ਸਾਊਥਾਲ (ਕਾਂਡ 19)

ਇਕ ਦਿਨ ਸਿਸਟਰਜ਼ ਇਨਹੈਂਡਜ਼ ਦੇ ਦਫਤਰੋਂ ਕੁਲਵਿੰਦਰ ਨਾਂ ਦੀ ਕੁੜੀ ਰੈੱਡ ਹਾਊਸ ਆਉਂਦੀ ਹੈ। ਉਹ ਜਗਮੋਹਨ ਨੂੰ ਪੁੱਛਦੀ ਹੈ,
“ਤੁਸੀਂ ਫਰੀ ਲੀਗਲ ਏਡ ਦੇ ਰਹੇ ਓ, ਕੋਰਟ ਵਿਚ ਵੀ ਜਾਂਦੇ ਓ ?”
“ਨਹੀਂ ਅਸੀਂ ਤਾਂ ਐਡਵਾਈਸ ਈ ਦਿੰਦੇ ਜਾਂ ਅਪੀਲ ਕਰਦੇ ਆਂ।”
“ਸਾਡੇ ਦਫਤਰ ਤੁਹਾਡਾ ਲੀਫਲੈੱਟ ਪਿਆ ਤਾਂ ਮੈਂ ਸੋਚਿਆ ਕਿ ਅਸੀਂ ਵੀ ਤੁਹਾਡੀ ਮੱਦਦ ਲੈ ਲਈਏ।”
“ਤੁਹਾਡੀ ਮੱਦਦ ਲਈ ਮੈਂ ਤਿਆਰ ਆਂ, ਪਰ ਅਸੀਂ ਸਿਰਫ ਇਮੀਗਰੇਸ਼ਨ ਦੇ ਕੇਸ ਈ ਕਰਦੇ ਆਂ, ਅਸੀਂ ਫੁਲ ਫਲੈਜਡ ਵਕੀਲ ਨਹੀਂ ਆਂ ਸਿਰਫ ਐਡਵਾਈਜ਼ਰ ਆਂ। ਹਾਂ, ਜੇ ਕੋਈ ਇਮੀਗਰੇਸ਼ਨ ਨਾਲ ਸਬੰਧਤ ਕੇਸ ਹੋਵੇ ਤਾਂ ਆ ਜਾਣਾ। ਵੈਸੇ ਮੈਨੂੰ ਇਕ ਗੱਲ ਮੈਨੂੰ ਤੁਹਾਡੀ ਚੰਗੀ ਵੀ ਲਗਦੀ ਐ ਕਿ ਹੋਰ ਸਾਰੇ ਕੰਮ ਛੱਡ ਕੇ ਤੁਸੀਂ ਇਹ ਸੰਸਥਾ ਚਲਾ ਰਹੀਆਂ ਓ।”

“ਬਸ, ਇਕ ਭੁਸ ਜਿਹਾ ਈ ਐ।”
ਉਹ ਦੋਵੇਂ ਹਲਕਾ ਜਿਹਾ ਹਸਦੇ ਹਨ। ਕੁਝ ਸੋਚਦੇ ਹੋਏ ਉਹ ਪੁੱਛਦਾ ਹੈ,
“ਇਕ ਪ੍ਰੀਤੀ ਨਾਂ ਦੀ ਕੁੜੀ ਤੁਹਾਡੇ ਨਾਲ਼ ਹੋਇਆ ਕਰਦੀ ਸੀ।”
“ਸਾਡੀਆਂ ਮੈਂਬਰ ਆਉਂਦੀਆਂ ਜਾਂਦੀਆਂ ਰਹਿੰਦੀਆਂ, ਕਿਸੇ ਦੀ ਕੰਮ ਦੀ ਮਜਬੂਰੀ ਹੋ ਜਾਂਦੀ ਐ ਤੇ ਕਿਸੇ ਦੀ ਫੈਮਲੀ ਦੀ। ਮੈਨੂੰ ਕਿਸੇ ਪ੍ਰੀਤੀ ਬਾਰੇ ਕੁਝ ਨਹੀਂ ਪਤਾ।”
ਕੁਲਵਿੰਦਰ ਦੇ ਜਾਣ ਤੋਂ ਬਾਅਦ ਉਹ ਪ੍ਰੀਤੀ ਬਾਰੇ ਸੋਚਣ ਲਗਦਾ ਹੈ। ਉਸ ਨੇ ਮੁੜ ਕੇ ਪ੍ਰੀਤੀ ਨੂੰ ਕਦੇ ਨਹੀਂ ਦੇਖਿਆ। ਉਵੇਂ ਤਾਂ ਕਹਿੰਦੀ ਸੀ ਕਿ ਆਪਣੇ ਕੰਮ ਦੀ ਵੀਡਿਓ ਦੇਵੇਗੀ ਪਰ ਜਾਂਦੀ ਹੋਈ ਇਵੇਂ ਅਪੇਖਿਆ ਕਰ ਕੇ ਗਈ ਕਿ ਜਿਵੇਂ ਮੁੜ ਕੇ ਮਿਲਣਾ ਹੀ ਨਹੀਂ ਹੋਵੇ। ਟੈਲੀਫੋਨ ਨੰਬਰ ਤਾਂ ਕੀ ਦੇਣਾ ਸੀ। ਉਹ ਸੋਚਦਾ ਹੈ ਕਿ ਪ੍ਰੀਤੀ ਨੂੰ ਵੀ ਉਸ ਵਾਂਗ ਐਕਟਿੰਗ ਦਾ ਭੁਸ ਜਿਹਾ ਹੀ ਹੋਵੇਗਾ, ਉਹ ਬਹੁਤੀ ਗੰਭੀਰ ਨਹੀਂ ਹੋਵੇਗੀ ਜਾਂ ਫਿਰ ਘਰ ਵਾਲੇ ਨੇ ਆਉਣੋ ਰੋਕ ਦਿਤੀ ਹੋਵੇਗੀ। ਜਗਮੋਹਨ ਨੂੰ ਹੁਣ ਇਹ ਕਨੂੰਨੀ ਸਲਾਹ ਦੇਣ ਵਿਚ ਅਨੰਦ ਆਉਣ ਲਗਦਾ ਹੈ।
ਸ਼ਾਮ ਹੁਣ ਰੈੱਡ ਹਾਊਸ ਵਿਚ ਬਹੁਤ ਘੱਟ ਆਉਂਦਾ ਹੈ। ਗੁਰਚਰਨ ਵੀ ਨਹੀਂ ਆਉਂਦਾ ਪਰ ਜਗਮੋਹਣ ਹਰ ਰੋਜ਼ ਛੇ ਵਜੇ ਤੋਂ ਲੈ ਕੇ ਅੱਠ ਵਜੇ ਤੱਕ ਆ ਬੈਠਦਾ ਹੈ। ਕਦੇ ਕਦੇ ਉਸ ਨੂੰ ਲੱਗਦਾ ਹੈ ਕਿ ਉਹ ਇਕੱਲਾ ਰਹਿ ਗਿਆ ਹੈ ਪਰ ਉਸ ਦਾ ਹੌਸਲਾ ਬੁਲੰਦ ਰਹਿੰਦਾ ਹੈ। ਕਾਮਰੇਡ ਇਕਬਾਲ ਆਉਂਦਾ ਹੈ ਤਾਂ ਪੁੱਛਣ ਲੱਗਦਾ ਹੈ,
“ਜੱਗਿਆ ਕਿੰਨੇ ਕੁ ਕੇਸ ਐ ਕੋਲ ?”
“ਪੰਜ ਕੁ ਆ ਏਸ ਵੇਲੇ, ਸਿਗੇ ਤਾਂ ਜ਼ਿਆਦਾ ਪਰ ਲੋਕ ਆਪਣੀਆਂ ਫਾਈਲਾਂ ਚੁੱਕ ਕੇ ਲੈ ਗਏ।”
“ਇਨ੍ਹਾਂ ਲੋਕਾਂ ਨੂੰ ਪੈਸੇ ਦਿੱਤੇ ਬਿਨਾਂ ਤਸੱਲੀ ਜਿਉਂ ਨਹੀਂ ਹੁੰਦੀ।”
“ਇਹ ਉਨ੍ਹਾਂ ਦੀ ਮਰਜ਼ੀ ਐ, ਆਪਾਂ ਤਾਂ ਜਿੰਨਾ ਚਿਰ ਲੋਕ ਆਉਂਦੇ ਆ ਦੁਕਾਨਦਾਰੀ ਖੋਲ੍ਹ ਰੱਖਣੀ ਐ।”
“ਤੁਹਾਡਾ ਮੌਕਾਪ੍ਰਸਤ ਮੋਹਰੀ ਕਿਥੇ ਗਿਐ ?”
“ਪੱਤਰਾਵਾਚ ਗਿਆ।”
“ਮੈਂ ਇਕ ਗੱਲ ਦੱਸਾਂ, ਅਸੀਂ ਹਰ ਖੇਤਰ ਵਿਚ ਈ ਲੀਡਰਸ਼ਿੱਪ ਹੱਥੋਂ ਮਾਰ ਖਾ ਜਾਂਦੇ ਆਂ, ਤੁਹਾਡਾ ਮੋਹਰੀ ਵੀ ਲੀਡਰ ਬਣਨ ਤੁਰਿਆ ਸੀ, ਇਹ ਲੋਕ ਹੱਥ ਤੇ ਸਰੋਂ ਜਮਾਉਣੀ ਚਾਹੁੰਦੇ ਆ।”
ਕਾਮਰੇਡ ਸ਼ਾਮ ਭਾਰਦਵਾਜ ਬਾਰੇ ਗੱਲ ਕਰ ਰਿਹਾ ਹੈ। ਭਾਵੇਂ ਕੰਮ ਉਹਨਾਂ ਕੋਲ ਬਹੁਤਾ ਨਹੀਂ ਹੈ ਪਰ ਉਹਨਾਂ ਦਾ ਨਾਂ ਤੁਰ ਪਿਆ ਹੈ। ਪਹਿਲੇ ਛੇ ਮਹੀਨੇ ਹੀ ਕੰਮ ਬਹੁਤ ਠੀਕ ਚੱਲਦਾ ਹੈ ਪਰ ਹੁਣ ਉਹ ਗੱਲ ਨਹੀਂ ਹੈ। ਹੁਣ ਸਲਾਹਾਂ ਲੈਣ ਵਾਲੇ ਵਧੇਰੇ ਆਉਂਦੇ ਹਨ। ਸਲਾਹ ਲੈਣ ਵਾਲੇ ਵੀ ਉਹ ਜਿਨ੍ਹਾਂ ਦੇ ਕੇਸ ਕਿਤੇ ਹੋਰ ਚੱਲਦੇ ਹੁੰਦੇ ਹਨ ਉਹ ਬਸ ਮਨ ਦੀ ਤਸੱਲੀ ਲਈ ਹੀ ਆ ਜਾਂਦੇ ਹਨ। ਮਨਦੀਪ ਕਹਿਣ ਲੱਗਦੀ ਹੈ,
