ਸਾਊਥਾਲ (ਕਾਂਡ 22)

ਜਿੰਨੇ ਦਿਨ ਮਹਿਮਾਨ ਆਉਂਦੇ ਰਹਿੰਦੇ ਹਨ ਤਾਂ ਪਾਲਾ ਸਿੰਘ ਦਾ ਦਿਲ ਲੱਗਿਆ ਰਹਿੰਦਾ ਹੈ। ਸਾਰੀਆਂ ਰਸਮਾਂ ਖਤਮ ਹੋਣ ਤੋਂ ਬਾਅਦ ਉਹ ਇਕੱਲਾ ਰਹਿ ਜਾਂਦਾ ਹੈ। ਭਾਵੇਂ ਮਰਨ ਤੋਂ ਪਹਿਲਾਂ ਕਈ ਹਫਤੇ ਨਸੀਬ ਕੌਰ ਦੇ ਹਸਪਤਾਲ ਰਹਿਣ ਕਾਰਣ ਉਹ ਇਕੱਲਾ ਰਿਹਾ ਹੈ ਪਰ ਹੁਣ ਉਹ ਜ਼ਿਆਦਾ ਇਕੱਲਾ ਰਹਿ ਗਿਆ ਮਹਿਸੂਸ ਕਰਦਾ ਹੈ। ਨਸੀਬ ਕੌਰ ਦਾ ਹਸਪਤਾਲ ਪਈ ਦਾ ਹੀ ਆਸਰਾ ਸੀ। ਫਿਰ ਉਹ ਸੋਚਦਾ ਹੈ ਕਿ ਉਹ ਫੌਜੀ ਆਦਮੀ ਹੈ ਤੇ ਫੌਜੀ ਨੂੰ ਕੀ ਕਹਿ ਇਕੱਲਤਾ। ਉਹ ਸਿਰ ਨੂੰ ਛੰਡਦਾ ਹੈ ਤੇ ਜਿਵੇਂ ਤਾਜ਼ਾ ਹੋ ਗਿਆ ਹੋਵੇ। ਉਹ ਆਪਣੀ ਟਰਾਊਜ਼ਰ ਤੇ ਕਮੀਜ਼ ਪ੍ਰੈਸ ਕਰਦਾ ਹੈ ਤੇ ਤਿਆਰ ਹੋਣ ਲੱਗਦਾ ਹੈ। ਤਿਆਰ–ਬਰ–ਤਿਆਰ ਰਹਿਣ ਦੀ ਉਸ ਨੂੰ ਪਹਿਲੇ ਦਿਨ ਤੋਂ ਹੀ ਆਦਤ ਹੈ। ਆਪਣਾ ਆਪ ਬਿਸਤਰਾ ਵਿਛਾਉਂਦਾ ਤੇ ਇਕੱਠਾ ਕਰਦਾ ਹੈ। ਆਪਣੇ ਕੱਪੜੇ ਆਪ ਪ੍ਰੈਸ ਕਰਦਾ ਹੈ। ਮਸ਼ੀਨ ਵਿਚ ਵੀ ਆਪ ਹੀ ਪਾ ਦਿੰਦਾ ਹੈ। ਉਸ ਨੂੰ ਘਰ ਦੇ ਕਿਸੇ ਕੰਮ ਵਿਚ ਨਸੀਬ ਕੌਰ ਦੀ ਜ਼ਰੂਰਤ ਨਹੀਂ ਹੈ ਤੇ ਬਸ ਸਾਹਮਣੇ ਦਿੱਸਦੀ ਰਹਿਣ ਦੀ ਭੁੱਖ ਹੈ। ਨਸੀਬ ਕੌਰ ਦੇ ਅਲੋਪ ਜਾਣ ਤੇ ਇਹ ਭੁੱਖ ਕਦੇ ਕਦੇ ਜਿ਼ਆਦਾ ਤੰਗ ਕਰਨ ਲਗਦੀ ਹੈ।
ਘਰ ਦੇ ਸਾਰੇ ਕੰਮ ਮੁਕਾ ਕੇ ਉਹ ਸੋਚ ਰਿਹਾ ਹੈ ਕਿ ਕਿਧਰ ਜਾਵੇ। ਬਹੁਤੀ ਦੇਰ ਘਰ ਬੈਠਣਾ ਉਸ ਨੂੰ ਚੰਗਾ ਨਹੀਂ ਲਗ ਰਿਹਾ। ਕਿਸੇ ਨਾਲ ਗੱਲਾਂ ਕਰਨ ਦਾ ਮਨ ਹੈ ਉਸ ਦਾ। ਪਾਰਕਾਂ ਵਿਚ ਕੋਈ ਨਾ ਕੋਈ ਮਿਲ ਜਾਂਦਾ ਹੈ। ਉਹ ਸੋਚ ਰਿਹਾ ਹੈ ਵਕਤ ਨਾਲ ਨਿਪਟਣ ਲਈ ਕਿਧਰ ਜਾਵੇ। ਕਈ ਵਾਰ ਉਹ ‘ਬੁਢਾਪਾ ਘਰ’ ਵਿਚ ਵੀ ਚਲੇ ਜਾਇਆ ਕਰਦਾ ਹੈ ਪਰ ਉਸ ਨੂੰ ਲਗਦਾ ਹੈ ਕਿ ਇਹ ਉਸ ਦੀ ਮੰਜ਼ਲ ਨਹੀਂ ਹੈ। ਉਹ ਹਾਲੇ ਇੰਨਾ ਬੁੱਢਾ ਨਹੀਂ ਹੈ ਕਿ ਕਿਸੇ ਦੇ ਆਸਰੇ ਦੀ ਲੋੜ ਪਵੇ। ਉਹ ਕਿਸੇ ਅਜਿਹੀ ਜਗਾਹ ਜਾਣਾ ਚਹੁੰਦਾ ਹੈ ਜਿਥੇ ਜਿ਼ੰਦਗੀ ਧੜਕਦੀ ਹੈ। ਉਹ ਪਾਰਕ ਵਿਚ ਹੀ ਜਾਵੇਗਾ ਪਰ ਸੋਚ ਰਿਹਾ ਹੈ ਕਿ ਪਾਰਕ ਜਾਵੇ ਤਾਂ ਕਿਹੜੇ ਜਾਵੇ। ਸਪਾਈਕਸ ਪਾਰਕ ਤੇ ਸਾਊਥਾਲ ਪਾਰਕ ਦੋਵੇਂ ਹੀ ਉਸ ਦੇ ਘਰੋਂ ਇਕੋ ਜਿੰਨੀ ਦੂਰੀ 'ਤੇ ਹਨ। ਸਾਊਥਾਲ ਪਾਰਕ ਉਸ ਨੂੰ ਇਸ ਲਈ ਬਹੁਤਾ ਪਸੰਦ ਨਹੀਂ ਕਿ ਉਥੇ ਸ਼ਰਾਬੀ ਬਹੁਤੇ ਹੁੰਦੇ ਹਨ। ਸ਼ਰਾਬੀ ਉਸ ਨੂੰ ਇੰਨੇ ਬੁਰੇ ਨਹੀਂ ਲੱਗਦੇ ਜਿੰਨੇ ਕਿ ਡਿਪਰੈਸ਼ਨ ਦੇ ਮਰੀਜ਼। ਪੂਰੇ ਸਾਊਥਾਲ ਵਿਚ ਹੁਣ ਡਿਪਰੈਸ਼ਨ ਵਿਚ ਗ੍ਰੱਸੇ ਲੋਕ ਦੀ ਗਿਣਤੀ ਵਧ ਰਹੀ ਹੈ। ਸਾਊਥਾਲ ਪਾਰਕ ਵਿਚ ਅਧਿੱਕਤਰ ਅਜਿਹੇ ਲੋਕ ਹੀ ਹੁੰਦੇ ਹਨ। ਫਿਰ ਵੀ ਉਥੇ ਜਾਵੋ ਤਾਂ ਕੁਝ ਕੁ ਬੁੜ੍ਹੇ ਗੱਪਾਂ ਮਾਰਨ ਲਈ ਮਿਲ ਹੀ ਜਾਂਦੇ ਹਨ। ਵੈਸੇ ਸਪਾਈਕਸ ਪਾਰਕ ਵਿਚ ਜਾਣਾ ਉਸ ਨੂੰ ਚੰਗਾ ਲੱਗਦਾ ਹੈ ਪਰ ਉਥੇ ਨੌਜਵਾਨ ਤਬਕਾ ਹੀ ਜ਼ਿਆਦਾ ਹੁੰਦਾ ਹੈ ਜੋ ਆਪਸ ਵਿਚ ਗੱਲਾਂ ਕਰਦਾ ਹਿੜ ਹਿੜ ਕਰਦਾ ਹਸਦਾ ਰਹਿੰਦਾ ਹੈ। ਕਈ ਵਾਰ ਉਸ ਵਾਂਗ ਹੀ ਪਿਆਰਾ ਸਿੰਘ, ਗੁਲਜ਼ਾਰਾ ਸਿੰਘ, ਫਤਹਿ ਮੁਹੰਮਦ ਜਾਂ ਤਰਸੇਮ ਲਾਲ ਆ ਜਾਂਦੇ ਹਨ। ਜਦ ਕਦੇ ਵੀ ਇਵੇਂ ਇਕੱਠੇ ਹੋ ਜਾਣ ਤਾਂ ਵਾਹਵਾ ਗੱਪ ਸ਼ੱਪ ਹੋ ਜਾਂਦੀ ਹੈ। ਘਰੋਂ ਬਾਹਰ ਨਿਕਲਦਾ ਹੈ ਤਾਂ ਮੀਂਹ ਪੈਣ ਲੱਗਦਾ ਹੈ। ਪਾਰਕਾਂ ਵਿਚ ਤਾਂ ਕਿਸੇ ਨੇ ਹੋਣਾ ਹੀ ਨਹੀਂ। ਬਰਨ ਰੋਡ ਤੋਂ ਨਿਕਲ ਉਹ ਲੇਡੀ ਮਾਰਗਰੇਟ ਰੋਡ ਉਪਰ ਆ ਪੈਂਦਾ ਹੈ। ਇਥੇ ਦੁਕਾਨਾਂ ਦੀ ਪ੍ਰੇਡ ਹੈ ਜਿਸ ਵਿਚ ਸੁੱਖਾ ਸਿੰਘ ਦਾ ਡਾਕਖਾਨਾ ਵੀ ਹੈ ਜਿਥੋਂ ਉਹ ਪੈਨਸ਼ਨ ਲੈਂਦਾ ਹੈ। ਉਥੇ ਵੀ ਸੁੱਖਾ ਸਿੰਘ ਕੋਲ ਕਈ ਵਾਰ ਉਹ ਜਾ ਖੜਿਆ ਕਰਦਾ ਹੈ। ਡਾਕਖਾਨਾ ਤਾਂ ਉਸ ਦੇ ਨੂੰਹ ਪੁੱਤਰ ਚਲਾਉਂਦੇ ਹਨ। ਸੁੱਖਾ ਸਿੰਘ ਕਾਊਂਟਰ 'ਤੇ ਬੈਠਾ ਸਵੀਟਾਂ–ਚਾਕਲੇਟ ਵੇਚਿਆ ਕਰਦਾ ਹੈ। ਪਾਲਾ ਸਿੰਘ ਇਕ ਪਾਸੇ ਟੇਬਲ ਉਪਰ ਬੈਠਾ ਮੁੱਛਾਂ ਨੂੰ ਵਟਾ ਦਿੰਦਾ ਫੌਜ ਦੀਆਂ ਗੱਲਾਂ ਸੁਣਾਉਂਦਾ ਰਹਿੰਦਾ ਹੈ। ਜੇ ਉਹ ਸੁੱਖਾ ਸਿੰਘ ਕੋਲ ਨਾ ਜਾਵੇ ਤਾਂ ਗੁਰਦਿਆਲ ਸਿੰਘ ਕੋਲ ਕਿੰਗ ਸਟਰੀਟ ਚਲੇ ਜਾਇਆ ਜਾਂਦਾ ਹੈ।
ਲੇਡੀ ਮਾਰਗਰੇਟ ਰੋਡ ਉਪਰ ਪਹੁੰਚਦਾ ਹੈ ਤਾਂ ਉਸ ਨੂੰ ਇਕ ਸੌ ਵੀਹ ਨੰਬਰ ਬੱਸ ਆਉਂਦੀ ਦਿੱਸਦੀ । ਉਹ ਜੇਬ ਵਿਚ ਹੱਥ ਮਾਰਦਾ ਬੱਸ ਪਾਸ ਟਟੋਲਣ ਲੱਗਦਾ ਹੈ। ਬੱਸ ਸਟੌਪ 'ਤੇ ਪਹੁੰਚਦਾ ਹੈ ਤਾਂ ਨਾਲ ਦੇ ਘਰ ਵਾਲਾ ਮੁੰਡਾ ਜਿਹੜਾ ਕਿ ਉਚੀ ਜਿਹੀ ਪੱਗ ਬੰਨ੍ਹਦਾ ਹੈ, ਫਤਹਿ ਬੁਲਾਉਂਦਾ ਹੈ। ਇਹ ਮੁੰਡਾ ਉਸ ਨੂੰ ਰੋਜ਼ ਗੁਰਦੁਆਰੇ ਮਿਲਿਆ ਕਰਦਾ ਹੈ ਪਰ ਉਹ ਬਹੁਤਾ ਧਿਆਨ ਨਹੀਂ ਦਿੰਦਾ। ਉਹ ਸੋਚ ਰਿਹਾ ਹੈ ਕਿ ਨਸੀਬ ਕੌਰ ਦੇ ਹਸਪਤਾਲ ਹੁੰਦਿਆਂ ਉਸ ਨੂੰ ਦੇਖਣ ਜਾਣ ਦਾ ਹੀ ਵੱਡਾ ਆਹਰ ਹੁੰਦਾ ਸੀ। 
ਗੁਰਦਿਆਲ ਸਿੰਘ ਉਸ ਦਾ ਪੇਂਡੂ ਹੈ, ਦੋਸਤ ਤੇ ਇੱਜ਼ਤ ਅਤੇ ਦੁੱਖ–ਸੁੱਖ ਦਾ ਸਾਂਝੀ ਵੀ । ਉਸ ਦੀ ਇਹ ਬਹੁਤ ਪੁਰਾਣੀ ਟ੍ਰੈਵਲ ਏਜੰਸੀ ਹੈ। ਕੋਈ ਵੇਲਾ ਸੀ ਜਦੋਂ ‘ਵਾਸ ਪ੍ਰਵਾਸ’ ਵਿਚ ਪੂਰੇ ਸਫੇ ਦਾ ਉਸ ਦੀ ਏਜੰਸੀ ਦਾ ਇਸ਼ਤਿਹਾਰ ਆਇਆ ਕਰਦਾ ਸੀ। ਹੁਣ ਤਾਂ ਉਸ ਦੀ ਵਾਕਫੀ ਹੀ ਏਨੀ ਹੈ ਕਿ ਕਿਸੇ ਕਿਸਮ ਦੀ ਮਸ਼ਹੂਰੀ ਦੀ ਜ਼ਰੂਰਤ ਨਹੀਂ। ਉਹ ਹੁਣ ਬੌਸ ਵਾਂਗ ਪਿੱਛੇ ਬੈਠਿਆ ਕਰਦਾ ਹੈ, ਵੱਡੇ ਸਾਰੇ ਦਫਤਰ ਵਿਚ। ਮੁਹਰੇ ਉਸ ਦਾ ਮੁੰਡਾ ਸ਼ਿਵਰਾਜ ਤੇ ਨੂੰਹ ਬੈਠਦੇ ਹਨ, ਨਾਲ ਤਿੰਨ–ਚਾਰ ਹੋਰ ਕੰਮ ਕਰਨ ਵਾਲੇ ਮੁੰਡੇ ਕੁੜੀਆਂ ਵੀ ਹਨ। ਗੁਰਦਿਆਲ ਸਿੰਘ ਦੇ ਮੁੰਡੇ ਨੇ ਕੰਮ ਪੂਰੀ ਤਰ੍ਹਾਂ ਸੰਭਾਲਿਆ ਹੋਇਆ ਹੈ। ਪੜ੍ਹਾਈ ਵਿਚ ਮੁੰਡਾ ਫਾਡੀ ਹੀ ਸੀ। ਜਦ ਪਾਲਾ ਸਿੰਘ ਦੇ ਮੁੰਡੇ ਵਧੀਆ ਗਰੇਡਾਂ ਨਾਲ ਅਗਲੀ ਕਲਾਸ ਵਿਚ ਹੁੰਦੇ ਤਾਂ ਸ਼ਿਵਰਾਜ ਮਸਾਂ ਹੀ ਅੱਗੇ ਤੁਰਿਆ ਹੁੰਦਾ। ਹਾਈ ਸਕੂਲ ਤੋਂ ਬਾਅਦ ਅੱਗੇ ਪੜ੍ਹਨੋਂ ਉਸ ਨੇ ਜਵਾਬ ਦੇ ਦਿੱਤਾ। ਪਾਲਾ ਸਿੰਘ ਤੇ ਨਸੀਬ ਕੌਰ ਉਸ ਉਪਰ ਹੱਸਿਆ ਕਰਦੇ ਸਨ ਪਰ ਸ਼ਿਵਰਾਜ ਬਿਜ਼ਨਸ ਨੂੰ ਹੁਸ਼ਿਆਰ ਨਿਕਲਿਆ। ਗੁਰਦਿਆਲ ਸਿੰਘ ਉਸ ਨੂੰ ਪਿੰਡ ਲੈ ਕੇ ਗਿਆ ਤੇ ਗੱਜ ਵੱਜ ਕੇ ਉਸ ਦਾ ਵਿਆਹ ਕਰਕੇ ਲਿਆਇਆ। ਨੂੰਹ ਵੀ ਏਨੀ ਲਾਈਕ ਮਿਲੀ ਕਿ ਸ਼ਿਵਰਾਜ ਦੇ ਬਰਾਬਰ ਬੈਠ ਬਿਜ਼ਨਸ ਸੰਭਾਲਦੀ ਹੈ। ਸ਼ਿਵਰਾਜ ਪੜ੍ਹਨ ਵਿਚ ਕਮਜ਼ੋਰ ਚੱਲ ਰਿਹਾ ਸੀ ਪਰ ਜਦ ਸ਼ਿਵਰਾਜ ਨੇ ਕੰਮ ਚੁੱਕ ਲਿਆ ਤਾਂ ਸਾਰੇ ਹੈਰਾਨ ਹੋ ਹੋ ਜਾਂਦੇ। ਸ਼ਿਵਰਾਜ ਕਿੰਨਾ ਵੀ ਕਾਮਯਾਬ ਹੋ ਜਾਵੇ ਪਰ ਪੜ੍ਹਾਈ ਬਿਨਾਂ ਅਧੂਰਾ ਹੈ, ਇਹ ਗੱਲ ਪਾਲਾ ਸਿੰਘ ਸਦਾ ਹੀ ਸੋਚਦਾ ਹੈ। ਉਸ ਨੂੰ ਮਾਣ ਹੈ ਕਿ ਉਸ ਦੇ ਮੁੰਡੇ ਵੱਡੀਆਂ ਡਿਗਰੀਆਂ ਕਰ ਗਏ ਹਨ।
ਉਹ ਬੱਸ ਵਿਚ ਚੜ੍ਹ ਜਾਂਦਾ ਹੈ। ਡਰਾਈਵਰ ਨੂੰ ਪਾਸ ਦਿਖਾ ਕੇ ਬੈਠ ਜਾਂਦਾ ਹੈ। ਬੱਸ ਵਿਚ ਕਈ ਜਾਣੂ ਚਿਹਰੇ ਹਨ। ਬੱਸਾਂ ਵਿਚ ਸਫਰ ਕਰਨ ਵਾਲਿਆਂ ਦੀ ਵੀ ਵੱਖਰੀ ਜਿਹੀ ਦੁਨੀਆਂ ਹੈ। ਇਕ ਦੂਜੇ ਦੇ ਚਿਹਰਿਆਂ ਤੋਂ ਹੀ ਵਾਕਫ ਹੁੰਦੇ ਹਨ। ਇਹ ਲੋਕ ਆਪਸ ਵਿਚ ਕੋਈ ਬੋਲ ਸਾਂਝੇ ਨਾ ਵੀ ਕਰਨ ਪਰ ਫਿਰ ਵੀ ਇਕ ਦੂਜੇ ਨੂੰ ਆਪਣਾ ਆਪਣਾ ਸਮਝਦੇ ਹਨ। ਉਸ ਨੂੰ ਬੱਸ ਵਿਚ ਸਫਰ ਕਰਨਾ ਚੰਗਾ ਲਗਦਾ ਹੈ। ਹਾਲੇ ਵੀ ਕਾਰ ਘਰੇ ਖੜੀ ਹੈ। ਉਹ ਬਹੁਤ ਘੱਟ ਵਰਤਦਾ ਹੈ। ਉਹ ਪੈਦਲ ਤੁਰ ਕੇ ਵੀ ਖੁਸ਼ ਰਹਿੰਦਾ ਹੈ। ਉਹ ਸਮਝਦਾ ਹੈ ਕਿ ਤੁਰਨਾ ਸਿਹਤ ਲਈ ਵਧੀਆ ਗੱਲ ਹੈ। ਕਾਰ ਕਦੇ ਮਨਿੰਦਰ ਚਲਾ ਲੈਂਦੀ ਹੈ ਜਾਂ ਅਮਰਦੇਵ। ਮੋਹਨਦੇਵ ਕੋਲ ਤਾਂ ਆਪਣੀ ਕਾਰ ਹੈ। ਨਸੀਬ ਕੌਰ ਜੀਉਂਦੀ ਤੇ ਉਹ ਟੈਸਕੋ ਆਦਿ ਸ਼ੌਪਿੰਗ ਕਰਨ ਜਾਇਆ ਕਰਦੇ ਸਨ ਪਰ ਹੁਣ ਤਾਂ ਉਹ ਸੀਰੇ ਵਾਲਿਆਂ ਦਿਓਂ ਹੀ ਆਟਾ ਵਗੈਰਾ ਲੈ ਲੈਂਦਾ ਹੈ। ਉਹ ਘਰੇ ਛੱਡ ਜਾਂਦੇ ਹਨ। ਸ਼ੌਪਿੰਗ ਹੁੰਦੀ ਵੀ ਕਿਤੇ ਕਿੰਨੀ ਕੁ ਹੈ। ਉਹ ਇਕੱਲਾ ਹੀ ਹੈ ਰੋਟੀ ਖਾਣ ਵਾਲਾ। ਬਾਕੀ ਸਾਰੇ ਤਾਂ ਬਾਹਰ ਹੀ ਖਾ ਆਉਂਦੇ ਹਨ। ਜਾਂ ਫਿਰ ਪੀਜ਼ਾ ਜਾਂ ਕੋਈ ਹੋਰ ਜੰਕ ਫੂਡ ਮੰਗਵਾ ਲੈਂਦੇ ਹਨ। ਜੇਕਰ ਉਹ ਕਾਰ ਨਾ ਵੀ ਰੱਖੇ ਤਾਂ ਵੀ ਸਰ ਸਕਦਾ ਹੈ ਪਰ ਉਸ ਨੂੰ ਘਰ ਮੁਹਰੇ ਖੜੀ ਕਾਰ ਚੰਗੀ ਲਗਦੀ ਹੈ। ਗੁਰਦਵਾਰੇ ਜਾਣਾ ਹੋਵੇ ਤਾਂ ਕਈ ਵਾਰ ਉਹ ਪੈਦਲ ਹੀ ਵਗ ਜਾਂਦਾ ਹੈ। ਮੌਸਮ ਠੀਕ ਹੋਵੇ ਤਾਂ ਬੱਸ ਲੈਣ ਦਾ ਕੀ ਫਾਇਆ।
ਉਹ ਸਿੱਧਾ ਗੁਰਦਿਆਲ ਸਿੰਘ ਦੇ ਦਫਤਰ ਵਿਚ ਪਿੱਛੇ ਹੀ ਚਲੇ ਜਾਂਦਾ ਹੈ। ਉਹ ਉਸ ਨੂੰ ਦੇਖ ਕੇ ਖੁਸ਼ ਹੋ ਜਾਂਦਾ ਹੈ ਤੇ ਆਖਦਾ ਹੈ,
“ਮੈਂ ਸੋਚਦਾ ਸੀ ਕਿ ਬੈਂਕ ਕੇਹਨੂੰ ਭੇਜਾਂ, ਲੈ ਤੂੰ ਆ ਗਿਐਂ।”
“ਲਿਆ, ਬੈਂਕ ਜਾ ਆਉਨੇ ਆਂ, ਆਹ ਨਾਲ ਤਾਂ ਬੈਂਕ ਐ।” 
ਪਾਲਾ ਸਿੰਘ ਆਖਦਾ ਹੈ। ਗੁਰਦਿਆਲ ਸਿੰਘ ਉਸ ਨੂੰ ਇਕ ਲਿਫਾਫਾ ਦਿੰਦਾ ਹੈ ਜਿਸ ਵਿਚ ਪੈਸੇ ਜਮ੍ਹਾਂ ਕਰਾਉਣ ਵਾਲੀ ਬੁੱਕ ਹੈ ਤੇ ਕੁਝ ਚੈੱਕ ਹਨ।
ਬੈਂਕ ਤੋਂ ਵਿਹਲਾ ਹੋ ਕੇ ਪਾਲਾ ਸਿੰਘ ਢਿੱਲਾ ਜਿਹਾ ਹੋ ਕੇ ਬੈਠ ਜਾਂਦਾ ਹੈ। ਗੁਰਦਿਆਲ ਸਿੰਘ ਆਖਦਾ ਹੈ,
“ਬੜੇ ਨੂੰ ਵਿਆਹ ਲੈ ਪਾਲਾ ਸਿਆਂ।”
“ਜੇ ਉਹ ਨਾ ਮਰਦੀ ਤਾਂ ਵਿਆਹ ਈ ਲੈਣਾ ਸੀ, ਹੁਣ ਤਾਂ ਆਹ ਸਾਲ ਠਹਿਰਨਾ ਪੈਣਾ।”
“ਸਾਲ ਠਹਿਰਨ ਵਾਲੀ ਕਿਹੜੀ ਗੱਲ ਐ, ਤੈਨੂੰ ਲੋੜ ਅੱਜ ਐ।”
“ਲੋਕ ਕੀ ਕਹਿਣਗੇ।”
“ਲੋਕਾਂ ਨੂੰ ਨਈਂ ਦਿੱਸਦਾ ਕਿ ਤੈਨੂੰ ਘਰ ਵਿਚ ਨੂੰਹ ਦੀ ਲੋੜ ਐ ਜਿਹੜੀ ਘਰ ਸੰਭਾਲੇ।”
ਗੁਰਦਿਆਲ ਸਿੰਘ ਆਖਦਾ ਹੈ ਤੇ ਸ਼ੀਸ਼ੇ ਰਾਹੀਂ ਆਪਣੀ ਨੂੰਹ ਵੱਲ ਦੇਖਣ ਲੱਗਦਾ ਹੈ। ਉਹ ਫਿਰ ਆਖਦਾ ਹੈ,
“ਜੇ ਕੁੜੀ ਇੰਡੀਆ ਤੋਂ ਮਿਲ ਜਾਵੇ ਤਾਂ ਕੀ ਕਹਿਣੇ ਆਂ।”
