ਸਾਊਥਾਲ (ਕਾਂਡ 16)

ਨਵੀਂ ਜਗ੍ਹਾ ਆ ਕੇ ਉਨ੍ਹਾਂ ਨੂੰ ਕੰਮ ਬਹੁਤਾ ਜ਼ਿਆਦਾ ਲੱਗਣ ਲੱਗਦਾ ਹੈ। ਘਰ ਵਿਚ ਸਨ ਤਾਂ ਜਦੋਂ ਮਰਜ਼ੀ ਘਰ ਦਾ ਕੰਮ ਵੀ ਕਰ ਲਿਆ ਤੇ ਸਮੋਸਿਆਂ ਦਾ ਵੀ ਪਰ ਹੁਣ ਇਥੇ ਮਿਥੇ ਸਮੇਂ 'ਤੇ ਸ਼ੁਰੂ ਕਰਕੇ ਤੇ ਨਿਸਚਤ ਸਮੇਂ 'ਤੇ ਖਤਮ ਕਰਨਾ ਪੈਂਦਾ ਹੈ। ਪ੍ਰਦੁੱਮਣ ਸਿੰਘ ਦੀ ਭੱਜ ਦੌੜ ਵੀ ਬਹੁਤ ਵੱਧ ਜਾਂਦੀ ਹੇ। ਕਦੇ ਮਾਰਕੀਟ ਜਾਹ, ਕਦੇ ਆਟਾ ਲਿਆ, ਕਦੇ ਸਮੋਸੇ ਦੇਣ ਜਾਹ। ਯੂਨਿਟ ਵਿਚ ਵੀ ਕੋਈ ਨਾ ਕੋਈ ਕੰਮ ਕਰਵਾਉਂਦਾ ਰਹਿੰਦਾ ਹੈ। ਮਾਲ ਡਲਿਵਰ ਕਰਨ ਗਿਆ ਵੀ ਲੇਟ ਮੁੜ ਹੁੰਦਾ ਹੈ। ਉਹ ਥਕਿਆ ਥਕਿਆ ਮਹਿਸੂਸ ਕਰਨ ਲਗਦਾ ਹੈ। ਉਹ ਸੋਚਦਾ ਹੈ ਕਿ ਕਿਉਂ ਨਾ ਰਾਜਵਿੰਦਰ ਨੂੰ ਆਪਣੇ ਨਾਲ ਕੰਮ 'ਤੇ ਲਾਵੇ।

ਰਾਜਵਿੰਦਰ ਨੇ ਸਕੂਲ ਛੱਡ ਦਿੱਤਾ ਹੈ ਤੇ ਕੰਮ ਦੀ ਤਲਾਸ਼ ਵਿਚ ਹੈ। ਉਸ ਨੂੰ ਕੁਕਿੰਗ ਦਾ ਕੰਮ ਚੰਗਾ ਨਹੀਂ ਲੱਗ ਰਿਹਾ। ਘਰ ਵਿਚ ਵੀ ਜਦ ਸਮੋਸੇ ਪੱਕ ਰਹੇ ਹੁੰਦੇ ਤਾਂ ਉਹ ਬਾਹਰ ਨਿਕਲ ਜਾਂਦਾ। ਹੁਣ ਫੈਕਟਰੀ ਜਾ ਕੇ ਵੀ ਬਹੁਤਾ ਖੁਸ਼ ਨਹੀਂ ਹੈ। ਪ੍ਰਦੁੱਮਣ ਸਿੰਘ ਨੇ ਆਪਣੇ ਯੂਨਿਟ ਨੂੰ ਫੈਕਟਰੀ ਕਹਿਣਾ ਸ਼ੁਰੂ ਕਰ ਦਿੱਤਾ ਹੈ। ਜੇ ਕੋਈ ਉਸ ਦਾ ਇਹ ਫੈਕਟਰੀ ਸ਼ਬਦ ਸੁਣ ਕੇ ਹੈਰਾਨ ਹੁੰਦਾ ਹੈ ਤਾਂ ਉਹ ਇਸ ਦਾ ਅੱਗੋਂ ਵਿਸਥਾਰ ਕਰਦਾ ਕਹਿੰਦਾ ਹੈ ਕਿ ਸਮੋਸੇ ਬਣਾਉਣ ਦੀ ਫੈਕਟਰੀ। ਰਾਜਵਿੰਦਰ ਦੇ ਨਾ ਪੜ੍ਹ ਸਕਣ ਦਾ ਦੋਸ਼ ਉਹ ਆਪਣੇ ਸਿਰ ਲੈਣ ਲੱਗਦਾ ਹੈ ਕਿ ਨਾ ਉਹ ਇੰਡੀਆ ਜਾਂਦਾ ਤੇ ਨਾ ਮੁੰਡੇ ਦੇ ਦੋ ਸਾਲ ਖਰਾਬ ਹੁੰਦੇ। ਉਹ ਰਾਜਵਿੰਦਰ ਨੂੰ ਫੈਕਟਰੀ ਲੈ ਜਾਂਦਾ ਹੈ। ਰਾਜਵਿੰਦਰ ਚਲੇ ਤਾਂ ਜਾਂਦਾ ਹੈ ਪਰ ਕਿਸੇ ਕੰਮ ਨੂੰ ਹੱਥ ਨਹੀਂ ਲਾਉਂਦਾ। ਦਫਤਰ ਵਿਚ ਬੈਠ ਕੇ ਮੁੜ ਆਉਂਦਾ ਹੈ। ਪ੍ਰਦੁੱਮਣ ਸਿੰਘ ਸੋਚਦਾ ਹੈ ਕਿ ਕਿਉਂ ਨਾ ਉਸ ਨੂੰ ਡਰਾਈਵਿੰਗ ਟੈਸਟ ਪਾਸ ਕਰ ਦਿੱਤਾ ਜਾਵੇ ਤਾਂ ਜੋ ਉਹ ਡਲਿਵਰੀ ਦਾ ਕੰਮ ਹੀ ਕਰਨ ਲੱਗ ਪਵੇ।
ਗਿਆਨ ਕੌਰ ਸਵੇਰੇ ਘਰ ਦੀ ਸਫਾਈ ਕਰਕੇ ਆ ਜਾਂਦੀ ਹੈ। ਬਲਰਾਮ ਤੇ ਦੋਵੇਂ ਕੁੜੀਆਂ ਉਠ ਕੇ ਸਕੂਲ ਚਲੇ ਜਾਂਦੇ ਹਨ। ਸਭ ਕੋਲ ਆਪਣੀ ਆਪਣੀ ਚਾਬੀ ਹੈ। ਸਕੂਲੋਂ ਮੁੜਦੇ ਵੀ ਆਪੋ ਆਪਣਾ ਬਣਾ ਕੇ ਖਾ ਲੈਂਦੇ ਹਨ। ਗਿਆਨ ਕੌਰ ਨੂੰ ਉਨ੍ਹਾਂ ਦੀ ਬਹੁਤੀ ਚਿੰਤਾ ਨਹੀਂ ਹੁੰਦੀ। ਉਸ ਨੂੰ ਵੱਡੇ ਮੁੰਡੇ ਦਾ ਜਿ਼ਆਦਾ ਫਿਕਰ ਰਹਿੰਦਾ ਹੈ। ਇਕ ਦਿਨ ਉਹ ਪਤੀ ਨੂੰ ਆਖਦੀ ਹੈ,
“ਕਿਉਂ ਨਾ ਆਪਾਂ ਰਾਜ ਨੂੰ ਵਿਆਹ ਲਈਏ, ਹੈਲਪ ਹੋ ਜਾਊ।”
ਪਰਦੁੱਮਣ ਸਿੰਘ ਹੱਸਣ ਲੱਗਦਾ ਹੈ ਤੇ ਕਹਿੰਦਾ ਹੈ,
“ਉਹ ਤਾਂ ਹਾਲੇ ਅਠਾਰਾਂ ਦਾ ਵੀ ਨਹੀਂ ਹੋਇਆ।”
“ਤਾਂ ਕੀ ਹੋਇਆ, ਸਗਾਂ ਤੇ ਵਿਗੜੂ ਨਾ।”
“ਵਿਗੜ ਕੇ ਵੀ ਇਹ ਕੇਹਦੀ ਲੱਤ ਭੰਨ ਲਊ। ਵੱਧ ਤੋਂ ਵੱਧ ਗਰਲ ਫਰੈਂਡ ਰੱਖ ਲਊ, ਏਹਦਾ ਕਾਹਦਾ ਫਿਕਰ ! ਇਹ ਕਿਹੜੀ ਕੁੜੀ ਐ।”