“ਜੇ ਕੁਸ਼ ਹੋਰ ਨਹੀਂ ਤਾਂ ਆਰਾਮ ਨਾਲ ਘਰ ਬੈਠੋ।”
“ਭੁਸ ਜਿਹਾ ਪੈ ਗਿਆ ਹੁਣ ਮੈਨੂੰ।” 
ਉਹ ਹੱਸਦਾ ਹੋਇਆ ਕਹਿੰਦਾ ਹੈ। ਮਨਦੀਪ ਫਿਰ ਮਜ਼ਾਹੀਆ ਲਹਿਜ਼ੇ ਵਿਚ ਆਖਦੀ ਹੈ, 
“ਡਰਾਮਿਆਂ ਦਾ ਭੂਤ ਤਾਂ ਹੁਣ ਕਾਬੂ ਵਿਚ ਲਗਦੈ।”
“ਮੈਂ ਭੁਪਿੰਦਰ ਨੂੰ ਉਡੀਕ ਰਿਹਾਂ, ਬਸ, ਜਿੰਨ ਬੋਤਲ ‘ਚੋਂ ਬਾਹਰ ਆਇਆ ਦੇਖ।”
ਉਹ ਕਹਿੰਦਾ ਹੈ ਪਰ ਸੋਚਣ ਲੱਗਦਾ ਹੈ ਕਿ ਇਹ ਜਿੰਨ ਕਿਤੇ ਵੀ ਨਹੀਂ ਵੀ ਨਹੀਂ ਪਹੁੰਚਾ ਸਕਦਾ। ਉਸ ਦਾ ਇਹ ਇਕ ਮਹਿਜ਼ ਭੁਸ ਹੈ ਤੇ ਭੁਸ ਕਦੀ ਵੀ ਜਨੂੰਨ ਨਹੀਂ ਬਣ ਸਕਿਆ। ਉਸ ਦਿਨ ਕੁਲਵਿੰਦਰ ਵੀ ਇਹੋ ਆਖਦੀ ਹੈ ਕਿ ਸਿਸਟਰਜ਼ ਇਨ ਹੈਂਡਜ਼ ਲਈ ਕੰਮ ਕਰਨਾ ਵੀ ਭੁਸ ਹੀ ਹੈ। ਜਗਮੋਹਣ ਪੁੱਛਦਾ ਹੈ ਕਿ ਹਿਊਮਨ ਰਾਈਟਸ ਦੀ ਕੋਈ ਕਿਤਾਬ ਵੀ ਪੜ੍ਹਦੇ ਹੋ ਤਾਂ ਹੀ ਉਹ ਆਖਦੀ ਹੈ ਕਿ ਜਿ਼ੰਦਗੀ ਦੀ ਕਿਤਾਬ ਪੜਦੀ ਹਾਂ ਬਸ ਔਰਤਾਂ ਦੇ ਦੁੱਖ ਵਿਚ ਸ਼ਰੀਕ ਹੋਣ ਦਾ ਸ਼ੌਕ ਹੈ। ਉਹ ਸੋਚਦਾ ਹੈ ਕਿ ਨਿਰੇ ਸ਼ੌਕ ਚੰਗੇ ਨਹੀਂ ਹੁੰਦੇ ਕੁਝ ਨਿੱਠ ਕੇ ਕਰਨਾ ਚਾਹੀਦਾ ਹੈ ਪਰ ਕਰ ਨਹੀਂ ਹੁੰਦਾ। 
ਇਕ ਦਿਨ ਕਾਮਰੇਡ ਇਕਬਾਲ ਨਾਲ ਇਕ ਗੋਲ ਪੱਗ ਵਾਲਾ ਬੰਦਾ ਆਉਂਦਾ ਹੈ ਜਿਵੇਂ ਕੋਈ ਧਰਮ ਪ੍ਰਚਾਰਕ ਹੁੰਦਾ ਹੈ। ਨਾਲ ਇਕ ਔਰਤ ਵੀ ਹੈ। ਕਾਮਰੇਡ ਕਹਿੰਦਾ ਹੈ,
“ਇਹ ਭੈਰੋ ਸਿੰਘ ਐ ਤੇ ਇਹ ਇਹਨਾਂ ਦੀ ਮਿਸਜ਼, ਇਥੇ ਤਬਲਾ ਸਿਖਾਇਆ ਕਰਨਗੇ। ਇਹਨਾਂ ਰਹਿਣਾ ਵੀ ਉਪਰ ਈ ਐ।”
ਜਗਮੋਹਣ ਪਹਿਲਾਂ ਖੁਸ਼ ਹੁੰਦਾ ਹੈ ਤੇ ਫਿਰ ਉਦਾਸ ਹੋ ਜਾਂਦਾ ਹੈ। ਕਾਮਰੇਡ ਇਕਬਾਲ ਭੈਰੋਂ ਸਿੰਘ ਨੂੰ ਉਸ ਦਾ ਕਮਰਾ ਵਿਖਾ ਕੇ ਜਗਮੋਹਣ ਕੋਲ ਆ ਕੇ ਆਖਦਾ ਹੈ,
