ਸਾਊਥਾਲ (ਕਾਂਡ 18)

ਜਿਵੇਂ ਕਿ ਸ਼ਾਮ ਭਾਰਦਵਾਜ ਉਲੀਕਦਾ ਹੈ ਫਰੀ ਲੀਗਲ ਸਰਵਿਸ ਦਾ ਕੰਮ ਚੱਲ ਪੈਂਦਾ ਹੈ। ਲੋਕਾਂ ਨੂੰ ਉਨ੍ਹਾਂ ਬਾਰੇ ਪਤਾ ਚੱਲ ਜਾਂਦਾ ਹੈ। ਉਨ੍ਹਾਂ ਨੇ ਬਰਾਡਵੇਅ ਉਪਰ ਖੜ ਕੇ ਲੀਫਲੈੱਟਸ ਵੰਡੇ ਹਨ। ਉਹ ਲੋਕਲ ਪ੍ਰੈਸ ਵਿਚ ਅਤੇ ਦੇਸੀ ਪ੍ਰੈਸ ਵਿਚ ਵੀ ਇਸ਼ਤਿਹਾਰ ਦੇਣਾ ਚਾਹੁੰਦੇ ਹਨ ਪਰ ਅਜਿਹੇ ਇਸ਼ਤਿਹਾਰ ਲਈ ਪੈਸੇ ਚਾਹੀਦੇ ਹਨ ਅਤੇ ਉਨ੍ਹਾਂ ਕੋਲ ਪੈਸੇ ਨਹੀਂ ਹਨ। ਗੁਰਚਰਨ ਸਲਾਹ ਦਿੰਦਾ ਵੀ ਹੈ ਕਿ ਜਿਹੜੇ ਲੋਕ ਆਪਣੀ ਮਰਜ਼ੀ ਨਾਲ ਫੀਸ ਦੇਣੀ ਚਾਹੁਣ ਉਹ ਲੈ ਲਿਆ ਕਰੀਏ ਤਾਂ ਜੋ ਉਨ੍ਹਾਂ ਕੋਲ ਕੁਝ ਫੰਡ ਜਮ੍ਹਾਂ ਹੋ ਜਾਣ ਪਰ ਸ਼ਾਮ ਨਹੀਂ ਮੰਨ ਰਿਹਾ। ਉਹ ਲੋਕਾਂ ਵਿਚ ਮੁਫਤ ਕੰਮ ਕਰ ਕੇ ਹਰਮਨ ਪਿਆਰਾ ਹੋਣਾ ਚਾਹੁੰਦਾ ਹੈ।

ਪਹਿਲੇ ਕੁਝ ਦਿਨਾਂ ਵਿਚ ਹੀ ਬਾਰਾਂ ਕੇਸ ਉਨ੍ਹਾਂ ਕੋਲ ਆ ਜਾਂਦੇ ਹਨ। ਸਲਾਹ ਲੈਣ ਵਾਲੇ ਤਾਂ ਪੰਦਰਾਂ–ਵੀਹ ਬੰਦੇ ਵੀ ਰੋਜ਼ਾਨਾ ਦੇ ਹੋ ਜਾਂਦੇ ਹਨ। ਦਿਲਜੀਤ ਦੀ ਹਿੰਮਤ ਨਾਲ ‘ਨਵੇਂ ਅਕਸ’ ਵਿਚ ਸ਼ਾਮ ਭਾਰਦਵਾਜ ਦੀ ਪੂਰੀ ਇੰਟਰਵਿਊ ਲੱਗ ਜਾਂਦੀ ਹੈ ਜਿਸ ਕਾਰਨ ਉਹ ਬਹੁਤ ਖੁਸ਼ ਹੈ। ਉਹ ਕੰਮ ਕਰਾਉਣ ਆਏ ਲੋਕਾਂ ਨਾਲ ਭਰਵਾਂ ਹੱਥ ਮਿਲਾਉਂਦਾ ਹੈ। ਇਕ ਮੁਸਕਰਾਹਟ ਜਿਹੀ ਹਰ ਵੇਲੇ ਚਿਹਰੇ 'ਤੇ ਜਮਾਈ ਰੱਖਦਾ ਹੈ। ਗੁਰਚਰਨ ਤੇ ਜਗਮੋਹਣ ਤਾਂ ਵਾਰੀ ਵਾਰੀ ਹੀ ਰੈੱਡ ਹਾਊਸ ਆਉਂਦੇ ਹਨ ਪਰ ਸ਼ਾਮ ਲੱਗਪੱਗ ਹਰ ਰੋਜ਼ ਹੀ ਆ ਜਾਂਦਾ ਹੈ। ਇਕ ਦਿਨ ਉਹ ਸੋਚਦਾ ਕਿ ਸਲਾਹ ਲੈਣ ਵਾਲਿਆਂ ਦਾ ਜਾਂ ਕੰਮ ਕਰਾਉਣ ਵਾਲਿਆਂ ਦਾ ਸਿਰਨਾਵਾਂ ਡਾਇਰੀ ਵਿਚ ਨੋਟ ਕਰ ਲਿਆ ਜਾਵੇ ਤਾਂ ਜੋ ਭਵਿੱਖ ਵਿਚ ਕੰਮ ਆ ਸਕੇ। ਹਫਤੇ ਦੇ ਅਖੀਰ ਵਿਚ ਉਹ ਦੇਖਦਾ ਹੈ ਕਿ ਅੱਧੇ ਤੋਂ ਵੱਧ ਲੋਕ ਤਾਂ ਸਾਊਥਾਲ ਤੋਂ ਬਾਹਰ ਦੇ ਆਉਂਦੇ ਹਨ। ਕਈ ਤਾਂ ਈਲਿੰਗ ਦੇ ਵੀ ਨਹੀਂ ਹੁੰਦੇ। ਉਹ ਗੁਰਚਰਨ ਨੂੰ ਕਹਿੰਦਾ ਹੈ,
“ਇਹ ਯਾਰ ਵਧੀਆ ਤਰੀਕਾ ਨਹੀਂ ਲੱਗਦਾ ਲੋਕਾਂ ਵਿਚ ਜਾਣ ਦਾ।”
“ਕਿਉਂ ?”
“ਕਿਉਂਕਿ ਇਹ ਲੋਕ ਮੇਰੀਆਂ ਵੋਟਾਂ ਨਹੀਂ ਬਣਨ ਲੱਗੇ, ਇਹ ਤਾਂ ਸਾਰੇ ਭਾਂਤ ਭਾਂਤ ਦੀ ਲੱਕੜੀ ਇਕੱਠੀ ਹੋ ਕੇ ਪਹੁੰਚ ਰਹੀ ਐ ਮੇਰੇ ਕੋਲ।”
“ਪਰ ਮੈਨੂੰ ਤਾਂ ਕੰਮ ਕਰਨ ਵਿਚ ਮਜ਼ਾ ਆ ਰਿਹੈ, ਕੋਈ ਮਕਸਦ ਜਿਹਾ ਬਣਿਆ ਹੋਇਆ, ਇਕ ਆਹਰ ਐ, ਪੱਬ ਵਿਚ ਟਾਈਮ ਖਰਾਬ ਕਰਨ ਨਾਲੋਂ ਠੀਕ ਜਾਪਦੈ।”
ਸ਼ਾਮ ਭਾਰਦਵਾਜ ਉਸ ਦੀ ਗੱਲ ਸੁਣ ਕੇ ਚੁੱਪ ਰਹਿੰਦਾ ਹੈ। ਉਹ ਸੋਚ ਰਿਹਾ ਹੈ ਕਿ ਉਸ ਦਾ ਮਕਸਦ ਸਿਰਫ ਆਹਰ ਬਣਾਉਣ ਤੋਂ ਨਹੀਂ, ਵੋਟਾਂ ਬਣਾਉਣ ਤੋਂ ਹੈ। ਈਲਿੰਗ ਕੌਂਸਲ ਦੇ ਕਿੰਨੇ ਹੀ ਕੌਂਸਲਰ ਹਨ। ਕੋਈ ਧਰਮ ਦੇ ਨਾਂ 'ਤੇ ਵੋਟਾਂ ਲੈ ਰਿਹਾ ਹੈ, ਕੋਈ ਇਲਾਕੇ ਦੇ ਨਾਂ 'ਤੇ। ਜਿਨ੍ਹਾਂ ਲੋਕਾਂ ਤੱਕ ਇਹ ਕੌਂਸਲਰ ਪਹੁੰਚ ਕਰਦੇ ਹਨ ਘੱਟੋ ਘੱਟ ਉਹ ਲੋਕਲ ਤਾਂ ਹੁੰਦੇ ਹਨ ਜਿਨ੍ਹਾਂ ਨੇ ਉਨ੍ਹਾਂ ਦੇ ਵੋਟਰ ਬਣਨਾ ਹੁੰਦਾ ਹੈ ਪਰ ਉਹ ਤਾਂ ਜਿਵੇਂ ਅੱਕੀ ਪਲਾਹੀਂ ਹੀ ਹੱਥ ਮਾਰਦਾ ਜਾ ਰਿਹਾ ਹੈ। ਕਿੰਨਾ ਕੁਝ ਸੋਚਦਾ ਉਹ ਦਾ ਗਲੌਸਟਰ ਵਿਚ ਫਿਰ ਮੀਟਿੰਗ ਰੱਖ ਲੈਂਦਾ ਹੈ। ਸਾਰੇ ਪਹੁੰਚ ਜਾਂਦੇ ਹਨ। ਜਗਮੋਹਣ ਪੁੱਛਦਾ ਹੈ, 
