ਮੌਸਮ ਜ਼ਰਾ ਕੁ ਵੀ ਠੀਕ ਹੋਵੇ ਤਾਂ ਸਾਊਥਾਲ ਪਾਰਕ ਵਿਚ ਲੋਕ ਆਉਣ ਲੱਗਦੇ ਹਨ। ਧੁੱਪ ਦੀ ਤਾਂ ਲੋਕ ਉਡੀਕ ਕਰਦੇ ਹੀ ਹਨ ਪਰ ਬੱਦਲਵਾਈ ਜਾਂ ਠੰਡ ਵਿਚ ਵੀ ਲੋਕ ਇਧਰ ਆ ਜਾਂਦੇ ਹਨ। ਬੈਂਚ ਮੱਲ ਕੇ ਬੈਠ ਜਾਂਦੇ ਹਨ। ਕਈ ਕਿਸਮ ਦੀਆਂ ਢਾਣੀਆਂ ਹਨ। ਸ਼ਰਾਬੀਆਂ ਦੇ ਹੀ ਕਈ ਗਰੁੱਪ ਹਨ। ਬੀਅਰ ਪੀਣ ਵਾਲੇ, ਵਿਸਕੀ ਜਾਂ ਵੋਦਕੇ ਵਾਲੇ ਜਾਂ ਫਿਰ ਅਲਕੋਹਲਕ। ਇਕ ਗਰੁੱਪ ਜੋ ਨਵਾਂ ਖੜਾ ਹੋਇਆ ਉਸ ਨੂੰ ਸਾਰੇ ਗਰੀਨ ਰੋਡ ਗੈਂਗ ਕਹਿੰਦੇ ਹਨ। ਗਰੀਨ ਰੋਡ ਗੈਂਗ ਵਿਚ ਕਿਸ਼ੋਰ ਸਭ ਦਾ ਮੋਹਰੀ ਹੈ। ਉਸ ਨੂੰ ਮਾਣ ਹੈ ਕਿ ਉਹ ਸਭ ਤੋਂ ਸੀਨੀਅਰ ਹੈ। ਉਹ ਉਨ੍ਹਾਂ ਦਿਨਾਂ ਵਿਚ ਹੀ ਇਥੇ ਆ ਕੇ ਬੈਠਣ ਲੱਗਿਆ ਸੀ ਜਦੋਂ ਸਿਸਟਰਜ਼ ਇਨਹੈਂਡਜ਼ ਦਾ ਦਫਤਰ ਉਨ੍ਹਾਂ ਦੀ ਰੋਡ 'ਤੇ ਨਵਾਂ ਨਵਾਂ ਖੁੱਲ੍ਹਿਆ ਸੀ। ਉਸ ਨੂੰ ਜ਼ਰਾ ਕੁ ਪੁੱਛੋ ਤਾਂ ਦੱਸਣ ਲੱਗਦਾ ਹੈ,
“ਤੀਵੀਂ ਬਹੁਤ ਖਰਾਬ ਸੀ ਮੇਰੀ ਭਾਜੀ, ਇਹ ਤੀਵੀਆਂ ਖਰਾਬ ਈ ਹੁੰਦੀਆਂ। ਘਰ ਮੈਂ ਲਿਆ, ਨਿਆਣੇ ਮੈਂ ਪਾਲੇ਼, ਕੰਮ ਮੈਂ ਕਰਦਾ ਰਿਹਾਂ ਤੇ ਉਹ ਮੁਫਤ ਵਿਚ ਮਾਲਕਣ ਆ ਬਣੀ। ਉਪਰੋਂ ਦੀ ਉਹਦੀ ਮਾਂ ਵਿਚ ਆ ਕੇ ਰਹਿਣ ਲੱਗ ਪਈ, ਇੰਡੀਆ ਤੋਂ ਆਈ ਸੀ, ਉਥੇ ਕਿਸੇ ਪਾਰਟੀ ਦੀ ਪ੍ਰਧਾਨ ਸੀ ਤੇ ਮੇਰੇ ਘਰ ਦੀ ਪ੍ਰਧਾਨਗੀ ਕਰਨ ਲੱਗੀ। ਉਹ ਚਾਹੁੰਦੀ ਸੀ ਕਿ ਕੰਮ ਮੈਂ ਕਰਾਂ ਤੇ ਪੈਸੇ ਭੇਜੇ ਉਹ ਇੰਡੀਆ ਨੂੰ, ਆਪਣੇ ਨਿਕੰਮੇ ਪੁੱਤ ਨੂੰ, ਬਸ ਝਗੜਾ ਹੋ ਗਿਆ। ਪਹਿਲਾਂ ਤਾਂ ਗੱਲ ਕਾਬੂ ਵਿਚ ਈ ਸੀ, ਤੀਵੀਂ ਏਨੀ ਮਾੜੀ ਨਹੀਂ ਸੀ ਪਰ ਮਾਂ ਨੇ ਚੁੱਕ ਦੇ ਦੇ ਕੇ ਵਿਗਾੜ ਦਿੱਤੀ, ਉਪਰੋਂ ਦੀ ਆਹ ਇਲਤਾਂ ਨੇ ਸਾਡੇ ਰੋਡ 'ਤੇ ਦਫਤਰ ਆ ਖੋਲ੍ਹਿਆ।”
ਨਾਲ ਬੈਠਾ ਅਲੀ ਦੱਸਣ ਲੱਗੇਗਾ,
“ਇਹ ਔਰਤਾਂ ਆਪ ਤਾਂ ਘਰੀਂ ਵਸੀਆਂ ਨਹੀਂ ਕਿਸੇ ਹੋਰ ਨੂੰ ਵਸਣ ਨਹੀਂ ਦੇਣਾ ਚਾਹੁੰਦੀਆਂ, ਘਰ ਵਿਚ ਮਾੜਾ ਮੋਟਾ ਝਗੜਾ ਤਾਂ ਹੁੰਦਾ ਈ ਰਹਿੰਦੈ ਤੇ ਇਹ ਜਾ ਪਹੁੰਚਦੀਆਂ ਤੇ ਪੂਰੀ ਪਾ ਕੇ ਮੁੜਦੀਆਂ।”