“ਤੇਰੇ ਕੰਮ ਵਿਚ ਕੋਈ ਖਲਲ ਨਹੀਂ ਪੈਂਦਾ ਤੂੰ ਦਰਵਾਜ਼ਾ ਬੰਦ ਰੱਖਿਆ ਕਰੀਂ। ਤੈਨੂੰ ਤਾਂ ਫਾਇਦਾ ਈ ਹੋਊ ਕਿ ਬਿਨਾਂ ਬਹੁਤੀ ਕੋਸ਼ਿਸ਼ ਦੇ ਤਬਲਾ ਸਿੱਖ ਸਕਦੈਂ।”
“ਕਾਮਰੇਡ, ਕੋਈ ਸਾਜ਼ ਸਿਖਣ ਨੂੰ ਤਾਂ ਮੇਰਾ ਦਿਲ ਕਰਦੈ ਪਰ ਤਬਲਾ ਨਹੀਂ। ਜੇ ਹੋ ਸਕਦੈ ਤਾਂ ਕੋਈ ਹੋਰ ਸੰਗੀਤ ਮਾਸਟਰ ਲਿਆਓ ਜਿਹੜਾ ਕਿਸੇ ਅਹਿਮ ਸਾਜ਼ ਨੂੰ ਸਿਖਾਵੇ, ਤਬਲਾ ਤਾਂ ਗੁਰਦੁਆਰੇ ਵਿਚ ਬੱਚੇ ਵੀ ਸਿੱਖੀ ਜਾਂਦੇ ਆ।”
ਕਾਮਰੇਡ ਬੋਲਦਾ ਨਹੀਂ। ਉਹ ਜਗਮੋਹਣ ਵਲ ਬੁਰੀ ਜਿਹੀ ਨਜ਼ਰ ਨਾਲ ਦੇਖਦਾ ਰਸੋਈ ਵਿਚ ਜਾ ਵੜਦਾ ਹੈ ਜਿਥੇ ਭੈਰੋਂ ਸਿੰਘ ਦੀ ਪਤਨੀ ਚਾਹ ਬਣਾਉਣ ਲਗਦੀ ਹੈ। ਕਾਮਰੇਡ ਉਸ ਨਾਲ ਘਿਓ ਖਿਚੜੀ ਹੋ ਕੇ ਗੱਲਾਂ ਕਰ ਰਿਹਾ ਹੈ। ਉਸ ਦਿਨ ਤੋਂ ਬਾਅਦ ਕਾਮਰੇਡ ਦਾ ਇਸ ਪਾਸੇ ਦਾ ਗੇੜਾ ਵਧ ਜਾਂਦਾ ਹੈ। ਜਗਮੋਹਣ ਜਦ ਵੀ ਆਵੇ ਤਾਂ ਉਹ ਇਥੇ ਹੀ ਹੁੰਦਾ ਹੈ। ਇਵੇਂ ਹੀ ਹੱਸ ਹੱਸ ਕੇ ਭੈਰੌਂ ਸਿੰਘ ਦੀ ਪਤਨੀ ਨਾਲ ਗੱਲਾਂ ਕਰ ਰਿਹਾ ਹੁੰਦਾ ਹੈ।
ਇਕ ਸ਼ਾਮ ਇਕ ਔਰਤ ਅੰਦਰ ਆਉਂਦੀ ਹੈ। ਨਾਲ ਉਸ ਦੇ ਅੱਠ ਕੁ ਸਾਲ ਦਾ ਮੁੰਡਾ ਹੈ। ਉਹ ਕੁਝ ਬੋਲੇ ਬਿਨਾਂ ਹੀ ਕੁਰਸੀ ਉਪਰ ਬੈਠ ਜਾਂਦੀ ਹੈ ਜਿਵੇਂ ਬਹੁਤ ਥੱਕੀ ਹੋਈ ਹੋਵੇ। ਜਗਮੋਹਣ ਸੋਚਣ ਲੱਗਦਾ ਹੈ ਕਿ ਜੇ ਇਹ ਮੁੰਡਾ ਇਥੇ ਦਾ ਜੰਮਿਆ ਹੋਇਆ ਤਾਂ ਇਸ ਨੂੰ ਪੱਕੀ ਹੋਣ ਵਿਚ ਕੋਈ ਮੁਸ਼ਕਲ ਨਹੀਂ ਆਉਣੀ ਚਾਹੀਦੀ। ਕੁਝ ਪਲ ਸਾਹ ਲੈ ਕੇ ਉਹ ਪੁੱਛਦੀ ਹੈ,
“ਤੁਸੀਂ ਸ਼ਾਮ ਭਰਦਵਾਜ਼ ਓ ?”
“ਨਹੀਂ, ਮੈਂ ਉਹ ਨਹੀਂ।”
“ਫੇਰ ਤੁਸੀਂ ਕਾਮਰੇਡ ਓ ?”
“ਨਹੀਂ, ਮੈਂ ਉਹ ਵੀ ਨਹੀਂ, ਦੱਸੋ ਕੀ ਕੰਮ ਐ ? ਮੈਂ ਤੁਹਾਡੀ ਕੀ ਮੱਦਦ ਕਰ ਸਕਦਾਂ।”
“ਤੁਸੀਂ ਲੀਗਲ ਹੈਲਪ ਦਿੰਦੇ ਓ ?”
