ਸਾਊਥਾਲ (ਕਾਂਡ 7)

ਇਕ ਦਿਨ ਗਿਆਨ ਕੌਰ ਡਰਦੀ ਡਰਦੀ ਕਹਿੰਦੀ ਹੈ,
“ਜੀ, ਗੁਰਦੁਆਰੇ ਚੱਲੀਏ? ਕਿੰਨੇ ਦਿਨ ਹੋ ਗਏ ਮੱਥਾ ਟੇਕੇ ਨੂੰ?”
“ਪਹਿਲਾਂ ਇਨ੍ਹਾਂ ਗੁਰਦੁਆਰਿਆਂ ਨੇ ਸਾਡੇ ਨਾਲ ਕਿਹੜੀ ਖੈਰ ਕੀਤੀ ਐ।”
“ਇਹਦੇ ਵਿਚ ਵਾਹਿਗੁਰੂ ਦਾ ਕੀ ਕਸੂਰ ਐ! ਇਹ ਤਾਂ ਉਹਦੇ ਬੰਦੇ ਸੀ। ਇਹ ਈ ਨਹੀਂ ਪਤਾ ਕਿ ਉਹਦੇ ਬੰਦੇ ਵੀ ਉਹ ਸੀ ਕਿ ਨਹੀਂ, ਉਸ ਦੇ ਨਾਂ ਤੇ ਕੁਝ ਭੇਖੀ ਤੇ ਪਖੰਡੀ ਲੋਕ ਸਾਨੂੰ ਖਰਾਬ ਕਰ ਗਏ ਤਾਂ ਇਹਦਾ ਮਤਲਵ ਇਹ ਤਾਂ ਨਹੀਂ ਕਿ ਵਾਹਿਗੁਰੂ ਨੇ ਆਪਣੇ ਹੱਥੀਂ ਇਹ ਸਭ ਕੀਤਾ ਸੀ? ਇਥੇ ਦੇ ਗੁਰਦਵਾਰਿਆਂ ਵਿਚ ਫਿਰ ਵੀ ਠੰਡ ਐ।”
“ਮੈਂ ਸੁਣ ਆਇਆਂ ਜਿਹੜੀ ਏਥੇ ਕੜ੍ਹੀ ਘੁਲਦੀ ਐ।”

“ਨਹੀਂ ਜੀ, ਇਕ ਨਵਾਂ ਗੁਰਦੁਆਰਾ ਖੁੱਲ੍ਹਿਐ, ਉਥੇ ਕੋਈ ਰੌਲਾ ਨਹੀ।”
“ਨਵਾਂ ਖੁੱਲ੍ਹਿਐ! ਪਤਾ ਨਹੀਂ ਸਾਡੇ ਮਗਰੋਂ ਇਥੇ ਹੋਰ ਕੀ ਕੀ ਖੁੱਲ੍ਹ ਗਿਐ।”
“ਇਹ ਖੁੱਲ੍ਹਿਆ ਕਿੰਗ ਸਟਰੀਟ 'ਤੇ, ਜਿਥੇ ਪੱਬ ਹੋਇਆ ਕਰਦਾ ਸੀ। ਮੈਨੂੰ ਆਹ ਹੇਠਾਂ ਵਾਲੀ ਭੈਣ ਜੀ ਦੱਸਦੀ ਸੀ।”
