ਸਾਊਥਾਲ (ਕਾਂਡ 15)

ਪਰਦੁੱਮਣ ਸਮੋਸੇ ਬਣਾਉਣ ਲਈ ਅਜਿਹੀ ਜਗ੍ਹਾ ਦੀ ਭਾਲ ਆਰੰਭ ਕਰ ਦਿੰਦਾ ਹੈ ਜਿਹੜੀ ਕਿ ਕਾਨੂੰਨੀ ਤੌਰ 'ਤੇ ਸਹੀ ਹੋਵੇ। ਵਿਓਪਾਰਕ ਕੁਕਿੰਗ ਕਰਨ ਲਈ ਕੌਂਸਲ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਕੌਂਸਲ ਦਾ ਸਿਹਤ ਵਿਭਾਗ ਦਸਦਾ ਹੈ ਕਿ ਕੁਕਿੰਗ ਵਾਲੀ ਜਗਾਹ ਕਿਹੋ ਜਿਹੀ ਹੋਵੇ ਤੇ ਉਸ ਵਿਚ ਕਿਹੜੇ ਕਿਹੜੇ ਉਪਕਰਣ ਲਗੇ ਹੋਣ। ਸਭ ਕੁਝ ਉਹਨਾਂ ਦੀ ਕਾਨੂੰਨੀ ਮੰਗ ਅਨੁਸਾਰ ਸਹੀ ਹੋਵੇ ਤਾਂ ਹੀ ਪਾਸ ਕਰਦੇ ਹਨ ਤੇ ਹੋਰ ਵੀ ਕਈ ਖਲਜਗਣ ਹੁੰਦੇ ਹਨ। ਉਹ ਪਹਿਲਾਂ ਹੀ ਸਹੀ ਤਰੀਕੇ ਨਾਲ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਜੋ ਬਾਅਦ ਵਿਚ ਕੋਈ ਚੱਕਰ ਨਾ ਪਵੇ। ਉਹ ਅਜਿਹੀ ਜਗਾਹ ਦੀ ਭਾਲ ਲਈ ਇਕ ਇਸਟੇਟ ਏਜੰਟ ਨਾਲ ਸਲਾਹ ਕਰਦਾ ਹੈ। ਇੰਡਸਟਰੀਅਲ ਏਰੀਏ ਵਿਚ ਕੋਈ ਯੂਨਿਟ ਹੀ ਠੀਕ ਰਹੇਗਾ। ਕਈ ਯੂਨਿਟ ਕਿਰਾਏ ਉਪਰ ਲੱਗੇ ਹੋਏ ਹਨ। ਐਕਟਨ, ਵੈਂਬਲੀ, ਈਲਿੰਗ ਵਿਚ ਤਾਂ ਬਹੁਤ ਯੂਨਿਟ ਹਨ। ਕੁਝ ਕੁ ਜਗਾਵਾਂ ਦੁਕਾਨਾਂ ਦੇ ਪਿੱਛੇ ਵੀ ਮਿਲ ਰਹੀਆਂ ਹਨ ਜਿਥੋਂ ਸਮੋਸੇ ਤਿਆਰ ਕੀਤੇ ਜਾ ਸਕਦੇ ਹਨ ਪਰ ਉਹ ਚਾਹੁੰਦਾ ਕਿ ਸਾਊਥਾਲ ਵਿਚ ਹੀ ਹੋਵੇ। ਘਰ ਦੇ ਨੇੜੇ ਹੋਵੇ ਤੇ ਸਾਊਥਾਲ ਵਿਚ ਕਾਮੀਆਂ ਔਰਤਾਂ ਵੀ ਸਹਿਜੇ ਮਿਲ ਜਾਂਦੀਆਂ ਹਨ ਜੋ ਕਿ ਸਸਤੀਆਂ ਵੀ ਹੁੰਦੀਆਂ ਹਨ। ਕੈਨਾਲ ਰੋਡ ਉਪਰ ਕੈਨਾਲ ਇੰਡਸਟਰੀਅਲ ਇਸਟੇਟ ਹੈ। ਉਥੇ ਅਨੇਕਾਂ ਯੂਨਿਟ ਹਨ। ਛੋਟੇ ਵੀ ਤੇ ਵੱਡੇ ਵੀ। ਏਡੇ ਵੱਡੇ ਵੀ ਕਿ ਫੈਕਟਰੀਆਂ ਲੱਗੀਆਂ ਹੋਈਆਂ ਹਨ। ਉਥੇ ਇਕ ਯੂਨਿਟ ਮਿਲ ਰਿਹਾ ਹੈ ਜਿਥੇ ਕਿ ਪਹਿਲਾਂ ਕੇਕ ਬਣਦੇ ਹੁੰਦੇ ਸਨ। ਹੁਣ ਬੰਦ ਪਿਆ ਹੈ ਪਰ ਇਸ ਦਾ ਕਿਰਾਇਆ ਬਹੁਤ ਹੈ। ਪਰਦੁੱਮਣ ਸਿੰਘ ਹਿਸਾਬ ਲਾ ਕੇ ਦੇਖਦਾ ਹੈ ਕਿ ਇਹ ਤਾਂ ਬਹੁਤ ਮਹਿੰਗਾ ਪਵੇਗਾ। ਉਹ ਤਲਾਸ਼ ਜਾਰੀ ਰੱਖਦਾ ਹੈ। ਪੁਰਾਣੇ ਸਾਊਥਾਲ ਦੇ ਇੰਡਸਟਰੀਅਲ ਏਰੀਏ ਦਾ ਵੀ ਚੱਕਰ ਮਾਰਦਾ ਹੈ ਪਰ ਮਨਪਸੰਦ ਕੁਝ ਨਹੀਂ ਮਿਲ ਰਿਹਾ। ਉਧਰੋਂ ਕੌਂਸਲ ਵਾਲਿਆਂ ਦੀ ਘਰ ਚੈਕ ਕਰਨ ਦੀ ਤਰੀਕ ਨੇੜੇ ਆ ਰਹੀ ਹੈ। ਉਸ ਦਾ ਫਿਕਰ ਵਧ ਰਿਹਾ ਹੈ। 
ਦੇਰ ਹੁੰਦਿਆਂ ਹੁੰਦਿਆਂ ਬਾਰਾਂ ਮਾਰਚ ਆ ਜਾਂਦੀ ਹੈ। ਅੱਜ ਕੌਂਸਲ ਦੇ ਪ੍ਰਤੀਨਿਧਾਂ ਨੇ ਆਉਣਾ ਹੈ। ਕਿਸੇ ਗਵਾਂਢੀ ਦੀ ਸ਼ਿਕਾਇਤ ਉਪਰ ਉਸ ਦੇ ਘਰ ਦਾ ਮੁਆਇਨਾ ਕਰਨਾ ਹੈ। ਪਰ ਉਹ ਇਸ ਲਈ ਤਿਆਰ ਨਹੀਂ ਹੈ। ਅੱਗਿਉਂ ਯੂਨਿਟ ਆਦਿ ਮਿਲ ਨਹੀਂ ਰਿਹਾ। ਉਹ ਸਵੇਰੇ ਹੀ ਘਰ ਨੂੰ ਜਿੰਦਰਾ ਲਗਾ ਕੇ ਨਿਕਲ ਜਾਂਦੇ ਹਨ। ਕੋਈ ਆਵੇ ਤਾਂ ਆਪੇ ਹੀ ਘੰਟੀਆਂ ਕਰ ਕਰ ਕੇ ਮੁੜ ਜਾਵੇ। ਬੱਚਿਆਂ ਨੂੰ ਵੀ ਜਲਦੀ ਭੇਜ ਦਿੰਦੇ ਹਨ ਤੇ ਕੰਮ ਵਾਲੀ ਨੂੰ ਵੀ ਨਹੀਂ ਸੱਦਦੇ। ਇਕ ਦਿਨ ਮਾਲ ਨਹੀਂ ਵੀ ਤਿਆਰ ਹੋਵੇਗਾ ਤਾਂ ਨਾ ਸਹੀ ਘੱਟੋ ਘੱਟ ਜੁਰਮਾਨੇ ਤੋਂ ਤਾਂ ਬਚ ਜਾਣਗੇ। ਸ਼ਾਮ ਨੂੰ ਜਦ ਉਹ ਘਰ ਪਰਤਦੇ ਹਨ ਤਾਂ ਲੈਟਰ ਬਾਕਸ ਰਾਹੀਂ ਸੁੱਟਿਆ ਇਕ ਸਖਤ ਜਿਹਾ ਚੇਤਾਵਨੀ ਪੱਤਰ ਮਿਲਦਾ ਹੈ। ਕੌਂਸਲ ਵਾਲੇ ਆ ਕੇ ਖੱਜਲ ਖਰਾਬ ਹੁੰਦੇ ਮੁੜ ਗਏ ਹਨ। ਇਕ ਹੋਰ ਤਾਰੀਕ ਦੇ ਗਏ ਹਨ ਜੋ ਕਿ ਨੇੜੇ ਦੀ ਹੀ ਹੈ।
ਉਹ ਕੈਨਾਲ ਇੰਡਸਟਰੀਅਲ ਇਸਟੇਟ ਦੇ ਮੈਨੇਜਰ ਹੈਨਰੀ ਕੋਲ ਜਾਂਦਾ ਹੈ। ਹੈਨਰੀ ਦੀਆਂ ਲੰਮੀਆਂ ਸੰਘਣੀਆਂ ਮੁੱਛਾਂ ਤੇ ਭਾਰੀ ਭਰਕਮ ਆਵਾਜ਼ ਉਸ ਦੀ ਸਵਾਗਤ ਕਰਦੀਆਂ ਹਨ। ਉਹ ਦਸ ਬੀ ਨੰਬਰ ਯੂਨਿਟ ਕਿਰਾਏ 'ਤੇ ਲੈ ਲੈਂਦਾ ਹੈ। ਖਾਸ ਲਿਖਾ ਪੜ੍ਹੀ ਨਹੀਂ ਹੈ। ਇਕ ਫਾਰਮ ਹੀ ਭਰਨਾ ਹੈ। ਘਰ ਦੇ ਜਾਂ ਕਿਸੇ ਹੋਰ ਜਾਇਦਾਦ ਦੇ ਮਾਲਕ ਹੋਣ ਦਾ ਸਬੂਤ ਦੇਣਾ ਹੈ ਤੇ ਫਿਰ ਦੋ ਮਹੀਨੇ ਦਾ ਕਿਰਾਇਆ। ਇਕ ਮਹੀਨੇ ਦਾ ਡਿਪੌਜ਼ਟ ਦੇ ਤੌਰ 'ਤੇ ਅਤੇ ਇਕ ਮਹੀਨੇ ਦਾ ਐਡਵਾਂਸ। ਸਾਰੀ ਕਾਰਵਾਈ ਨਿਪਟਾ ਕੇ ਹੈਨਰੀ ਉਸ ਨੂੰ ਦਸ ਬੀ ਯੂਨਿਟ ਦੀਆਂ ਚਾਬੀਆਂ ਫੜਾ ਕੇ ਮੁੱਛਾਂ ਰਾਹੀਂ ਮੁਸਕਰਾਉਂਦਾ ਹੱਥ ਮਿਲਾਉਂਦਾ ਹੈ। ਪਰਦੁੱਮਣ ਬਹੁਤਾ ਖੁਸ਼ ਨਹੀਂ ਹੈ। ਅੱਠ ਸੌ ਪੌਂਡ ਮਹੀਨੇ ਦਾ ਕਿਰਾਇਆ ਹੈ ਤੇ ਦੋ ਸੌ ਪੌਂਡ ਜਨਰਲ ਰੇਟ। ਇਹ ਹਜ਼ਾਰ ਪੌਂਡ ਮਹੀਨੇ ਦਾ ਵਾਧੂ ਕੱਢਣਾ ਪਵੇਗਾ। ਉਹ ਮਨ ਨੂੰ ਤਸੱਲੀ ਦੇਣ ਲਈ ਸੋਚਦਾ ਹੈ ਕਿ ਸਮੋਸੇ ਦੀ ਕੀਮਤ ਵਧਾ ਦੇਵੇਗਾ। ਜਦ ਉਹ ਯੂਨਿਟ ਨੂੰ ਖੋਲ੍ਹਦਾ ਤਾਂ ਜ਼ਿਆਦਾ ਕਿਰਾਏ ਦਾ ਦੁੱਖ ਘਟਣ ਲੱਗਦਾ ਹੈ। ਜਗ੍ਹਾ ਕਾਫੀ ਹੈ। ਸਮੋਸੇ ਬਣਾਉਣ ਲਈ ਦੋ ਮੇਜ਼ ਪਏ ਹਨ। ਦੋ ਭੱਠੀਆਂ ਵੀ ਹਨ। ਸਟੀਲ ਦੇ ਦੋ ਵੱਡੇ ਮੇਜ਼ ਵੀ ਹਨ। ਯੂਨਿਟ ਦੇ ਉਪਰ ਇਕ ਮੰਜ਼ਲ ਬਣਾ ਕੇ ਦਫਤਰ ਬਣਾਏ ਹੋਏ ਹਨ ਤੇ ਸਟਾਫ ਦੇ ਬੈਠਣ ਲਈ ਇਕ ਕਮਰਾ ਵੀ ਹੈ। ਪਰਦੁੱਮਣ ਭੱਠੀਆਂ ਅਤੇ ਕੈਨਪੀ ਤੇ ਧੂੰਆਂ ਕੱਢਣ ਲਈ ਲੱਗੇ ਪੱਖਿਆਂ ਤੋਂ ਬਹੁਤਾ ਖੁਸ਼ ਨਹੀਂ ਹੈ। ਪਰ ਕੰਮ ਚਲਾਇਆ ਜਾ ਸਕਦਾ ਹੈ, ਇਕ ਦਮ ਕੰਮ ਚਲਾਉਣ ਲਈ ਇਹ ਸਭ ਠੀਕ ਹੈ। ਸੋ ਉਹ ਸੋਚਦਾ ਹੈ ਕਿ ਹੌਲੀ ਹੌਲੀ ਸਭ ਕੁਝ ਨਵਾਂ ਲਵਾ ਲਵੇਗਾ, ਇਕ ਵਾਰ ਕੰਮ ਚੱਲਦਾ ਹੋ ਜਾਵੇ।
ਬਰਾਡਵੇਅ ਤੋਂ ਲੇਡੀ ਮਾਰਗਰੇਟ ਰੋਡ ਉਪਰ ਪੈ ਕੇ ਕਾਰਲਾਈਲ ਰੋਡ ਵਾਲਾ ਰਾਊਂਡ ਅਬਾਊਟ ਲੰਘ ਕੇ ਖੱਬੇ ਹੱਥ ਪਾਰਕ ਰੋਡ ਹੈ। ਇਹ ਰੋਡ ਸਪਾਈਕਸ ਪਾਰਕ ਦੇ ਦੂਜੇ ਪਾਸੇ ਜਾ ਜੁੜਦੀ ਹੈ ਤੇ ਇਸ ਵਿਚੋਂ ਹੀ ਸੱਜੇ ਪਾਸੇ ਨੂੰ ਕੈਨਾਲ ਰੋਡ ਮੁੜਦੀ ਹੈ ਜੋ ਕਿ ਰੁਆਇਸਲਿਪ ਰੋਡ ਨੂੰ ਵੀ ਜਾ ਪੈਂਦੀ ਹੈ। ਕੈਨਾਲ ਰੋਡ ਉਪਰ ਹੀ ਇਹ ਕੈਨਾਲ ਇੰਡਸਟਰੀਅਲ ਇਸਟੇਟ ਹੈ। ਇਸ ਇਸਟੇਟ ਦੇ ਦੂਜੇ ਪਾਸੇ ਗਰੈਂਡ ਯੂਨੀਅਨ ਕੈਨਾਲ ਹੈ। ਇਹ ਬਹੁਤ ਪੁਰਾਣੀ ਇਸਟੇਟ ਹੈ ਭਾਵੇਂ ਕਿ ਇਮਾਰਤਾਂ ਢਾਅ ਕੇ ਨਵੀਆਂ ਬਣਾ ਦਿੱਤੀਆਂ ਹੋਈਆਂ ਹਨ। ਜਿਨ੍ਹਾਂ ਦਿਨਾਂ ਵਿਚ ਲੰਡਨ ਦੀ ਢੋਆ ਢੁਆਈ ਨਹਿਰਾਂ ਰਾਹੀਂ ਹੁੰਦੀ ਸੀ ਉਨ੍ਹਾਂ ਦਿਨਾਂ ਦੀ ਹੀ ਹੈ ਇਹ ਇੰਡਸਟਰੀਅਲ ਇਸਟੇਟ। ਪੁਰਾਣੇ ਨਕਸ਼ਿਆਂ ਵਿਚ ਵੀ ਇਸ ਦਾ ਨਾਂ ਪੜ੍ਹਨ ਨੂੰ ਮਿਲ ਜਾਂਦਾ ਹੈ। ਵੈਸੇ ਤਾਂ ਲੇਡੀ ਮਾਰਗਰੇਟ ਤੋਂ ਹੋਰ ਕਈ ਰੋਡਾਂ ਵੀ ਕੈਨਾਲ ਰੋਡ ਉਪਰ ਨੂੰ ਨਿਕਲਦੀਆਂ ਹਨ ਪਰ ਉਹ ਸਾਰੀਆਂ ਛੋਟੀਆਂ ਹਨ। ਪਾਰਕ ਰੋਡ ਤੇ ਫਿਰ ਕੈਨਾਲ ਰੋਡ ਵੱਡੀਆਂ ਰੋਡਾਂ ਹਨ ਜਿਥੋਂ ਦੀ ਲਾਰੀ ਵੀ ਲੰਘਦੀ ਹੈ ਤੇ ਹੋਰ ਟਰੈਫਿਕ ਵੀ ਕਾਫੀ ਹੋ ਜਾਂਦਾ ਹੈ। ਪਰਦੁੱਮਣ ਸਿੰਘ ਦਾ ਘਰ ਇਸ ਯੂਨਿਟ ਤੋਂ ਦਸ ਕੁ ਮਿੰਟ ਤੁਰਨ ਦੀ ਦੂਰੀ 'ਤੇ ਸਥਿਤ ਹੈ। ਉਸ ਦੀ ਰੋਡ ਹਾਰਟਲੀ ਰੋਡ ਪਾਰਕ ਰੋਡ ਨੂੰ ਸਿੱਧੀ ਹੀ ਪੈਂਦੀ ਹੈ।
ਜ਼ਿਆਦਾ ਕਿਰਾਏ ਵਾਲਾ ਕੰਡਾ ਭਾਵੇਂ ਹਾਲੇ ਵੀ ਚੁੱਭ ਰਿਹਾ ਹੈ ਵੈਸੇ ਪਰਦੁੱਮਣ ਹੁਣ ਖੁਸ਼ ਹੈ। ਉਹ ਗਿਆਨ ਕੌਰ ਨੂੰ ਲਿਆ ਕੇ ਨਵੀਂ ਜਗ੍ਹਾ ਦਿਖਾਉਂਦਾ ਹੈ ਤਾਂ ਉਹ ਕਾਹਲੀ ਨਾਲ ਕਹਿੰਦੀ ਹੈ,
“ਐਨੀ ਥਾਂ ਆਪਾਂ ਕੀ ਕਰਨੀ ਐ !”
“ਕੰਮ ਵਧਾਵਾਂਗੇ, ਜੇ ਸਭ ਕੁਸ਼ ਠੀਕ ਰਿਹਾ ਤਾਂ ਇਹ ਜਗ੍ਹਾ ਵੀ ਛੋਟੀ ਪੈ ਜਾਣੀ ਆ, ਤੂੰ ਦੇਖਦੀ ਜਾਹ।”
ਉਹ ਯੂਨਿਟ ਵਿਚ ਨੂੰ ਸਾਮਾਨ ਲੈ ਜਾਣਾ ਸ਼ੁਰੂ ਕਰ ਦਿੰਦੇ ਹਨ ਤੇ ਆਉਂਦੇ ਸੋਮਵਾਰ ਤੋਂ ਉਥੇ ਹੀ ਕੰਮ ਸ਼ੁਰੂ ਕਰ ਦਿੰਦੇ ਹਨ। ਬੁੜੀ ਅਜੈਬ ਕੌਰ ਵੀ ਉਥੇ ਹੀ ਆਉਣ ਲੱਗਦੀ ਹੈ। ਘਰ ਵਿਚ ਦੱਸੀ ਤਰੀਕ ਤੋਂ ਪਹਿਲਾਂ ਹੀ ਡੈਕੋਰੇਟਰ ਨੂੰ ਕੰਮ 'ਤੇ ਲਗਾ ਦਿੰਦਾ ਹੈ। ਪੇਪਰ ਪੇਂਟ ਕਰਾ ਕੇ ਘਰ ਵਿਚ ਇਕਦਮ ਨਵਾਂ ਨਿਕੋਰ ਬਣਿਆ ਦੇਖ ਕੌਂਸਲ ਵਾਲੇ ਮੁਆਇਨਾ ਕਰਕੇ ਮੁੜ ਜਾਂਦੇ ਹਨ। ਪਰਦੁੱਮਣ ਮਨ ਹੀ ਮਨ ਹੱਸਦਾ ਹੈ – ਸੱਪ ਤਾਂ ਨਿਕਲ ਗਿਆ ਹੁਣ ਲੀਕ ਨੂੰ ਕੀ ਕੁੱਟੋਂਗੇ!

ਚਲਦਾ...