ਸਾਊਥਾਲ (ਕਾਂਡ 14)

ਬੇਕਰੀ ਵਿਚ ਪਰਦੁੱਮਣ ਸਿੰਘ ਦੀਆਂ ਸ਼ਿਫਟਾਂ ਹਨ। ਰਾਤ ਦੀ ਸ਼ਿਫਟ ਹੋਵੇ ਤਾਂ ਗਿਆਨ ਕੌਰ ਨੂੰ ਕੰਮ 'ਤੇ ਛੱਡ ਵੀ ਆਉਂਦਾ ਹੈ ਤੇ ਲੈ ਵੀ ਲੈਂਦਾ ਹੈ। ਕਾਰ ਦੀ ਲੋੜ ਮਹਿਸੂਸ ਕਰਦਾ ਉਹ ਕਾਰ ਖਰੀਦ ਲੈਂਦਾ ਹੈ। ਕਾਰ ਬਿਨਾਂ ਕੁਝ ਨਹੀਂ ਕੀਤਾ ਜਾ ਸਕਦਾ। ਬੱਸਾਂ ਵਿਚ ਤਾਂ ਟਾਈਮ ਹੀ ਬਹੁਤ ਖਰਾਬ ਹੁੰਦਾ ਹੈ। ਫੋਰਡ ਦੀ ਸੇਅਰਾ ਕਾਰ ਉਸ ਨੂੰ ਪਸੰਦ ਹੈ। ਫੋਰਡ ਦੀਆਂ ਕਾਰਾਂ ਨੂੰ ਮਜ਼ਦੂਰ ਤਬਕਾ ਬਹੁਤ ਪਸੰਦ ਕਰਦਾ ਹੈ। ਸਸਤੀਆਂ ਪੈਂਦੀਆਂ ਹਨ। ਕੀਮਤ ਵਿਚ ਵੀ, ਮੁਰੰਮਤ ਵਿਚ ਵੀ ਤੇ ਇੰਸ਼ੋਰੰਸ ਵੀ ਦੂਜੀਆਂ ਕਾਰਾਂ ਮੁਕਾਬਲਤਨ ਘੱਟ ਹੁੰਦੀ ਹੈ। ਗਿਆਨ ਕੌਰ ਨੂੰ ਲੈਣ ਆਇਆ ਕਈ ਵਾਰ ਫੈਕਟਰੀ ਦੇ ਅੰਦਰ ਵੀ ਚਲੇ ਜਾਂਦਾ ਹੈ। ਫੈਕਟਰੀ ਦਾ ਮਾਲਕ ਮੋਟਾ ਜਿਹਾ ਸਰਦਾਰ ਹੈ ਜਿਸ ਨੂੰ ਸਾਰੇ ਪੀਟਰ ਕਹਿੰਦੇ ਹਨ। ਅਸਲੀ ਨਾਂ ਸ਼ਾਇਦ ਪ੍ਰੀਤਮ ਸਿੰਘ ਹੋਵੇ। ਉਹ ਪੀਟਰ ਨਾਲ ਹੱਥ ਮਿਲਾਉਂਦਾ ਉਸ ਦਾ ਹਾਲ ਚਾਲ ਪੁੱਛਣ ਲੱਗਦਾ ਹੈ ਪਰ ਉਸ ਦਾ ਧਿਆਨ ਸਮੋਸਿਆਂ ਵਿਚ ਹੁੰਦਾ ਹੈ। ਉਹ ਦੇਖਣਾ ਚਾਹੁੰਦਾ ਹੁੰਦਾ ਹੈ ਕਿ ਕਿਵੇਂ ਬਣਾਏ ਜਾਂਦੇ ਹਨ ਸਮੋਸੇ। ਇਨ੍ਹਾਂ ਵਿਚ ਕਿਹੋ ਜਿਹਾ ਮਸੌਦਾ ਪੈਂਦਾ ਹੋਇਆ। ਇਹ ਕਿੰਨੇ ਦਾ ਵੇਚਦੇ ਹੋਏ ਤੇ ਇਨ੍ਹਾਂ ਨੂੰ ਪੈਂਦਾ ਕਿੰਨੇ ਦਾ ਹੋਵੇਗਾ। ਬੇਕਰੀ ਵਿਚ ਤਾਂ ਹਰ ਵੇਲੇ ਇਹੋ ਹੀ ਸੋਚਦਾ ਰਹਿੰਦਾ ਹੈ ਕਿ ਇਕ ਬਰੈੱਡ ਇਸ ਬੇਕਰੀ ਨੂੰ ਕਿੰਨੇ ਦੀ ਪੈਂਦੀ ਹੋਈ। ਉਸ ਨੂੰ ਇਹ ਸਮੋਸੇ ਉਹਨਾਂ ਸਮੋਸਿਆਂ ਤੋਂ ਕੁਝ ਭਿੰਨ ਲਗਦੇ ਹਨ ਜਿਹੋ ਜਿਹੇ ਗਿਆਨ ਕੌਰ ਘਰ ਬਣਾਇਆ ਕਰਦੀ ਹੈ।
ਉਹ ਗਿਆਨ ਕੌਰ ਨੂੰ ਸਮੋਸਿਆਂ ਬਾਰੇ ਪੁੱਛਣ ਲੱਗਦਾ ਹੈ,
“ਕਿੰਨੇ ਕੁ ਔਖੇ ਆ ਇਹ ਬਣਾਉਣੇ ?”
“ਲੈ, ਇਹ ਵੀ ਕੋਈ ਕੰਮ ਐ, ਸੇਮ ਈ ਆ ਜਿੱਦਾਂ ਦੇ ਘਰ ਬਣਾਈਦੇ ਆ! ਬਸ ਥੋੜਾ ਜਿਹਾ ਫਰਕ ਆ, ਇਕ ਜਾਣੀ ਆਟਾ ਗੁੰਨ ਕੇ ਪੇਸਟਰੀ ਬਣਾ ਲੈਂਦੀ ਐ, ਦੋ ਜਾਣੀਆਂ ਅਸੀਂ ਮਸਾਲਾ ਤਿਆਰ ਕਰ ਲੈਨੇ ਆਂ ਫੇਰ ਰਲ ਕੇ ਭਰੀ ਜਾਈਦੇ ਆ ਤੇ ਡੈਬੀ ਤਲੀ ਜਾਂਦੀ ਐ, ਪੀਟਰ ਤਾਂ ਫੈਕਟਰੀ ਔਂਦਾ ਈ ਘੱਟ ਐ, ਡੈਬੀ ਈ ਸਾਰਾ ਕੰਮ ਚਲੌਂਦੀ ਐ। ਇਕ ਉਹ ਧੀਰੂ ਭਾਈ ਐ, ਡਰੈਵਰ।”
ਪਰਦੁੱਮਣ ਧੀਰੂ ਭਾਈ ਨੂੰ ਜਾ ਘੇਰਦਾ ਹੈ।
“ਭੈਅਈਆ, ਕਿਧਰ ਕਿਧਰ ਜਾਤੇ ਹੋ ?”
ਸਵਾਲ ਪੁੱਛਣ ਤੋਂ ਪਹਿਲਾਂ ਉਹ ਆਪਣੀ ਪਛਾਣ ਗਿਆਨ ਕੌਰ ਦੇ ਪਤੀ ਦੇ ਤੌਰ 'ਤੇ ਕਰਵਾ ਦਿੰਦਾ ਹੈ। ਧੀਰੂ ਭਾਈ ਦੱਸਦਾ ਹੈ,
“ਕੁਸ਼ ਦੁਕਾਨੇਂ, ਕੁਸ਼ ਸਟੋਰ ਅਲੱਗ ਅਲੱਗ ਜਾਤਾ ਰਹਿਤਾ ਹੂੰ, ਨਈ ਜਗਾਹ ਵੀ ਟਰਾਈ ਕਰਤਾ ਰਹਿਤਾ ਹੂੰ।”
“ਕੌਨ ਕੌਨ ਸੇ ਏਰੀਏ ਮੇਂ ਜਾਤੇ ਹੋ?”
“ਪੂਰੇ ਮਿਡਲਸੈਕਸ ਮੇਂ ਜਾਤਾ ਹੂੰ ਲੰਡਨ ਮੇਂ ਜਾਨੇ ਸੇ ਡਰਤਾ ਹੂੰ ਇਧਰ ਟਰੈਫਿਕ ਬਹੁਤ ਹੋਤਾ ਹੈ।”
ਪਰਦੁੱਮਣ ਸੋਚਣ ਲਗਦਾ ਹੈ ਕਿ ਲੰਡਨ ਹੀ ਤਾਂ ਅਸਲੀ ਜਗਾਹ ਹੈ ਮਾਲ ਦੇ ਖਪਤ ਹੋਣ ਲਈ। ਉਸ ਦੇ ਮਨ ਵਿਚ ਆਪ ਸਮੋਸੇ ਬਣਾ ਕੇ ਇਵੇਂ ਹੀ ਡਲਿਵਰ ਕਰਨ ਦੇ ਖਿਆਲ ਘੁੰਮਣ ਲਗਦੇ ਹਨ। ਉਹ ਕਿਸੇ ਨਾਲ ਬਹੁਤੀ ਸਲਾਹ ਨਹੀਂ ਕਰਦਾ ਪਰ ਇਸ ਗੱਲ ਦਾ ਫੈਸਲਾ ਕਰ ਲੈਂਦਾ ਹੈ ਕਿ ਕਿਸੇ ਲਈ ਉਹ ਹੁਣ ਕੰਮ ਨਹੀਂ ਕਰ ਸਕਦਾ। ਬੇਕਰੀ ਵਿਚ ਕਿਸੇ ਦੇ ਹੁਕਮ ਹੇਠ ਕੰਮ ਕਰਨਾ ਉਸ ਨੂੰ ਬਹੁਤ ਬੁਰਾ ਲੱਗ ਰਿਹਾ ਹੈ। ਸਮੋਸਿਆਂ ਦੇ ਕੰਮ ਵਿਚ ਉਸ ਨੂੰ ਉਮੀਦਾਂ ਬੱਝਣ ਲੱਗਦੀਆਂ ਹਨ। ਉਹ ਗਿਆਨ ਕੌਰ ਤੋਂ ਕੁਝ ਸਮੋਸੇ ਮੰਗਵਾਉਂਦਾ ਹੈ ਤੇ ਉਹਨਾਂ ਨੂੰ ਖੋਹਲ ਕੇ ਦੇਖਦਾ ਹੈ ਕਿ ਇਹਨਾਂ ਵਿਚ ਕੀ ਕੀ ਪਾਇਆ ਹੋਇਆ ਹੈ। ਥੋੜਾ ਖਾ ਕੇ ਦੇਖਦਾ ਹੈ। ਇਹਦੇ ਵਿਚ ਮਸਾਲਾ ਕੁਝ ਵਧੇਰੇ ਤੇ ਮਿਰਚ ਘੱਟ ਹੈ। ਗੋਰਿਆਂ ਦੇ ਸਵਾਦ ਨੂੰ ਮੁਹਰੇ ਰੱਖ ਕੇ ਇਹ ਸਮੋਸੇ ਬਣਾਏ ਹੋਏ ਹਨ। ਉਹ ਸਮੋਸੇ ਬਣਾਉਣ ਦਾ ਸਮਾਨ ਲਿਆਉਂਦਾ ਹੈ ਤਾਂ ਜੋ ਬਣਾ ਕੇ ਦੇਖੇ ਕਿ ਇਕ ਸਮੋਸਾ ਕਿੰਨੇ ਦਾ ਪੈਂਦਾ ਹੋਇਆ। ਉਹ ਸਾਰੇ ਟੱਬਰ ਨੂੰ ਹੀ ਨਾਲ ਲਾ ਲੈਂਦਾ ਹੈ ਤੇ ਕੁਝ ਘੰਟਿਆਂ ਵਿਚ ਹੀ ਛੇ ਸੌ ਸਮੋਸਾ ਬਣਾ ਧਰਦਾ ਹੈ। ਇਕ ਸਮੋਸੇ ਨੂੰ ਆਮ ਸਮੋਸੇ ਨਾਲੋਂ ਵੱਡਾ ਰੱਖ ਕੇ ਇਸ ਦਾ ਭਾਰ ਇਕ ਸੌ ਚਾਲੀ ਗਰਾਮ ਕਰ ਦਿੰਦਾ ਹੈ ਤੇ ਫਿਰ ਹਿਸਾਬ ਲਾ ਕੇ ਦੇਖਦਾ ਹੈ ਕਿ ਇਕ ਸਮੋਸਾ ਪੰਦਰਾਂ ਕੁ ਪੈਨੀਆਂ ਦਾ ਹੀ ਪੈ ਰਿਹਾ ਹੈ। ਅੱਗੇ ਦੁਕਾਨਾਂ ਉਪਰ ਤੀਹ ਪੈਂਸ ਦਾ ਜਾਂਦਾ ਹੈ ਤੇ ਦੁਕਾਨਦਾਰ ਨੇ ਅੱਗੇ ਪੰਜਾਹ ਪੈਂਸ ਦਾ ਵੇਚਣਾ ਹੈ। ਜਿਹੜੇ ਨਹੀਂ ਵਿਕਣਗੇ ਉਹਨਾਂ ਨੂੰ ਉਹ ਵਾਪਸ ਲੈ ਲਵੇਗਾ। ਭਾਵ ਕੇ ਮਾਲ ਵੇਚ ਕੇ ਪੈਸੇ ਦਿਓ ਤੇ ਜੋ ਨਾ ਵਿਕੇ ਉਹ ਵਾਪਸ। ਇਹ ਸਾਰੀ ਜਾਣਕਾਰੀ ਉਹ ਧੀਰੂ ਭਾਈ ਤੋਂ ਪ੍ਰਾਪਤ ਕਰਦਾ ਹੈ। ਅਗਲੇ ਦਿਨ ਪਰਦੁੱਮਣ ਜਾ ਕੇ ਇਹ ਛੇ ਸੌ ਦਾ ਛੇ ਸੌ ਸਮੋਸਾ ਦੁਕਾਨਾਂ ਵਿਚ ਰੱਖ ਆਉਂਦਾ ਹੈ। ਕੁਝ ਦੁਕਾਨਦਾਰ ਨਾਂਹ ਕਰਦੇ ਹਨ ਪਰ ਬਹੁਤੇ ਰੱਖ ਲੈਂਦੇ ਹਨ। ਉਸਦਾ ਉਤਸ਼ਾਹ ਦੁੱਗਣਾ ਹੋ ਜਾਂਦਾ ਹੈ। ਗਿਆਨ ਕੌਰ ਆਖਦੀ ਹੈ,
“ਇਹ ਕਿਰਾਏ ਦੀ ਜਗ੍ਹਾ, ਫੇਰ ਛੋਟਾ ਜਿਹਾ ਫਲੈਟ ਐ, ਕੋਈ ਗਵਾਂਢੀ ਸ਼ਕੈਤ ਈ ਕਰ ਦਿੰਦਾ। ਕੁਕਿੰਗ ਦੀ ਸਮੈੱਲ ਦੂਰ ਤੱਕ ਜਾਂਦੀ ਐ।”
“ਜਦੋਂ ਕੋਈ ਸ਼ਕਾਇਤ ਕਰੂ ਤਾਂ ਬੰਦ ਕਰ ਦੇਵਾਂਗੇ ਪਰ ਤੂੰ ਬਣਾ, ਓਨੇ ਕੁ ਈ ਹੋਰ ਬਣਾ ਦੇ।”
ਅਗਲੇ ਦਿਨ ਉਹ ਹੋਰ ਸਮਾਨ ਲੈ ਆਉਂਦਾ ਹੈ। ਅੱਜ ਉਹ ਮੀਟ ਦੇ ਵੀ ਬਣਾਉਂਦੇ ਹਨ। ਉਹ ਲੈਂਬ ਤੇ ਚਿਕਨ ਦੇ ਸਮੋਸੇ ਤਿਆਰ ਕਰਦੇ ਹਨ। ਸਮੋਸਿਆਂ ਦਾ ਆਪਸ ਵਿਚ ਫਰਕ ਰੱਖਣ ਲਈ ਲੈਂਬ ਦੇ ਸਮੋਸਿਆਂ ਵਿਚ ਥੋੜਾ ਜਿਹਾ ਲਾਲ ਰੰਗ ਪਾ ਦਿੰਦਾ ਹੈ ਤੇ ਚਿਕਨ ਦੇ ਸਮੋਸਿਆਂ ਵਿਚ ਪੀਲਾ। ਉਹ ਭਵਿੱਖ ਬਾਰੇ ਸੋਚਦਾ ਖੁਸ਼ ਹੁੰਦਾ ਗਿਆਨ ਕੌਰ ਨੂੰ ਕਹਿੰਦਾ ਹੈ,