“ਹਾਂ ਬਈ, ਦੋ ਮਹੀਨਿਆਂ ਵਿਚ ਹੀ ਅੱਕ ਗਿਆਂ! ਸਿਆਸਤ ਤਾਂ ਲੰਮੀ ਜੱਦੋਜਹਿਦ ਹੁੰਦੀ ਆ।”
“ਮੈਂ ਦੇਖਦਾਂ ਕਿ ਜਿਨ੍ਹਾਂ ਲੋਕਾਂ ਤਾਈਂ ਅਸੀਂ ਪਹੁੰਚ ਕਰ ਰਹੇ ਆਂ ਇਹ ਆਪਣੇ ਕੰਮ ਦੇ ਨਹੀਂ, ਇਹ ਤਾਂ ਦੂਰ ਦੂਰ ਤੋਂ ਆ ਜਾਂਦੇ ਆ।” 
ਸ਼ਾਮ ਜਵਾਬ ਦਿੰਦਾ ਹੈ। ਸੋਹਣਪਾਲ ਉਸ ਦੀ ਗੱਲ 'ਤੇ ਜ਼ਰਾ ਗੁੱਸੇ ਵਿਚ ਆਉਂਦਾ ਕਹਿੰਦਾ ਹੈ,
“ਜਿੱਦਾਂ ਜੱਗਾ ਕਹਿੰਦਾ ਐ ਇਹ ਲੰਮੀ ਰੇਸ ਐ, ਜ਼ਿੰਦਗੀ ਭਰ ਦੀ ਰੇਸ। ਸ਼ਾਮ, ਸਭ ਤੋਂ ਪਹਿਲਾਂ ਤੇਰਾ ਪਬਲਿਕ ਫਿਗਰ ਬਣਨੈ ਜ਼ਰੂਰੀ ਐ, ਫੇਰ ਤੂੰ ਜਿਹੜੀ ਵਾਰਡ ਦਾ ਮੈਂਬਰ ਬਣਨਾ ਚਾਹੇਂ ਉਥੇ ਜਾ ਕੇ ਕੰਮ ਕਰਨਾ ਪਏਗਾ। ਅਸਲ ਵਿਚ ਕੰਮ ਤਾਂ ਸਮੁੱਚੀ ਕੁਮਿਨਟੀ ਲਈ ਕਰਕੇ ਈ ਤੇਰਾ ਨਾਂ ਹੋਏਗਾ।”
“ਪਰ ਆਹ ਜਿਹੜੇ ਮੰਦਿਰਾਂ, ਗੁਰਦਵਾਰਿਆਂ, ਮਸਜਦਾਂ ਦੇ ਸਿਰਾਂ 'ਤੇ ਕੌਂਸਲਰ ਬਣੀ ਫਿਰਦੇ ਆ, ਇਹ ਕਿੱਦਾਂ ?”
“ਸ਼ਾਮ, ਤੂੰ ਸਿਆਸਤ ਤੋਂ ਬਾਹਰ ਖੜਾ ਬਿਆਨ ਦੇਈ ਜਾਨੈਂ, ਜ਼ਰਾ ਹੋਰ ਇਨਵੌਲਵ ਹੋ, ਇਹਦੇ ਹੋਰ ਅੰਦਰ ਜਾਹ, ਇਹ ਜੋ ਤੈਨੂੰ ਬਾਹਰੋਂ ਦਿੱਸਦਾ ਐ ਗੱਲ ਏਦਾਂ ਨਹੀਂ, ਇਹ ਠੀਕ ਐ ਪੰਜਾਬ ਦੇ ਬਦਲੇ ਹਾਲਾਤਾਂ ਕਾਰਨ ਲੋਕ ਆਪੋ ਆਪਣੇ ਧਰਮ ਨਾਲ ਜ਼ਿਆਦਾ ਜੁੜ ਗਏ ਆ ਪਰ ਚੋਣਾਂ ਜਿੱਤਣ ਦਾ ਅਧਾਰ ਹਾਲੇ ਵੀ ਇਹ ਗੱਲਾਂ ਨਹੀਂ ਬਣੀਆਂ।”
“ਆਹ ਜਿਹੜੇ ਹਿੰਦੂ ਲੀਡਰ ਘਰ ਸਿੱਖਾਂ ਦੇ ਗਰੰਥ ਤੋਂ ਪਾਠ ਕਰਾਉਂਦੇ ਆ ਇਹ ਕੀ ਐ?”