“ਬਿਲਕੁਲ, ਦੱਸੋ।”
“ਮੈਨੂੰ ਮੰਦਿਰ ਵਿਚੋਂ ਕਿਸੇ ਨੇ ਦੱਸਿਆ ਕਿ ਕਾਮਰੇਡ ਦੇ ਘਰ ਸ਼ਾਮ ਭਾਰਦਵਾਜ ਬੈਠਦਾ।”
“ਹਾਂ ਹਾਂ, ਤੁਸੀਂ ਆਪਣੀ ਪਰੌਬਲਮ ਦੱਸੋ, ਜੇ ਮੈਂ ਕੁਸ਼ ਕਰ ਸਕਦਾ ਹੋਇਆ ਤਾਂ...।”
“ਇਹ ਮੇਰਾ ਸੱਨ ਐ, ਦਸ ਦਾ ਹੋ ਚੱਲਿਐ, ਮੈਂ ਇਕੱਲੀ ਹੁੰਦੀ ਤਾਂ ਸ਼ਾਇਦ ਏਨਾ ਪ੍ਰੇਸ਼ਾਨ ਨਾ ਹੁੰਦੀ, ਦੱਸੋ ਤੁਸੀਂ ਮੇਰੀ ਕਿੰਨੀ ਕੁ ਮੱਦਦ ਕਰ ਸਕਦੇ ਓ।”
“ਅਸੀਂ ਫਰੀ ਲੀਗਲ ਐਡਵਾਈਸ ਦੇ ਸਕਦੇ ਆਂ।”
ਜਗਮੋਹਣ ਦੱਸਦਾ ਹੈ। ਉਹ ਔਰਤ ਇਕਦਮ ਚੁੱਪ ਕਰ ਜਾਂਦੀ ਹੈ। ਬੁੱਲ੍ਹ ਇਵੇਂ ਘੁੱਟ ਲੈਂਦੀ ਹੈ ਜਿਵੇਂ ਕਿ ਮੁੜ ਬੋਲਣਾ ਹੀ ਨਾ ਹੋਵੇ। ਜਗਮੋਹਣ ਫਿਰ ਕਹਿੰਦਾ ਹੈ,
“ਤੁਸੀਂ ਆਪਣੀ ਪਰੌਬਲਮ ਦੱਸੋ, ਤੁਹਾਡੀ ਸਾਰੀ ਗੱਲ ਸੀਕਰੇਟ ਰੱਖੀ ਜਾਵੇਗੀ।”
“ਮੈਂ ਪਤੀ ਦੀ ਸਤਾਈ ਹੋਈ ਘਰ ਛੱਡ ਤੁਰੀ ਤੇ ਇਕ ਦੁਕਾਨ ਵਿਚ ਕੰਮ ਕਰਨ ਲੱਗੀ ਸੀ। ਦੁਕਾਨ ਦਾ ਮਾਲਕ ਇਕ ਮੁਸਲਮਾਨ ਐ, ਮੈਨੂੰ ਗਲਤ ਰਾਹ ਤੋਰਨਾ ਚਾਹੁੰਦੈ, ਮੈਨੂੰ ਹੈਲਪ ਚਾਹੀਦੀ ਐ, ਮੈਂ ਗੁਰਦੁਆਰੇ ਵੀ ਗਈ ਸੀ।”
“ਦੱਸੋ, ਅਸੀਂ ਏਹਦੇ ਵਿਚ ਕੀ ਕਰ ਸਕਦੇ ਆਂ ?”
“ਮੈਂ ਮੰਦਿਰ ਵੀ ਗਈ ਸੀ, ਉਥੋਂ ਈ ਇਸ ਜਗ੍ਹਾ ਦਾ ਪਤਾ ਲੱਗਿਆ, ਮੇਰੇ ਰਹਿਣ ਦਾ ਕੋਈ ਇੰਤਜ਼ਾਮ ਕਰ ਦਿਓ, ਤੁਹਾਡਾ ਭਲਾ ਹੋਏਗਾ।”
“ਕੀ ਨਾਂ ਐ ਤੁਹਾਡਾ ?”
“ਬੌਬੀ... ਬਲਵਿੰਦਰ।”
“ਬੌਬੀ ਜੀ, ਅਸੀਂ ਫਰੀ ਐਡਵਾਈਸ ਦੇ ਸਕਦੇ ਆਂ, ਅਸੀਂ ਕੋਈ ਗੌਰਮਿੰਟ ਦਾ ਹਿੱਸਾ ਨਹੀਂ, ਦੋਸਤਾਂ ਦੀ ਚੈਰਟੀਏਬਲ ਐਸੋਸੀਏਸ਼ਨ ਈ ਆਂ, ਰਹਿਣ ਦੀ ਤਾਂ ਸਾਨੂੰ ਖੁਦ ਪਰੌਬਲਮ ਐ।”
“ਦੇਖੋ, ਮੈਨੂੰ ਫਰੀ ਐਡਵਾਈਸ ਨਹੀਂ ਚਾਹੀਦੀ, ਅਕੱਮੋਡੇਸ਼ਨ ਚਾਹੀਦੀ ਐ, ਐਡਵਾਈਸ ਲਈ ਤਾਂ ਗੌਰਮਿੰਟ ਦੇ ਵੀ ਥਾਂ ਥਾਂ ਬਿਓਰੋ ਹਨ।”
“ਇਹ ਕੰਮ ਤੁਹਾਡਾ ਅਸੀਂ ਨਹੀਂ ਕਰ ਸਕਦੇ, ਤੁਸੀਂ ਸਿਸਟਰਜ਼–ਇਨਹੈਂਡਜ਼ ਦੇ ਦਫਤਰ ਜਾਣਾ ਸੀ, ਆਹ ਨਾਲ ਦੀ ਰੋਡ ਉਪਰ ਤਾਂ ।”
“ਉਥੇ ਸਾਰੀਆਂ ਖੁਦਗਰਜ਼ ਔਰਤਾਂ ਬੈਠੀਆਂ ਜਿਹੜੀਆਂ ਆਪਣੇ ਬਾਰੇ ਹੀ ਸੋਚ ਰਹੀਆਂ, ਏਡੀ ਵੱਡੀ ਜਗ੍ਹਾ ਐ ਇਕ ਰਾਤ ਲਈ ਇਕ ਕਮਰਾ ਨਹੀਂ ਦੇ ਸਕਦੀਆਂ, ਮੈਂ ਜਾਂ ਆਈ ਆਂ ਉਥੇ ਵੀ, ਤਾਂ ਹੀ ਤਾਂ ਆਹ ਟੈਮ ਹੋ ਗਿਆ।”
“ਬੌਬੀ ਜੀ, ਇਸ ਮਾਮਲੇ ਵਿਚ ਮੈਂ ਤੁਹਾਡੀ ਕੋਈ ਮੱਦਦ ਨਹੀਂ ਕਰ ਸਕਦਾ।”
“ਪਲੀਜ਼ ਕਰੋ ਕੁਸ਼, ਇਨਸਾਨੀਅਤ ਦੇ ਨਾਤੇ, ਮੈਂ ਇਕੱਲੀ ਔਰਤ, ਬੇਗਾਨਾ ਮੁਲਕ, ਨਾਲ ਮੇਰੇ ਇਹ ਬੱਚਾ, ਦੱਸ ਕਿਥੇ ਜਾਵਾਂਗੀ, ਮੈਂ ਸਾਊਥਾਲ ਆਈ ਸੀ ਕਿ ਇਥੇ ਸਾਰੇ ਆਪਣੇ ਲੋਕ ਰਹਿੰਦੇ ਆ।”
“ਕਿਹੜੇ ਇਲਾਕੇ ਵਿਚ ਰਹਿੰਦੇ ਓ ਤੁਸੀਂ ?”