“ਫੇਰ ਵੀ ਸੋਚੋ, ਕੋਈ ਇੰਡੀਆ ਤੋਂ ਲੈ ਆਉਨੇ ਆਂ।”
“ਪਹਿਲਾਂ ਏਹਨੂੰ ਟਿਕ ਕੇ ਕੰਮ ਤਾਂ ਕਰਨ ਦੇ, ਮੈਨੂੰ ਤਾਂ ਲੱਗਦੈ ਇਹਨੇ ਬਹੁਤਾ ਹੀ ਨਿਕੰਮਾ ਨਿਕਲ ਜਾਣੈ। ਆਹ ਜਿਹੜੇ ਇਨਕਮ ਸਪੋਰਟ ਵਾਲਿਆਂ ਚਾਲੀ ਪੌਂਡ ਏਹਨੂੰ ਦੇਣੇ ਸ਼ੁਰੂ ਕਰ ਦਿੱਤੇ ਏਹਦੇ ਕਾਰਨ ਤਾਂ ਇਹ ਮੂਲੋਂ ਈ ਗਿਆ ਲੱਗਦਾ।”
ਰਾਜਵਿੰਦਰ ਕਾਰ ਦਾ ਟੈਸਟ ਵੀ ਪਾਸ ਕਰ ਲੈਂਦਾ ਹੈ ਪਰ ਫੈਕਟਰੀ ਫਿਰ ਵੀ ਮਨਮਰਜ਼ੀ ਨਾਲ ਹੀ ਜਾਂਦਾ ਹੈ। ਜੇ ਕੋਈ ਕਹੇ ਤਾਂ ਬਹਾਨਾ ਬਣਾ ਛਡਦਾ ਹੈ। ਡਲਿਵਰੀ 'ਤੇ ਦੋ ਕੁ ਵਾਰ ਉਹ ਪਰਦੁੱਮਣ ਸਿੰਘ ਨਾਲ ਜਾਂਦਾ ਹੈ ਪਰ ਰਾਹ ਵਿਚੋਂ ਹੀ ਲੜ ਕੇ ਮੁੜ ਆਉਂਦਾ ਹੈ। ਅੰਤ ਵਿਚ ਪਰਦੁੱਮਣ ਸਿੰਘ ਕੁਝ ਕਹਿਣੋਂ ਹਟ ਜਾਂਦਾ ਹੈ। ਗਿਆਨ ਕੌਰ ਪੁਚਕਾਰ ਕੇ ਆਪਣੇ ਨਾਲ ਲੈ ਆਉਂਦੀ ਹੈ ਪਰ ਉਹ ਮੌਕਾ ਲੱਗਦੇ ਹੀ ਯੂਨਿਟ ਵਿਚੋਂ ਇਹ ਕਹਿੰਦਾ ਨਿਕਲ ਜਾਂਦਾ ਹੈ ਕਿ ਤੇਲ ਦੇ ਮੁਸ਼ਕ ਨਾਲ ਉਸ ਨੂੰ ਅਲਰਜੀ ਹੋਰ ਰਹੀ ਹੈ।
ਵੱਡੀ ਸਤਿੰਦਰ ਤੇ ਛੋਟੀ ਪਵਨ, ਦੋਵੇਂ ਹੀ ਛੁੱਟੀ ਵਾਲੇ ਦਿਨ ਯੂ਼ਨਿਟ ਵਿਚ ਆ ਜਾਂਦੀਆਂ ਹਨ। ਕੰਮ ਵਿਚ ਹੱਥ ਵੀ ਵੰਡਾਉਂਦੀਆਂ ਹਨ। ਛੋਟਾ ਬਲਰਾਮ ਵੀ ਕੁਝ ਨਾ ਕੁਝ ਕਰਦਾ ਰਹਿੰਦਾ ਹੈ ਪਰ ਪਰਦੁੱਮਣ ਉਨ੍ਹਾਂ ਨੂੰ ਆਪੋ ਆਪਣੀ ਪੜ੍ਹਾਈ ਵਿਚ ਲੱਗੇ ਰਹਿਣ ਲਈ ਕਹਿੰਦਾ ਹੈ। ਉਹ ਸਮਝਦਾ ਹੈ ਕਿ ਪੜ੍ਹਾਈ ਜ਼ਿਆਦਾ ਜ਼ਰੂਰੀ ਹੈ। ਕੰਮ ਤਾਂ ਸਾਰੀ ਉਮਰ ਕਰਨਾ ਹੀ ਕਰਨਾ ਹੈ।
ਪਰਦੁੱਮਣ ਮਹਿਸੂਸ ਕਰਨ ਲੱਗਦਾ ਹੈ ਕਿ ਰਾਜਵਿੰਦਰ ਨਾਲ ਉਹ ਬਹੁਤ ਨੇੜ ਨਹੀਂ ਰੱਖ ਸਕਿਆ। ਜਦੋਂ ਦਾ ਉਹ ਇੰਡੀਆ ਤੋਂ ਮੁੜਿਆ ਹੈ, ਬੱਚਿਆਂ ਵਿਚ ਕਦੇ ਬੈਠ ਕੇ ਵੀ ਨਹੀਂ ਦੇਖਿਆ। ਇੰਡੀਆ ਵਿਚ ਹੁੰਦੇ ਸਨ ਤਾਂ ਸਾਰਾ ਟੱਬਰ ਸ਼ਾਮ ਦੀ ਰੋਟੀ ਇਕੱਠੇ ਖਾਇਆ ਕਰਦੇ ਸਨ। ਇਥੇ ਉਸ ਦੀ ਜੀਵਨ–ਸ਼ੈਲੀ ਹੀ ਬਦਲ ਗਈ ਹੈ। ਬਹਤਾ ਸਮਾਂ ਭੱਜ ਦੌੜ ਵਿਚ ਨਿਕਲ ਰਿਹਾ ਹੈ। ਉਹ ਫੈਸਲਾ ਕਰਦਾ ਹੈ ਕਿ ਹਰ ਸ਼ਾਮ ਉਹ ਪਹਿਲਾਂ ਵਾਂਗ ਬੱਚਿਆਂ ਨਾਲ ਬਿਤਾਇਆ ਕਰੇਗਾ।
ਉਹ ਫੈਕਟਰੀ ਖੋਲ੍ਹਣ ਦਾ ਵਕਤ ਸਵੇਰੇ ਛੇ ਵਜੇ ਦਾ ਕਰ ਲੈਂਦਾ ਹੈ ਤਾਂ ਜੋ ਦੁਪਹਿਰ ਤੱਕ ਕੰਮ ਖਤਮ ਕਰਕੇ ਸ਼ਾਮ ਵਿਹਲੀ ਰੱਖ ਸਕੇ। ਸਵੇਰੇ ਪੰਜ ਵਜੇ ਉਹ ਉਠਦੇ ਤੇ ਤਿਆਰ ਹੁੰਦੇ ਕਰਦੇ ਛੇ ਵਜੇ ਤੋਂ ਪਹਿਲਾਂ ਘਰੋਂ ਨਿਕਲਦੇ ਹਨ। ਰਾਹ ਵਿਚੋਂ ਅਜੈਬ ਕੌਰ ਨੂੰ ਲੈ ਲੈਂਦੇ ਹਨ ਤੇ ਫੈਕਟਰੀ ਖੋਲ੍ਹ ਲੈਂਦੇ ਹਨ। ਜਿਹੜੇ ਕੱਲ੍ਹ ਦੇ ਸਮੋਸੇ ਬਣੇ ਪਏ ਹੁੰਦੇ ਹਨ ਉਨ੍ਹਾਂ ਨੂੰ ਲੈ ਕੇ ਪਰਦੁੱਮਣ ਸਿੰਘ ਡਲਿਵਰ ਕਰਨ ਚਲੇ ਜਾਂਦਾ ਹੈ ਅਤੇ ਮਗਰੋਂ ਗਿਆਨ ਕੌਰ ਤੇ ਅਜੈਬ ਕੌਰ ਆਪਣੇ ਕੰਮ ਲੱਗ ਜਾਂਦੀਆਂ ਹਨ। ਦੁਪਹਿਰ ਤੱਕ ਪਰਦੁੱਮਣ ਸਿੰਘ ਮੁੜ ਆਉਂਦਾ ਹੈ। ਆ ਕੇ ਸ਼ੌਪਿੰਗ ਦਾ ਕੰਮ ਨਿਪਟਾ ਲੈਂਦਾ ਹੈ। ਦੋ ਵਜੇ ਦੇ ਕਰੀਬ ਉਹ ਫੈਕਟਰੀ ਬੰਦ ਕਰ ਦਿੰਦੇ ਹਨ। ਜੇ ਕਦੇ ਕੰਮ ਪੂਰਾ ਨਾ ਨਿੱਬੜੇ ਤਾਂ ਕੁਝ ਦੇਰ ਹੋਰ ਖੋਲ੍ਹ ਰੱਖਦੇ ਹਨ। ਪਰਦੁੱਮਣ ਸਿੰਘ ਕਾਹਲੀ ਕਾਹਲੀ ਹੱਥ ਮਾਰਦਾ ਉਨ੍ਹਾਂ ਦੀ ਮੱਦਦ ਕਰਨ ਲੱਗਦਾ ਹੈ ਤਾਂ ਜੋ ਕੰਮ ਜਲਦੀ ਨਿੱਬੜੇ। ਉਸ ਨੂੰ ਦੇਖਦਿਆਂ ਅਜੈਬ ਕੌਰ ਵੀ ਤੇਜ਼ ਹੋਣ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਉਮਰ ਦੀ ਸੱਠ ਟੱਪ ਚੁੱਕੀ ਹੈ ਇਸ ਲਈ ਉਹ ਫੁਰਤੀ ਨਹੀਂ ਹੈ। ਪਰਦੁੱਮਣ ਸਿੰਘ ਨੂੰ ਹੁੰਦਾ ਹੈ ਕਿ ਕੁੜੀਆਂ ਦੇ ਸਕੂਲੋਂ ਮੁੜਨ ਤੋਂ ਪਹਿਲਾਂ ਪਹਿਲਾਂ ਉਹ ਘਰ ਪੁਜ ਜਾਣ।
ਕੈਨਾਲ ਇੰਡਸਟਰੀਅਲ ਇਸਟੇਟ ਵਿਚ ਯੂ਼ਨਿਟਾਂ ਦੀਆਂ ਲਾਈਨਾਂ ਹਨ ਜਿਵੇਂ ਕਿ ਏ.ਬੀ.ਸੀ. ਆਦਿ। ਉਸ ਵਿਚ ਅੱਗੇ ਯੂਨਿਟਾਂ ਦੀ ਗਿਣਤੀ ਸ਼ੁਰੂ ਹੁੰਦੀ । ਜਿਵੇਂ ਕਿ ਇਹ ਯੂਨਿਟ ਬੀ ਲਾਈਨ ਵਿਚ ਨੰਬਰ ਦਸ ਹੈ। ਇਸੇ ਕਰਕੇ ਦਸ ਬੀ ਕਹਿਲਾਉਂਦਾ ਹੈ। ਗਿਆਰਾਂ ਬੀ ਦੀ ਮਾਲਕ ਟੋਬੀ ਮਿਲਟਨ ਹੈ ਜੋ ਕਿ ਛਪਾਈ ਦਾ ਕੰਮ ਕਰਦਾ ਹੈ। ਪਰਦੁੱਮਣ ਦੀ ਉਸ ਨਾਲ ਪਹਿਲੇ ਦਿਨ ਤੋਂ ਹੀ ਨਹੀਂ ਬਣਦੀ। ਵੈਨ ਦੀ ਪਾਰਕਿੰਗ ਬਦਲੇ ਝਗੜਾ ਹੁੰਦਾ ਰਿਹਾ ਹੈ। ਟੋਬੀ ਮਿਲਟਨ ਕੋਲ ਤਿੰਨ ਗੱਡੀਆਂ ਹਨ। ਦੋ ਵੈਨਾਂ ਤੇ ਇਕ ਕਾਰ। ਯੂਨਿਟ ਸਾਹਮਣੇ ਦੋ ਵਾਹਨਾਂ ਦੀ ਜਗ੍ਹਾ ਹੀ ਹੈ। ਬਾਕੀ ਦੋ ਵਾਧੂ ਵਾਹਨਾਂ ਦੇ ਲਈ ਥੋੜ੍ਹਾ ਹਟਵਾਂ ਕਾਰ ਪਾਰਕ ਹੈ ਪਰ ਟੋਬੀ ਤੀਜਾ ਵਾਹਨ ਵੀ ਪਰਦੁੱਮਣ ਦੀ ਜਗ੍ਹਾ ਵਿਚ ਹੀ ਖੜਾ ਕਰ ਦਿੰਦਾ ਹੈ ਜਿਸ ਕਰਕੇ ਝਗੜਾ ਹੁੰਦਾ ਹੈ। ਪਹਿਲਾਂ ਟੋਬੀ ਸੋਚਦਾ ਹੈ ਕਿ ਪਰਦੁੱਮਣ ਏਸ਼ੀਅਨ ਹੀ ਹੈ ਤੇ ਡਰ ਜਾਵੇਗਾ ਪਰ ਪਰਦੁੱਮਣ ਲੜਾਈ ਕਰਨ ਤੱਕ ਜਾਂਦਾ ਹੈ। ਟੋਬੀ ਨੂੰ ਆਪਣੀ ਕਾਰ ਪਾਰਕ ਵਿਚ ਖੜੀ ਕਰਨੀ ਪੈਂਦੀ ਹੈ। ਉਸ ਤੋਂ ਬਾਅਦ ਟੋਬੀ ਪਰਦੁੱਮਣ ਨੂੰ ਦੇਖਦਾ ਹੀ ਚਿਹਰਾ ਹੋਰ ਤਰ੍ਹ੍ਹਾਂ ਦਾ ਕਰ ਲੈਂਦਾ ਹੈ ਤੇ ਮੂੰਹ ਵਿਚ ਬੁੜ ਬੁੜ ਕਰਦਾ ਆਖਦਾ ਹੈ – ਪਾਕੀ ਬਾਸਟਰਡ! ਪਰਦੁੱਮਣ ਉਸ ਵੱਲ ਦੇਖਦਾ ਹੀ ਸਮਝ ਜਾਂਦਾ ਹੈ ਕਿ ਟੋਬੀ ਨੇ ਮਨ ਵਿਚ ਉਸ ਨੂੰ ਕੋਈ ਨਸਲਵਾਦੀ ਗਾਲ੍ਹ ਕੱਢੀ ਹੈ ਕਿਉਂਕਿ ਏਨੇ ਸਾਲਾਂ ਤੋਂ ਗੋਰਿਆਂ ਨਾਲ ਵਾਹ ਪੈਣ ਕਰਕੇ ਉਨ੍ਹਾਂ ਦੇ ਮਨ ਵਿਚਲੇ ਨਸਲਵਾਦ ਦਾ ਅੰਦਾਜ਼ਾ ਲਗਾਣਾ ਸੌਖਾ ਹੋ ਚੁੱਕਾ ਹੈ। ਨੌਂ ਬੀ ਯੂਨਿਟ ਕਿਸੇ ਗੋਰੇ ਦਾ ਹੀ ਹੈ ਪਰ ਉਸ ਦਾ ਵਰਤਾਵ ਨਸਲਵਾਦੀ ਨਹੀਂ ਹੈ। ਉਹ ਪਰਦੁੱਮਣ ਨੂੰ ਦੂਰੋਂ ਦੇਖਦਾ ਹੀ ਹੱਥ ਹਿਲਾਉਂਦਾ – ‘ਹੈਲੋ ਮਿਸਟਰ ਸਿੰਘ’ ਕਹਿਣ ਲੱਗਦਾ ਹੈ।
ਸਵੇਰੇ ਪਰਦੁੱਮਣ ਅਜੈਬ ਕੌਰ ਦੇ ਘਰ ਮੁਹਰੇ ਕਾਰ ਰੋਕਦਾ ਹੈ। ਉਹ ਦੇਖਦਾ ਹੈ ਕਿ ਅਜੈਬ ਕੌਰ ਦੇ ਮਗਰੇ ਹੀ ਤੀਹ ਕੁ ਸਾਲ ਦੀ ਜਵਾਨ ਔਰਤ ਵੀ ਨਿਕਲਦੀ ਹੈ। ਗਿਆਨ ਕੌਰ ਪਰਦੁੱਮਣ ਨੂੰ ਆਖਦੀ ਹੈ,