“ਐਡਾ ਵੱਡਾ ਲੰਡਨ ਐ, ਮੈਂ ਤਾਂ ਇਕ ਇਕ ਦੁਕਾਨ ਸਮੋਸਿਆਂ ਨਾਲ ਭਰ ਦੇਊਂ।”
ਉਹ ਅਗਲੇ ਦਿਨ ਸਮੋਸੇ ਲੈ ਕੇ ਦੁਕਾਨਾਂ ਵਿਚ ਜਾਂਦਾ ਹੈ। ਬਹੁਤੀਆਂ ਥਾਵਾਂ 'ਤੇ ਸਮੋਸੇ ਵਿਕੇ ਹੋਏ ਹਨ। ਕੁਝ ਕੁ ਸਮੋਸੇ ਉਹ ਪਹਿਲੀਆਂ 'ਤੇ ਰੱਖ ਕੇ ਕੁਝ ਕੁ ਹੋਰ ਨਵੀਆਂ ਦੁਕਾਨਾਂ 'ਤੇ ਰੱਖ ਦਿੰਦਾ ਹੈ। ਸਮੋਸਿਆਂ ਦਾ ਨਾਂ ਤਾਂ ਲੰਡਨ ਵਾਸੀਆਂ ਦੇ ਮਨਾਂ ਵਿਚ ਪਹਿਲਾਂ ਹੀ ਖੁਣ ਹੋ ਚੁੱਕਾ ਹੈ ਪਰ ਬਹੁਤੇ ਦੁਕਾਨਦਾਰਾਂ ਨੂੰ ਇਨ੍ਹਾਂ ਦੇ ਵਿਕਣ ਵਿਚ ਯਕੀਨ ਨਹੀਂ ਹੈ। ਪਰ ਜਦ ਦੁਕਾਨਦਾਰ ਨੂੰ ਇਹ ਕਹਿੰਦਾ ਹੈ ਕਿ ਨਾ ਵਿਕਣ ਦੀ ਸੂਰਤ ਵਿਚ ਉਹ ਵਾਪਸ ਲੈ ਲਵੇਗਾ ਤੇ ਪੈਸੇ ਵੀ ਇਨ੍ਹਾਂ ਦੇ ਵਿਕਣ ਤੋਂ ਬਾਅਦ ਹੀ ਲਵੇਗਾ ਤਾਂ ਦੁਕਾਨ ਵਾਲੇ ਰੱਖ ਲੈਂਦੇ ਹਨ। ਜਿਹੜੇ ਇਨ੍ਹਾਂ ਨੂੰ ਕਾਊਂਟਰ 'ਤੇ ਰੱਖ ਕੇ ਵੇਚਦੇ ਹਨ ਉਨ੍ਹਾਂ ਦੇ ਤਾਂ ਇਕਦਮ ਵਿਕ ਜਾਂਦੇ ਹਨ।
ਇਕ ਗਵਾਂਢਣ ਗਿਆਨ ਕੌਰ ਨੂੰ ਪੁੱਛਦੀ ਹੈ,
“ਸਾਰੀ ਰਾਤ ਤੁਹਾਡੇ ਕੁਝ ਪੱਕਣ ਦੀ ਸਮੈੱਲ ਆਉਂਦੀ ਰਹਿੰਦੀ ਐ।”
“ਸਾਡੀ ਰਿਸ਼ਤੇਦਾਰੀ ਵਿਚ ਵਿਆਹ ਜਿਉਂ ਐ।” 
“ਅੱਛਾ ! ਉਪਰ ਵਾਲੀ ਗੋਰੀ ਕੱਲ ਬੁੜ ਬੁੜ ਕਰਦੀ ਫਿਰਦੀ ਸੀ।”
ਸੁਣ ਕੇ ਗਿਆਨ ਕੌਰ ਡਰ ਜਾਂਦੀ ਹੈ ਪਰ ਪਰਦੁੱਮਣ ਸਿੰਘ ਖੁਸ਼ ਹੈ। ਅਗਲੇ ਹਫਤੇ ਜਦ ਪੈਸੇ ਇਕੱਠੇ ਕਰਕੇ, ਖਰਚਾ ਕੱਢਦਾ ਹੈ ਤਾਂ ਉਸ ਦੀ ਵਧੀਆ ਤਨਖਾਹ ਨਿਕਲ ਆਉਂਦੀ ਹੈ। ਕੁਝ ਦਿਨ ਹੋਰ ਨਿਕਲਦੇ ਹਨ ਤਾਂ ਉਨ੍ਹਾਂ ਦਾ ਆਪਣਾ ਘਰ ਖਾਲੀ ਹੋ ਜਾਂਦਾ ਹੈ। ਘਰ ਦੀ ਲੌਂਜ ਨੂੰ ਉਹ ਸਮੋਸਿਆਂ ਲਈ ਹੀ ਵਰਤਣ ਲੱਗਦਾ ਹੈ।
ਵੱਡੀ ਸਾਰੀ ਕੜਾਹੀ ਲੈ ਆਉਂਦਾ ਹੈ। ਆਪ ਵੀ ਕੰਮ ਛੱਡ ਦਿੰਦਾ ਹੈ ਤੇ ਗਿਆਨ ਕੌਰ ਦਾ ਵੀ ਛੁਡਵਾ ਦਿੰਦਾ ਹੈ। ਕੁਝ ਦਿਨਾਂ ਵਿਚ ਹੀ ਉਸ ਨੂੰ ਕੰਮ ਕਰਨ ਵਾਲੀ ਇਕ ਹੋਰ ਔਰਤ ਦੀ ਜ਼ਰੂਰਤ ਮਹਿਸੂਸ ਹੋਣ ਲੱਗਦੀ ਹੈ। ਦਿਨੇ ਬੱਚੇ ਸਕੂਲ ਹੁੰਦੇ ਹਨ। ਸ਼ਾਮ ਨੂੰ ਉਨ੍ਹਾਂ ਹੋਮ ਵਰਕ ਵੀ ਕਰਨਾ ਹੁੰਦਾ ਹੈ। ਗਿਆਨ ਕੌਰ ਨੇ ਵੀ ਘਰ ਦੇ ਕੰਮ ਨਿਪਟਾਉਣੇ ਹੁੰਦੇ ਹਨ। ਉਹ ਆਪ ਤਾਂ ਸਵੇਰ ਦਾ ਗਿਆ ਸ਼ਾਮ ਨੂੰ ਹੀ ਮੁੜਦਾ। ਹੁਣ ਉਸ ਨੂੰ ਵੈਨ ਖਰੀਦਣੀ ਪੈ ਰਹੀ ਹੈ ਕਿਉਂਕਿ ਕਾਰ ਵਿਚ ਸਮਾਨ ਨਹੀਂ ਆ ਰਿਹਾ ਤੇ ਨਾਲੇ ਕਾਰ ਵਿਚੋਂ ਸਮਾਨ ਕਢਣ ਲਈ ਬਹੁਤਾ ਝੁਕਣਾ ਪੈਂਦਾ ਹੈ ਜੋ ਉਸ ਨੂੰ ਕੁਝ ਔਖਾ ਲਗਦਾ ਹੈ। ਉਹ ਸਾਰਾ ਦਿਨ ਭੱਜਾ ਫਿਰਦਾ ਹੈ ਪਰ ਇੰਨਾ ਖੁਸ਼ ਹੈ ਕਿ ਥਕਾਵਟ ਉਸ ਦੇ ਨੇੜੇ ਤੱਕ ਨਹੀਂ ਆਉਂਦੀ। ਇਕ ਦਿਨ ਘਰ ਆਉਂਦਾ ਹੈ। ਗਿਆਨ ਕੌਰ ਤੇ ਕੰਮ 'ਤੇ ਰੱਖੀ ਔਰਤ ਨੂੰ ਕੰਮ ਕਰਦਿਆਂ ਦੇਖਦਾ ਹੈ। ਫਿਰ ਉਹ ਗਿਆਨ ਕੌਰ ਨੂੰ ਆਖਦਾ ਹੈ,
“ਤੈਨੂੰ ਇਹ ਔਰਤ ਕਿਥੋਂ ਮਿਲੀ ?”
“ਕੌਣ ? ਇਹ ਅਜੈਬ ਕੌਰ ?”
“ਹਾਂ।”
“ਕਿਉਂ ?”
“ਇਹ ਤਾਂ ਬਹੁਤ ਬੁੱਢੀ ਐ, ਕੋਈ ਜਵਾਨ ਲੱਭ ਜਿਹੜੀ ਕੰਮ ਨੂੰ ਛੋਹਲੀ ਹੋਵੇ, ਕੰਮ ਛੇਤੀ ਨਿੱਬੜੇ।”
“ਏਹਨੂੰ ਵਿਚਾਰੀ ਨੂੰ ਆਪਾਂ ਦਿੰਨੇ ਈ ਕੀ ਆਂ।”
“ਸਾਰਾ ਸਾਊਥਾਲ ਏਦਾਂ ਦੀਆਂ ਵਿਚਾਰੀਆਂ ਨਾਲ ਭਰਿਆ ਪਿਐ, ਬਥੇਰੀਆਂ ਇਲਲੀਗਲ ਜਿਹੀਆਂ ਤੁਰੀਆਂ ਫਿਰਦੀਆਂ।”
“ਮੈਨੂੰ ਤਾਂ ਕੋਈ ਦਿੱਸਦੀ ਨਹੀਂ।”
“ਕਿਸੇ ਤੋਂ ਪੁੱਛਗਿੱਛ ਕਰਦੇ ਆਂ, ਮੈਂ ਇਧਰੋਂ ਉਧਰੋਂ ਪਤਾ ਕਰਦਾਂ।”
ਉਹ ਆਖਦਾ ਹੈ। ਜਦ ਉਹ ਜਵਾਨ ਔਰਤ ਦੀ ਗੱਲ ਕਰਦਾ ਹੈ ਤਾਂ ਉਸ ਦੀਆਂ ਅੱਖਾਂ ਵਿਚ ਲਿਸ਼ਕੋਰ ਪਲਟੇ ਖਾਣ ਲਗਦੀ ਹੈ। ਉਸ ਨੂੰ ਮੈਡਮ ਨੀਰੂ ਦੀ ਯਾਦ ਆਉਣ ਲੱਗਦੀ ਹੈ। ਕਿੰਨੇ ਦਿਨ ਹੋ ਗਏ ਹਨ ਉਸ ਨੇ ਨੀਰੂ ਨੂੰ ਫੋਨ ਨਹੀਂ ਕੀਤਾ। ਉਹ ਉਸੇ ਸ਼ਾਮ ਹੀ ਨੀਰੂ ਨੂੰ ਫੋਨ ਕਰਕੇ ਹਾਲ ਚਾਲ ਪੁੱਛਦਾ ਹੈ। ਨੀਰੂ ਉਸ ਨੂੰ ਆਖਦੀ ਹੈ ਕਿ ਪੰਜਾਬ ਹੁਣ ਕਦੋਂ ਆਓਗੇ ਤਾਂ ਉਹ ਉਤਰ ਦਿੰਦਾ ਹੈ,