“ਓ ਅਲੀ ਭਾਈ, ਇਨ੍ਹਾਂ ਛੁੱਟੜਾਂ ਨੇ ਆਪਣੀ ਗਿਣਤੀ ਵੀ ਤਾਂ ਵਧਾਉਣੀ ਹੋਈ, ਇਨ੍ਹਾਂ ਨੇ ਆਪਣੀਆਂ ਜੌਬਾਂ ਬਣਾਈਆਂ ਹੋਈਆਂ, ‘ਕੱਠੀਆਂ ਹੋ ਕੇ ਚਾਰ ਨਾਹਰੇ ਮਾਰਦੀਆਂ, ਫੋਟੋ ਅਖਬਾਰਾਂ ਵਿਚ ਦੇ ਕੇ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਣ ਲੱਗਦੀਆਂ।”
“ਮੈਂ ਤਾਂ ਕਈ ਵਾਰ ਸੋਚਦਾਂ ਕਿ ਇਨ੍ਹਾਂ ਦਾ ਦਫਤਰ ਈ ਢਾਹ ਦਿਆਂ ਕਿਸੇ ਤਰ੍ਹਾਂ।”
“ਨਾ ਓਏ ਏਦਾਂ ਨਾ ਕਰੀਂ, ਥਾਂ ਥਾਂ ਕੈਮਰੇ ਲੱਗੇ ਹੋਏ ਆ।”
“ਕੀ ਕਰ ਦੇਣਗੇ ! ਵੱਧ ਤੋਂ ਵੱਧ ਅੰਦਰ ਈ ਕਰ ਦੇਣਗੇ, ਅੰਦਰ ਆਹ ਬਾਹਰ ਨਾਲੋਂ ਤਾਂ ਚੰਗਾ ਈ ਹੋਊ, ਰੋਟੀ ਤਾਂ ਮਿਲੂ।”
“ਦਾਰੂ ਨਹੀਂ ਮਿਲਣੀ।”
ਦਾਰੂ ਨਾ ਮਿਲਣ ਦੇ ਨਾਂ 'ਤੇ ਗੱਲ ਕਰਨ ਵਾਲਾ ਫਿਕਰਮੰਦ ਹੁੰਦਾ ਚੁੱਪ ਕਰ ਜਾਂਦਾ ਹੈ। ਕੋਈ ਫਿਰ ਕਹਿ ਉਠਦਾ ਹੈ,
“ਕਿਤੇ ਸਾਧੂ ਸਿੰਘ ਵਾਲੀ ਤਲਵਾਰ ਹੀ ਮਿਲ ਜਾਵੇ ਤਾਂ ਦੱਸ ਦੇਈਏ ਕਿ ਮਰਦ ਕੀ ਹੁੰਦੈ।”
“ਇਹ ਦੱਸਣਾ ਏਨਾ ਸੌਖਾ ਨਹੀਂ ਨਈਂ।”
“ਆਹ ਮਿੰਦਰ ਤਾਂ ਐਵੇਂ ਈ ਘਰ ਆਲੀ ਨੇ ਪੁਲਿਸ ਨੂੰ ਚੁਕਾ ‘ਤਾ, ਇਹ ਤਾਂ ਗਊ ਅਰਗਾ ਬੰਦਾ ਵਿਚਾਰਾ।”
“ਖਬਰੇ ਅਗਲੀ ਨੇ ਤਾਂਹੀ ਚੁਕਾਇਆ ਹੋਊ। ਇਥੇ ਦੀਆਂ ਔਰਤਾਂ ਗਊਆਂ ਵਰਗੇ ਬੰਦਿਆਂ ਨੂੰ ਵੀ ਪਸੰਦ ਨਹੀਂ ਕਰਦੀਆਂ ਨਾ।”
ਹਰ ਕੋਈ ਆਪੋ ਆਪਣੇ ਵਿਚਾਰ ਰੱਖਣ ਲੱਗੇਗਾ। ਕਿਸ਼ੋਰ ਦੱਸੇਗਾ,
“ਜਦ ਮੈਨੂੰ ਘਰ ਵਾਲੀ ਨੇ ਘਰੋਂ ਕੱਢਿਆ ਤਾਂ ਮੈਂ ਸਮਝ ਗਿਆ ਕਿ ਇਹ ਸਿਸਟਰਜ਼ ਇਨਹੈਂਡਜ਼ ਦਾ ਕੰਮ ਐ, ਇਕ ਗੁਜਰਾਤਣ ਜਿਹੀ ਬਾਹਰ ਖੜੀ ਮੇਰੀ ਵਾਈਫ ਨਾਲ ਗੱਲਾਂ ਜਿਉਂ ਕਰਦੀ ਸੀ। ਜਿੱਦਣ ਮੈਨੂੰ ਕੱਢਿਆ ਮੈਂ ਸੋਚਦਾ ਸੀ ਕਿ ਆਹ ਅਲੀ ਰੋਜ਼ ਤੀਵੀਂ ਨੂੰ ਸੋਧਦੈ, ਇਹ ‘ਰਾਮ ਨਾਲ ਘਰ ਬੈਠਾ ਤੇ ਫੇਰ ਉਹ ਗੁਰਜੀ ਦੀ ਤੀਵੀਂ ਵੀ ਤਾਂ ਦੂਜੇ ਦਿਨ ਮੂੰਹ ਸੁਜਾਈ ਫਿਰਦੀ ਹੁੰਦੀ ਐ ਤੇ ਆਹ ਜੌਹਨ ਵੀ ਕੈਥਰੀਨ ਨਾਲ ਘੱਟ ਨਹੀਂ ਕਰਦਾ, ਇਨ੍ਹਾਂ ਔਰਤਾਂ ਨੇ ਮੈਨੂੰ ਹੀ ਕਿਉਂ ਚੁਣਿਆ। ਮੈਂ ਓਦਣ ਬੋਤਲ ਲੈ ਕੇ ਹਾਲੇ ਬੈਂਚ 'ਤੇ ਬੈਠਾ ਹੀ ਸੀ ਕਿ ਸਾਹਮਣੇ ਅਲੀ ਨੀਵੀਂ ਪਾਈ ਤੁਰਿਆ ਆਉਂਦਾ ਦਿਸਿਆ। ਮੈਂ ਦੋ ਘੁੱਟ ਪਿਲਾ ਕੇ ਏਹਦਾ ਮਨ ਖੜਾ ਕੀਤਾ, ਜਿੰਨੀ ਕੁ ਮੱਦਦ ਹੋ ਸਕਦੀ ਸੀ ਕੀਤੀ। ਦੋ ਕੁ ਦਿਨਾਂ ਬਾਅਦ ਗੁਰਜੀ ਵੀ ਆ ਪਹੁੰਚਾ। ਫਿਰ ਜੌਹਨ ਵੀ ਆ ਗਿਆ ਪਰ ਉਹ ਸਾਡੀ ਪੰਜਾਬੀ ਤੋਂ ਡਰਦਾ ਗਰੀਨਫੋਰਡ ਜਾ ਵੜਿਆ। ਉਥੇ ਵੀ ਪਾਰਕ ਹੈਗਾ ਤੇ ਪਾਰਕ ਵਿਚ ਬੈਂਚ ਵੀ ਤੇ ਸਾਡੇ ਵਰਗੇ ਯੋਧੇ ਵੀ।”
ਗਰੀਨ ਰੋਡ ਗੈਂਗ ਵਿਚ ਨਵੀਂ ਭਰਤੀ ਦਿਨੇਸ਼ ਸ਼ਰਮੇ ਦੀ ਹੈ। ਦਿਨੇਸ਼ ਡਾਕਖਾਨੇ ਵਿਚ ਕਲਰਕ ਰਿਹਾ ਹੈ। ਟਾਈ ਸੂਟ ਦੀ ਆਦਤ ਹੈ। ਪਤਨੀ ਨਾਲ ਝਗੜਾ ਹੋਇਆ। ਘਰੋਂ ਨਿਕਲਿਆ। ਪਤਨੀ ਨੇ ਖਰਚੇ ਲਈ ਕਲੇਮ ਕੀਤਾ ਤਾਂ ਨੌਕਰੀ ਛੱਡ ਆਇਆ। ਪਹਿਲਾਂ ਟਾਈ ਲਾ ਕੇ ਹੀ ਆਇਆ ਕਰਦਾ। ਬੜੀਆਂ ਅਕਲ ਦੀਆਂ ਗੱਲਾਂ ਕਰਦਾ। ਜਿਵੇਂ ਨਵੇਂ ਪਾਗਲ ਹੋਏ ਲੋਕ ਜ਼ਿਆਦਾ ਰੌਲਾ ਪਾਉਂਦੇ ਹਨ ਉਹ ਕੁਝ ਜਿ਼ਆਦਾ ਹੀ ਦਿਖਾਵਾ ਕਰਦਾ। ਪਹਿਲੀਆਂ ਵਿਚ ਤਾਂ ਉਸ ਨੂੰ ਸ਼ਰਾਬ ਵੀ ਪੀਣੀ ਨਹੀਂ ਸੀ ਆਉਂਦੀ। ਇਕੋ ਵਾਰ ਰੱਜ ਕੇ ਡਿਗ ਪੈਂਦਾ। ਹੁਣ ਸ਼ਰਾਬ ਪੀਣੀ ਸਿੱਖ ਗਿਆ ਹੈ। ਪਾਰਕਾਂ ਵਿਚ ਬੈਠੇ ਦਿਲਜਲਿਆਂ ਦੇ ਸ਼ਰਾਬ ਪੀਣ ਦੇ ਆਪਣੇ ਤਰੀਕੇ ਹਨ। ਥੋੜ੍ਹੀ ਥੋੜ੍ਹੀ ਪੀਣੀ ਤੇ ਹਰ ਵੇਲੇ ਨਸ਼ੇ ਵਿਚ ਰਹਿਣਾ, ਇੰਨੇ ਕੁ ਨਸ਼ੇ ਵਿਚ ਕਿ ਆਲਾ ਦੁਆਲਾ ਭੁੱਲਿਆ ਰਹੇ।
ਸਾਊਥਾਲ ਪਾਰਕ ਵਿਚ ਇਕ ਗਰੁੱਪ ਉਨ੍ਹਾਂ ਬਜ਼ੁਰਗਾਂ ਦਾ ਵੀ ਹੈ ਜਿਨ੍ਹਾਂ ਦੀ ਪੈਨਸ਼ਨ ਉਨ੍ਹਾਂ ਦੇ ਮੁੰਡੇ ਜਾਂ ਜਵਾਈ ਖਾਂਦੇ ਹਨ। ਉਹ ਅੰਦਰੋਂ ਦੁਖੀ ਪਰ ਇਕ ਦੂਜੇ ਨੂੰ ਛੇੜਨ ਵੀ ਲੱਗਦੇ ਹਨ। ਕੋਈ ਪੁੱਛਦਾ ਹੈ,
“ਬੰਤਾ ਸਿਆਂ, ਭਾਂਡੇ ਧੋ ਆਇਆ ਸੀ ?”
