ਸਾਊਥਾਲ (ਕਾਂਡ 6)

ਕਾਰਾ ਤੇ ਪ੍ਰਦੁੱਮਣ ਰਿਸ਼ਤੇਦਾਰ ਹਨ ਤੇ ਹਾਣੀ ਵੀ। ਇਕੱਠੇ ਹੀ ਇੰਗਲੈਂਡ ਆਏ ਤੇ ਇਕੱਠੇ ਹੀ ਰਹੇ। ਪ੍ਰਦੁੱਮਣ ਜਾਂਦਾ ਹੋਇਆ ਆਪਣੇ ਘਰ ਦੀਆਂ ਕਈ ਜ਼ਿੰਮੇਵਾਰੀਆਂ ਕਾਰੇ ਨੂੰ ਦੇ ਗਿਆ ਸੀ। ਪਹਿਲਾਂ ਤਾਂ ਪ੍ਰਾਈਵੇਟ ਕਿਰਾਏਦਾਰ ਸਨ। ਫਿਰ ਕਾਰੇ ਰਾਹੀਂ ਹੀ ਉਸ ਨੇ ਘਰ ਕੌਂਸਲ ਨੂੰ ਕਿਰਾਏ 'ਤੇ ਦੇ ਦਿੱਤਾ ਸੀ। ਘਰ ਦੀ ਟੁੱਟ–ਭੱਜ ਕਾਰਾ ਹੀ ਮੁਰੰਮਤ ਕਰਾਉਂਦਾ। ਹੋਰ ਵੀ ਕੋਈ ਸ਼ਿਕਾਇਤ ਹੁੰਦੀ ਤਾਂ ਕਾਰਾ ਹੀ ਸੁਣਦਾ। ਪ੍ਰਦੁੱਮਣ ਵੀ ਮੁਸੀਬਤ ਵੇਲੇ ਕਾਰੇ ਨਾਲ ਖੜ ਜਾਂਦਾ ਹੈ। ਕਾਰਾ ਹੀ ਸੋਚਿਆ ਕਰਦਾ ਹੈ ਕਿ ਜਿਸ ਬੰਦੇ ਕੋਲ ਇਕ ਰਿਸ਼ਤੇਦਾਰ ਵੀ ਨਾਲ ਖੜਨ ਵਾਲਾ ਹੋਵੇ ਤਾਂ ਉਸ ਨੂੰ ਬਹੁਤੇ ਦੋਸਤਾਂ ਦੀ ਲੋੜ ਨਹੀਂ ਪੈਂਦੀ। ਵੈਸੇ ਕਾਰੇ ਦੇ ਕਾਫੀ ਦੋਸਤ ਹਨ। ਉਸ ਦੀ ਇਧਰ ਉਧਰ ਲੰਮੀ ਚੌੜੀ ਵਾਕਫੀ ਹੈ। ਉਸ ਦਾ ਬੀਮੇ ਦਾ ਕੰਮ ਹੈ। ਕਾਰਾਂ ਦੀ ਇੰਸ਼ੋਰੰਸ ਕਰਦਾ ਹੈ। ਸਾਊਥਾਲ ਦਾ ਮੰਨਿਆ ਹੋਇਆ ਬਰੋਕਰ ਹੈ। ਗਾਹਕ ਦਾ ਕਲੇਮ ਦਿਵਾਉਣ ਵਿਚ ਉਹ ਕਾਫੀ ਮਸ਼ਹੂਰ ਹੈ। ਉਹ ਆਪ ਕਲੇਮ ਫਾਰਮ ਭਰਦਾ ਹੈ ਤੇ ਕੰਪਨੀ ਨੂੰ ਵਾਰ ਵਾਰ ਫੋਨ ਕਰਕੇ ਗਾਹਕ ਨੂੰ ਪੈਸੇ ਦਿਵਾ ਦਿੰਦਾ ਹੈ। ਉਸ ਦੇ ਇਸੇ ਰਵੱਈਏ ਕਾਰਨ ਇਕ ਵਾਰ ਆਇਆ ਗਾਹਕ ਮੁੜ ਕਿਸੇ ਹੋਰ ਬਰੋਕਰ ਕੋਲ ਨਹੀਂ ਜਾਂਦਾ।
ਇਕ ਦਿਨ ਸ਼ਾਮ ਨੂੰ ਗਲਾਸੀ ਖੜਕਾਉਂਦੇ ਹੋਏ ਕਾਰਾ ਕਹਿੰਦਾ ਹੈ,
“ਦੁੱਮਣਾ, ਇੰਸ਼ੋਰੰਸ ਦਾ ਕੰਮ ਸ਼ੁਰੂ ਕਰ ਲੈ ਯਾਰ, ਸ਼ੁਰੂ ਵਿਚ ਔਖਾ ਐ ਫੇਰ ਠੀਕ ਐ, ਇਕ ਵਾਰੀ ਪੈਂਠ ਪੈ ਗਈ ਬਸ ਠੀਕ ਐ।”