ਇਹ ਠੀਕ ਹੈ ਕਿ ਸਾਊਥਾਲ 'ਚ ਗੁਰਦੁਆਰਿਆਂ ਦੀ ਗਿਣਤੀ ਵਧ ਗਈ ਹੈ। ਜਿਸ ਕਿਸੇ ਨੂੰ ਕਮੇਟੀ ਜਾਂ ਮੋਹਰੀ ਬੰਦੇ ਪਸੰਦ ਨਹੀਂ ਹਨ ਉਹ ਹੋਰ ਪਾਸੇ ਜਾਣ ਲੱਗਦੇ ਹਨ ਜਾਂ ਫਿਰ ਆਪਣਾ ਹੀ ਕੋਈ ਸਥਾਨ ਬਣਾ ਲੈਂਦੇ ਹਨ। ਪ੍ਰਦੁੱਮਣ ਵੀ ਸੋਚਦਾ ਹੈ ਕਿ ਵੱਡੇ ਗੁਰਦੁਆਰੇ ਉਪਰ ਗਰਮਦਲੀਆਂ ਦਾ ਕਬਜ਼ਾ ਹੋਣ ਕਾਰਨ ਨਰਮਦਲੀਆਂ ਵੀ ਕਿਤੇ ਜਾਣਾ ਹੀ ਹੋਇਆ। ਉਹ ਗਿਆਨ ਕੌਰ ਨਾਲ ਗੁਰਦੁਆਰੇ ਜਾਂਦਾ ਹੈ। ਅਰਦਾਸ ਕਰਦਾ ਹੈ। ਉਸ ਨੂੰ ਵਿਸ਼ਵਾਸ ਮੁੜਦਾ ਜਾਪਦਾ ਹੈ। ਗੁਰਦੁਆਰੇ ਦਾ ਮਾਹੌਲ ਬਹੁਤ ਸ਼ਾਂਤ ਹੈ। ਉਹ ਪ੍ਰਸ਼ਾਦ ਲੈ ਕੇ ਬਾਹਰ ਨਿਕਲਦਾ ਹੈ ਤਾਂ ਇਕ ਵਾਕਫ ਸ਼ਿਵ ਸਿੰਘ ਮਿਲ ਪੈਂਦਾ ਹੈ। ਪ੍ਰਦੁੱਮਣ ਦੀ ਸਾਰੀ ਕਹਾਣੀ ਉਸ ਤੱਕ ਪਹੁੰਚ ਚੁੱਕੀ ਹੈ। ਉਹ ਅਫਸੋਸ ਕਰਦਾ ਆਖਦਾ ਹੈ,
“ਦੁੱਮਣਾ, ਤੇਰੇ ਨਾਲ ਤਾਂ ਬਹੁਤ ਮਾੜੀ ਹੋਈ, ਮੈਨੂੰ ਪਾਲੇ ਤੋਂ ਪਤਾ ਲੱਗਾ।”
“ਏਦਾਂ ਈ ਐ ਸ਼ਿਵ ਸਿਆਂ, ਕਹਿੰਦੇ ਆ ਨਾ ਤਕੜੇ ਦਾ ਸੱਤੀਂ ਵੀਹੀਂ ਸੌ ਐ।”
“ਏਹ ਵੀ ਕਾਹਦੀ ਗੱਲ ਹੋਈ ਯਾਰ, ਬੰਦਾ ਆਪਣੇ ਪਿੰਡ, ਆਪਣੇ ਘਰ ਵਿਚ ਈ ਸੇਫ ਨਹੀਂ।”
“ਕਾਹਦਾ ਆਪਣਾ ਪਿੰਡ ਯਾਰਾ, ਮੈਂ ਪਿੰਡ ਦੇ ਹਰ ਕੰਮ ਵਿਚ ਮੋਹਰੇ ਹੋ ਕੇ ਢਾਲ੍ਹ ਦਿੱਤੀ, ਹਰ ਇਕ ਦੇ ਦੁੱਖਦੇ–ਸੁੱਖਦੇ ਦੇ ਨਾਲ ਖੜਿਆਂ ਪਰ ਮੇਰੇ ਨਾਲ ਪਿੰਡ ਦਾ ਇਕ ਵੀ ਬੰਦਾ ਨਹੀਂ ਖੜਾ ਹੋਇਆ, ਕਿਸੇ ਕੰਜਰ ਨੇ ਮੇਰਾ ਸਾਥ ਨਹੀਂ ਦਿੱਤਾ।”