“ਇਹੋ ਐ ਕੁਲਜੀਤ, ਜਿਹਦੀ ਗੱਲ ਕੀਤੀ ਸੀ।”
“ਠੀਕ ਐ, ਕੰਮ ਕਰਾ ਕੇ ਦੇਖ ਲੈ, ਜੇ ਕੰਮ ਪਸੰਦ ਹੋਇਆ ਤਾਂ ਰੱਖ ਲੀਂ।”
ਕੰਮ ਕੁਝ ਕੁ ਹੋਰ ਵਧਿਆ ਹੈ ਤੇ ਇਕ ਕਾਮੀ ਔਰਤ ਹੋਰ ਦੀ ਲੋੜ ਪੈ ਰਹੀ ਹੈ। ਪਰਦੁੱਮਣ ਉਨ੍ਹਾਂ ਨੂੰ ਫੈਕਟਰੀ ਉਤਾਰਦਾ, ਵੈਨ ਵਿਚ ਸਮੋਸੇ ਰੱਖ ਆਪਣੇ ਕੰਮ 'ਤੇ ਨਿਕਲ ਜਾਂਦਾ ਹੈ। ਪਹਿਲਾਂ ਉਹ ਮਜ਼ੇ ਨਾਲ ਫੈਕਟਰੀ ਵਿਚੋਂ ਨਿਕਲਿਆ ਕਰਦਾ ਸੀ ਤੇ ਸ਼ਾਮ ਤਕ ਮੁੜ ਆਉਂਦਾ ਪਰ ਜਦੋਂ ਦੀ ਉਸ ਨੇ ਸਵੇਰ ਦੀ ਸ਼ਿਫਟ ਸ਼ੁਰੂ ਕੀਤੀ ਹੈ ਤਾਂ ਉਹ ਵੇਲੇ ਸਿਰ ਨਿਕਲਦਾ ਹੈ ਤੇ ਉਸ ਆਪਣਾ ਰੂਟ ਵੀ ਬਦਲਣਾ ਪੈਂਦਾ ਹੈ। ਸਵੇਰੇ ਅੱਠ ਤੋਂ ਨੌਂ ਤੱਕ ਦਾ ਸਮਾਂ ਟਰੈਫਿਕ ਦਾ ਹੈ। ਪਹਿਲਾਂ ਉਹ ਕੰਮ 'ਤੇ ਨੌਂ ਵਜੇ ਨਿਕਲਿਆ ਕਰਦਾ ਪਰ ਹੁਣ ਟਰੈਫਿਕ ਵਿਚ ਫਸਣ ਦੇ ਡਰੋਂ ‘ਏ ਟੂ ਜ਼ੈਡ’ ਮੁਹਰੇ ਰੱਖ ਕੇ ਆਪਣਾ ਰੂਟ ਇਵੇਂ ਬਣਾ ਲੈਂਦਾ ਹੈ ਕਿ ਟਰੈਫਿਕ ਦੇ ਉਲਟ ਚੱਲੇ। ਪਹਿਲਾਂ ਉਹ ਦੁਕਾਨਾਂ ਮੁਕਾਏ ਜਿਹੜੀਆਂ ਜਲਦੀ ਖੁੱਲ੍ਹਦੀਆਂ ਹਨ। ਲੇਟ ਖੁੱਲ੍ਹਦੀਆਂ ਦੁਕਾਨਾਂ ਵੀ ਇਵੇਂ ਕਰੇ ਕਿ ਉਹ ਟਰੈਫਿਕ ਤੋਂ ਉਲਟੀ ਦਿਸ਼ਾ ਵੱਲ ਜਾ ਰਿਹਾ ਹੋਵੇ। ਲੰਡਨ ਦੇ ਟਰੈਫਿਕ ਨੂੰ ਦੇਖਦਾ ਉਹ ਸੋਚਣ ਲਗਦਾ ਹੈ ਕਿ ਇਕ ਗੱਲੋਂ ਤਾਂ ਪੀਟਰ ਠੀਕ ਹੈ ਕਿ ਉਹ ਆਪਣਾ ਮਾਲ ਲੰਡਨ ਤੋਂ ਬਾਹਰੋ ਬਾਹਰ ਵੇਚਦਾ ਹੈ। ਲੰਡਨ ਵਿਚ ਤਾਂ ਵਕਤ ਹੀ ਬਹੁਤ ਖਰਾਬ ਹੁੰਦਾ ਹੈ। ਚਾਰ ਘੰਟੇ ਦੇ ਕੰਮ ਨੂੰ ਅੱਠ ਘੰਟੇ ਲਗ ਜਾਂਦੇ ਹਨ।
ਕੰਮ ਤੋਂ ਪਰਤ ਕੇ ਯੂ਼ਨਿਟ ਵਿਚ ਵੜਦਿਆਂ ਹੀ ਉਸ ਦੀ ਨਿਗ੍ਹਾ ਕੁਲਜੀਤ ਉਪਰ ਪੈਂਦੀ ਹੈ। ਇਕਹਰੇ ਜਿਹੇ ਸਰੀਰ ਦੀ ਖੂਬਸੂਰਤ ਕੁੜੀ ਉਸ ਨੂੰ ਬਹੁਤ ਪਿਆਰੀ ਲੱਗਦੀ ਹੈ। ਉਹ ਨੂੰ ਦੇਖਦਿਆਂ ਹੀ ਮਨ ਵਿਚ ਤਾਰ ਜਿਹੀ ਫਿਰਦੀ ਹੈ। ਉਹ ਪੱਗ ਦਾ ਲੜ ਠੀਕ ਕਰਨ ਲੱਗਦਾ ਹੈ। ਕੁਲਜੀਤ ਉਸ ਵੱਲ ਦੇਖਦੀ ਹੈ ਤੇ ਫਿਰ ਨੀਵੀਂ ਪਾ ਕੇ ਆਪਣੇ ਕੰਮ ਨੂੰ ਲੱਗ ਜਾਂਦੀ ਹੈ। ਗਿਆਨ ਕੌਰ ਪਤੀ ਵੱਲ ਦੇਖ ਰਹੀ ਹੈ। ਪਰਦੁੱਮਣ ਸਿੰਘ ਝਿਪਦਾ ਜਿਹਾ ਉਪਰ ਦਫਤਰ ਵਿਚ ਚਲੇ ਜਾਂਦਾ ਹੈ। ਅੱਜ ਸੋਮਵਾਰ ਹੈ। ਪੈਸੇ ਇਕੱਠੇ ਕਰਨ ਦਾ ਦਿਨ ਹੋਣ ਕਰਕੇ ਊਸ ਨੂੰ ਹਿਸਾਬ ਕਿਤਾਬ ਕਰਨਾ ਹੁੰਦਾ ਹੈ। ਦਫਤਰ ਵਿਚ ਜਾ ਕੇ ਉਹ ਸ਼ੀਸ਼ਾ ਦੇਖਦਾ ਹੈ। ਦਾਹੜੀ ਵਿਚੋਂ ਕੁਝ ਚਿੱਟੇ ਵਾਲ ਝਾਕ ਰਹੇ ਹਨ। ਕੁਝ ਦੇਰ ਖੜਾ ਦਾਹੜੀ ਰੰਗ ਲੈਣ ਬਾਰੇ ਸੋਚਦਾ ਰਹਿੰਦਾ ਹੈ। ਪਹਿਲਾਂ ਵੀ ਕਈ ਵਾਰ ਉਸ ਨੇ ਦਾਹੜੀ ਰੰਗਣ ਬਾਰੇ ਸੋਚਿਆ ਹੈ ਪਰ ਫਿਰ ਸੋਚਦਾ ਹੈ ਕਿ ਹਾਲੇ ਇੰਨੇ ਵਾਲ ਚਿੱਟੇ ਨਹੀਂ ਹਨ ਪਰ ਅਜ ਉਸ ਨੂੰ ਲਗਦਾ ਹੈ ਜਿਵੇਂ ਚਿੱਟੇ ਵਾਲਾਂ ਦੀ ਗਿਣਤੀ ਇਕ ਦਮ ਵਧ ਗਈ ਹੋਵੇ। ਗਿਆਨ ਕੌਰ ਉਪਰ ਆ ਜਾਂਦੀ ਹੈ। ਪੁੱਛਦੀ ਹੈ,
“ਹੋ ਗਈ ਕੁਲੈਕਸ਼ਨ ?”
“ਹਾਂ, ਹੋ ਗਈ, ਇਹ ਕੁੜੀ ਕਿੱਦਾਂ ਕੰਮ ਨੂੰ ?”
“ਤੇਜ਼ ਐ, ਓਦਾਂ ਵੀ ਬੀਬੀ ਐ, ਅਜੈਬ ਕੌਰ ਦੀ ਰਿਸ਼ਤੇਦਾਰ ਈ ਐ, ਏਹਦੇ ਪਤੀ ਨੇ ਏਹਨੂੰ ਕਿਸੇ ਗੱਲੋਂ ਛੱਡ ਦਿੱਤੈ, ਵਿਚਾਰੀ ਦੁਖੀ ਐ।”
“ਆਪਾਂ ਕਿਹੜਾ ਸੁਖੀ ਆਂ, ਤੂੰ ਏਹਦਾ ਕੰਮ ਦੇਖ।”
ਗੱਲ ਕਰਦਾ ਪਰਦੁੱਮਣ ਪਤਨੀ ਨਾਲ ਅੱਖ ਨਹੀਂ ਮਿਲਾ ਰਿਹਾ। ਉਸ ਨੂੰ ਨੀਰੂ ਯਾਦ ਆ ਰਹੀ ਹੈ। ਗਿਆਨ ਕੌਰ ਆਖਦੀ ਹੈ,
“ਏਹਦੀ ਵਿਚਾਰੀ ਦੀ ਕਹਾਣੀ ਹੋਰ ਐ, ਏਹਨੂੰ ਇੰਡੀਆ ਤੋਂ ਵਿਆਹ ਲਿਆਂਦਾ ਤੇ ਹੁਣ ਮੁੰਡਾ ਤੇ ਉਹਦੇ ਮਾਪੇ ਕਹਿੰਦੇ ਆ ਕਿ ਸਾਨੂੰ ਪਸੰਦ ਨਹੀਂ ਤੇ ਛੱਡ ਦਿੱਤਾ ਤੇ ਪੱਕੀ ਵੀ ਨਹੀਂ ਕਰਾ ਰਹੇ, ਕਹਿੰਦੀ ਸੀ ਕਿ ਅੰਕਲ ਨਾਲ ਸਲਾਹ ਕਰਨੀ ਐ।”
ਅੰਕਲ ਸ਼ਬਦ ਉਸ ਨੂੰ ਪਲ ਕੁ ਲਈ ਤੰਗ ਕਰਦਾ ਹੈ। ਉਹ ਆਖਦਾ ਹੈ,
“ਮੇਰੇ ਨਾਲ ਕੀ ਸਲਾਹ ਕਰਨੀ ਐ ?”
“ਆਪਣਾ ਜਗਮੋਹਣ ਐ ਨਾ, ਉਹਨੂੰ ਬਥੇਰਾ ਪਤੈ ਏਦਾਂ ਦੀਆਂ ਗੱਲਾਂ ਦਾ।”
“ਫੇਰ ਜਗਮੋਹਨ ਕੋਲ ਭੇਜੋ ਏਹਨੂੰ।”
ਪਰਦੁੱਮਣ ਗਿਆਨ ਕੌਰ ਵੱਲ ਹਾਲੇ ਵੀ ਨਹੀਂ ਦੇਖ ਰਿਹਾ। ਉਹ ਕਹਿੰਦੀ ਹੈ,
“ਤੁਸੀਂ ਤਾਂ ਐਵੇਂ ਭਾਰੇ ਹੋਈ ਜਾਨੇ ਆਂ ਅਗਲੀ ਨੇ ਤਾਂ ਮਾਣ ਨਾਲ ਕਿਹੈ, ਤੁਸੀਂ ਵਿਚਾਰੀ ਨਾਲ ਗੱਲ ਤਾਂ ਕਰ ਕੇ ਦੇਖ ਲਓ।”
“ਜਾਹ, ਭੇਜ ਦੇ ਉਪਰ।”
ਉਹ ਫੱਟ ਦੇਣੀ ਆਖਦਾ ਹੈ। ਗਿਆਨ ਕੌਰ ਝਿਜਕਦੀ ਹੈ। ਉਸ ਨੂੰ ਕੁਲਜੀਤ ਨੂੰ ਉਪਰ ਭੇਜਣ ਵਾਲੀ ਗੱਲ ਪਸੰਦ ਨਹੀਂ ਹੈ ਪਰ ਉਸ ਨੇ ਆਪ ਹੀ ਇੰਨੇ ਜ਼ੋਰ ਨਾਲ ਉਸ ਨੂੰ ਕੁਲਜੀਤ ਨਾਲ ਗੱਲ ਕਰਨ ਲਈ ਆਖਿਆ ਹੈ।
ਗਿਆਨ ਕੌਰ ਹੇਠਾਂ ਉਤਰ ਜਾਂਦੀ ਹੈ। ਪਰਦੁੱਮਣ ਸਿੰਘ ਦਾ ਧਿਆਨ ਪੌੜੀਆਂ ਵੱਲ ਨੂੰ ਹੈ। ਉਹ ਪਹਿਲਾਂ ਹੀ ਕੁਲਜੀਤ ਨਾਲ ਗੱਲ ਕਰਨ ਲਈ ਮੌਕਾ ਪੈਦਾ ਕਰਨ ਲਈ ਸੋਚ ਰਿਹਾ ਹੈ। ਗਿਆਨ ਕੌਰ ਉਸ ਲਈ ਸੌਖ ਕਰ ਦਿੰਦੀ ਹੈ। ਪੌੜੀਆਂ ਚੜ੍ਹਨ ਦੀ ਠੱਕ ਠੱਕ ਸੁਣਾਈ ਦਿੰਦੀ ਹੈ। ਇਹ ਠੱਕ ਠੱਕ ਜਿਵੇਂ ਉਸ ਦੇ ਦਿਲ ਉਪਰ ਵੱਜ ਰਹੀ ਹੋਵੇ। ਫੇਰ ਆਹਿਸਤਾ ਜਿਹਾ ਦਰਵਾਜ਼ਾ ਖੋਲ੍ਹ ਕੇ ਕੁਲਜੀਤ ਅੰਦਰ ਵੜਦੀ ਹੈ। ਸਤਿ ਸ੍ਰੀ ਅਕਾਲ ਬੁਲਾਉਂਦੀ ਹੈ। ਪਰਦੁੱਮਣ ਸਿੰਘ ਪੁੱਛਦਾ ਹੈ,
“ਕੀ ਨਾਂ ਐ ਕੁੜੀਏ ਤੇਰਾ ?”
“ਅੰਕਲ ਜੀ, ਕੁਲਜੀਤ।”
“ਨਾਂ ਵੀ ਸੋਹਣਾ, ਤੂੰ ਵੀ ਸੁਹਣੀ ਫੇਰ ਤੇਰੇ ਸਹੁਰੇ ਕਿਉਂ ਔਖੇ ਫਿਰਦੇ ਆ।”
“ਬਸ ਕਿਸਮਤ ਦੀਆਂ ਗੱਲਾਂ ਅੰਕਲ ਜੀ।”
“ਕਿਸਮਤ ਦੀ ਕੋਈ ਗੱਲ ਨਈਂ, ਏਹ ਲੋਕ ਜੁੱਤੀ ਦੇ ਯਾਰ ਐ। ਤੂੰ ਫਿਕਰ ਨਾ ਕਰ, ਮੈਂ ਤੇਰੀ ਪੂਰੀ ਮੱਦਦ ਕਰੂੰ।”
“ਅੰਕਲ ਜੀ, ਡਰਦੀ ਆਂ ਕਿ ਪਿੱਛੇ ਇੰਡੀਆ ਨੂੰ ਈ ਨਾ ਮੋੜ ਦੇਣ।”
“ਉਨ੍ਹਾਂ ਦੇ ਘਰ ਦਾ ਰਾਜ ਐ।”
“ਅੰਕਲ ਜੀ, ਜੇ ਮੈਂ ਮੁੜ ਗਈ ਤਾਂ ਪਿੰਡ ਵਿਚ ਬਹੁਤ ਬੇਇੱਜ਼ਤੀ ਹੋਣੀ ਐਂ।”
ਕਹਿੰਦੀ ਕੁਲਜੀਤ ਅੱਖਾਂ ਭਰ ਲੈਂਦੀ ਹੈ। ਉਹ ਬੋਲਦਾ ਹੈ,
“ਜਦ ਤੱਕ ਮੈਂ ਬੈਠਾਂ ਤੈਨੂੰ ਕੋਈ ਇੰਡੀਆ ਨਹੀਂ ਭੇਜ ਸਕਦਾ, ਫਿਕਰ ਨਾ ਕਰ।”
ਕਿਸੇ ਦੇ ਪੌੜੀਆਂ ਚੜ੍ਹਨ ਦੀ ਅਵਾਜ਼ ਆਉਂਦੀ ਹੈ। ਪਰਦੁੱਮਣ ਸਿੰਘ ਸਮਝ ਜਾਂਦਾ ਹੈ ਕਿ ਗਿਆਨ ਕੌਰ ਹੀ ਹੋਵੇਗੀ। ਕੁਲਜੀਤ ਉਸ ਕੋਲ ਇਕੱਲੀ ਬੈਠੀ ਝੱਲੀ ਨਹੀਂ ਜਾਂਦੀ ਹੋਵੇਗੀ। ਗਿਆਨ ਕੌਰ ਅੰਦਰ ਆਉਂਦੀ ਹੈ। ਪਰਦੁੱਮਣ ਸਿੰਘ ਕੁਲਜੀਤ ਨੂੰ ਸਵਾਲ ਪੁੱਛਦਾ ਰਹਿੰਦਾ ਹੈ,
“ਕਿਹੜੇ ਸ਼ਹਿਰ ਰਹਿੰਦੇ ਆ ਤੇਰੇ ਸਹੁਰੇ ?”