ਬੰਤਾ ਸਿੰਘ ਜਵਾਬ ਦੇਵੇ ਜਾਂ ਨਾ ਦੇਵੇ ਕੋਲ ਬੈਠਾ ਚਿੰਤਾ ਸਿੰਘ ਦੱਸਣ ਲੱਗੇਗਾ,
“ਭਾਂਡੇ ਧੋ ਕੇ, ਹੂਵਰ ਕਰਕੇ, ਨੂੰਹ ਦੇ ਕੱਪੜੇ ਪਰੈਸ ਕਰਕੇ ਫੇਰ ਆਇਆ ਇਹ।”
“ਚਿੰਤਾ ਸਿਆਂ, ਤੈਨੂੰ ਟਿੱਚਰਾਂ ਔਂਦੀਆਂ, ਤੇਰੀ ਘਰ ਵਾਲੀ ਹਾਲੇ ਹੈਗੀ ਆ ਕਰਕੇ।”
“ਘਰ ਆਲੀ ਨੂੰ ਮਾਰ ਗੋਲੀ, ਤੂੰ ਵੀ ਜ਼ਰਾ ਤੜੀ ਫੜ ਆਹ ਗੇਂਦਾ ਰਾਮ ਵਾਂਗੂੰ, ਆਪਣਾ ਫਲੈਟ ਲੈ ਲੈ, ਆਪਣੀ ਪੈਨਸ਼ਨ ਨੂੰ ਆਪਣੀ ਮਰਜ਼ੀ ਨਾਲ ਖਰਚ, ਗੌਰਮਿੰਟ ਪੈਸੇ ਤੈਨੂੰ ਦਿੰਦੀ ਆ ਨਾ ਕਿ ਤੇਰੇ ਨੂੰਹ–ਪੁੱਤ ਨੂੰ!”
“ਪਰ ਲੋਕ ਕੀ ਕਹਿਣਗੇ।”
“ਮਾਰ ਗੋਲੀ ਯਾਰ ਲੋਕਾਂ ਨੂੰ, ਅਸੀਂ ਇੰਡੀਅਨ ਲੋਕ ਲੋਕਾਂ ਬਾਰੇ ਜ਼ਿਆਦਾ ਸੋਚਦੇ ਆਂ, ਗੋਰੇ ਸਾਡੇ ਨਾਲੋਂ ਲੱਖ ਦਰਜੇ ਚੰਗੇ ਆ।”
“ਗੋਰੇ ਤਾਂ ਸਾਡੇ ਨਾਲੋਂ ਚੰਗੇ ਹੈ ਹੀ, ਨਾ ਤਾਂ ਉਨ੍ਹਾਂ ਨੂੰ ਆਪਣੀ ਔਲਾਦ ਦੀ ਚਿੰਤਾ ਹੁੰਦੀ ਐ ਤੇ ਨਾ ਹੀ ਲੋਕਾਂ ਦੀ।”
“ਉਨ੍ਹਾਂ ਦੀ ਕਿਹੜੀ ਗੱਲ ਐ, ਨਾ ਉਨ੍ਹਾਂ ਆਪਣੀ ਹੱਥੀਂ ਧੀ ਵਿਆਹੁਣੀ ਐ ਤੇ ਨਾ ਨੂੰਹ ਲਿਆਉਣੀ ਐ, ਅਸੀਂ ਤਾਂ ਏਦਾਂ ਦੀਆਂ ਰਸਮਾਂ ਵਿਚ ਫਸੇ ਰਹਿੰਦੇ ਆਂ।”
“ਇਹੋ ਤਾਂ ਸਾਡੀ ਸੁਸਾਇਟੀ ਦੀ ਸੁੰਦਰਤਾ ਐ।”
“ਬਸ ਇਹੋ ਸੁੰਦਰਤਾ ਬੰਤਾ ਸਿੰਘ ਭੁਗਤ ਰਿਹੈ, ਸਲੇਵਰੀ ਵਰਗੀ ਜ਼ਿੰਦਗੀ।”
ਕਈ ਲੋਕ ਭਾਰਤ ਦੀ ਸਿਆਸਤ ਬਾਰੇ ਵੀ ਗੱਲਾਂ ਕਰਦੇ ਹਨ ਬਲਕਿ ਹਰ ਕੋਈ ਉਥੋਂ ਦੀਆਂ ਖਬਰਾਂ ਦੱਸਣ–ਸੁਣਨ ਲਈ ਉਤਸੁਕਤ ਰਹਿੰਦਾ ਹੈ।
ਇਕ ਦਿਨ ਗੁਰਨਾਮ ਆ ਜਾਂਦਾ ਹੈ। ਉਹ ਪਾਰਕ ਵਿਚ ਅੰਦਰ ਵੜਦਾ ਹੀ ਸੋਚ ਰਿਹਾ ਹੈ ਕਿ ਕਿਹੜੇ ਗਰੁੱਪ ਵਿਚ ਜਾਵਾਂ। ਉਸ ਨੂੰ ਗੇਲੋ ਤੇ ਸਿ਼ੰਦਾ ਬੈਠੇ ਦਿਸ ਪੈਂਦੇ ਹਨ। ਉਹ ਉਸ ਵੱਲ ਨੂੰ ਤੁਰ ਪੈਂਦਾ ਹੈ। ਗੇਲੋ ਪੁੱਛਦਾ ਹੈ,
“ਤੂੰ ਕਿਧਰ ਰਹਿੰਨਾ ਬਈ ?”