“ਨੌਰਥ ਵਿਚ।”
“ਫੇਰ ਉਧਰ ਈ ਅਕੱਮੋਡੇਸ਼ਨ ਦੀ ਕੌਂਸਲ ਤੋਂ ਟਰਾਈ ਕਰਨੀ ਸੀ।”
“ਦੇਖੋ ਮਿਸਟਰ, ਮੈਂ ਬਹੁਤੀਆਂ ਸਲਾਹਾਂ ਨਹੀਂ ਮੰਗਦੀ, ਮੱਦਦ ਮੰਗਦੀ ਆਂ।”
“ਬੌਬੀ ਜੀ, ਪੰਦਰਾਂ–ਵੀਹ ਪੌਂਡ ਮੈਂ ਤੁਹਾਨੂੰ ਦੇ ਸਕਦਾਂ, ਬਸ।”
“ਪੈਸੇ ਤਾਂ ਮੇਰੇ ਕੋਲ ਹੈਨ, ਕੱਲ ਨੂੰ ਡਾਕਖਾਨੇ ਵਿਚੋਂ ਹੋਰ ਵੀ ਮਿਲ ਜਾਣੇ ਆਂ, ਮੇਰਾ ਮਸਲਾ ਤਾਂ ਇਹ ਐ ਕਿ ਅੱਜ ਦੀ ਰਾਤ ਕਿਥੇ ਰਹਾਂ, ਰਾਤ ਤੇ ਉਪਰੋਂ ਇਹ ਮੌਸਮ।”
ਜਗਮੋਹਣ ਸੋਚਾਂ ਵਿਚ ਪੈ ਜਾਂਦਾ ਹੈ। ਉਹ ਉਸੇ ਵੇਲੇ ਹੀ ਕਾਮਰੇਡ ਇਕਬਾਲ ਨੂੰ ਫੋਨ ਕਰਕੇ ਬੌਬੀ ਦੇ ਉਥੇ ਰਾਤ ਰਹਿਣ ਲਈ ਪੁੱਛਦਾ ਹੈ ਤਾਂ ਕਾਮਰੇਡ ਅੱਗਿਉਂ ਝਹੀ ਲੈ ਕੇ ਪੈਂਦਾ ਨਾਂਹ ਕਰ ਦਿੰਦਾ ਹੈ। ਬੌਬੀ ਸਮਝ ਜਾਂਦੀ ਹੈ ਤੇ ਰੋਣ ਲੱਗਦੀ ਹੈ, ਉਸ ਨੂੰ ਦੇਖ ਕੇ ਉਸ ਦਾ ਮੁੰਡਾ ਵੀ ਰੋ ਪੈਂਦਾ ਹੈ। ਜਗਮੋਹਣ ਦੇ ਦਿਲ ਵਿਚ ਕੁਝ ਹੋਣ ਲੱਗਦਾ ਹੈ। ਉਹ ਘਰ ਨੂੰ ਫੋਨ ਕਰਦਾ ਹੈ,
“ਮਨੀ, ਇਥੇ ਦਫਤਰ ਵਿਚ ਇਕ ਔਰਤ ਆਈ ਹੋਈ ਐ, ਰਾਤ ਰਹਿਣਾ ਚਾਹੁੰਦੀ ਐ, ਨਾਲ ਉਹਦਾ ਮੁੰਡਾ ਵੀ ਐ।”
“ਕੋਈ ਡਰਾਮਿਆਂ ਵਾਲੀ ਐ ?”