“ਜੀ ਲੂਟਨ।”
“ਮੈਂ ਤੇਰੇ ਸਹੁਰਿਆਂ ਨਾਲ ਗੱਲ ਕਰਕੇ ਦੇਖਾਂ ਕਿ ਘੱਟੋ ਘੱਟ ਤੈਨੂੰ ਪੱਕੀ ਈ ਕਰਾ ਦੇਣ।”
“ਸਾਡੇ ਰਿਸ਼ਤੇਦਾਰ ਉਨ੍ਹਾਂ ਦੀਆਂ ਬਥੇਰੀਆਂ ਮਿੰਨਤਾਂ ਕਰ ਚੁੱਕੇ ਆ। ਉਹ ਨਹੀਂ ਚਾਹੁੰਦੇ ਕਿ ਮੈਂ ਏਸ ਮੁਲਕ ਵਿਚ ਰਹਾਂ।”
ਗਿਆਨ ਕੌਰ ਆਖਣ ਲੱਗਦੀ ਹੈ,
“ਜੀ, ਤੁਸੀਂ ਅੱਜ ਈ ਜਗਮੋਹਣ ਨਾਲ ਗੱਲ ਕਰੋ। ਮਨਦੀਪ ਦੱਸਦੀ ਸੀ ਕਿ ਤਕਾਲਾਂ ਨੂੰ ਕਿਤੇ ਸਲਾਹ ਦੇਣ ਬੈਠਦਾ ਉਹ। ਨਾਲੇ ਫਰੀ 'ਚ ਕੰਮ ਕਰਦੈ।”
ਪਰਦੁੱਮਣ ਸਿੰਘ ਕੁਝ ਸੋਚਦਾ ਹੋਇਆ ਕਹਿੰਦਾ ਹੈ,
“ਤੂੰ ਹੀ ਚਲੇ ਜਾਹ ਕੁਲਜੀਤ ਨਾਲ ਜਗਮੋਹਣ ਕੋਲ।”
“ਨਹੀਂ ਜੀ, ਮੈਂ ਕਿਥੇ ਤੁਰੀ ਫਿਰੂੰਗੀ।”
“ਅੱਛਾ ਮੈਂ ਦੇਖਦਾਂ, ਹੁਣ ਟਾਈਮ ਵੀ ਤਾਂ ਹੈ ਨਹੀਂ।”
ਪਰਦੁੱਮਣ ਸਿੰਘ ਭਾਰ ਜਿਹਾ ਫੜਦਾ ਆਖਦਾ ਹੈ। ਕੁਲਜੀਤ ਜਾਣ ਲੱਗਦੀ ਹੈ। ਪਰਦੁੱਮਣ ਉਸ ਨੂੰ ਕਹਿੰਦਾ ਹੈ,
“ਕੁੜੀਏ, ਤੂੰ ਹੁਣ ਚਿੰਤਾ ਛੱਡ ਦੇਹ, ਇਹ ਫਿਕਰ ਹੁਣ ਸਾਡਾ ਐ।”
ਸੁਣਦੀ ਹੋਈ ਕੁਲਜੀਤ ਦਾ ਚਿਹਰਾ ਖੁਸ਼ੀ ਨਾਲ ਖਿੜ ਜਾਂਦਾ ਹੈ। ਉਹ ਚਲੇ ਜਾਂਦੀ ਹੈ ਤਾਂ ਪਰਦੁੱਮਣ ਸਿੰਘ ਗਿਲਾ ਕਰਨ ਦੇ ਲਹਿਜੇ ਵਿਚ ਪਤਨੀ ਨੂੰ ਬੋਲਦਾ ਹੈ,
“ਤੂੰ ਮੱਲੋਮੱਲੀ ਏਹਨੂੰ ਮੇਰੇ ਗਲ ਪਾਈ ਜਾਨੀਆਂ, ਮੇਰੇ ਕੋਲ ਭਲਾ ਏਨਾ ਟਾਈਮ ਕਿਥੇ ਐ ਕਿ ਏਹਨੂੰ ਮੈਂ ਲਈ ਫਿਰਾਂ।”
“ਏਹਨੂੰ ਲੈ ਕੇ ਭਲਾ ਤੁਸੀਂ ਕਿਥੇ ਜਾਣਾ, ਜਗਮੋਹਣ ਨੂੰ ਫੋਨ ਕਰੋ ਆਪੇ ਆ ਜਾਊ ਉਹ।”
“ਉਹ ਭਲਾ ਕਿੱਦਾਂ ਆ ਜਾਊ, ਆਪਣਾ ਉਹ ਰਿਸ਼ਤੇ ਵਿਚ ਜਵਾਈ ਲੱਗਦੈ।”
“ਜਵਾਈਆਂ ਵਾਲੀ ਬੋਅ ਤਾਂ ਹੈ ਨਈ ਉਹਦੇ ਵਿਚ।”
“ਦਿੱਸਦੀ ਈ ਨਹੀਂ, ਅੰਦਰੋਂ ਪੂਰਾ ਕਾਂਟਾ ਐ ਉਹ, ਤੇਰੇ ਸਾਹਮਣੇ ਈ ਆਂ ਵੜੇ ਭਾਈ ਵਲ ਕਿੰਨੀ ਕੁ ਵਾਰ ਜਾਂਦੈ।”
ਪਰਦੁੱਮਣ ਥੋੜ੍ਹਾ ਖਿੱਝ ਕੇ ਕਹਿੰਦਾ ਹੈ ਤਾਂ ਜੋ ਗਿਆਨ ਕੌਰ ਇਥੇ ਹੀ ਗੱਲ ਖਤਮ ਕਰ ਦੇਵੇ। ਉਸ ਨੂੰ ਡਰ ਹੈ ਕਿ ਉਹ ਆਪ ਹੀ ਜਗਮੋਹਣ ਨੂੰ ਜਾਂ ਮਨਦੀਪ ਨੂੰ ਫੋਨ ਕਰਨ ਨਾ ਬੈਠ ਜਾਵੇ। ਉਹ ਤਾਂ ਕੁਲਜੀਤ ਨੂੰ ਆਪ ਖੁਦ ਲੈ ਕੇ ਜਾਣਾ ਚਾਹੁੰਦਾ ਹੈ। ਕੁਲਜੀਤ ਉਸ ਦੇ ਮਨ ਵਿਚ ਉਤਰਦੀ ਜਾ ਰਹੀ ਹੈ। ਉਹ ਕੁਲਜੀਤ ਨੂੰ ਜਿੱਤਣਾ ਚਾਹੁੰਦਾ ਹੈ ਉਸ ਦੀ ਮੱਦਦ ਕਰਕੇ। ਉਸ ਨੂੰ ਪਤਾ ਹੈ ਕਿ ਜਗਮੋਹਣ ਕਾਮਰੇਡ ਇਕਬਾਲ ਦੇ ਘਰ ਤਕਾਲਾਂ ਨੂੰ ਦੋ ਕੁ ਘੰਟੇ ਲਈ ਬੈਠਿਆ ਕਰਦਾ ਹੈ। ਉਹ ਸੋਚ ਰਿਹਾ ਹੈ ਕਿ ਸਾਰੀ ਗੱਲ ਨੂੰ ਕਿਵੇਂ ਸਿਰੇ ਚੜ੍ਹਾਵੇ। ਸੋਚਦਾ ਹੋਇਆ ਉਹ ਦਫਤਰ ਵਿਚੋਂ ਉਠ ਕੇ ਹੇਠਾਂ ਆ ਜਾਂਦਾ ਹੈ। ਅਜੈਬ ਕੌਰ ਸਮੋਸੇ ਤਲ ਰਹੀ ਹੈ। ਕੁਲਜੀਤ ਸਫਾਈ ਕਰ ਰਹੀ ਹੈ। ਫੈਕਟਰੀ ਬੰਦ ਕਰਨ ਦਾ ਵਕਤ ਹੋ ਰਿਹਾ ਹੈ। ਉਹ ਕਹਿੰਦਾ ਹੈ,
“ਕੁਲਜੀਤ, ਮੈਂ ਅੱਜ ਜਗਮੋਹਣ ਨੂੰ ਮਿਲਦਾਂ ਤੇ ਤੇਰੇ ਕੇਸ ਬਾਰੇ ਗੱਲ ਕਰਦਾਂ, ਤੂੰ ਆਪਣੇ ਪੇਪਰ ਤਿਆਰ ਰੱਖੀਂ, ਆਪਾਂ ਮਿਲ ਕੇ ਕਰਦੇ ਆਂ ਕੁਸ਼।”