“ਬਸ ਏਧਰ ਓਧਰ ਈ।”
“ਯੂ ਲੁਕ ਵੈੱਲ! ਕਿਸੇ ਪਾਰਕ ਵਿਚ ਤਾਂ ਨਹੀਂ ਨਾ ਬੈਠਦਾ ?”
“ਨਹੀਂ ਬਈ, ਛੱਡ ਦਿੱਤਾ ਸਭ।”
ਸੋਨੂੰ ਆਪਣਾ ਬੀਅਰ ਵਾਲਾ ਡੱਬਾ ਉਸ ਨੂੰ ਪੇਸ਼ ਕਰਦਾ ਹੈ। ਗੁਰਨਾਮ ਕਹਿੰਦਾ ਹੈ,
“ਨਾ ਬਈ, ਦਿਨੇ ਨਹੀਂ ਤਕਾਲਾਂ ਨੂੰ ਈ।”
“ਅੱਛਾ! ਬਚ ਗਿਆਂ ਬੱਚੂ ਨਹੀਂ ਤਾਂ ਇਹਨਾਂ ਬੈਂਚਾਂ ਤੋਂ ਵਾਪਸ ਮੁੜ ਕੇ ਘਰ ਵਲ ਨੂੰ ਕੋਈ ਨਹੀਂ ਜਾਂਦਾ।”
“ਬਸ ਬਚ ਗਿਆ ਈ ਸਮਝ ਲਓ, ਸਮਾਨ ਤਾਂ ਏਦਾਂ ਦਾ ਤਿਆਰ ਸੀ ਕਿ ਲਾਈਟਾਂ 'ਤੇ ਖੜ ਕੇ ਬੀਅਰ ਲਈ ਪੈਸੇ ਮੰਗ ਰਿਹਾ ਹੁੰਦਾ।”
“ਕੋਈ ਸਾਧ ਸੰਤ ਮਿਲ ਗਿਆ ?”
“ਏਦਾਂ ਈ ਸਮਝ ਲਓ, ਜਾਂ ਕਹਿ ਲਓ ਕਿ ਆਪੇ ਦੀ ਪਛਾਣ ਆ ਗਈ।”
“ਸਾਨੂੰ ਵੀ ਦੱਸ ਯਾਰ ਕੋਈ ਗੁਰ।”
“ਕੋਈ ਗੱਲ ਨੀ, ਹੌਲੀ ਹੌਲੀ ਦੱਸੂੰ।”
ਕਹਿ ਕੇ ਗੁਰਨਾਮ ਹੱਸਦਾ ਹੋਇਆ ਦੂਰ ਕਿਧਰੇ ਦੇਖਦਾ ਹੈ। ਕਾਮਯਾਬੀ ਜਿਵੇਂ ਉਸ ਨਾਲ ਹੱਥ ਮਿਲਾ ਰਹੀ ਹੈ। ਉਹ ਹਰ ਵੇਲੇ ਖੁਸ਼ ਰਹਿੰਦਾ ਹੈ ਤੇ ਅਜਕਲ ਉਹ ਘੁੰਮਦਾ ਫਿਰਦਾ ਰਹਿੰਦਾ ਹੈ। ਪ੍ਰੀਤੀ ਹੁਣ ਘਰ ਰਹਿਣਾ ਹੀ ਪਸੰਦ ਕਰਦੀ ਹੈ ਤੇ ਬੁੱਕ ਭਰ ਕੇ ਗੋਲੀਆਂ ਖਾਣ ਲੱਗੀ ਹੈ। ਗੁਰਨਾਮ ਉਸ ਨੂੰ ਕਹਿੰਦਾ ਹੈ ਕਿ ਗੋਲੀਆਂ ਸਿਹਤ ਲਈ ਬਹੁਤ ਫਾਇਦੇਵੰਦ ਹਨ। ਸਰੀਰ ਵਿਚ ਸੰਤੁਲਨ ਰਖਦੀਆਂ ਹਨ।
ਉਹ ਸਵੇਰੇ ਉਠਦਾ ਹੀ ਪ੍ਰੀਤੀ ਨੂੰ ਪੁੱਛਦਾ ਹੈ,
“ਅੱਜ ਕੀ ਬਣਾਏਂਗੀ ਖਾਣ ਨੂੰ ?”
“ਪਰੌਠੇ ਬਣਾ ਦਿਆਂ ?”
