ਸਾਊਥਾਲ (ਕਾਂਡ 10)

ਪਰਦੁੱਮਣ ਨੂੰ ਬੇਕਰੀ ਵਿਚ ਕੰਮ ਮਿਲ ਜਾਂਦਾ ਹੈ। ਦਿਆਲਾ ਫੋਰਮੈਨ ਹੋਣ ਕਰਕੇ ਉਸਦੇ ਹੱਥ ਵਿਚ ਬੰਦਾ ਰੱਖਣ ਜਾਂ ਹਟਾਉਣ ਦੀ ਤਾਕਤ ਹੈ ਸੀ ਸੋ ਪਰਦੁੱਮਣ ਅਗਲੇ ਦਿਨ ਤੋਂ ਹੀ ਬੇਕਰੀ ਵਿਚ ਕੰਮ 'ਤੇ ਜਾ ਲੱਗਦਾ ਹੈ। ਇਕ ਹਫਤੇ ਦੀ ਟਰੇਨਿੰਗ ਤੋਂ ਬਾਅਦ ਉਸ ਨੂੰ ਓਵਨ 'ਤੇ ਕੰਮ ਕਰਨ ਦੀ ਡਿਊਟੀ ਮਿਲ ਜਾਂਦੀ ਹੈ। ਓਵਨ ਦਾ ਕੰਮ ਵੈਸੇ ਤਾਂ ਬਹੁਤ ਗਰਮ ਹੈ ਕਿਉਂਕਿ ਇਕ ਤਾਂ ਵੈਸੇ ਵੀ ਸਰਦੀ ਦਾ ਮੌਸਮ ਹੈ, ਇੰਨੀ ਗਰਮੀ ਮਹਿਸੂਸ ਨਹੀਂ ਹੁੰਦੀ ਦੂਜੇ ਅੱਧਾ ਘੰਟਾ ਕੰਮ ਤੇ ਅੱਧਾ ਘੰਟਾ ਬ੍ਰੇਕ ਹੋਣ ਕਾਰਨ ਬਹੁਤਾ ਗਰਮ ਨਹੀਂ ਲਗ ਰਿਹਾ। ਉਹ ਖੁਸ਼ ਹੈ ਕਿ ਕੰਮ ਮਿਲ ਗਿਆ ਹੈ। ਉਸਦੀ ਦਾਹੜੀ ਤੇ ਵਾਲ ਬੇਕਰੀ ਦੇ ਕੰਮ ਮਿਲਣ ਵਿਚ ਸਮੱਸਿਆ ਬਣਨ ਕਾਰਣ ਆਟਾ ਰਲਾਉਣ ਵਾਲੀ ਜਗ੍ਹਾ ਉਸ ਦੀ ਡਿਊਟੀ ਨਹੀਂ ਲੱਗਦੀ। ਜੇ ਕਿਤੇ ਬ੍ਰੈੱਡ ਵਿਚ ਵਾਲ ਨਿਕਲ ਆਵੇ ਤਾਂ ਫੈਕਟਰੀ ਬੰਦ ਹੋ ਜਾਣ ਤੱਕ ਦੀ ਸਮੱਸਿਆ ਖੜੀ ਹੋ ਸਕਦੀ ਹੈ। ਭਾਵੇਂ ਕਿ ਦਾੜ੍ਹੀ ਵਾਲੇ ਕਾਮਿਆਂ ਨੇ ਜਾਲ਼ੀ ਪਹਿਨੀ ਹੁੰਦੀ ਹੈ। ਇਵੇਂ ਸਿਰਾਂ ਉਪਰ ਟੋਪ ਵੀ ਹੁੰਦੇ ਹਨ ਫਿਰ ਵੀ ਬਹੁਤ ਇਤਆਤ ਰੱਖੀ ਜਾਂਦੀ ਹੈ। ਕੋਈ ਆਉਂਦਾ ਹੈ ਤਾਂ ਕਹਿਣ ਲੱਗਦਾ ਹੈ,
“ਦੁੱਮਣ ਸਿਆਂ, ਹਾਲੇ ਕੁਸ਼ ਨਈਂ, ਗਰਮੀਆਂ ਨੂੰ ਦੇਖੀਂ ਇਥੇ ਓਵਨ ਉਪਰ ਕੰਮ ਕਰਨ ਦਾ ਮਜ਼ਾ, ਨਾਨੀ ਚੇਤੇ ਆਊ।”