“ਬਸ ਏਦਾਂ ਈ ਸੁਣਦੇ ਆਂ, ਪਰ ਉਨ੍ਹਾਂ ਦਾ ਦੇਖ ਜਿਹੜੇ ਭੱਜ ਕੇ ਕਿਤੇ ਜਾ ਵੀ ਨਹੀਂ ਸਕਦੇ।”
“ਬਸ ਸ਼ਿਵ ਸਿਆਂ, ਪੁੱਛ ਨਾ ਕੁਸ਼, ਅੰਨ੍ਹੀ ਪਈ ਹੋਈ ਐ।”
“ਇਕ ਗੱਲ ਐ ਦੁੱਮਣ ਸਿਆਂ, ਇਹ ਸਰਕਾਰ ਈ ਜਿਹੜੀ ਇਹ ਸਾਰੇ ਕੰਮ ਕਰਾਉਂਦੀ ਐ।”
ਸ਼ਿਵ ਸਿੰਘ ਅਖਬਾਰਾਂ ਵਿਚੋਂ ਪੜ੍ਹੀ ਹੋਈ ਗੱਲ ਅਨੁਸਾਰ ਕਹਿੰਦਾ ਹੈ। ਸਾਊਥਾਲ ਦੇ ਕੁਝ ਪਰਚੇ ਜਿਵੇਂ ਕਿ ‘ਵਾਸ ਪਰਵਾਸ’ ਤੇ ਕੁਝ ਹੋਰ ਹਰ ਵਾਰਦਾਤ ਦੀ ਜਿ਼ੰਮੇਵਾਰੀ ਸਰਕਾਰ ਦੇ ਸਿਰ ਤੇ ਪਾ ਦਿੰਦੀਆਂ ਹਨ। ਇੰਡੀਆ ਦੀਆਂ ਕੁਝ ਅਖਬਾਰਾਂ ਵੀ ਕਹਿ ਰਹੀਆਂ ਹਨ ਕਿ ਇਹ ਕਤਲੋ ਗਾਰਤ ਸਰਕਾਰ ਆਪ ਹੀ ਕਰਵਾ ਰਹੀ ਹੈ। ਬਹੁਤ ਸਾਰੇ ਧਾਰਮਿਕ ਨੇਤਾ ਡਰਦੇ ਹੋਏ ਵੀ ਅਜਿਹੇ ਬਿਆਨ ਦੇਈ ਜਾ ਰਹੇ ਹਨ। ਉਹ ਅਜਿਹੀਆਂ ਘਟਨਾਵਾਂ ਦੀ ਜ਼ਿੰਮੇਵਾਰੀ ਵਾਲੀਆਂ ਧਿਰਾਂ ਵੱਲ ਉਂਗਲ ਉਠਾਉਣੋ ਵੀ ਡਰਦੇ ਹਨ ਜਾਂ ਸੋਚਦੇ ਹੀ ਇਵੇਂ ਹੋਣਗੇ। ਪ੍ਰਦੁੱਮਣ ਸ਼ਿਵ ਸਿੰਘ ਦੀ ਗੱਲ ਦਾ ਕੋਈ ਉਤਰ ਨਹੀਂ ਦਿੰਦਾ। ਸ਼ਿਵ ਸਿੰਘ ਫਿਰ ਆਖਦਾ ਹੈ,
