਲਾ ਸਿੰਘ ਦਾ ਛੋਟਾ ਮੁੰਡਾ ਅਮਰਦੇਵ ਮਿਲਦਾ ਹੈ। ਉਹ ਉਸ ਨਾਲ ਹੱਥ ਮਿਲਾਉਂਦੇ ਬਾਹਰ ਨਿਕਲ ਆਉਂਦੇ ਹਨ। ਪਰਦੁੱਮਣ ਸਿੰਘ ਪੁੱਛਦਾ ਹੈ,
“ਅੱਜ ਜੌਗਿੰਗ ਕਰਨ ਨਹੀਂ ਗਿਆ ?”
“ਸਵੇਰੇ ਸਵੇਰੇ ਗਿਆ ਸੀ, ਜੌਗਿੰਗ ਬਿਨਾਂ ਤਾਂ ਟਿਕਾਅ ਜਿਹਾ ਨਹੀਂ ਆਉਂਦਾ ਤੇ ਦੂਜਾ ਸਵਿਮਿੰਗ ਜ਼ਰੂਰੀ ਹੁੰਦਾ ਸੀ, ਹੁਣ ਕੁਸ਼ ਘਟਿਐ।”
ਸਵਿਮਿੰਗ ਵਾਲੀ ਗੱਲ ਉਹ ਇਕਦਮ ਮੁਕਾ ਜਾਂਦਾ ਹੈ ਜਿਵੇਂ ਕਿ ਉਸ ਦਾ ਮਤਲਬ ਹੀ ਨਾ ਹੋਵੇ। ਸੁੱਖੀ ਦੀ ਮੌਤ ਤੋਂ ਬਾਅਦ ਉਹ ਤੈਰਨ ਲਈ ਬਹੁਤ ਘੱਟ ਜਾਇਆ ਕਰਦਾ ਹੈ। ਕਦੇ ਕਦੇ ਆਪਣੇ ਮੁੰਡਿਆਂ ਨੂੰ ਹੇਜ਼ ਲੈ ਜਾਇਆ ਕਰਦਾ ਹੈ। ਉਹ ਸੋਚਦਾ ਹੈ ਕਿ ਹੁਣ ਨਿਰੰਤਰ ਜਾਣਾ ਸ਼ੁਰੂ ਕਰ ਦੇਵੇਗਾ। ਤੈਰਨਾ ਸਰੀਰ ਲਈ ਵਧੀਆ ਵਰਜਿਸ਼ ਹੈ। ਫਿਰ ਜਗਮੋਹਣ ਮਜ਼ਾਕ ਦੇ ਮੂਡ ਵਿਚ ਆਉਂਦਾ ਆਖਦਾ ਹੈ,
“ਤੁਹਾਡਾ ਅੰਕਲ ਜੀ ਸੂਤ ਐ।”
“ਉਹ ਕਿੱਦਾਂ ?”
“ਜੇ ਅੰਟੀ ਫੈਕਟਰੀ ਹੋਵੇ ਤਾਂ ਘਰ ਵਿਹਲਾ, ਜੇ ਅੰਟੀ ਘਰ ਹੋਵੇ ਤਾਂ ਫੈਕਟਰੀ ਖਾਲੀ ਪਈ ਹੁੰਦੀ ਐ।”
“ਤੂੰ ਬਈ ਜੱਗਿਆ ਸ਼ੈਤਾਨ ਹੋਈ ਜਾਨਾਂ, ਆਪਾਂ ਤਾਂ ਅਗਲੇ ਦੀ ਹੈਲਪ ਕਰਦੇ ਆਂ।”
“ਮੈਂ ਕਿਹੜਾ ਕਹਿੰਨਾ ਕਿ ਤੁਸੀਂ ਅਗਲੇ ਨੂੰ ਲੁੱਟਦੇ ਓ।”