“ਨਹੀਂ, ਪਰੌਠੇ ਨਹੀਂ ਤੈਨੂੰ ਆਉਂਦੇ।”
“ਪੂਰੀਆਂ ਛੋਲੇ।”
“ਉਹ ਵੀ ਤੈਨੂੰ ਕਿਥੋਂ ਆਉਂਦੇ ਆ, ਤੂੰ ਦਾਲ ਰੋਟੀ ਈ ਬਣਾ ਲੈ।”
ਪ੍ਰੀਤੀ ਕੁਝ ਨਹੀਂ ਕਹਿੰਦੀ। ਗੁਰਨਾਮ ਫਿਰ ਆਖਦਾ ਹੈ,
“ਤੂੰ ਰੋਟੀ ਬਣਾਉਣੀ ਕਿਉਂ ਨਹੀਂ ਸਿੱਖਦੀ।”
“ਹੁਣ ਦੱਸ, ਤੈਨੂੰ ਤਾਂ ਮੇਰੀ ਹਰ ਚੀਜ਼ ਬੁਰੀ ਦਿੱਸਦੀ ਐ, ਪਹਿਲਾਂ ਤਾਂ ਨਹੀਂ ਸੀ ਲੱਗਦੀ।”
“ਅੱਗੇ ਮੈਂ ਕੁਸ਼ ਖਾਂਦਾ ਈ ਕਦੋਂ ਸੀ, ਸ਼ਰਾਬੀ ਰਹਿੰਦਾ ਸੀ ਜੋ ਮਰਜ਼ੀ ਖਲ੍ਹਾਈ ਜਾਵੇਂ, ਪਤਾ ਈ ਕਦੋਂ ਚੱਲਦਾ ਸੀ।”
ਪ੍ਰੀਤੀ ਕੁਝ ਬਣਾਉਂਦੀ ਹੈ ਤਾਂ ਉਹ ਉਸ ਤੋਂ ਕੜਛੀ ਫੜ ਆਪ ਬਣਾਉਣ ਲੱਗਦਾ ਹੈ। ਪ੍ਰੀਤੀ ਬੁੜ ਬੁੜ ਕਰਦੀ ਇਕ ਪਾਸੇ ਬੈਠ ਜਾਂਦੀ ਹੈ। ਗੁਰਨਾਮ ਆਪ ਬਣਾ ਕੇ ਖਾਂਦਾ ਹੈ ਤੇ ਨਾਲੇ ਬੱਚਿਆਂ ਨੂੰ ਖਵਾਉਂਦਾ ਹੈ। ਬੱਚੇ ਹੁਣ ਗੁਰਨਾਮ ਨਾਲ ਜ਼ਿਆਦਾ ਖੇਡਦੇ ਹਨ। ਕੁਝ ਖਾਣਾ ਹੋਵੇ ਤਾਂ ਗੁਰਨਾਮ ਤੋਂ ਹੀ ਮੰਗਦੇ ਹਨ। ਇਕ ਦਿਨ ਉਹ ਵੱਡੀ ਕੁੜੀ ਮੀਨਾ ਨੂੰ ਆਖਦਾ ਹੈ,
“ਮੈਨੂੰ ਫੀਲ ਹੁੰਦੈ ਕਿ ਤੁਹਾਡੀ ਮੰਮੀ ਟੁਆਇਲਟ ਜਾ ਕੇ ਹੱਥ ਨਹੀਂ ਧੋਂਦੀ।”
ਉਸ ਦਿਨ ਤੋਂ ਬਾਅਦ ਤਾਂ ਬੱਚੇ ਪ੍ਰੀਤੀ ਦੇ ਹੱਥ ਦੀ ਰੋਟੀ ਖਾਣ ਤੋਂ ਹੀ ਹਟ ਜਾਂਦੇ ਹਨ। ਪ੍ਰੀਤੀ ਰੋਂਦੀ ਹੋਈ ਬੱਚਿਆਂ ਨੂੰ ਮਨਾਉਂਦੀ ਫਿਰਦੀ ਹੈ। ਉਸ ਦਾ ਸਿਰ ਦੁੱਖਦਾ ਰਹਿੰਦਾ ਹੈ। ਸਮੇਂ ਤੋਂ ਪਹਿਲਾਂ ਹੀ ਮੋਨੋਪਾਜ਼ ਸ਼ੁਰੂ ਹੋ ਜਾਂਦਾ ਹੈ ਜਿਸ ਕਾਰਨ ਹੋਰ ਵੀ ਉਲਝਣਾਂ ਵਧ ਜਾਂਦੀਆਂ ਹਨ। ਉਸ ਦੇ ਕੰਨਾਂ ਵਿਚ ਸਾਂ ਸਾਂ ਹੋਣ ਲੱਗਦੀ ਹੈ ਤੇ ਸਿਰ ਹਰ ਵੇਲੇ ਭਾਰੀ ਭਾਰੀ ਰਹਿਣ ਲੱਗਿਆ ਹੈ। ਉਹ ਡਾਕਟਰ ਕੋਲ ਜਾਂਦੀ ਹੈ। ਡਾਕਟਰ ਦਵਾਈ ਮਿਕਦਾਰ ਹੋਰ ਵਧਾ ਦਿੰਦੇ ਹਨ। ਕੁਝ ਕੁ ਮਹੀਨਿਆਂ ਵਿਚ ਹੀ ਪ੍ਰੀਤੀ ਲਈ ਕਿੰਨਾ ਕੁਝ ਬਦਲ ਜਾਂਦਾ ਹੈ। ਉਸ ਨੂੰ ਹਰ ਵੇਲੇ ਸੁੱਤੇ ਰਹਿਣਾ ਚੰਗਾ ਲੱਗਣ ਲੱਗਦਾ ਹੈ। ਕਈ ਵਾਰ ਉਸ ਦਾ ਤਿਆਰ ਹੋਣ ਨੂੰ ਵੀ ਦਿਲ ਨਹੀਂ ਕਰਦਾ। ਵਾਲ ਵੀ ਨਹੀਂ ਵਾਹੁੰਦੀ।
ਭੁਪਿੰਦਰ ਇੰਡੀਆ ਤੋਂ ਵਾਪਸ ਮੁੜ ਕੇ ਪ੍ਰੀਤੀ ਦੇ ਘਰ ਫੋਨ ਕਰਦਾ ਹੈ ਤਾਂ ਗੁਰਨਾਮ ਅੱਗਿਉਂ ਕਹਿੰਦਾ ਹੈ,
“ਦੇਖ ਮਿਸਟਰ, ਇਥੇ ਮੁੜ ਕੇ ਫੋਨ ਨਾ ਕਰੀਂ, ਇਹ ਕੰਜਰਾਂ ਦਾ ਘਰ ਨਹੀਂ, ਸ਼ਰੀਫ ਲੋਕ ਰਹਿੰਦੇ ਆ।”
“ਭਾਈ ਸਾਬ੍ਹ, ਪ੍ਰੀਤੀ ਬਹੁਤ ਵਧੀਆ ਕਲਾਕਾਰ ਐ।”
“ਤੇਰੀ ਤੀਵੀਂ ਮਾੜੀ ਕਲਾਕਾਰ ਐ ? ਜੇ ਮਾੜੀ ਐ ਤਾਂ ਉਹਨੂੰ ਮੇਰੇ ਕੋਲ ਭੇਜ, ਮੈਂ ਉਹਨੂੰ ਉਹ ਕੁਸ਼ ਸਿਖਾ ਦੇਊਂ ਜਿਹੜਾ ਤੈਨੂੰ ਨਹੀਂ ਆਉਂਦਾ.. ਸਮਝ ਗਿਐਂ ਕਿ ਹੋਰ ਸਮਝਾਵਾਂ,.. ਜੇ ਨਹੀਂ ਸਮਝਿਆ ਤਾਂ ਮੈਂ ਆ ਕੇ ਸਮਝਾ ਦਿੰਨਾਂ, ਮੈਨੂੰ ਪਤਾ ਤੂੰ ਕਿਥੇ ਰਹਿੰਨਾਂ।”
ਭੁਪਿੰਦਰ ਤੋਂ ਬਾਅਦ ਉਹ ਸੂਰਜ ਆਰਟ ਵਾਲਿਆਂ ਨੂੰ ਵੀ ਫੋਨ ਕਰਦਾ ਹੈ ਤੇ ਗਾਲ੍ਹਾਂ ਕੱਢ ਕੇ ਧਮਕੀਆਂ ਦਿੰਦਾ ਹੈ। ਸੂਰਜ ਆਰਟਸ ਵਾਲਿਆਂ ਦਾ ਫੋਨ ਮੁੜ ਕੇ ਤਾਂ ਆਉਣਾ ਹੀ ਕੀ ਹੈ। ਭੁਪਿੰਦਰ ਨੂੰ ਵੀ ਆਪਣਾ ਡਰ ਪੈ ਜਾਂਦਾ ਹੈ ਕਿ ਇਹ ਤਾਂ ਨਵੀਂ ਹੀ ਮੁਸੀਬਤ ਗਲ ਪੈ ਚੱਲੀ।
ਉਸ ਦੇ ਬੱਚੇ ਜਦ ਵੀ ਬਾਹਰ ਜਾਂਦੇ ਹਨ ਤਾਂ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਦੇ ਹਨ। ਉਹ ਪੁੱਛਦੇ ਹਨ,
“ਡੈਡ, ਤੈਨੂੰ ਮੰਮੀ ਦੀ ਐਕਟਿੰਗ ਕਿਉਂ ਨਹੀਂ ਲਾਈਕ ਹੁੰਦੀ ?”
“ਇਸ ਕਰਕੇ ਕਿ ਮੈਨੂੰ ਵਾਈਫ ਚਾਹੀਦੀ ਐ ਤੇ ਤੁਹਾਨੂੰ ਮਾਂ।”
“ਕੀ ਐਕਟਿੰਗ ਕਰਨ ਨਾਲ ਕੀ ਹੈਪਨ ਹੁੰਦਾ ?”
“ਹਾਂ, ਉਨ੍ਹਾਂ ਦੀਆਂ ਫੀਲਿੰਗਜ਼ ਮਰ ਜਾਂਦੀਆਂ।”
“ਹਾਓ ?”