“ਨਹੀਂ ਕਾਰਿਆ, ਤੂੰ ਐਵੇਂ ਔਖਾ ਰਹਿਣ ਲੱਗ ਪਵੇਂਗਾ, ਤੇਰੇ ਕਲਾਇੰਟ ਈ ਤਾਂ ਮੇਰੇ ਵੱਲ ਨੂੰ ਭੱਜਣਗੇ।” 
ਕਹਿ ਕੇ ਦੁੱਮਣ ਵਿੰਗਾ ਜਿਹਾ ਦੇਖਦਾ ਹੈ।
“ਨਹੀਂ, ਮੇਰਾ ਕੋਈ ਕਲਾਇੰਟ ਨਹੀਂ ਆਉਣ ਲੱਗਿਆ, ਮੈਂ ਤਾਂ ਜਿੱਦਾਂ ਉਨ੍ਹਾਂ ਨੂੰ ਫੀਮ 'ਤੇ ਲਾਇਆ ਹੋਇਐ।” 
ਗੱਲ ਕਰਕੇ ਕਾਰਾ ਹੱਸਦਾ ਹੈ। ਪਰਦੁੱਮਣ ਆਖਦਾ ਹੈ,
“ਇਹ ਕੰਮ ਮੇਰੇ ਵੱਸ ਦਾ ਨਹੀਂ, ਤੈਨੂੰ ਤਾਂ ਸੁਰਜੀਤ ਦੀ ਬਥੇਰੀ ਮੱਦਦ ਐ, ਪੜ੍ਹੀ ਲਿਖੀ ਐ, ਪਰ ਮੇਰੀ ਗਿਆਨੋ ਕੀ ਹੈਲਪ ਕਰ ਦਊ।”
“ਓਦੋਂ ਤੂੰ ਕਾਹਲੀ ਕਰ ਗਿਆ ਸੈਂ ਵਿਆਹ ਲਈ, ਅਖੇ ਸ਼ਕਲ ਮਧੂਬਾਲਾ ਵਰਗੀ ਐ, ਪੜ੍ਹਾਈ ਨੂੰ ਕੀ ਕਰਨੈ।”
“ਓਦੋਂ ਫੇਰ ਦੂਰ ਦੀ ਨਹੀਂ ਸੋਚ ਹੁੰਦੀ ਨਾ, ਓਦਾਂ ਭਾਵੇਂ ਅਨਪੜ੍ਹ ਸੀ ਪਰ ਦੁਕਾਨ ਵਿਚ ਮੇਰਾ ਕਾਫੀ ਸਾਥ ਦਿਤਾ।”
“ਦੁਕਾਨ ਈ ਲੈ ਲੈ ਕੋਈ।”
“ਹੁਣ ਮੈਂੇ ਦੁਕਾਨ ਵੀ ਨਹੀਂ ਕਰਨੀ ਚਾਹੁੰਦਾ, ਪਬਲਿਕ ਡੀਲਿੰਗ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਪਰ ਕੰਮ ਤਾਂ ਹੁਣ ਲੱਭਣਾ ਈ ਐ, ਏਅਰਪੋਰਟ 'ਤੇ ਗੇੜਾ ਕੱਢ ਕੇ ਆਇਆਂ। ਤੂੰ ਵੀ ਕੰਮ ਦੀ ਤਾੜ ਰੱਖੀਂ।”
“ਏਅਰਪੋਰਟ ਵਾਲੇ ਯੰਗ ਬਲੱਡ ਨੂੰ ਪ੍ਰੈਫਰ ਕਰਦੇ ਆ, ਏਅਰਪੋਰਟ ਵਾਲੇ ਕੀ ਹਰ ਕੋਈ ਨਵੇਂ ਮੁੰਡਿਆਂ ਨੂੰ ਕੰਮ ਦੇ ਕੇ ਖੁਸ਼ ਐ, ਹੋਰ ਨਹੀਂ ਤੂੰ ਮਿੰਨੀ ਕੈਬ ਈ ਕਰ ਲੈ।”