“ਓਥੇ ਤਾਂ ਹੁਣ ਇਹ ਵੀ ਪਤਾ ਨਹੀਂ ਚੱਲਦਾ ਕਿ ਕਿਹੜਾ ਚੋਰ ਐ ਤੇ ਕਿਹੜਾ ਸਿਪਾਹੀ, ਸਭ ਰਲੇ ਹੋਏ ਆ ਤੇ ਨਾਂ ਖਾਲਿਸਤਾਨੀਆਂ ਦਾ ਲਈ ਜਾਂਦੇ ਆ, ਲੁੱਟਾਂ–ਖੋਹਾਂ ਇਹ ਪੁਲਿਸ ਈ ਕਰਦੀ ਆ।”
“ਨਹੀਂ ਸ਼ਿਵ ਸਿਆਂ, ਇਹ ਮਸਲੇ ਨੂੰ ਖੂਹ ਵਿਚ ਸੁੱਟਣ ਵਾਲੀ ਦਲੀਲ ਐ, ਪੁਲਿਸ ਵੀ ਬੜਾ ਕੁਝ ਕਰਦੀ ਐ ਪਰ ਮੈਂ ਮੌਤ ਦੇ ਦਰੋਂ ਮੁੜ ਕੇ ਆਇਆਂ ਜਾਂ ਮੌਤ ਮੇਰੇ ਦਰੋਂ ਖਾਲੀ ਮੁੜੀ ਐ, ਇਹ ਕੰਮ ਅੱਤਵਾਦੀਆਂ ਦੀ ਐ, ਛੋਟੇ–ਮੋਟੇ ਚੋਰ-ਗਰੁੱਪ ਦੀ ਏਨੀ ਹਿੰਮਤ ਨਹੀਂ ਹੁੰਦੀ ਕਿ ਘੁੱਗ ਵੱਸਦੇ ਪਿੰਡ ਵਿਚ ਗੋਲੀਆਂ ਚਲਾ ਕੇ ਚਲੇ ਜਾਣ... ਮੈਂ ਉਪਰਲੇ ਬੰਦਿਆਂ ਤੱਕ ਵੀ ਪਹੁੰਚ ਕੀਤੀ ਸੀ। ਕਹਿੰਦੇ ਕਿ ਤੈਨੂੰ ਪੰਦਰਾਂ ਸੌ ਪੌਂਡ ਨਾਲ ਕੀ ਫਰਕ ਪੈਂਦੈ।”
“ਮੈਂ ਨਹੀਂ ਮੰਨਦਾ, ਮੈਨੂੰ ਲਗਦਾ ਇਹ ਗੌਰਮਿੰਟ ਦੀ ਕਿਸੇ ਏਜੰਸੀ ਦਾ ਕੰਮ ਹੋਣਾਂ।”
“ਨਾ ਮੰਨ, ਤੇਰੀ ਮਰਜ਼ੀ ਐ।”
ਪ੍ਰਦੁੱਮਣ ਗੁੱਸਾ ਜਿਹਾ ਕਰਦਾ ਤੁਰ ਪੈਂਦਾ ਹੈ। ਅੱਗੇ ਇਕ ਹੋਰ ਵਾਕਫ ਮਿਲ ਪੈਂਦਾ ਹੈ। ਸ਼ਿਵ ਸਿੰਘ ਵਾਲੀਆਂ ਗੱਲਾਂ ਹੀ ਉਸ ਨਾਲ ਹੁੰਦੀਆਂ ਹਨ। ਪ੍ਰਦੁੱਮਣ ਸਿੰਘ ਬਹੁਤੇ ਉਲਝਾਅ ਵਿਚ ਫਸਣੋਂ ਗੱਲ ਮੋੜਦਾ ਹੈ,
“ਸਤਵੰਤ ਸਿਆਂ ਕੰਮ ਕਿਥੇ ਕਰਦਾਂ ਅੱਜ ਕੱਲ?”
“ਬੇਕਰੀ 'ਚ।”
“ ਕੋਈ ਜੌਬ?”