“ਕਿਸਮਤ ਦੀਆਂ ਗੱਲਾਂ ਐ ਗੁਰਦਿਆਲ ਸਿਆਂ, ਇੰਡੀਆ ਵਾਲੀਆਂ ਵੀ ਘੱਟ ਨਈਂ, ਪਹਿਲਾਂ ਈ ਕਿਸੇ ਨਾਲ ਅੱਟੀ ਸੱਟੀ ਲਾ ਆਉਂਦੀਆਂ ਕਿ ਪੱਕੀ ਹੋ ਕੇ ਮੰਗਾਊਂ, ਬਸ ਕਿਸਮਤ ਸਹੀ ਹੋਵੇ ਤਾਂ....।”
“ਖਾਨਦਾਨ ਦੀ ਕੁੜੀ ਹੋਵੇ ਤਾਂ ਕਾਹਨੂੰ ਏਦਾਂ....। ਫੇਰ ਮੋਹਣਦੇਵ ਵਿਚ ਕਿਹੜਾ ਨੁਕਸ ਐ, ਸੁਹਣਾ ਐ, ਜਵਾਨ ਐ, ਨੌਕਰੀ 'ਤੇ ਐ।”
“ਗੱਲ ਤਾਂ ਤੇਰੀ ਠੀਕ ਐ, ਅੱਜ ਗੱਲ ਕਰੂੰ ਉਹਦੇ ਨਾਲ ਜੇ ਆ ਗਿਆ ਤਾਂ।”
“ਰੋਜ਼ ਨਹੀਂ ਆਉਂਦਾ ?”
“ਕਈ ਵਾਰ ਨਹੀਂ ਵੀ ਆਉਂਦਾ, ਇਲਫੋਰਡ ਤੋਂ ਕਿਹੜਾ ਆਵੇ।”
ਪਾਲਾ ਸਿੰਘ ਕਹਿੰਦਾ ਹੈ ਤੇ ਮਨ ਹੀ ਮਨ ਮੁੰਡੇ ਦੇ ਵਿਆਹ ਬਾਰੇ ਸੋਚਦਾ ਖੁਸ਼ ਹੋਣ ਲੱਗਦਾ ਹੈ। ਨਾਲ ਹੀ ਉਸ ਦੇ ਮਨ ਵਿਚ ਇਹ ਵਿਚਾਰ ਵੀ ਉਠਦਾ ਹੈ ਕਿ ਇਲਫੋਰਡ ਤੋਂ ਆਉਣ ਲਈ ਕਿਹੜਾ ਦਰਿਆ ਪੈਂਦਾ ਹੈ ਜੇ ਆਉਣਾ ਚਾਹੇ ਤਾਂ ਆ ਹੀ ਸਕਦਾ ਹੈ ਪਰ ਉਹ ਇਸ ਸੋਚ ਨੂੰ ਸਥਿਗਤ ਕਰਦਾ ਮੁੰਡੇ ਦੇ ਵਿਆਹ ਦੀਆਂ ਸਕੀਮਾਂ ਹੀ ਬਣਾਉਂਣ ਲਗਦਾ ਹੈ। ਉਹ ਇੰਡੀਆ ਜਾਵੇਗਾ, ਮੁੰਡੇ ਦਾ ਵਿਆਹ ਕਰੇਗਾ। ਪੈਸਿਆਂ ਦੀਆਂ ਮੁੱਠਾਂ ਭਰ ਭਰ ਕੇ ਮੁੰਡੇ ਦੇ ਉਪਰ ਦੀ ਸੁੱਟੇਗਾ। ਸਾਰੇ ਪਿੰਡ ਨੂੰ ਬਰਾਤੇ ਲੈ ਜਾਵੇਗਾ। ਰਿਸ਼ਤੇਦਾਰਾਂ ਨੂੰ ਸੱਦੇਗਾ। ਉਸ ਦੀ ਬੱਲੇ ਬੱਲੇ ਹੋ ਜਾਵੇਗੀ। ਛੇਤੀ ਹੀ ਉਹ ਬਾਬਾ ਬਣ ਜਾਵੇਗਾ। ਪੋਤੇ ਨੂੰ ਖਿਲਾਵੇਗਾ। ਉਹ ਮੁੱਛਾਂ ਨੂੰ ਵਟਾ ਦੇਣ ਲੱਗਦਾ ਹੈ। ਉਸ ਦੀ ਉਮਰ ਤਾਂ ਬਾਬਾ ਬਣਨ ਦੀ ਕਦੋਂ ਦੀ ਹੋ ਚੁੱਕੀ ਹੈ। 
ਉਹ ਬੱਸ ਵਿਚੋਂ ਉਤਰਦਾ ਹੈ। ਉੱਚੀ ਪੱਗ ਵਾਲਾ ਮੁੰਡਾ ਉਸ ਨੂੰ ਫਿਰ ਮਿਲਦਾ ਹੈ। ਉਸ ਨੂੰ ਯਾਦ ਆਉਂਦਾ ਹੈ ਕਿ ਉਹ ਤਾਂ ਸੇਮਾ ਹੈ ਜੋ ਉਸ ਨੂੰ ਸਵੇਰੇ ਗੁਰਦੁਆਰੇ ਮਿਲਦਾ ਹੈ। ਕਈ ਵਾਰ ਉਸ ਨਾਲ ਤੁਰ ਕੇ ਵੀ ਜਾਇਆ ਕਰਦਾ ਹੈ। ਉਹ ਪੁੱਛਦਾ ਹੈ,
“ਤੂੰ ਬਈ ਯੰਗ ਮੈਨ ਇਥੇ ਰਹਿੰਨਾ ?”