“ਨਹੀਂ, ਕੋਈ ਪੂਅਰ ਵੋਮੈਨ ਆ, ਸੱਮ ਫੈਮਲੀ ਪ੍ਰੌਬਲਮ।”
“ਆਏ ਡੋਂਟ ਨੋਅ.. ਮੇਰੀ ਦਾਲ਼ ਸੜਦੀ ਐ।” 
ਕਹਿ ਕੇ ਉਹ ਫੋਨ ਰੱਖ ਦਿੰਦੀ ਹੈ। ਬੌਬੀ ਆਖਦੀ ਹੈ, 
“ਮੈਨੂੰ ਇਕ ਵਾਰ ਘਰ ਲੈ ਚੱਲੋ, ਭੈਣ ਜੀ ਨੂੰ ਮੈਂ ਮਨਾ ਲਵਾਂਗੀ।”
ਜਗਮੋਹਣ ਅਣਮੰਨੇ ਮਨ ਨਾਲ ਬੋਲਦਾ ਹੈ,
“ਜੇ ਮੇਰੀ ਵਾਈਫ ਨੇ ਨਾਂਹ ਕਰ ਦਿੱਤੀ ਤਾਂ ਮੈਂ ਜ਼ਿੰਮੇਵਾਰ ਨਹੀਂ ਹੋਵਾਂਗਾ।”
“ਤੁਸੀਂ ਮੈਨੂੰ ਇਕ ਵਾਰ ਉਹਦੇ ਕੋਲ ਲੈ ਚੱਲੋ।”
ਉਹ ਪੂਰੇ ਯਕੀਨ ਨਾਲ ਕਹਿ ਰਹੀ ਹੈ।
ਮਨਦੀਪ ਬੌਬੀ ਵੱਲ ਗਹੁ ਨਾਲ ਤਕਦੀ ਹੈ। ਉਹ ਜਗਮੋਹਣ ਦੇ ਪਿੱਛੇ ਗਲ ਵਿਚ ਬੈਗ ਪਾਈ ਮੁੰਡੇ ਨੂੰ ਉਂਗਲ ਨਾਲ ਲਾਈ ਖੜੀ ਹੈ। ਮਨਦੀਪ ਨੂੰ ਲੱਗਦਾ ਹੈ ਕਿ ਜਿਵੇਂ ਕੋਈ ਉਸ ਨੂੰ ਲੁੱਟਣ ਆਇਆ ਹੋਵੇ। ਉਹ ਬੌਬੀ ਦੀ ਹੈਲੋ ਦਾ ਠੰਡਾ ਜਿਹਾ ਉਤਰ ਦੇ ਕੇ ਰਸੋਈ ਵਿਚ ਜਾ ਵੜਦੀ ਹੈ। ਜਗਮੋਹਨ ਬੌਬੀ ਤੇ ਮੁੰਡੇ ਨੂੰ ਲੌਂਜ ਵਿਚ ਬੈਠਾ ਕੇ ਮਨਦੀਪ ਮਗਰ ਕਿਚਨ ਵਿਚ ਆ ਜਾਂਦਾ ਹੈ, ਕਹਿੰਦਾ ਹੈ,
“ਲੁਕ ਡਾਰਲਿੰਗ, ਇਹ ਮੇਰੀ ਪਰੌਬਲਮ ਨਹੀਂ।”
“ਹੁਣ ਚੁੜੇਲਾਂ ਘਰ ਵੀ ਆਉਣ ਲਗ ਪਈਆਂ!”
“ਦੇਖ, ਮੈਨੂੰ ਗੁਨਾਹਗਾਰ ਨਾ ਬਣਾ, ਚੱਲ, ਇਹਨੂੰ ਗੁਰਦਵਾਰੇ ਛੱਡ ਆਈਏ।”
ਮਨਦੀਪ ਚੁੱਪ ਹੈ। ਜਗਮੋਹਣ ਉਸ ਦੀ ਚੁੱਪ ਤੋਂ ਡਰ ਰਿਹਾ ਹੈ। ਉਨ੍ਹਾਂ ਦੇ ਮਗਰ ਹੀ ਬੌਬੀ ਆ ਖੜਦੀ ਹੈ। ਉਹ ਮਨਦੀਪ ਨੂੰ ਕਹਿੰਦੀ ਹੈ,
“ਭੈਣ ਜੀ, ਮੈਂ ਸਵੇਰੇ ਈ ਚਲੇ ਜਾਊਂ, ਮੈਨੂੰ ਨਹੀਂ ਸੀ ਪਤਾ ਕਿ ਸਾਊਥਾਲ ਵਿਚ ਵੀ ਕੋਈ ਆਪਣਾ ਨਹੀਂ, ਮੈਂ ਤਾਂ ਗਟਰ ਵਿਚ ਡਿੱਗਣੋਂ ਡਰਦੀ ਆ ਗਈ ਸੀ।”
ਮਨਦੀਪ ਬੌਬੀ ਵੱਲ ਧਿਆਨ ਨਾਲ ਦੇਖਦੀ ਹੈ। ਉਸ ਦਾ ਗੋਲ ਚਿਹਰਾ ਉਸ ਭੋਲਾ ਜਿਹਾ ਚਿਹਰਾ ਉਸ ਨੂੰ ਇੰਨਾ ਖਤਰਨਾਕ ਨਹੀਂ ਜਾਪ ਰਿਹਾ। ਉਸਦਾ ਮੁੰਡਾ ਵੀ ਉਸ ਦੇ ਮਗਰ ਹੀ ਖੜਾ ਹੈ, ਲੁਕਦਾ ਜਿਹਾ ਜਿਵੇਂ ਕੋਈ ਅਪਰਾਧੀ ਹੋਵੇ। ਮਨਦੀਪ ਨੂੰ ਆਪਣੇ ਮੁੰਡਿਆਂ ਜਿਹਾ ਹੀ ਦਿੱਸਦਾ ਹੈ। ਉਹ ਮੁੰਡੇ ਨੂੰ ਆਪਣੇ ਕੋਲ ਬੁਲਾਉਂਦੀ ਹੈ। ਉਸ ਦੇ ਸਿਰ 'ਤੇ ਹੱਥ ਫੇਰਦੀ ਪੁੱਛਦੀ ਹੈ,
“ਵੱਟ'ਸ ਯੋਅਰ ਨੇਮ ?”