“ਸਿਖ ਵੀ ਤਾਂ ਹਿੰਦੂਆਂ ਦੀ ਮੰਤਰ ਪੂਜਾ ਕਰਾਉਂਦੇ ਆ, ਸਿਆਸਤ ਵਿਚ ਏਦਾਂ ਈ ਕਰਨਾ ਪੈਂਦਾ, ਇਹ ਸਿਆਸਤ ਦੀ ਹੀ ਇਕ ਚਾਲ ਐ ਪਰ ਤੂੰ ਤਾਂ ਦੋ ਮਹੀਨੇ ਵਿਚ ਈ ਭੱਜ ਤੁਰਿਆਂ।” 
ਜਗਮੋਹਣ ਆਖਦਾ ਹੈ। ਸ਼ਾਮ ਭਾਰਦਵਾਜ ਦੀ ਸੋਹਣਪਾਲ ਜਾਂ ਜਗਮੋਹਣ ਦੀ ਕਿਸੇ ਗੱਲ ਨਾਲ ਤਸੱਲੀ ਨਹੀਂ ਹੁੰਦੀ ਪਰ ਉਹ ਚੁੱਪ ਰਹਿੰਦਾ ਹੈ। ਗੁਰਚਰਨ ਤੇ ਦਿਲਜੀਤ ਕੁਝ ਨਹੀਂ ਬੋਲ ਰਹੇ। ਜਗਮੋਹਣ ਫਿਰ ਆਖਦਾ ਹੈ,
“ਕੁਮਿਨਟੀ ਵਿਚ ਕੰਮ ਕੀਤੇ ਬਿਨਾਂ ਤੇਰੇ ਪੈਰ ਨਹੀਂ ਲੱਗਣੇ, ਇਹ ਤਾਂ ਤੂੰ ਖੁਸ਼ਕਿਸਮਤ ਐਂ ਕਿ ਇਕ ਤਰੀਕਾ ਤੇਰੇ ਹੱਥ ਲੱਗ ਗਿਐ, ਲੀਗਲ ਸਰਵਿਸ ਤੈਨੂੰ ਬਹੁਤ ਕੁਸ਼ ਦੇ ਸਕਦੈ ਸ਼ਾਮ।”
“ਤੂੰ ਏਦਾਂ ਕਰ ਜੱਗਿਆ, ਇਹਨੂੰ ਪ੍ਰੋਫੈਸ਼ਨ ਦੇ ਤੌਰ 'ਤੇ ਅਡੌਪਟ ਕਰ ਲੈ, ਮੈਂ ਤੇਰੀ ਵਿਚ ਵਿਚ ਹੈਲਪ ਕਰਦਾ ਰਹੂੰ।”
“ਸ਼ਾਮ, ਜੇ ਮੈਂ ਏਦਾਂ ਕਰਨੀ ਹੁੰਦੀ ਤਾਂ ਸੰਧੂ ਅੰਕਲ ਨਾਲ ਹੀ ਕੰਮ ਕਰਦੇ ਜਾਣਾ ਸੀ, ਅਸਲ ਵਿਚ ਗੱਲ ਤਾਂ ਇਹ ਐ ਕਿ ਮੇਰੇ ਤੋਂ ਵਿੰਗੇ ਤੇ ਗਲਤ ਕੇਸ ਨਹੀਂ ਕੀਤੇ ਜਾਣੇ, ਆਹ ਜਿਹੜੇ ਤੂੰ ਖਾਲਿਸਤਾਨੀ ਬਣਾ ਕੇ ਪੱਕੇ ਕਰਾਉਣ ਵਾਲੇ ਕੇਸ ਫੜ ਲਏ ਮੈਂ ਤਾਂ ਕਦੇ ਨਾ ਫੜਾਂ।”
“ਜੱਗਿਆ, ਐਵੇਂ ਧਰਮ ਪੁੱਤਰ ਨਾ ਬਣੀ ਜਾਹ।” 
ਗੁਰਚਰਨ ਟਾਂਚ ਕਰਦਾ ਆਖਦਾ ਹੈ। ਜਗਮੋਹਣ ਉਤਰ ਦਿੰਦਾ ਹੈ, 