“ਮੈਂ ਤਾਂ ਸਭ ਦਾ ਭਲਾ ਸੋਚਦਾਂ, ਮੈਂ ਚਾਹੁੰਨਾ ਕਿ ਕੁਲਜੀਤ ਪੱਕੀ ਹੋ ਜਾਵੇ ਤੇ ਆਪਣੇ ਘਰ ਵਸੇ, ਤੇਰਾ ਕਹਿਣਾ ਉਹ ਸੱਚ ਐ ਕਿ ਹੋਰ ਬਥੇਰੀਆਂ, ਇਥੇ ਸਾਊਥਾਲ ਵਿਚ ਏਦਾਂ ਦੀਆਂ ਤੀਵੀਆਂ ਦਾ ਘਾਟਾ ਨਹੀਂ ਪਰ ਜਿੰਨਾ ਚਿਰ ਖਾ ਪੀ ਹੁੰਦੈ ਖਾਈ ਜਾਨੇ ਆਂ, ਸੱਚ ਗੱਲ ਤਾਂ ਇਹੋ ਐ।”
“ਜੋ ਵੀ ਸੱਚ ਹੋਵੇ ਜਦ ਕੁੜੀ ਨੂੰ ਏਦਾਂ ਚਾਟੇ ਲਾ ਲੈਣਾ ਤਾਂ ਮੁੜ ਵਸਣ ਜੋਗੀ ਕਿਥੋਂ ਰਹਿਣੈ।”
“ਮੈਂ ਬੁੱਢਾ ਬੰਦਾ ਭਲਾ ਉਹਨੂੰ ਕਿਧਰੋਂ ਚਾਟੇ ਲਾ ਲਊਂ। ਉਹਦੀ ਕਿਹੜੀ ਆਦਤ ਵਿਗਾੜ ਦੇਊ।”
“ਜੋ ਵੀ ਹੋਵੇ ਉਹਨੇ ਪੱਕੀ ਹੋ ਜਾਣੈ, ਉਹਦੇ ਕੇਸ ਵਿਚ ਦਮ ਹੈਗਾ, ਉਹਦੇ ਸਹੁਰਿਆਂ ਦੀ ਜ਼ਿਆਦਤੀ ਸਾਫ ਦਿੱਸਦੀ ਐ। ਪਰ ਟਾਈਮ ਲੱਗ ਜਾਣੈ।”
“ਕਿੰਨੇ ਕੁ ਟਾਈਮ ਵਿਚ ਬਣ ਜਾਊ ਗੱਲ ?”
“ਸਾਲ ਜਾਂ ਹੋ ਸਕਦੈ ਛੇ ਮਹੀਨੇ ਵਿਚ ਈ।”
ਆਖਦਾ ਜਗਮੋਹਣ ਆਪਣੀ ਕਾਰ ਵਲ ਨੂੰ ਤੁਰ ਪੈਂਦਾ ਹੈ।
ਪਰਦੁੱਮਣ ਮੁੜ ਕਾਰ ਤੋਰਦਾ ਸੋਚਣ ਲੱਗਦਾ ਹੈ ਕਿ ਛੇ ਮਹੀਨੇ ਤਾਂ ਆਏ ਕਿ ਆਏ। ਉਸ ਦੇ ਮਨ ਵਿਚ ਆਉਂਦਾ ਹੈ ਕਿ ਕਿਉਂ ਨਾ ਕੁਲਜੀਤ ਨੂੰ ਉਹ ਕਿਸੇ ਦਿਨ ਕਾਰੇ ਨੂੰ ਮਿਲਾ ਲਿਆਵੇ। ਕਾਰੇ ਨੇ ਉਸ ਦਿਨ ਉਸ ਨੂੰ ਪੱਬ ਵਿਚ ਸੱਦਿਆ ਸੀ ਤਾਂ ਉਸ ਨਾਲ ਜੁਆਨ ਜਿਹੀ ਔਰਤ ਵੀ ਸੀ ਜਿਸ ਦਾ ਕਾਰਾ ਉਸ ਉਪਰ ਰੋਹਬ ਪਾ ਰਿਹਾ ਸੀ। ਉਹ ਬੁੜਬੜਾਉਂਦਾ ਕਹਿੰਦਾ ਹੈ,
“ਕਾਰਿਆ, ਮੈਂ ਆਇਆ ਆਪਣੇ ਬਰਡ ਨੂੰ ਲੈ ਕੇ ਤੇਰੇ ਕੋਲ।”
ਚਲਦਾ....