ਕੁਲਜੀਤ ਹਾਂ ਵਿਚ ਸਿਰ ਮਾਰਦੀ ਹੈ ਜਿਵੇਂ ਕਹਿ ਰਹਿ ਹੋਵੇ ਕਿ ਸਤ ਬਚਨ। ਫਿਰ ਉਹ ਗਿਆਨ ਕੌਰ ਨੂੰ ਪੁੱਛਦਾ ਹੈ,
“ਅੱਜ ਆਪਾਂ ਕੁਲਜੀਤ ਨੂੰ ਮਨਦੀਪ ਵਲਾਂ ਲੈ ਜਾਵਾਂਗੇ ਤਕਾਲ੍ਹਾਂ ਨੂੰ।”
“ਮੈਂ ਤਾਂ ਘਰ ਦਾ ਕੰਮ ਕਰਨਾ ਹੁੰਦਾ, ਅਗਲੇ ਦੇ ਘਰ ਗਿਐਂ ਟੈਮ ਲੱਗ ਜਾਂਦੈ, ਤੁਸੀਂ ਵੀ ਉਥੇ ਈ ਜਾਇਓ ਜਿਥੇ ਉਹ ਬੈਠਦਾ ਹੁੰਦੈ।”
ਘਰ ਆ ਕੇ ਪਰਦੁੱਮਣ ਸਭ ਤੋਂ ਪਹਿਲਾਂ ਦਾਹੜੀ ਰੰਗਦਾ ਹੈ। ਟਾਈ ਲਾ ਕੇ ਸੂਟ ਪਾਉਂਦਾ ਹੈ। ਸੂਟ ਪਾਉਣ ਦਾ ਉਸ ਨੂੰ ਬਹੁਤ ਸ਼ੌਕ ਹੁੰਦਾ ਸੀ। ਉਸ ਦੇ ਸਾਰੇ ਸੂਟ ਇੰਡੀਆ ਹੀ ਰਹਿ ਗਏ ਹਨ। ਇਥੇ ਆ ਕੇ ਇਕ ਸੂਟ ਖਰੀਦਿਆ ਹੈ ਉਸ ਨੂੰ ਢੰਗ ਨਾਲ ਕਏ ਨਹੀਂ ਪਹਿਨ ਸਕਿਆ। ਕੰਮ ਵਿਚ ਹੀ ਬਹੁਤ ਰੁੱਝ ਗਿਆ ਹੈ। ਅਨਾਭੀ ਰੰਗ ਦੀ ਪੱਗ ਬੰਨ ਕੇ ਜਦ ਉਹ ਗਿਆਨ ਕੌਰ ਦੇ ਸਾਹਮਣੇ ਆਉਂਦਾ ਹੈ ਤਾਂ ਉਹ ਹੈਰਾਨ ਹੁੰਦੀ ਪੁੱਛਦੀ ਹੈ,
“ਇਹ ਚੜ੍ਹਾਈ ਕਿਧਰ ਨੂੰ?”
“ਇੰਨੇ ਚਿਰ ਬਾਅਦ ਜਗਮੋਹਨ ਨੂੰ ਮਿਲਣੈਂ ਫਿਰ ਵੀ ਜਵਾਈ ਭਾਈ ਐ।”
“ਅੱਗੇ ਤਾਂ ਜੱਗੇ ਨੂੰ ਮਿਲਣ ਲਈ ਇੰਨੀ ਸ਼ੁਕੀਨੀ ਕੀਤੀ ਨਹੀਂ ਕਦੇ !”
“ਅਗੇ ਮੇਰੀ ਹਾਲਤ ਠੀਕ ਹੁੰਦੀ ਸੀ ਹੁਣ ਆਹ ਕੰਮ ਨੇ ਜਿਉਂ ਦੱਬ ਲਿਐ, ਕਪੜਿਆਂ ‘ਚੋਂ ਤੇਲ ਦਾ ਮੁਸ਼ਕ ਆਈ ਜਾਂਦਾ।”
ਉਹ ਸੋਚਦਾ ਹੈ ਕਿ ਚੰਗੇ ਮੌਕੇ ਤੇ ਗੱਲ ਔੜ ਗਈ ਨਹੀਂ ਤਾਂ ਗਿਆਨ ਕੌਰ ਦਾ ਸ਼ੱਕ ਕੁਲਜੀਤ ਵੱਲ ਜਾਣਾ ਸੀ। ਉਹ ਪਤਨੀ ਨੂੰ ਆਖਦਾ ਹੈ,
“ਚੱਲ, ਕੁਲਜੀਤ ਨੂੰ ਫੋਨ ਕਰ ਕਿ ਬਾਹਰ ਆ ਜਾਵੇ ਮੈਂ ਦੋ ਮਿੰਟ ਵਿਚ ਪਹੁੰਚ ਜਾਣਾਂ।”
ਉਹ ਕਾਰ ਕੁਲਜੀਤ ਦੀ ਰਿਹਾਇਸ਼ ਮੁਹਰੇ ਰੋਕਦਾ ਡਰ ਰਿਹਾ ਹੈ ਕਿ ਅਜੈਬ ਕੌਰ ਵੀ ਕਿਧਰੇ ਨਾਲ ਹੀ ਤਿਆਰ ਨਾ ਹੋ ਜਾਵੇ ਪਰ ਕੁਲਜੀਤ ਇਕੱਲੀ ਹੀ ਬਾਹਰ ਨਿਕਲਦੀ ਹੈ। ਉਹ ਅੰਦਰੋਂ ਹੀ ਕਾਰ ਦਾ ਦਰਵਾਜ਼ਾ ਖੋਲ੍ਹਦਾ ਹੈ। ਕੁਲਜੀਤ ਕਮੀਜ਼ ਨੂੰ ਪਿੱਛਿਉਂ ਠੀਕ ਕਦੇ ਬਰਾਬਰ ਆ ਬੈਠਦੀ ਹੈ। ਕਾਲੇ ਸੂਟ ਉਪਰ ਚਿੱਟੇ ਫੁੱਲ ਬਹੁਤ ਸਜ ਰਹੇ ਹਨ। ਪਰਦੁੱਮਣ ਸਿੰਘ ਕਹਿੰਦਾ ਹੈ,
“ਕੁਲਜੀਤ, ਤੂੰ ਤਾਂ ਬਹੁਤ ਸੁਹਣੀ ਲੱਗਦੀ ਐਂ।”
“ਥੈਂਕਿਊ ਅੰਕਲ ਜੀ।”
“ਇਹ ਅੰਕਲ ਏਨਾ ਘਰੋੜ ਕੇ ਨਾ ਕਿਹਾ ਕਰ। ਮੇਰੇ ਵੱਲ ਵੇਖ ਮੈਂ ਅੰਕਲ ਲੱਗਦਾਂ।”
ਕੁਲਜੀਤ ਉਸ ਵੱਲ ਦੇਖਦੀ ਤੇ ਹੱਸਦੀ ਹੈ। ਉਹ ਫਿਰ ਆਖਦਾ ਹੈ,
“ਤੂੰ ਤਾਂ ਹੱਸਦੀ ਵੀ ਬਹੁਤ ਸੁਹਣਾ ਐਂ, ਏਦਾਂ ਈ ਖੁਸ਼ ਰਿਹਾ ਕਰ, ਬਾਕੀ ਸਾਰੇ ਫਿਕਰ ਮੇਰੇ ਲਈ ਛੱਡ ਦੇ।”
“ਥੈਂਕਿਊ।” 
ਉਹ ਨਖਰੇ ਜਿਹੇ ਨਾਲ ਬੋਲਦੀ ਹੈ। 
ਇਕਬਾਲ ਦਾ ਘਰ ਜਿਸ ਵਿਚ ਜਗਮੋਹਣ ਨੇ ਆਪਣੇ ਸਾਥੀਆਂ ਨਾਲ ਬੈਠਣਾ ਸ਼ੁਰੂ ਕੀਤਾ ਹੈ, ਲੇਡੀ ਮਾਰਗਰੇਟ ਰੋਡ ਉਪਰ ਹੀ ਹੈ। ਤੁਰ ਕੇ ਜਾਣ ਲਈ ਵੀ ਦੂਰ ਨਹੀਂ ਹੈ। ਪਰ ਪਰਦੁੱਮਣ ਦਾ ਤੁਰ ਕੇ ਜਾਣ ਦਾ ਕੋਈ ਇਰਾਦਾ ਨਹੀਂ ਹੈ। ਉਹ ਕੁਲਜੀਤ ਨੂੰ ਉਸ ਦੇ ਪਤੀ ਤੇ ਸੱਸ ਬਾਰੇ ਪੁੱਛਦਾ ਹੈ ਪਰ ਜਵਾਬ ਸੁਣਨ ਵਿਚ ਉਸ ਦੀ ਕੋਈ ਦਿਲਚਸਪੀ ਨਹੀਂ ਹੈ। ਉਹ ਤਾਂ ਕੁਲਜੀਤ ਨੂੰ ਗੱਲ ਕਰਦੀ ਨੂੰ ਦੇਖਦੇ ਰਹਿਣਾ ਚਾਹੁੰਦਾ ਹੈ।