ਮੁੰਡਾ ਚੁੱਪ ਹੈ। ਬੌਬੀ ਕਹਿੰਦੀ ਹੈ,
“ਸੇ ਵਰੁਣ।”
ਮੁੰਡਾ ਹਾਲੇ ਵੀ ਚੁੱਪ ਹੈ। ਮਨਦੀਪ ਆਖਦੀ ਹੈ, 
“ਮੈਂ ਤੁਹਾਡਾ ਬੈੱਡ ਲਾ ਦਿੰਨੀ ਆਂ।”
ਜਗਮੋਹਨ, ਜੀਵਨ ਤੇ ਕਿਰਨ ਵਿਚਕਾਰ ਟੈਲੀ ਮੁਹਰੇ ਜਾ ਬੈਠਦਾ ਹੈ। ਅੱਜ ਉਸ ਦਾ ਦਿਲ ਇਕ ਬੀਅਰ ਪੀਣ ਲਈ ਜਾਂ ਇਕ ਪੈੱਗ ਪੀਣ ਨੂੰ ਕਰ ਰਿਹਾ ਹੈ। ਬੌਬੀ ਵਾਲੀ ਕਹਾਣੀ ਨੇ ਥੋੜੇ ਹੀ ਮਿੰਟਾ ਵਿਚ ਉਸ ਨੂੰ ਦਿਮਾਗੀ ਤੌਰ 'ਤੇ ਥਕਾ ਦਿੱਤਾ ਹੈ। ਉਸ ਨੇ ਕਦੇ ਵੀ ਇੰਨਾ ਪਰੈਸ਼ਰ ਨਹੀਂ ਲਿਆ ਕਦੇ। ਉਸ ਨੂੰ ਬੌਬੀ ਨਾਲ ਹਮਦਰਦੀ ਵੀ ਹੈ। ਉਸ ਦੇ ਚਿਹਰੇ ਤੋਂ ਹੀ ਦਿੱਸਦਾ ਹੈ ਕਿ ਢੇਰ ਸਾਰੀਆਂ ਮੁਸ਼ਕਲਾਂ ਦਾ ਮੁਕਾਬਲਾ ਕਰ ਰਹੀ ਹੈ। ਮਨਦੀਪ ਦੇ ਡਰੋਂ ਉਹ ਬੌਬੀ ਨੂੰ ਘਰੋਂ ਲਿਆਉਣੋਂ ਡਰਦਾ ਹੈ। ਉਸ ਦੇ ਤੇ ਮਨਦੀਪ ਦੇ ਵਿਚਕਾਰ ਹੇਠਲੀਆਂ ਤੈਹਾਂ ਵਿਚ ਕੁਝ ਵੀ ਹੋਵੇ ਪਰ ਉਹ ਕਿਸੇ ਵੀ ਕੀਮਤ ਤੇ ਆਪਣੀ ਗ੍ਰਹਸਿਥੀ ਵਿਚ ਗੜਬੜ ਪੈਦਾ ਕਰਨ ਵਿਚ ਪਹਿਲ ਨਹੀਂ ਕਰਨਾ ਚਾਹੁੰਦਾ।
ਉਹ ਉਠਦਾ ਹੈ। ਅਲਮਾਰੀ ਵਿਚੋਂ ਵਿਸਕੀ ਦੀ ਬੋਤਲ ਚੁੱਕਦਾ ਹੈ। ਅੱਧਾ ਗਲਾਸ ਭਰ ਲੈਂਦਾ ਹੈ। ਪਾਣੀ ਪਾਉਣ ਲਈ ਰਸੋਈ ਵਿਚ ਜਾਂਦਾ ਹੈ। ਬੌਬੀ ਪਤੀਲੇ ਵਿਚ ਕੜਛੀ ਫੇਰ ਰਹੀ ਹੈ। ਮਨਦੀਪ ਉਪਰ ਬੈੱਡਰੂਮ ਵਿਚ ਹੈ। ਜਗਮੋਹਣ ਬੌਬੀ ਨੂੰ ਹੱਥ ਵਿਚ ਫੜੇ ਵਿਸਕੀ ਦੇ ਪੈੱਗ ਬਾਰੇ ਸੁਲਾਹ ਮਾਰਨਾ ਚਾਹੁੰਦਾ ਹੈ। ਉਸ ਨੂੰ ਪਤਾ ਹੈ ਕਿ ਭਾਰਤੀ ਔਰਤ ਨੂੰ ਸ਼ਰਾਬ ਆਦਿ ਪੇਸ਼ ਕਰਨੀ ਸਦਾਚਾਰਕ ਤੌਰ 'ਤੇ ਬਹੁਤ ਗਲਤ ਹੈ। ਫਿਰ ਵੀ ਉਹ ਆਪਣੇ ਪੈੱਗ ਵਲ ਇਸ਼ਾਰ ਕਰਦਾ ਪੁੱਛਦਾ ਹੈ,
“ਬੌਬੀ ਜੀ, ਇਹ ਲਓਗੇ ਕਿ ਵਾਈਨ ਜਾ ਕੁਝ ਹੋਰ?”
“ਵਿਸਕੀ ਹੀ ਲੈ ਲਵਾਂਗੀ।” 
ਉਹ ਉਸ ਦੇ ਹੱਥ ਵਿਚ ਫੜੇ ਗਲਾਸ ਵਲ ਦੇਖਦਾ ਬੋਲਦੀ ਹੈ। ਜਗਮੋਹਣ ਜ਼ਰਾ ਕੁ ਹੈਰਾਨ ਹੁੰਦਾ ਵਿਸਕੀ ਵਿਚ ਪਾਣੀ ਪਾਉਣ ਲੱਗਦਾ ਹੈ। ਬੌਬੀ ਉਸ ਨੂੰ ਰੋਕਦੀ ਹੋਈ ਕਹਿੰਦੀ ਹੈ,
“ਨਹੀਂ, ਨੀਟ ਈ ਚੱਲੂ, ਪਾਣੀ ਨਾਲ ਵੀਕ ਹੋ ਜਾਂਦੀ ਐ।” 

ਚਲਦਾ...