“ਇਕ ਇਕ ਐਕਟ੍ਰੈਸ ਪੰਜਾਹ ਬੰਦਿਆਂ ਨਾਲ ਕਿੱਸ ਕਰਦੀ ਐ। ਜਦ ਉਹ ਆਪਣੇ ਅਸਲੀ ਪਤੀ ਕੋਲ ਪੁੱਜਦੀ ਐ ਤਾਂ ਉਹ ਪਤਨੀ ਨਹੀਂ ਕਿੱਸ ਕਰਨ ਦੀ ਮਸ਼ੀਨ ਹੁੰਦੀ ਐ, ਉਹਦੇ ਅੰਦਰ ਪਤਨੀ ਹੋਣ ਦਾ ਕੁਦਰਤੀ ਮਾਦਾ, ਨੈਚੁਰਲ ਇੰਨਸਟਿੰਕਟ ਮਰ ਜਾਂਦੈ। ਇਵੇਂ ਈ ਇਕ ਐਕਟਰੈੱਸ ਕਿਸੇ ਬੱਚੇ ਨੂੰ ਚੁੱਕੀ ਫਿਰਦੀ ਹੋਵੇ ਤਾਂ ਘਰ ਆ ਤਾਂ ਉਹ ਇਕ ਮਸ਼ੀਨ ਵਾਂਗ ਹੀ ਵਰਤੇਗੀ।”
ਬੱਚਿਆਂ ਨੂੰ ਇਹ ਗੱਲ ਕਲਿੱਕ ਕਰ ਜਾਂਦੀ ਹੈ। ਉਹ ਜਾ ਕੇ ਮਾਂ ਨਾਲ ਗੱਲ ਕਰਦੇ ਹਨ। ਗੁਰਨਾਮ ਵਾਲੀ ਦਲੀਲ ਦਿੰਦੇ ਰਹਿੰਦੇ ਹਨ,
“ਮੰਮੀ, ਐਕਟਿੰਗ ਦਾ ਪ੍ਰੋਫੈਸ਼ਨ ਬਹੁਤ ਰੌਂਗ ਐ, ਅਸੀਂ ਨਹੀਂ ਪਸੰਦ ਕਰਦੇ।”
“ਤੁਹਾਡਾ ਡੈਡੀ ਰੌਂਗ ਐ, ਤੁਹਾਨੂੰ ਝੂਠ ਸਿਖਾ ਰਿਹੈ, ਮੈਂ ਕਦੇ ਕਿਸੇ ਨੂੰ ਕਿੱਸ ਨਹੀਂ ਕਰਦੀ।”
ਪ੍ਰੀਤੀ ਗੁਰਨਾਮ ਨਾਲ ਝਗੜਦੀ ਆਖਦੀ ਹੈ,
“ਤੂੰ ਮੈਨੂੰ ਏਨੀ ਬੁਰੀ ਕਿਉਂ ਬਣਾ ਰਿਹਾਂ ?”
“ਮੈਂ ਤਾਂ ਇਨ੍ਹਾਂ ਦੇ ਸਵਾਲ ਦਾ ਜਵਾਬ ਦੇ ਰਿਹਾਂ।”
“ਮੈਂ ਕਦੇ ਕਿਸੇ ਨੂੰ ਕਿੱਸ ਨਹੀਂ ਕਰਦੀ। ਤੂੰ ਝੂਠ ਕਿਉਂ ਕਹਿ ਰਿਹਾਂ।”
“ਕਿੱਸ ਦੀ ਤਾਂ ਇਕ ਉਧਾਹਰਣ ਐ, ਇਕ ਔਰਤ ਕਿਸੇ ਓਪਰੇ ਮਰਦ ਨੂੰ ਜੱਫੀ ਵੀ ਪਾ ਲੈਂਦੀ ਐ ਤਾਂ ਉਹਨੂੰ ਆਪਣਾ ਮਰਦ ਐਵੇਂ ਲੱਗਣ ਲੱਗਦਾ ਐ।”
“ਝੂਠ ਆ ਇਹ।”
“ਝੂਠ ਕਿੱਦਾਂ ਐ ! ਤੂੰ ਆਪ ਦੱਸ, ਜੇ ਡਰਾਮਾ ਖੇਡਦੀ ਤੂੰ ਕਿੰਨੇ ਹੀ ਮਰਦਾਂ ਦੇ ਸਪਰਸ਼ ਵਿਚ ਆਵੇਂਗੀ ਤੇ ਫਿਰ ਸ਼ਾਮ ਨੂੰ ਤੈਨੂੰ ਮੇਰਾ ਸਪਰਸ਼ ਤਾਂ ਉਤੇਜਿਤ ਨਹੀਂ ਕਰੇਗਾ ਨਾ, ਪੰਜਾਹ ਸਪਰਸ਼ਾਂ ਬਾਅਦ ਇਕਵੰਜਵਾਂ ਸਪਰਸ਼ ਕੀ ਮੈਹਨੇ ਰਖਵਾਉਂਦੈ।”
“ਗੁਰਨਾਮ ਤੂੰ ਬਹੁਤ ਗਲਤ ਬੋਲ ਰਿਹੈਂ, ਇਹ ਕਿੱਸਾਂ ਜਾਂ ਬੈੱਡਰੂਮ ਦੇ ਸੀਨ ਫਿਲਮਾਂ 'ਚ ਈ ਹੁੰਦੇ ਐ, ਨਾਟਕਾਂ ਵਿਚ ਨਹੀਂ।”
“ਕਿਉਂ ਨਹੀਂ ਹੁੰਦੇ, ਨਾਟਕਾਂ ਵਿਚ ਫਿਲਮਾਂ ਵਾਲਾ ਈ ਸਭ ਕੁਝ ਹੁੰਦੈ।”
“ਇਹ ਤਾਂ ਕਰਨ ਵਾਲੇ ਦੀ ਮਰਜ਼ੀ ਉਪਰ ਐ ਕਿ ਕਿਥੇ ਕੁ ਤੱਕ ਕਰਨੈ।”
“ਕਲਾ ਦੇ ਨਾਂ 'ਤੇ ਸਭ ਕੁਸ਼ ਹੋ ਰਿਹੈ, ਮਰਦ ਔਰਤਾਂ ਸਭ ਕੁਝ ਕਰੀ ਜਾ ਰਹੇ ਆ।”
“ਯੂ ਸ਼ੱਟ ਅੱਪ !”
ਕਹਿੰਦੀ ਪ੍ਰੀਤੀ ਆਪਣੇ ਬੈਗ ਵਿਚੋਂ ਦਵਾਈ ਕੱਢਣ ਲਗਦੀ ਹੈ।
ਚਲਦਾ...