“ਹਾਲਾਤ ਕੁਸ਼ ਠੀਕ ਹੋ ਜਾਣ ਮੈਂ ਗੇੜਾ ਮਾਰੂੰ, ਤੁਹਾਡੇ ਬਿਨਾਂ ਮੈਡਮ ਜੀ ਮਨ ਬਹੁਤ ਉਦਾਸ ਐ।”
ਗੱਲ ਕਰਦਾ ਉਹ ਉਦਾਸ ਜਿਹਾ ਹੋ ਜਾਂਦਾ ਹੈ ਤੇ ਉਸ ਦੇ ਮਨ ਵਿਚ ਇਕ ਖੋਹ ਜਿਹੀ ਵੀ ਪੈਣ ਲਗਦੀ ਹੈ। ਇਕ ਦਿਨ ਗਿਆਨ ਕੌਰ ਕਹਿੰਦੀ ਹੈ,
“ਨਿਆਣੇ ਰੌਲਾ ਪਾਉਂਦੇ ਆ ਕਿ ਘਰ 'ਚੋਂ ਤੇਲ ਦਾ ਮੁਸ਼ਕ ਔਂਦੈ।”
“ਜਿਥੇ ਸਮੋਸੇ ਬਣਾਈਏ ਉਥੋਂ ਫੁੱਲਾਂ ਦੀ ਮਹਿਕ ਤਾਂ ਆਉਣੋਂ ਰਹੀ।”
“ਮੇਰਾ ਮਤਲਬ ਕੋਈ ਪੀਟਰ ਵਰਗੀ ਜਗ੍ਹਾ ਦੇਖ ਲਈਏ, ਘਰ ਤੋਂ ਜ਼ਰਾ ਹਟਵੀਂ।”
“ਗੱਲ ਤਾਂ ਤੇਰੀ ਠੀਕ ਐ, ਪਰ ਖਰਚੇ ਵੱਧ ਜਾਣੇ ਆਂ, ਫੇਰ ਵੀ ਦੇਖਦੇ ਆਂ ਕੁਸ਼।”
ਅਗਲੀ ਵਾਰ ਘਰ ਵੜਦਾ ਹੈ ਤਾਂ ਤੇਲ ਦੀ ਸੁੰਘ ਉਸ ਨੂੰ ਵੀ ਆਉਣ ਲੱਗਦੀ ਹੈ। ਉਹ ਸੋਚਦਾ ਹੈ ਕਿ ਕੋਈ ਯੂਨਿਟ ਮਿਲ ਜਾਏ ਤਾਂ ਈ ਠੀਕ ਰਹੇਗਾ ਤੇ ਯੂਨਿਟ ਮਿਲਦੇ ਸਾਰ ਹੀ ਘਰ ਨੂੰ ਨਵਾਂ ਪੇਂਟ ਕਰਵਾ ਦੇਵੇਗਾ। ਪੇਂਟ ਕਰਵਾਉਣ ਨਾਲ ਘਰ ਵਿਚੋਂ ਆਉਂਦਾ ਮੁਸ਼ਕ ਉੜ ਜਾਵੇਗਾ। ਵੈਸੇ ਵੀ ਕਿਰਾਏਦਾਰਾਂ ਨੇ ਘਰ ਨੂੰ ਹੱਥ ਫੇਰਨ ਵਾਲਾ ਕਰ ਦਿੱਤਾ ਹੋਇਆ ਹੈ।
ਸ਼ਾਮ ਨੂੰ ਵਿਸਕੀ ਦਾ ਪੈਗ ਪਾ ਕੇ ਟੈਲੀ ਮੂਹਰੇ ਬੈਠਦਾ ਗਿਆਨ ਕੌਰ ਨੂੰ ਆਖਦਾ ਹੈ,
“ਕੁੱਬੇ ਦੇ ਮਾਰੀ ਲੱਤ ਤੇ ਕੁੱਬੇ ਨੂੰ ਠੀਕ ਬੈਠ ਗਈ, ਕੁੱਬ ਵੀ ਸਿੱਧਾ ਹੋ ਗਿਆ, ਇੰਡੀਆ ਬੈਠੇ ਹੁੰਦੇ ਤਾਂ ਆਹ ਦਿਨ ਕਿਥੋਂ ਦੇਖਣੇ ਸੀ।”
“ਵਾਹਿਗੁਰੂ ਸਭ ਵੱਲ ਦੇਖਦੈ। ਅਸੀਂ ਕਿਹੜਾ ਕਿਸੇ ਦਾ ਬੁਰਾ ਕੀਤਾ ਸੀ।”
“ਆਹੋ, ਇਹ ਤਾਂ ਠੀਕ ਐ, ਪਰ ਵਾਹਿਗੁਰੂ ਨੇ ਐਡਾ ਪੰਗਾ ਪਾ ਕੇ ਈ ਸਾਡੇ ਵਲ ਦੇਖਣਾ ਹੋਇਆ।”
“ਕਹਿੰਦੇ ਆ ਉਹ ਇਮਤਿਹਾਨ ਵੀ ਲੈਂਦਾ।”
“ਚੱਲ ਉਹਦੀ ਮਰਜ਼ੀ, ਲੈ ਲਏ ਜਿੰਨੇ ਇਮਤਿਹਾਨ ਲੈਣੇ ਆਂ।”
ਉਹ ਪੈੱਗ ਖਤਮ ਕਰਦਾ ਇਵੇਂ ਆਖਦਾ ਹੈ ਜਿਵੇਂ ਹਰ ਔਖ ਲਈ ਤਿਆਰ ਬੈਠਾ ਹੋਵੇ, ਉਹ ਫਿਰ ਆਖਣ ਲੱਗਦਾ ਹੈ,