“ਫੋਰਮੈਨ ਤਾਂ ਆਪਣਾ ਦਿਆਲਾ ਈ ਐ ਭੋਗਪੁਰੀਆ, ਕੱਲ ਨੂੰ ਪੁੱਛ ਦਊਂ।”
ਪ੍ਰਦੁੱਮਣ ਸਿੰਘ ਉਸ ਦਾ ਫੋਨ ਨੰਬਰ ਲੈ ਲੈਂਦਾ ਹੈ ਤਾਂ ਜੋ ਉਸ ਤੋਂ ਪਤਾ ਕਰ ਸਕੇ ਕਿ ਗੱਲ ਬਣੀ ਜਾਂ ਨਹੀਂ। ਗਿਆਨ ਕੌਰ ਵੀ ਇਕ ਪਾਸੇ ਖੜੀ ਦੋ ਕੁ ਔਰਤਾਂ ਨਾਲ ਗੱਲੀਂ ਲੱਗ ਜਾਂਦੀ ਹੈ। ਪ੍ਰਦੁੱਮਣ ਸਿੰਘ ਜੁੱਤੀ ਪਾਉਂਦਾ ਬਾਹਰ ਨਿਕਲਦਾ ਹੈ। ਗਿਆਨ ਕੌਰ ਉਸ ਦੇ ਮਗਰੇ ਹੀ ਆ ਜਾਂਦੀ ਹੈ ਤੇ ਖੁਸ਼ੀ ਵਿਚ ਕਹਿੰਦੀ ਹੈ,
“ਜੀ, ਮੈਨੂੰ ਤਾਂ ਕੰਮ ਮਿਲ ਗਿਆ।”
“ਕਿਥੇ?”
“ਇਥੇ ਈ ਪੁਰਾਣੇ ਸਾਊਥਾਲ ਕੋਈ ਸਮੋਸੇ ਬਣਾਉਂਦੈ, ਉਹਦੇ ਘਰ ਵਾਲੀ ਮਿਲੀ ਸੀ, ਕਹਿੰਦੀ ਕੱਲ ਨੂੰ ਈ ਆ ਜਾ,.. ਦੇਖਿਆ ਵਾਹਿਗੁਰੂ ਨੇ ਸੁਣ ਲਈ ਨਾ ਮੇਰੀ।”
ਪ੍ਰਦੁੱਮਣ ਸਿੰਘ ਕੁਝ ਕਹੇ ਬਿਨਾਂ ਤੁਰ ਪੈਂਦਾ ਹੈ। ਉਹ ਸੋਚਦਾ ਹੈ ਕਿ ਚਲੋ ਇਕ ਜਣੇ ਨੂੰ ਤਾਂ ਕੰਮ ਮਿਲਿਆ। ਜਮ੍ਹਾਂ ਪਏ ਪੈਸੇ ਤਾਂ ਝੱਟ ਮੁੱਕ ਜਾਂਦੇ ਹਨ। ਉਹ ਜਮ੍ਹਾਂ ਪੈਸਿਆਂ ਨੂੰ ਵਰਤਣ ਦੇ ਹੱਕ ਵਿਚ ਨਹੀਂ ਹੈ। ਉਨ੍ਹਾਂ ਵਿਚ ਕੁਝ ਹੋਰ ਨਾਲ ਦੀ ਨਾਲ ਰਲਣੇ ਚਾਹੀਦੇ ਹਨ। ਉਹ ਕੰਮ ਦੀ ਭਾਲ ਵਿਚ ਤੇਜ਼ੀ ਲਿਆ ਦੇਣੀ ਚਾਹੁੰਦਾ ਹੈ। ਨੌਕਰੀਆਂ ਤਾਂ ਕਈ ਪਾਸੇ ਉਪਲੱਬਧ ਹਨ। ਸਕਿਉਰਿਟੀ ਵਿਚ ਹੀ ਬਹੁਤ ਬੰਦੇ ਚਾਹੀਦੇ ਹਨ ਪਰ ਸਕਿਉਰਿਟੀ ਦਾ ਕੰਮ ਤਾਂ ਬਿਮਾਰਾਂ ਅਤੇ ਬੁੱਢਿਆਂ ਵਾਲਾ ਹੈ। ਉਹ ਹਾਲੇ ਤੰਦਰੁਸਤ ਹੈ। ਨੱਠ–ਭੱਜ ਕਰ ਸਕਦਾ ਹੈ। ਉਹ ਸੋਚਦਾ ਹੈ ਕਿ ਜੇ ਕੁਝ ਹੋਰ ਨਾ ਹੀ ਹੋਇਆ ਤਾਂ ਮੁੜ ਕੇ ਦੁਕਾਨ ਖਰੀਦ ਲਵੇਗਾ। ਉਹ ‘ਲੰਡਨ ਵੀਕਲੀ’ ਨਾਮੀ ਮੈਗਜ਼ੀਨ, ਜਿਸ ਵਿਚ ਦੁਕਾਨਾਂ ਅਤੇ ਹੋਰ ਛੋਟੇ ਦਰਜੇ ਦੇ ਕਾਰੋਬਾਰ ਵਿੱਕਰੀ 'ਤੇ ਲੱਗੇ ਹੁੰਦੇ ਹਨ, ਖਰੀਦਣੀ ਸ਼ੁਰੂ ਕਰ ਦਿੰਦਾ ਹੈ। ਘਰ ਉਪਰ ਉਸ ਨੂੰ ਕਰਜ਼ਾ ਤਾਂ ਮਿਲ ਹੀ ਜਾਵੇਗਾ। ਕੋਈ ਬੰਦ ਪਈ ਜਾਂ ਬੰਦ ਹੋਣ ਜਾ ਰਹੀ ਦੁਕਾਨ ਸਸਤੀ ਹੀ ਮਿਲ ਜਾਵੇਗੀ। ਉਸ ਨੂੰ ਮਿਹਨਤ ਤਾਂ ਕਰਨੀ ਆਉਂਦੀ ਹੀ ਹੈ। ਹੁਣ ਤਾਂ ਵੱਡਾ ਰਾਜਵਿੰਦਰ ਵੀ ਮੱਦਦ ਕਰਾ ਸਕਦਾ ਹੈ। ਪਰ ਰਾਜਵਿੰਦਰ ਕੁਝ ਅਥਰਾ ਹੈ। ਆਪਣੇ ਆਪ ਵਿਚ ਹੀ ਬਹੁਤਾ ਰਹਿੰਦਾ ਹੈ। ਇੰਡੀਆ ਗਿਆ ਵੀ ਕਿਸੇ ਨਾਲ ਘੱਟ ਹੀ ਬੋਲਿਆ ਕਰਦਾ ਸੀ।
ਦੋ ਦਿਨ ਬਾਅਦ ਉਹ ਸਤਵੰਤ ਸਿੰਘ ਨੂੰ ਫੋਨ ਕਰਦਾ ਹੈ। ਸਤਵੰਤ ਸਿੰਘ ਕਹਿੰਦਾ ਹੈ,
“ਮੈਂ ਦਿਆਲੇ ਨਾਲ ਗੱਲ ਕੀਤੀ ਸੀ।”
“ਕੀ ਬੋਲਦਾ?”
“ਕਹਿੰਦਾ, ਤੈਨੂੰ ਐਡਜਸਟ ਕਰ ਸਕਦੇ ਆਂ ਪਰ ਤੈਨੂੰ ਦੁਕਾਨ ਦੀ ਵਾਹਵਾ ਸਮਝ ਐ ਕੋਈ ਸ਼ੌਪ ਕਿਉਂ ਨਹੀਂ ਲੈ ਲੈਂਦਾ?”
“ਸ਼ੌਪ ਕੀ ਕਰਨੀ ਆਂ, ਜੇ ਨਾ ਈ ਕੰਮ ਮਿਲੇ ਤਾਂ ਠੀਕ ਐ।”
“ਬੇਕਰੀ ਦਾ ਕੰਮ ਵੀ ਸੌਖਾ ਨਹੀਂ।”
“ਔਖਾ ਸੌਖਾ,... ਏਦਾਂ ਕਦੇ ਨਹੀਂ ਸੋਚਿਆ ਮੈਂ, ਜੇ ਕੰਮ ਹੈਗਾ ਤਾਂ ਮੈਂ ਤਿਆਰ ਆਂ।”
“ਲਿਖ ਫੇਰ ਦਿਆਲੇ ਦਾ ਨੰਬਰ, ਉਹਨੂੰ ਫੋਨ ਕਰ ਲੈ।”

ਚਲਦਾ....