ਉਹ ਇਕਬਾਲ ਦੇ ਘਰ ਕੋਲ ਜਗ੍ਹਾ ਲੱਭ ਕੇ ਕਾਰ ਖੜੀ ਕਰਦਾ ਹੈ। ਇਥੇ ਉਹ ਪਹਿਲਾਂ ਵੀ ਆਇਆ ਹੋਇਆ ਹੈ। ਕਾਮਰੇਡ ਇਕਬਾਲ ਆਪ ਤਾਂ ਹੇਜ਼ ਰਹਿੰਦਾ ਹੈ ਜਿਥੇ ਉਸ ਦਾ ਹੋਰ ਘਰ ਹੈ। ਇਸ ਨੂੰ ਉਹ ਸਾਂਝੇ ਕੰਮਾਂ ਲਈ ਵਰਤਦਾ ਹੈ। ਕਾਫੀ ਦੇਰ ਤੋਂ ਇਹ ਜਗ੍ਹਾ ਇਵੇਂ ਹੀ ਵਰਤੀ ਜਾਂਦੀ ਹੈ। ਕਾਮਰੇਡ ਇਕਬਾਲ ਨੂੰ ਵੀ ਪਰਦੁੱਮਣ ਜਾਣਦਾ ਹੈ। ਕਾਮਰੇਡ ਇਕਬਾਲ ਨੂੰ ਤਾਂ ਸਾਰਾ ਸਾਊਥਾਲ ਜਾਣਦਾ ਹੈ। ਐਮਰਜੈਂਸੀ ਵੇਲੇ ਭਾਰਤ ਸਰਕਾਰ ਵਿਰੁੱਧ ਇਥੇ ਜ਼ਬਰਦਸਤ ਮੁਜ਼ਾਹਰੇ ਕੀਤੇ ਗਏ ਸਨ ਤੇ ਕਾਮਰੇਡ ਇਕਬਾਲ ਉਨ੍ਹਾਂ ਮੁਜ਼ਾਹਰਿਆਂ ਦਾ ਮੋਹਰੀ ਹੋਇਆ ਕਰਦਾ ਸੀ। ਭਾਰਤ ਦੀ ਹਰ ਉਥਲ ਪੁਥਲ ਵਿਚ ਕਾਮਰੇਡ ਮੋਹਰੀ ਰਹੇ ਹਨ ਪਰ ਖਾਲਿਸਤਾਨ ਦੀ ਲਹਿਰ ਚੱਲੀ ਤਾਂ ਸਾਰੇ ਚੁੱਪ ਕਰ ਗਏ ਹਨ। ਕਈ ਵਾਰ ਪਰਦੁੱਮਣ ਮਨ ਹੀ ਮਨ ਗਿਲਾ ਵੀ ਕਰਦਾ ਹੈ। ਘਰ ਦੇ ਮੁਹਰੇ ਪਹੁੰਚਦਾ ਹੈ। ਘਰ ਦੇ ਬਾਹਰ ਲਿਖਿਆ ਹੈ “ਰੈੱਡ ਹਾਊਸ” ਦਰਵਾਜ਼ਾ ਖੁੱਲ੍ਹਾ ਹੈ। ਅੰਦਰ ਵੜਦਿਆਂ ਆਮ ਘਰਾਂ ਵਾਂਗ ਰਸੋਈ ਦਿੱਸਦੀ ਹੈ। ਦੋ ਲੌਂਜਾਂ ਹਨ। ਇਕ ਖੱਬੇ ਪਾਸੇ ਤੇ ਇਕ ਸੱਜੇ ਪਾਸੇ। ਦੋਨਾਂ ਵਿਚ ਹੀ ਕੁਰਸੀਆਂ ਇਵੇਂ ਲੱਗੀਆਂ ਹਨ ਕਿ ਦਫਤਰ ਜਿਹੇ ਜਾਪਦੇ ਹਨ। ਪਰ ਅੰਦਰ ਕੋਈ ਨਹੀਂ ਹੈ। ਉਹ ਦੋਵੇਂ ਪਾਸੇ ਹੀ ਜਾਂਦੇ ਹਨ ਜੋ ਖਾਲੀ ਪਏ ਹਨ। ਪਰਦੁੱਮਣ ਹੈਰਾਨ ਹੁੰਦਾ ਕੁਲਜੀਤ ਨੂੰ ਕਹਿੰਦਾ ਹੈ,
“ਇਹ ਕਿਹੋ ਜਿਹੀ ਜਗ੍ਹਾ ਹੋਈ ਜਿਥੇ ਕੋਈ ਬੰਦਾ ਨਹੀਂ ਤੇ ਦਰਵਾਜ਼ਾ ਖੁੱਲ੍ਹਾ ਪਿਐ।”
ਉਹ ਮੁੜਨ ਲੱਗਦੇ ਹਨ ਤਾਂ ਇਕ ਬਜ਼ੁਰਗ ਜਿਹਾ ਉਪਰੋਂ ਉਤਰਦਾ ਹੈ। ਉਹ ਪਰਦੁੱਮਣ ਨੂੰ ਪੁੱਛਦਾ ਹੈ,
“ਲੀਗਲ ਏਡ ਵਾਲੇ ਮੁੰਡਿਆਂ ਨੂੰ ਮਿਲਣਾ ?”
“ਜਗਮੋਹਣ ਨੂੰ।”
“ਉਹ ਤਾਂ ਸੱਤ ਕੁ ਵਜੇ ਆਉਂਦੇ ਆ ਵੀਕ ਡੇਅ 'ਚ। ਵੀਕਐਂਡ 'ਤੇ ਜਲਦੀ ਆ ਜਾਂਦੇ ਆ। ਤੁਸੀਂ ਬੈਠ ਕੇ ਵੇਟ ਕਰ ਲਓ।”
ਉਹ ਦਸਦਾ ਹੈ। ਪਰਦੁੱਮਣ ਸਿੰਘ ਵਕਤ ਦੇਖਦਾ ਹੈ। ਹਾਲੇ ਤਾਂ ਛੇ ਵੀ ਨਹੀਂ ਵੱਜੇ। ਉਹ ਕੁਲਜੀਤ ਨੂੰ ਕਹਿੰਦਾ ਹੈ,
“ਆ ਜਾ ਚੱਲਦੇ ਆਂ, ਸੱਤ ਵਜੇ ਆਵਾਂਗੇ।”
ਕੁਲਜੀਤ ਉਸ ਦੇ ਮਗਰ ਤੁਰ ਪੈਂਦੀ ਹੈ। ਉਹ ਬਾਹਰ ਨਿਕਲ ਕੇ ਮੁੜ ਕਾਰ ਵਿਚ ਬੈਠ ਜਾਂਦੇ ਹਨ। ਪਰਦੁੱਮਣ ਸਿੰਘ ਕੁਲਜੀਤ ਨੂੰ ਉਸ ਬਾਰੇ ਨਿੱਕੇ ਨਿੱਕੇ ਸਵਾਲ ਪੁੱਛਦਾ ਹੈ। ਉਸਦੇ ਪਰਿਵਾਰ ਬਾਰੇ, ਉਸ ਦੀ ਪੜ੍ਹਾਈ ਬਾਰੇ । ਸਹੇਲੀਆਂ ਤੇ ਸ਼ੌਂਕਾਂ ਬਾਰੇ। ਕੁਲਜੀਤ ਹੱਸ ਹੱਸ ਕੇ ਜਵਾਬ ਦੇ ਰਹੀ ਹੈ। ਪਰਦੁੱਮਣ ਸਿੰਘ ਨੂੰ ਸਮਝ ਜਾਂਦਾ ਹੈ ਕਿ ਉਸ ਦਾ ਸੁਨੇਹਾ ਕੁਲਜੀਤ ਤਕ ਪੁੱਜ ਚੁੱਕਾ ਹੈ। ਉਸ ਦੇ ਮਨ ਅੰਦਰ ਲੱਡੂ ਭੁਰਨ ਲਗਦੇ ਹਨ। 

ਚਲਦਾ...