“ਹਾਂ ਅੰਕਲ ਜੀ, ਕੌਂਸਲ ਨੇ ਘਰ ਦਿੱਤਾ ਮੈਨੂੰ, ਮੇਰੀ ਮਦਰ ਵੀ ਆ ਗਈ ਸੀ ਨਾ।”
“ਚੱਲ ਵਧੀਆ ਹੋ ਗਿਆ, ਬਸ ਹੁਣ ਟਿਕ ਕੇ ਕੰਮ ਕਰੀਂ, ਏਸ ਮੁਲਕ ਵਿਚ ਕੰਮ ਬਿਨਾਂ ਕੁਸ਼ ਨਈਂ।”
ਉਹ ਘਰ ਪਹੁੰਚਦਾ ਹੈ। ਇਕੱਲਾ ਘਰ ਖਾਣ ਨੂੰ ਪੈਂਦਾ ਹੈ। ਉਹ ਮੁੱਛਾਂ ਨੂੰ ਵਟਾ ਦੇਣ ਲੱਗਦਾ ਹੈ। ਰਸੋਈ ਵਿਚ ਜਾ ਕੇ ਦੇਖਦਾ ਹੈ। ਦਾਲ ਸਵੇਰ ਦੀ ਬਣੀ ਪਈ ਹੈ। ਆਟਾ ਵੀ ਗੁੱਝਾ ਪਿਆ ਹੈ। ਪੀਟਾ ਬਰੈੱਡ ਵੀ ਹੈ ਜਿਸ ਨੂੰ ਉਹ ਅਕਸਰ ਰੋਟੀਆਂ ਥਾਵੇਂ ਖਾ ਲੈਂਦਾ ਹੈ। ਮਨਿੰਦਰ ਰੋਟੀ ਬਣਾ ਵੀ ਦਿੰਦੀ ਹੈ ਪਰ ਪਾਲਾ ਸਿੰਘ ਨੂੰ ਫਰਕ ਨਹੀਂ। ਰੋਟੀ ਹੋਵੇ ਜਾਂ ਪੀਟਾ ਬਰੈੱਡ।
ਸ਼ਾਮ ਨੂੰ ਜਦ ਮਨਿੰਦਰ ਵਾਪਸ ਘਰ ਮੁੜਦੀ ਹੈ। ਉਹ ਉਸ ਨਾਲ ਸਲਾਹ ਕਰਨ ਲੱਗਦਾ ਹੈ,
“ਪੁੱਤ, ਜੇ ਆਪਾਂ ਮੋਹਨਦੇਵ ਨੂੰ ਵਿਆਹ ਲਈਏ ਤਾਂ ਘਰ ਦਾ ਕੰਮ ਸੰਭਾਲ ਲਏਗੀ ਉਹਦੀ ਵਾਈਫ।”
“ਮੋਹਨ ਨੂੰ ਪੁੱਛੋ, ਮੈਂ ਕੀ ਦੱਸ ਸਕਦੀ ਆਂ।”
“ਅੱਜ ਆਵੇ ਤਾਂ ਗੱਲ ਕਰਦੇ ਆਂ।”
“ਅੱਜ ਨਹੀਂ, ਵੀਕਐਂਡ 'ਤੇ ਆਉਣਾ ਉਹਨੇ।”
ਸੁਣ ਕੇ ਪਾਲਾ ਸਿੰਘ ਖਿੱਝ ਜਾਂਦਾ ਹੈ। ਹਫਤਾਂਤ ਦੀ ਉਡੀਕ ਕਰਨ ਲੱਗਦਾ ਹੈ। ਹਫਤਾਂਤ ਆਉਂਦਾ ਹੈ। ਮੋਹਨਦੇਵ ਦੀ ਕਾਰ ਬਾਹਰ ਆ ਕੇ ਰੁਕਦੀ ਹੈ। ਉਹ ਸਭ ਨੂੰ ਹੈਲੋ ਕਰਦਾ ਆਪਣੇ ਕਮਰੇ ਵਿਚ ਚਲੇ ਜਾਂਦਾ ਹੈ। ਪਾਲਾ ਸਿੰਘ ਉਸ ਨਾਲ ਜਲਦੀ ਗੱਲ ਕਰਨੀ ਚਾਹੁੰਦਾ ਹੈ। ਉਸ ਨੂੰ ਪਤਾ ਹੈ ਕਿ ਥੋੜੀ ਦੇਰ ਬਾਅਦ ਉਹ ਦੋਸਤਾਂ ਨਾਲ ਕਿਸੇ ਪਾਸੇ ਨਿਕਲ ਜਾਵੇਗਾ। ਉਹ ਮਨਿੰਦਰ ਨੂੰ ਭੇਜ ਕੇ ਮੋਹਨਦੇਵ ਨੂੰ ਹੇਠਾਂ ਲੌਂਜ ਵਿਚ ਸੱਦਦਾ ਹੈ। ਆਖਦਾ ਹੈ,
“ਪੁੱਤਰਾ, ਮੈਂ ਇਕ ਡਰੀਮ ਦੇਖ ਰਿਹਾਂ।”