“ਗੋਰਿਆਂ ਦੀ ਕਹਾਵਤ ਹੈ ਕਿ ਜਿਹੜਾ ਬੰਦਾ ਚਾਲੀ ਸਾਲ ਤੱਕ ਐਸਟੈਬਲਸ਼ ਹੋ ਗਿਆ ਸੋ ਹੋ ਗਿਆ, ਉਸ ਤੋਂ ਬਾਅਦ ਨਹੀਂ ਹੋ ਸਕਦਾ ਪਰ ਮੈਂ ਇਨ੍ਹਾਂ ਗੋਰਿਆਂ ਦੀ ਕਹਾਵਤ ਵੀ ਝੂਠੀ ਕਰ ਦੇਣੀ ਆਂ।”
“ਠੀਕ ਐ ਪਰ ਨਿਆਣਿਆਂ ਵੱਲ ਵੀ ਧਿਆਨ ਦਓ, ਜਿੱਦਣ ਦੇ ਏਸ ਘਰ 'ਚ ਆਏ ਆ, ਇਕੱਠਿਆਂ ਨੇ ਬੈਠ ਕੇ ਰੋਟੀ ਨਹੀਂ ਖਾਧੀ।”
“ਉਹ ਹੁਣ ਕਿਹੜੇ ਨਿਆਣੇ ਆ, ਆਪਣੇ ਆਪ ਨੂੰ ਸੰਭਾਲ ਸਕਦੇ ਆ, ਨਾਲੇ ਅਸੀਂ ਆਹ ਸਭ ਉਨ੍ਹਾਂ ਲਈ ਈ ਕਰਦੇ ਆਂ। ਹਾਂ, ਰਾਜਵਿੰਦਰ ਕਾਰ ਦਾ ਟੈਸਟ ਪਾਸ ਕਰ ਲਵੇ ਤਾਂ ਮੈਨੂੰ ਸੌਖ ਰਹੇ।”
“ਪੜ੍ਹਨ ਦਿਓ ਜੇ ਪੜ੍ਹਦਾ ਤਾਂ।”
“ਮੈਨੂੰ ਨਹੀਂ ਲੱਗਦਾ, ਓਹਦੇ ਲੱਛਣ ਨਹੀਂ ਪੜ੍ਹਨ ਵਾਲੇ, ਕਦੇ ਕਿਤਾਬ ਚੁੱਕੀ ਓਹਨੇ ! ਹਰ ਵੇਲੇ ਟੈਲੀ ਵਿਚ ਵੜਿਆ ਰਹਿੰਦੈ।”
ਦੋਵੇਂ ਕੁੜੀਆਂ ਨੂੰ ਪੜ੍ਹਾਈ ਨੂੰ ਠੀਕ ਚੱਲ ਪਈਆਂ ਹਨ। ਛੋਟੇ ਬਲਰਾਮ ਨੂੰ ਟਿਊਸ਼ਨ ਰਖਾਉਣ ਬਾਰੇ ਪਰਦੁੱਮਣ ਸੋਚਣ ਲੱਗਦਾ ਹੈ। ਵੱਡਾ ਰਾਜ ਤਾਂ ਘਰ ਵਿਚ ਕਿਸੇ ਨਾਲ ਬਹੁਤਾ ਬੋਲਦਾ ਵੀ ਨਹੀਂ ਹੈ। ਜਿੰਨੀ ਗੱਲ ਪੁੱਛ ਲਵੋ ਓਨੀ ਦਾ ਹੀ ਜਵਾਬ ਦਿੰਦਾ ਹੈ। ਕਦੇ ਕਦੇ ਬਲਰਾਮ ਨਾਲ ਜਾਂ ਕੁੜੀਆਂ ਨਾਲ ਲੜਦਾ ਜ਼ਰੂਰ ਹੈ। ਕਦੇ ਕਦੇ ਉਸਦਾ ਕੋਈ ਦੋਸਤ ਉਸ ਨਾਲ ਘਰ ਆ ਜਾਂਦਾ ਹੈ। ਪਰਦੁੱਮਣ ਸਿੰਘ ਨੂੰ ਉਸ ਦੇ ਦੋਸਤ ਚੰਗੇ ਨਹੀਂ ਲੱਗਦੇ। ਕਦੇ ਕਦੇ ਪਰਦੁੱਮਣ ਸਿੰਘ ਦਾ ਦਿਲ ਕਰਦਾ ਹੈ ਕਿ ਰਾਜਵਿੰਦਰ ਨੂੰ ਖੂਬ ਦਬਕੇ ਪਰ ਫਿਰ ਉਹ ਸੋਚਦਾ ਹੈ ਕਿ ਢੀਠ ਹੀ ਨਾ ਹੋ ਜਾਵੇ ਕਿ ਬਿਲਕੁਲ ਹੀ ਕਿਹਾ ਮੰਨਣੋਂ ਹੀ ਹਟ ਜਾਵੇ।
ਕਾਰੇ ਵੱਲ ਉਸ ਤੋਂ ਕਾਫੀ ਦਿਨਾਂ ਤੋਂ ਜਾ ਨਹੀਂ ਹੋਇਆ ਤੇ ਨਾ ਹੀ ਉਹ ਆਉਂਦਾ ਹੈ। ਉਹ ਗਿਆਨ ਕੌਰ ਨੂੰ ਕਹਿੰਦਾ ਹੈ,
“ਕਿਸੇ ਦਿਨ ਸੁਰਜੀਤ ਕੌਰ ਨੂੰ ਫੋਨ ਈ ਕਰ ਲੈ, ਉਨ੍ਹਾਂ ਨੇ ਕਹਿਣਾ ਕਿ ਮੁੜ ਕੇ ਬਾਤ ਈ ਨਹੀਂ ਪੁੱਛੀ, ਹੈਲੋ ਤਕ ਨਹੀਂ ਕਹੀ।”
“ਕਿਹੜੇ ਵੇਲੇ ਕਰਾਂ ਫੋਨ ?”