“ਆਪਾਂ ਨੂੰ ਕਾਮਰੇਡ ਇਕਬਾਲ ਨੇ ਮੁਫਤ ਵਿਚ ਜਗ੍ਹਾ ਦਿੱਤੀ ਐ ਤੇ ਉਸ ਦਾ ਫੋਨ ਵੀ ਫਰੀ ਫੰਡ ਦਾ ਐ ਘੱਟੋ ਘੱਟ ਆਪਾਂ ਨੂੰ ਕਾਮਰੇਡ ਦੀ ਸੁਹਿਰਦਤਾ ਦਾ ਤਾਂ ਧਿਆਨ ਰੱਖਣਾ ਚਹੀਦੈ, ਆਪਾਂ ਮਕਸਦ ਵੀ ਇਹੋ ਲੈ ਕੇ ਤੁਰੇ ਆਂ ਕਿ ਸਿੱਧੇ ਕੰਮ ਕਰਨੇ ਆਂ, ਜਿਹੜੇ ਲੋਕਾਂ ਨੇ ਟੇਢੀ ਖੀਰ ਖਾਣੀ ਐ ਉਨ੍ਹਾਂ ਲਈ ਸੰਧੂ ਵਰਗੇ ਬਥੇਰੇ ਹੈਗੇ ਆ, ਅਗਲੇ ਠੋਕ ਵਜਾ ਕੇ ਪੈਸੇ ਲੈਂਦੇ ਆ।”
ਉਹ ਪੱਬ ਵਿਚ ਦੋ ਘੰਟੇ ਬੈਠੇ ਰਹਿੰਦੇ ਹਨ। ਗੱਲ ਕਿਸੇ ਕੰਢੇ ਨਹੀਂ ਲੱਗਦੀ। ਸ਼ਾਮ ਭਾਰਦਵਾਜ ਨੂੰ ਗਿਲਾ ਹੈ ਕਿ ਉਸ ਦੇ ਦੋਸਤ ਉਸ ਦੇ ਕਹਿਣੇ ਮੁਤਾਬਿਕ ਨਹੀਂ ਚੱਲ ਰਹੇ।
ਪਿਛਲੇ ਕੁਝ ਸਾਲਾਂ ਵਿਚ ਪੰਜਾਬ ਦੇ ਹਾਲਾਤਾਂ ਨੇ ਇਥੇ ਦੀ ਸਿਆਸਤ ਨੂੰ ਵੀ ਬਦਲ ਕੇ ਰੱਖ ਦਿੱਤਾ ਹੈ। ਖਾਲਿਸਤਾਨ ਦੀ ਚੜ੍ਹਾਈ ਨਾਲ ਇਥੋਂ ਦੇ ਲੋਕਾਂ ਦੇ ਮੂਡ ਵੀ ਬਦਲੇ ਹਨ। ਬਹੁਤਿਆਂ ਨੂੰ ਜਾਪਦਾ ਕਿ ਖਾਲਿਸਤਾਨ ਕੁਝ ਦਿਨਾਂ ਵਿਚ ਬਣਿਆ ਹੀ ਖੜਾ ਹੈ। ਬਹੁਤ ਸਾਰੇ ਲੋਕ ਵਾਲ ਰੱਖ ਸਿੰਘ ਸਜ ਜਾਂਦੇ ਹਨ। ਲੋਕ ਪੀਲੀਆਂ ਪੱਗਾਂ ਪਹਿਨਦੇ ਹਨ। ਹੁਣ ਖਾਲਿਸਤਾਨ ਦੀ ਲਹਿਰ ਵਿਚ ਉਤਰਾਅ ਆ ਰਿਹਾ ਹੈ ਤੇ ਲੋਕ ਵੀ ਇਕਦਮ ਮੁੱਖ ਮੋੜਨ ਲੱਗ ਪਏ ਹਨ। ਜਿਥੇ ਗੁਰਦੁਆਰਿਆਂ ਵਿਚ ਗਰਮਦਲੀਆਂ ਦੇ ਕਬਜ਼ੇ ਹੋ ਗਏ ਸਨ ਉਹ ਹੁਣ ਟੁੱਟਣ ਲੱਗੇ ਹਨ। ਗੁਰਦੁਆਰਿਆਂ ਵਿਚ ਸੰਗਤ ਦੀ ਗਿਣਤੀ ਇਕ ਵਾਰ ਫਿਰ ਵੱਧਣ ਲੱਗੀ ਹੈ। 

ਚਲਦਾ....