“ਡੈਡ, ਮੌਮ ਦੀ ਡੈੱਥ ਬਾਅਦ ਡਰੀਮ ਦੇਖਦਾਂ!.. ਚੰਗੀ ਗੱਲ ਨਹੀਂ।”
“ਓ ਕੰਜਰਾ, ਮੈਂ ਤਾਂ ਤੇਰੇ ਲਈ ਦੇਖਦਾਂ।”
“ਡੈਡ, ਮੇਰੇ ਹਿੱਸੇ ਦੇ ਡਰੀਮ ਮੈਨੂੰ ਦੇਖਣ ਦੇ।” 
ਕਹਿ ਕੇ ਮੋਹਨਦੇਵ ਹੱਸਣ ਲੱਗਦਾ ਹੈ। ਪਾਲਾ ਸਿੰਘ ਵੀ ਹੱਸਦਾ ਹੈ ਤੇ ਆਖਦਾ ਹੈ, 
“ਇਹ ਡਰੀਮ ਜ਼ਰੂਰ ਤੇਰਾ ਐ, ਪਰ ਹਿੱਸੇ ਮੇਰੇ ਦਾ ਈ ਐ।”
“ਸਰਪਰਾਈਜ਼ ! ਅਜਿਹਾ ਕਿਹੜਾ ਡਰੀਮ ਐ ?”
“ਦੇਖ, ਹੁਣ ਤੈਨੂੰ ਜੌਬ ਮਿਲ ਗਈ ਹੁਣ ਤੂੰ ਵਿਆਹ ਕਰਾ ਲੈ।”
“ਹਾਲੇ ਨਹੀਂ ਡੈਡ, ਜ਼ਰਾ ਠਹਿਰ ਕੇ, ਮੈਂ ਪਰਮੋਸ਼ਨ ਦੀ ਵੇਟ ਕਰ ਰਿਹਾਂ।”
“ਉਹ ਵੇਟ ਵੀ ਕਰੀ ਚੱਲ, ਵਿਆਹ ਕਿਹੜਾ ਧਰਿਆ ਪਿਐ ਕਿ ਕੱਲ ਨੂੰ ਈ ਹੋ ਜਾਊ, ਪਹਿਲਾਂ ਕੁੜੀ ਲੱਭਾਂਗੇ, ਤੂੰ ਪਸੰਦ ਕਰੀਂ ਫੇਰ ਵਿਆਹ ਦੀ ਤਰੀਕ ਰੱਖਾਂਗੇ, ਇੰਡੀਆ ਚੱਲਾਂਗੇ, ਟਾਈਮ ਤਾਂ ਲੱਗ ਈ ਜਾਣਾ।”
“ਇੰਡੀਆ ਵਿਆਹ ਕਰਨੈ ਮੇਰਾ ?”
“ਹੋਰ ਕੀ।”
“ਨੋ ਵੇਅ ਡੈਡ, ਮੈਂ ਇੰਡੀਆ ਨਹੀਂ ਜਾਣਾ, ਉਹ ਵੀ ਵਿਆਹ ਕਰਨ। ਹਾਂ ਛੁੱਟੀਆਂ 'ਤੇ ਜਾਊਂਗਾ ਕਦੇ।”
“ਕੁੜੀ ਪਸੰਦ ਕਰਨ ਤਾਂ ਜਾਏਂਗਾ ਈ, ਚੱਲ ਵਿਆਹ ਏਧਰ ਕਰ ਲਵਾਂਗੇ।”
“ਡੈਡ, ਨੋ ਸ਼ਿਟੀ ਗਰਲ ਫਰੌਮ ਇੰਡੀਆ। ਨੋ ਫਰੈਸ਼ੀ ਪਲੀਜ਼!” 
ਮੋਹਨਦੇਵ ਕਹਿੰਦਾ ਹੈ। ਪਾਲਾ ਸਿੰਘ ਨੂੰ ਆਪਣੀ ਮੁੱਛ ਹੇਠਾਂ ਨੂੰ ਸਰਕਦੀ ਲੱਗਦੀ ਹੈ। ਉਹ ਮੁੜ ਵਟਾ ਦਿੰਦਾ ਬੋਲਦਾ ਹੈ,
“ਨਾ ਸਹੀ ਇੰਡੀਆ ਤੋਂ, ਇਥੋਂ ਈ ਲੱਭ ਲੈਨੇ ਆਂ, ਦੱਸ ਕਿੱਦਾਂ ਦੀ ਕੁੜੀ ਚਾਹੀਦੀ ਐ ਤੈਨੂੰ।”
“ਡੈਡ, ਤੂੰ ਵੱਰੀ ਨਾ ਕਰ, ਮੈਂ ਵਿਆਹ ਕਰਨਾ ਤੇ ਕੁੜੀ ਵੀ ਮੈਂ ਫਾਈਂਡ ਕਰ ਲੈਣੀ ਆਂ।”

ਚਲਦਾ....