“ਤਕਾਲ੍ਹਾਂ ਨੂੰ ਘੰਟੀ ਮਾਰ ਦੇ ਕਦੇ।”
“ਮੈਂ ਇਹ ਵੀ ਸੋਚਦੀ ਆਂ ਕਿ ਉਹਨੇ ਕਹਿਣਾ ਕਿ ਏਧਰ ਆ ਜਾਓ ਇਕੱਠੇ ਰੋਟੀ ਖਾਵਾਂਗੇ ਪਰ ਸਾਡੇ ਕੋਲ ਤਾਂ ਜਾਣ ਦਾ ਟਾਈਮ ਹੀ ਨਹੀਂ ਤੇ ਜੇ ਉਨ੍ਹਾਂ ਨੂੰ ਸੱਦੀਏ ਤਾਂ ਬਿਠਾਈਏ ਕਿਥੇ, ਸਾਰੀ ਲੌਂਜ ਸਾਡੀ ਸਮਾਨ ਨਾਲ ਭਰੀ ਪਈ ਆਂ ਤੇ ਰਸੋਈ ਵਿਚ ਤੇਲ ਈ ਤੇਲ ਹੋਇਆ ਪਿਐ। ਸਗਾਂ ਤੇ ਇਕ ਦਿਨ ਮਨਦੀਪ ਦਾ ਫੋਨ ਆਇਆ ਸੀ, ਮੈਂ ਬਹੁਤੀ ਗੱਲਬਾਤ ਬਿਨਾਂ ਈ ਰੱਖ ਦਿੱਤਾ।”
ਇਕ ਦਿਨ ਸਵੇਰੇ ਸਵੇਰੇ ਡਾਕ ਦੇਖਦਾ ਹੈ। ਕੌਂਸਲ ਦੀ ਇਕ ਚਿੱਠੀ ਆਈ ਹੈ। ਖੋਲ੍ਹਦਾ ਹੈ। ਨੋਟਿਸ ਹੈ ਕਿ ਤੁਸੀਂ ਘਰੋਂ ਕੋਈ ਵਿਓਪਾਰ ਕਰਦੇ ਹੋ ਤੇ ਗੈਰਕਾਨੂੰਨੀ ਕੁਕਿੰਗ ਕਰ ਰਹੇ ਹੋ। ਅਸੀਂ ਤੁਹਾਡੇ ਘਰ ਦਾ ਮੁਆਇਨਾ ਕਰਨਾ ਚਾਹੁੰਦੇ ਹਾਂ। ਉਨ੍ਹਾਂ ਨੇ ਆਪਣੇ ਆਉਣ ਦੀ ਤਾਰੀਕ ਬਾਰਾਂ ਮਾਰਚ ਦਿੱਤੀ ਹੋਈ ਹੈ। ਉਹ ਪ੍ਰੇਸ਼ਾਨ ਹੁੰਦਾ ਨੋਟਿਸ ਇਕ ਪਾਸੇ ਰੱਖਦਾ ਮਨ ਹੀ ਮਨ ਆਖਦਾ ਹੈ,
“ਇਹ ਸਾਹਮਣੇ ਘਰ ਵਾਲਾ ਟੌਮ ਹੀ ਹੋਵੇਗਾ।”
ਉਹ ਕਾਰ ਖੜੀ ਕਰਨ ਵਕਤ ਉਸ ਨਾਲ ਬਹਿਸ ਪਿਆ ਸੀ। ਸ਼ਾਇਦ ਉਸ ਨੇ ਹੀ ਸ਼ਿਕਾਇਤ ਕੀਤੀ ਹੋਵੇ ਜਾਂ ਕਿਸੇ ਹੋਰ ਗਵਾਂਢੀ ਵੀ ਹੋ ਸਕਦਾ ਹੈ। ਉਹ ਇਸ ਬਾਰੇ ਬਹੁਤਾ ਨਹੀਂ ਸੋਚਦਾ। ਉਸ ਨੂੰ ਪਤਾ ਹੈ ਕਿ ਸਮੋਸੇ ਪਕਾਉਣ ਨਾਲ ਉਠਦੇ ਮੁਸ਼ਕ ਨਾਲ ਸਾਰੇ ਗਵਾਂਢੀ ਹੀ ਔਖੇ ਹੋਣਗੇ।

ਚਲਦਾ....