“ਉਹ ਤਾਂ ਆਖਰੀ ਹਥਿਆਰ ਐ, ਨਾਲੇ ਟੈਕਸੀ ਖਤਰਨਾਕ ਵੀ ਐ, ਸ਼ਰਾਬੀ ਗਾਹਕ ਚਾਕੂ ਮਾਰਨ ਲੱਗੇ ਮਿੰਟ ਨਹੀਂ ਲਾਉਂਦੇ।”
“ਅੰਡਰਗਰਾਊਂਡ ਬਗੈਰਾ ਵਿਚ ਨਾਂ ਦੇ ਆ।”
“ਆਹੋ, ਕਰਦਾਂ ਕੁਸ਼, ਪਹਿਲਾਂ ਤਾਂ ਕਿਰਾਏ 'ਤੇ ਘਰ ਜਾਂ ਫਲੈਟ ਦੇਖੀਏ, ਨੋਟਿਸ ਦੇਣ ਤੋਂ ਬਾਅਦ ਵੀ ਆਪਣਾ ਘਰ ਪਤਾ ਨਹੀਂ ਕਦੋਂ ਖਾਲੀ ਹੋਵੇ।”
“ਇਥੇ ਏਦਾਂ ਹੀ ਕੰਮ ਚਲਾਈ ਜਾਓ।”
“ਨਹੀਂ ਕਾਰੇ, ਜੇ ਤਾਂ ਹਫਤਾ ਦਸ ਦਿਨ ਦੀ ਗੱਲ ਹੁੰਦੀ ਤਾਂ ਠੀਕ ਸੀ ਪਰ ਇਹ ਤਾਂ ਪਤਾ ਨਹੀਂ ਮਹੀਨੇ ਈ ਲੱਗ ਜਾਣ, ਤੈਨੂੰ ਪਤਾ ਈ ਐ ਕੌਂਸਲ ਦੇ ਕੰਮਾਂ ਦਾ।”
“ਘਰ ਤਾਂ ਪਟੇਲ ਦਾ ਖਾਲੀ ਪਿਐ ਪਰ ਉਥੇ ਸੈਂਟਰਲ ਹੀਟਿੰਗ ਨਹੀਂ।”
“ਏਨੀ ਠੰਡ ਵਿਚ ਹੀਟਿੰਗ ਬਿਨਾਂ ਕੰਮ ਨਹੀਂ ਚੱਲਣਾ।”
“ਦੁੱਮਣਾ, ਆਪਣਾ ਏਦਾਂ ਹੀ ਕੰਮ ਚੱਲਦਾ ਰਹੇ ਤਾਂ ਕਿਰਾਇਆ ਕਾਹਨੂੰ ਦੇਣਾ, ਇਹ ਠੀਕ ਐ ਕਿ ਏਨੇ ਬੰਦਿਆਂ ਲਈ ਇਹ ਘਰ ਛੋਟਾ ਐ ਪਰ ਜਦੋਂ ਟਾਈਮ ਈ ਪਾਸ ਕਰਨਾ ਹੋਵੇ ਤਾਂ ਕਿਹੜੀ ਗੱਲ ਐ।”
ਪ੍ਰਦੁੱਮਣ ਨੂੰ ਪਤਾ ਹੈ ਕਿ ਜ਼ਰਾ ਮੋਹ ਹਿੱਤ ਕਹਿ ਰਿਹਾ ਹੈ। ਉਹ ਮਹਿਸੂਸ ਕਰ ਸਕਦਾ ਹੈ ਕਿ ਉਸ ਦੇ ਛੇ ਜੀਅ ਆ ਜਾਣ ਨਾਲ ਕਾਰੇ ਦੇ ਬੱਚੇ ਖੁਸ਼ ਨਹੀਂ ਹਨ ਤੇ ਨਾ ਹੀ ਉਸ ਦੀ ਪਤਨੀ ਸੁਰਜੀਤ। ਉਸ ਨੂੰ ਜਾਣਦਾ ਹੈ ਕਿ ਹਰ ਪਰਿਵਾਰ ਨਿਜਤਾ ਚਾਹੁੰਦਾ ਹੈ, ਆਪਣਾ ਇਕ ਓਹਲਾ। ਹਰ ਪਰਿਵਾਰ ਕਿਉਂ ਹਰ ਇਕ ਜੀਅ ਦੀ ਨਿਜੀ ਜਿ਼ੰਦਗੀ ਹੈ, ਕਿਸੇ ਦਖਲ ਨੂੰ ਕੋਈ ਪਸੰਦ ਨਹੀਂ ਕਰਦਾ।
ਛੇਤੀ ਹੀ ਉਨ੍ਹਾਂ ਨੂੰ ਮਾਰਟਨ ਹਾਊਸ ਵਿਚ ਦੋ ਬੈੱਡਰੂਮ ਦਾ ਫਲੈਟ ਕਿਰਾਏ 'ਤੇ ਮਿਲ ਜਾਂਦਾ ਹੈ। ਕਿਰਾਇਆ ਤਾਂ ਇਸ ਫਲੈਟ ਦਾ ਪੂਰੇ ਘਰ ਜਿੰਨਾ ਹੀ ਹੈ ਪਰ ਹੈ ਪੂਰੀ ਤਰ੍ਹਾਂ ਫਰਨਿਸ਼ਡ ਹੈ। ਉਨ੍ਹਾਂ ਨੂੰ ਕੁਝ ਵੀ ਵਿਚ ਪਾਉਣ ਦੀ ਜ਼ਰੂਰਤ ਨਹੀਂ। ਉਹ ਕਾਹਲੀ ਨਾਲ ਮੂਵ ਹੋ ਜਾਂਦੇ ਹਨ। ਕੌਂਸਲ ਨੂੰ ਉਸ ਨੇ ਘਰ ਖਾਲੀ ਕਰਨ ਦਾ ਨੋਟਿਸ ਦੇ ਦਿੱਤਾ ਹੈ। ਬੱਚੇ ਵੀ ਮੁੜ ਸਕੂਲ ਜਾਣ ਲੱਗਦੇ ਹਨ। ਉਨ੍ਹਾਂ ਨੂੰ ਪਹਿਲਾਂ ਵਾਲਾ ਹੀ ਡੌਰਮਰ ਹਾਈ ਸਕੂਲ ਮਿਲ ਜਾਂਦਾ ਹੈ। ਪ੍ਰਦੁੱਮਣ ਆਪ ਜਾ ਕੇ ਹੈਡਮਾਸਟਰ ਨਾਲ ਮਿਲਦਾ ਹੈ ਤੇ ਸਾਰਾ ਇੰਤਜ਼ਾਮ ਕਰ ਲੈਂਦਾ ਹੈ। ਦੋਵੇਂ ਮੁੰਡੇ ਤਾਂ ਪਹਿਲਾਂ ਹੀ ਹਾਈ ਸਕੂਲ ਜਾਂਦੇ ਸਨ ਇੰਡੀਆ ਜਾਣ ਤੋਂ ਪਹਿਲਾਂ ਪਰ ਹੁਣ ਦੋਨਾਂ ਕੁੜੀਆਂ ਦੀ ਉਮਰ ਵੀ ਹਾਈ ਸਕੂਲ ਜਾਣ ਦੀ ਹੋ ਚੁੱਕੀ ਹੈ। ਉਨ੍ਹਾਂ ਨੂੰ ਜਗ੍ਹਾ ਕੁਝ ਮੁਸ਼ਕਲ ਨਾਲ ਮਿਲਦੀ ਹੈ ਪਰ ਮਿਲ ਜਾਂਦੀ ਹੈ। ਉਹ ਚਾਈਲਡ ਅਲਾਊਂਸ ਦੁਬਾਰਾ ਸ਼ੁਰੂ ਕਰਾਉਣ ਲਈ ਵੀ ਫਾਰਮ ਭਰ ਦਿੰਦਾ ਹੈ। ਉਨ੍ਹਾਂ ਨੂੰ ਕੰਮ ਹੀ ਨਹੀਂ ਮਿਲੇ ਨਹੀਂ ਤਾਂ ਜ਼ਿੰਦਗੀ ਠੀਕ ਰੁੜ੍ਹ ਪੈਂਦੀ। ਜੋ ਕੁਝ ਉਨ੍ਹਾਂ ਨਾਲ ਇੰਡੀਆ ਵਿਚ ਹੋਇਆ ਹੈ ਪਿੱਛੇ ਰਹਿੰਦਾ ਜਾ ਰਿਹਾ ਹੈ। ਕਾਰਾ ਆਖਦਾ ਹੈ ਕਿ ਜਦ ਤਕ ਕੋਈ ਕੰਮ ਨਹੀਂ ਮਿਲਦਾ ਕਿਉਂ ਨਹੀਂ ਉਹ ਸ਼ੋਸ਼ਲ ਸਕਿਉਰਟੀ ਤੋਂ ਭੱਤਾ ਲੈ ਲੈਂਦਾ ਪਰ ਪਰਦੁੱਮਣ ਦਾ ਮੰਨਣਾ ਹੈ ਕਿ ਸਰਕਾਰੀ ਭੱਤਿਆਂ ਨਾਲ ਇਨਸਾਨ ਆਲਸੀ ਹੋ ਜਾਂਦਾ ਹੈ ਤੇ ਕਿਸੇ ਤੇ ਨਿਰਭਰ ਹੋਣ ਲਗਦਾ ਹੈ। ਪਰਦੁੱਮਣ ਨੂੰ ਇਹ ਮਨਜ਼ੂਰ ਨਹੀਂ ਹੈ। 

ਚਲਦਾ....