ਜਵਾਬ ਵਿਚ ਉਹ ਮੁਸਕਰਾ ਛੱਡਦਾ ਹੈ। ਉਹ ਸੋਚ ਰਿਹਾ ਹੁੰਦਾ ਹੈ ਕਿ ਗਰਮੀਆਂ ਤੱਕ ਉਹ ਇਥੇ ਕੰਮ ਕਰੇ ਵੀ ਕਿ ਨਾ, ਕਿਸ ਨੂੰ ਪਤਾ ਹੈ। ਉਸ ਦੀ ਅੱਖ ਏਅਰਪੋਰਟ ਉਪਰ ਕਿਸੇ ਜੌਬ ‘ਤੇ ਹੈ। ਅਰਜ਼ੀ ਉਹ ਭਰ ਆਇਆ ਹੈ। ਸ਼ਾਇਦ ਗੱਲ ਬਣ ਜਾਵੇ। ਜਦੋਂ ਕਦੇ ਵੀ ਵਾਰੀ ਆਈ ਜਾਂ ਕੋਈ ਜਗ੍ਹਾ ਖਾਲੀ ਹੋਈ ਤਾਂ ਉਸ ਨੂੰ ਸੱਦਾ ਆ ਜਾਵੇਗਾ।
ਜਦ ਵੀ ਬ੍ਰੇਕ ਮਿਲਦੀ ਹੈ ਤਾਂ ਉਹ ਸਾਰੀ ਬੇਕਰੀ ਦਾ ਮੁਆਇਨਾ ਕਰਨ ਲਗਦਾ ਹੈ। ਉਹ ਦੇਖਣਾ ਚਾਹੁੰਦਾ ਹੈ ਕਿ ਬ੍ਰੈੱਡ ਕਿਵੇਂ ਬਣਦੀ ਹੈ। ਆਟਾ, ਜੀਸਟ ਤੇ ਹੋਰ ਮਸਾਲੇ ਲਾਰੀਆਂ ਤੋਂ ਲਾਹੁਣ ਤੋਂ ਲੈ ਕੇ ਆਟਾ ਗੁੰਨ੍ਹਣ ਵਾਲੀਆਂ ਮਸ਼ੀਨਾਂ, ਓਵਨ ਤੋਂ ਲੈ ਕੇ ਬ੍ਰੈੱਡ ਦੇ ਪੈਕ ਹੋਣ ਤੱਕ ਦਾ ਸਫਰ ਬਹੁਤ ਜ਼ਿਆਦਾ ਧਿਆਨ ਨਾਲ ਦੇਖਦਾ ਹੈ। ਤਿਆਰ ਹੋ ਕੇ ਬ੍ਰੈੱਡ ਵੱਡੇ ਵੱਡੇ ਸਟੋਰਾਂ, ਕੈਸ਼ ਐਂਡ ਕੈਰੀਜ਼, ਰੈਸਟੋਰੈਂਟਾਂ, ਹੋਟਲਾਂ ਆਦਿ ਨੂੰ ਜਾਂਦੀ ਹੈ। ਉਸ ਨੂੰ ਪਤਾ ਹੈ ਕਿ ਟੈਸਕੋ ਵਾਲੇ ਬ੍ਰੈੱਡ ਸਿਰਫ ਬਾਰਾਂ ਪੈਨੀਆਂ ਵਿਚ ਵੇਚਦੇ ਹਨ। ਉਹ ਅਸਚਰਜ ਹੋ ਕੇ ਸੋਚਣ ਲੱਗਦਾ ਹੈ ਕਿ ਇੰਨੀ ਸਸਤੀ ਬ੍ਰੈੱਡ ਟੈਸਕੋ ਵਾਲੇ ਕਿਵੇਂ ਵੇਚ ਸਕਦੇ ਹੋਣਗੇ ਜਦ ਕਿ ਹੋਰਨਾਂ ਦੁਕਾਨਾਂ ਉਪਰ ਤਾਂ ਅੱਸੀ ਪੈਂਸ ਦੀ ਮਿਲਦੀ ਹੈ।
ਉਸ ਦਾ ਘੰਟੇ ਦਾ ਰੇਟ ਤਾਂ ਠੀਕ ਹੈ। ਵੱਡੀ ਕੰਪਨੀ ਹੈ, ਤਨਖਾਹ ਠੀਕ ਦਿੰਦੀ ਹੈ ਪਰ ਗਿਆਨ ਕੌਰ ਦਾ ਪ੍ਰਤੀ ਘੰਟਾ ਰੇਟ ਬਹੁਤ ਘੱਟ ਹੈ। ਉਸ ਨੂੰ ਡੇੜ੍ਹ ਪੌਂਡ ਘੰਟੇ ਦਾ ਮਿਲ ਰਿਹਾ ਹੈ। ਗਿਆਨ ਕੌਰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੋਈ ਰੇਟ ਤਹਿ ਨਹੀਂ ਕਰਦੀ ਕਿਉਂਕਿ ਉਸ ਨੂੰ ਕੰਮ ਦੀ ਲੋੜ ਹੈ ਪਰ ਜਦ ਪਰਦੁੱਮਣ ਸਿੰਘ ਨੂੰ ਕੰਮ ਮਿਲ ਜਾਂਦਾ ਹੈ ਤੇ ਘਰ ਦਾ ਖਰਚ-ਪਾਣੀ ਚਲਦਾ ਹੋ ਜਾਂਦਾ ਹੈ ਉਹ ਜਿ਼ਆਦਾ ਪੈਸਿਆਂ ਵਾਲੀ ਜੌਬ ਦੀ ਤਲਾਸਾਂ ਕਰਨ ਲਗਦੀ ਹੈ। ਜਦ ਮਾਲਕਾਂ ਨੂੰ ਪਤਾ ਚਲਦਾ ਹੈ ਕਿ ਗਿਆਨ ਕੌਰ ਕੰਮ ਛੱਡਣ ਨੂੰ ਫਿਰਦੀ ਹੈ ਤਾਂ ਉਸ ਦੀ ਤਨਖਾਹ ਵਧਾ ਦਿਤੀ ਜਾਂਦੀ ਹੈ ਜਿਵੇਂ ਕਿ ਬਾਕੀਆਂ ਨੂੰ ਘੰਟੇ ਦੇ ਪੌਣੇ ਦੋ ਪੌਂਡ ਮਿਲਦੇ ਹਨ। ਪਰਦੁੱਮਣ ਹਾਲੇ ਵੀ ਖੁਸ਼ ਨਹੀਂ ਕਿਉਂ ਕਿ ਇਹ ਰੇਟ ਤਾਂ ਗੈਰ ਕਾਨੂੰਨੀ ਕਾਮਿਆਂ ਦਾ ਹੈ। ਉਹ ਗਿਆਨ ਕੌਰ ਨੂੰ ਕਹਿੰਦਾ ਹੈ,
“ਬੁੜੀ ਨੂੰ ਕਹਿ ਕਿ ਢਾਈ ਪੌਂਡ ਘੰਟੇ ਦੇ ਕਰੇ।”
“ਮੈਂ ਬਾਕੀ ਦੀਆਂ ਨਾਲ ਸਲਾਹ ਕੀਤੀ ਸੀ ਉਹ ਕਹਿੰਦੀਆਂ ਕਿ ਥੋੜ੍ਹੇ ਪੈਰ ਬੰਨ੍ਹ ਲੈ, ਫੇਰ ਗੱਲ ਕਰਾਂਗੇ।”
“ਦੇਖਦੇ ਆਂ ਕੋਈ ਹੋਰ ਕੰਮ ਦੇਖਦੇ ਆਂ, ਤੂੰ ਕਿਹੜਾ ਪੇਪਰਾਂ ਤੋਂ ਬਿਨਾਂ ਕੰਮ ਕਰਨੈ।”
“ਮੇਰੇ ਨਾਲ਼ ਕੰਮ ਕਰਨ ਵਾਲੀਆਂ ਵਿਚੋਂ ਕਈ ਸੋਸ਼ਲ ਸਕਿਉਰਟੀ ਵੀ ਚੁਕਦੀਆਂ, ਬੁੜੀ ਕਹਿੰਦੀ ਸੀ ਕਿ ਤੁਸੀਂ ਵੀ ਚੁੱਕੀ ਜਾਓ ਉਹਨੂੰ ਕੋਈ ਮਾਈਂਡ ਨਈਂ।”
“ਸੋਸ਼ਲ ਸਕਿਉਰਟੀ ਨਿਕੰਮੇ ਬੰਦੇ ਲੈਂਦੇ ਆ, ਸਾਡੇ ਹੱਥ ਪੈਰ ਹਾਲੇ ਚਲਦੇ ਆ।”
ਇਕ ਦਿਨ ਉਸ ਨੂੰ ਸਰਬਣ ਸਿੰਘ ਮਿਲਦਾ ਹੈ। ਉਹ ਉਸ ਨੂੰ ਪੁੱਛਦਾ ਹੈ,
“ਸਰਬਣ ਸਿਆਂ, ਹਾਲੇ ਵੀ ਦਲ਼ੀਏ ਦੀ ਫੈਕਟਰੀ ਵਿਚ ਈ ਐਂ।”
“ਹੋਰ ਕਿਥੇ ਜਾਣਾਂ ਹੁਣ ਦੁੱਮਣ ਸਿਆਂ!”
“ਕਿੱਦਾਂ, ਬੰਦੇ ਰੱਖਦੇ ਆ ਹੋਰ।”
“ਕਦੇ ਕਦੇ।”
“ਧਿਆਨ ਰੱਖੀਂ ਫੇਰ।”
ਪਰਦੁੱਮਣ ਸਿੰਘ ਨੂੰ ਪਤਾ ਹੈ ਕਿ ਦਲੀਏ ਦੀ ਫੈਕਟਰੀ ਵਿਚ ਰੇਟ ਛੇ ਪੌਂਡ ਫੀ ਘੰਟਾ ਹੈ ਜਦ ਬੇਕਰੀ ਵਿਚ ਉਸ ਨੂੰ ਚਾਰ ਪੌਂਡ ਘੰਟਾ ਹੀ ਮਿਲਦੇ ਹਨ।

ਚਲਦਾ...