ਗੁਰਨਾਮ ਦੇ ਘਰੋਂ ਗਏ ਤੇ ਪ੍ਰੀਤੀ ਖੁਸ਼ ਹੈ ਕਿ ਹੁਣ ਉਹ ਜੋ ਚਾਹੇ ਕਰ ਸਕੇਗੀ। ਆਪਣੇ ਅੰਦਰ ਬੈਠੇ ਕਲਾਕਾਰ ਨੂੰ ਬਾਹਰ ਲਿਆ ਸਕੇਗੀ। ਆਪਣੀ ਇਕ ਵੱਖਰੀ ਪੱਛਾਣ ਬਣਾ ਸਕੇਗੀ। ਅਜਿਹਾ ਸੋਚ ਕੇ ਉਸ ਨੂੰ ਜਾਪਦਾ ਕਿ ਇਕ ਨਵੀਂ ਜਿ਼ੰਦਗੀ ਬਾਹਾਂ ਖਿਲਾਰੀ ਖੜੀ ਉਸ ਨੂੰ ਉਡੀਕ ਰਹੀ ਹੈ। ਨਵੇਂ ਰਾਹ ਉਸ ਦੇ ਸਾਹਮਣੇ ਵਿਛੇ ਪਏ ਹਨ। ਪਰ ਜਿ਼ੰਦਗੀ ਦਾ ਸੱਚ ਛੇਤੀ ਹੀ ਸਾਹਮਣੇ ਆਉਣ ਲਗਦਾ ਹੈ। ਜਲਦੀ ਹੀ ਉਸ ਨੂੰ ਘਰ ਦੇ ਖਰਚਿਆਂ ਦਾ ਫਿਕਰ ਪੈ ਜਾਂਦਾ ਹੈ। ਘਰ ਵਿਚ ਗੁਰਨਾਮ ਹੀ ਕੰਮ ਕਰਦਾ ਹੈ। ਪ੍ਰੀਤੀ ਨੇ ਤਾਂ ਕਦੇ ਕੰਮ ਕੀਤਾ ਹੀ ਨਹੀਂ ਹੈ। ਉਪਰੋਥਲੀ ਦੇ ਬੱਚੇ ਹਨ ਤੇ ਫਿਰ ਗੁਰਨਾਮ ਉਸ ਤੋਂ ਕੰਮ ਕਰਵਾ ਕੇ ਖੁਸ਼ ਵੀ ਨਹੀਂ ਹੈ। ਘਰ ਗੁਰਨਾਮ ਨੇ ਪੁਰਾਣਾ ਲਿਆ ਹੋਣ ਕਰਕੇ ਕਿਸ਼ਤ ਬਹੁਤੀ ਨਹੀਂ ਹੈ। ਬੱਚੇ ਵੀ ਹਾਲੇ ਛੋਟੇ ਹੀ ਹਨ ਸੋ ਇਕੱਲੇ ਗੁਰਨਾਮ ਦੀ ਤਨਖਾਹ ਨਾਲ ਹੀ ਗੁਜ਼ਾਰਾ ਚੱਲੀ ਜਾ ਰਿਹਾ ਹੈ। ਹੁਣ ਪ੍ਰੀਤੀ ਕੋਲ ਕੁਝ ਵੀ ਨਹੀਂ ਹੈ। ਜਿਹੜੇ ਚਾਰ ਪੌਂਡ ਜਮ੍ਹਾਂ ਹਨ ਉਹ ਵੀ ਗੁਰਨਾਮ ਦੇ ਨਾਂ ਹੀ ਹਨ। ਬੱਚਿਆਂ ਦਾ ਚਾਈਲਡ ਅਲਾਊਂਸ ਪ੍ਰੀਤੀ ਦੇ ਨਾਂ ਦੇ ਅਕਾਊਂਟ ਵਾਲੀ ਕਾਪੀ ਵਿਚ ਆਉਂਦਾ ਹੈ ਪਰ ਉਸ ਨਾਲ ਘਰ ਦਾ ਖਰਚ ਪੂਰਾ ਨਹੀਂ ਹੋ ਰਿਹਾ। ਜੇਕਰ ਉਹ ਸੋਸ਼ਲ ਸਕਿਉਰਿਟੀ ਕੋਲ ਜਾਂਦੀ ਹੈ ਤਾਂ ਉਨ੍ਹਾਂ ਵੀ ਇਕਦਮ ਕੁਝ ਨਹੀਂ ਦੇਣਾ। ਹਫਤਿਆਂ ਦੇ ਹਫਤੇ ਲਗ ਜਾਂਦੇ ਹਨ। ਇਵੇਂ ਹੀ ਗੁਰਨਾਮ ਕੋਲੋਂ ਕਾਨੂੰਨੀ ਖਰਚਾ ਲੈਣ ਲਈ ਵੀ ਕਈ ਮਹੀਨੇ ਲਗ ਜਾਣਗੇ। ਕੁਝ ਵੀ ਜਲਦੀ ਨਾਲ ਨਹੀਂ ਹੋ ਸਕਦਾ ਤੇ ਪ੍ਰੀਤੀ ਨੂੰ ਪੈਸੇ ਦੀ ਹੁਣ ਲੋੜ ਹੈ। ਹਰ ਗੱਲ ਨੂੰ ਵਕਤ ਲੱਗਣਾ ਹੈ ਤੇ ਬੱਚਿਆਂ ਨੂੰ ਅਜ ਚੀਜ਼ਾਂ ਚਾਹੀਦੀਆਂ ਹਨ। ਇਵੇਂ ਇੰਤਜ਼ਾਰ ਕਰਦਿਆਂ ਤਾਂ ਭੁੱਖੇ ਮਰਨ ਦੀ ਨੌਬਤ ਆ ਸਕਦੀ ਹੈ। ਮਾਸੀ ਜੀਤੋ ਕੁਝ ਇਕ ਵਾਰ ਮੱਦਦ ਕਰ ਦਿੰਦੀ ਹੈ ਪਰ ਉਸ ਦੀਆਂ ਵੀ ਆਪਣੀਆਂ ਸੀਮਾਵਾਂ ਹਨ ਅਤੇ ਗੁਰਨਾਮ ਨੂੰ ਘਰੋਂ ਕੱਢਣ ਕਰਕੇ ਅੰਕਲ ਬਹੁਤ ਗੁੱਸੇ ਵਿਚ ਹੈ ਇਸ ਲਈ ਮਾਸੀ ਨੂੰ ਵੀ ਪ੍ਰੀਤੀ ਨਾਲ ਮੇਲ ਜੋਲ ਕੁਝ ਘੱਟ ਕਰਨਾ ਪੈਂਦਾ ਹੈ। ਉਸ ਦੀਆਂ ਦੋ ਕੁ ਸਹੇਲੀਆਂ ਵੀ ਬਹੁੜਦੀਆਂ ਹਨ ਪਰ ਉਹਨਾਂ ਦੇ ਆਪਣੇ ਮਸਲੇ ਵੀ ਹਨ। ਉਹ ਸੋਚ ਰਹੀ ਹੈ ਕਿ ਜੇਕਰ ਜਗਮੋਹਨ ਦਾ ਫੋਨ ਆਦਿ ਹੁੰਦਾ ਤਾਂ ਉਸ ਤੋਂ ਹੀ ਕੋਈ ਮੱਦਦ ਮੰਗਦੀ ਭਾਵੇਂ ਕੁਝ ਘੰਟਿਆਂ ਦੀ ਹੀ ਵਾਕਫੀ ਹੈ ਪਰ ਮਰਦੀ ਕੁਝ ਨਾ ਕੁਝ ਤਾਂ ਕਰਦੀ। ਭੁਪਿੰਦਰ ਦੇ ਘਰ ਫੋਨ ਕਰਦੀ ਹੈ ਉਹ ਹਾਲੇ ਇੰਡੀਆ ਤੋਂ ਵਾਪਸ ਨਹੀਂ ਆਇਆ। ਸਿਸਟਰਜ਼ ਇੰਨਹੈਂਡਜ਼ ਦੇ ਦਫਤਰ ਵੀ ਜਾਂਦੀ ਹੈ। ਸੁਨੀਤਾ ਮੋਢ੍ਹੇ ਮਾਰਦੀ ਆਖ ਦਿੰਦੀ ਕਿ ਉਹ ਕਿਸੇ ਕਿਸਮ ਦੀ ਆਰਥਿਕ ਮੱਦਦ ਕਰਨ ਤੋਂ ਅਸਮਰਥ ਹਨ। ਇੰਗਲੈਂਡ ਵਿਚ ਜਿੰਨੇ ਕੁ ਰਿਸ਼ਤੇਦਾਰ ਹਨ ਉਹ ਗੁਰਨਾਮ ਦੇ ਹੀ ਹਨ। ਉਹ ਕਦੇ ਗੁਰਨਾਮ ਦੀ ਕੋਈ ਸਿ਼ਕਾਇਤ ਕਰੇ ਤਾਂ ਰਿਸ਼ਤੇਦਾਰ ਗੁਰਨਾਮ ਦਾ ਹੀ ਪੱਖ ਲੈਂਦੇ ਹਨ। ਤਿੰਨ ਹਫਤਿਆਂ ਵਿਚ ਹੀ ਪ੍ਰੀਤੀ ਦੀ ਹਾਲਤ ਬਹੁਤ ਖਸਤਾ ਹੋ ਜਾਂਦੀ ਹੈ। ਇਕ ਦਿਨ ਤਾਂ ਬੱਚਿਆਂ ਦੇ ਖਾਣ ਲਈ ਘਰ ਵਿਚ ਕੁਝ ਵੀ ਨਹੀਂ ਹੈ ਤੇ ਬੱਚੇ ਉਲਟ ਗੁਰਨਾਮ ਨੂੰ ਚੇਤੇ ਕਰਦੇ ਪ੍ਰੀਤੀ ਨੂੰ ਤੋੜ ਤੋੜ ਕੇ ਖਾ ਲਗਦੇ ਹਨ। ਗੁਰਨਾਮ ਭਾਵੇਂ ਪਤੀ ਚੰਗਾ ਨਾ ਹੋਵੇ ਪਰ ਪਿਤਾ ਦੇ ਤੌਰ 'ਤੇ ਉਹ ਬਹੁਤ ਵਧੀਆ ਪਿਓ ਹੈ। ਆਪਣੇ ਬੱਚਿਆਂ ਉਪਰ ਜਾਨ ਛਿੜਕਦਾ ਹੈ।
ਇਕ ਦਿਨ ਉਹ ਮਾਸੀ ਜੀਤੋ ਨੂੰ ਕਹਿੰਦੀ ਹੈ,
“ਮਾਸੀ, ਮੇਰੇ ਕੁਝ ਗਹਿਣੇ ਹੀ ਵਿਕਵਾ ਦੇ, ਜਦ ਤਕ ਕਿਸੇ ਪਾਸਿਓਂ ਕੋਈ ਇੰਤਜ਼ਾਮ ਨਹੀਂ ਹੁੰਦਾ ਓਨਾ ਚਿਰ ਨਿਆਣਿਆਂ ਦਾ ਢਿਡ ਤਾਂ ਭਰਾਂ।”
“ਕਿਸੇ ਸੁਨਿਆਰ ਕੋਲ ਲੈ ਜਾਹ।”
“ਮੈਂ ਗਈ ਸੀ, ਉਹ ਕੁਝ ਨਹੀਂ ਦਿੰਦੇ। ਇਥੇ ਸੋਨਾ ਸਸਤਾ ਈ ਬਹੁਤ ਐ ਤੇ ਘਰਾਂ ਦੀਆਂ ਚੀਜ਼ਾਂ ਇੰਨੀਆਂ ਮਹਿੰਗੀਆਂ ਕਿ ਮੇਰੇ ਗਹਿਣਿਆਂ ਨਾਲ ਮਸਾਂ ਹਫਤੇ ਮਸਾਂ ਲੰਘਣ।”
“ਪ੍ਰੀਤੀ, ਇਹਨਾਂ ਮਰਦਾਂ ਨਾਲ ਵੀ ਨਹੀਂ ਸਰਦਾ ਤੇ ਇਹਨਾ ਬਿਨਾਂ ਵੀ ਨਹੀਂ ਸਰਦਾ। ਮੈਂ ਤਾਂ ਕਹਿੰਨੀ ਆਂ ਕਿ ਤੂੰ ਗੁਰਨਾਮ ਨਾਲ ਸੁਲਾਹ ਕਰ ਲੈ।”
ਪ੍ਰੀਤੀ ਨੀਵੀਂ ਪਾਈ ਬੈਠੀ ਸੋਚਾਂ ਵਿਚ ਪਈ ਰਹਿੰਦੀ ਹੈ ਤੇ ਕੁਝ ਨਹੀਂ ਬੋਲਦੀ।
ਗੁਰਨਾਮ ਘਰੋਂ ਨਿਕਲਦਾ ਤਾਂ ਇਵੇਂ ਹੈ ਕਿ ਮੁੜ ਇਧਰ ਨਹੀਂ ਦੇਖੇਗਾ ਪਰ ਛੇਤੀ ਹੀ ਔਖਾ ਹੋ ਜਾਂਦਾ ਹੈ। ਉਹ ਆਪਣੇ ਇਕ ਦੋਸਤ ਮੇਜਰ ਕੋਲ ਸ਼ਰਨ ਲੈਂਦਾ ਹੈ। ਮੇਜਰ ਨੂੰ ਤਾਂ ਉਸ ਦੇ ਘਰ ਰਹਿਣ ਵਿਚ ਕੋਈ ਇਤਰਾਜ਼ ਨਹੀਂ ਹੈ ਪਰ ਉਸ ਦੀ ਪਤਨੀ ਦਾ ਰੁਕ ਗੁਰਨਾਮ ਨੂੰ ਠੀਕ ਨਹੀਂ ਲੱਗ ਰਿਹਾ। ਦੋ ਦਿਨ ਉਥੇ ਰਹਿ ਕੇ ਉਹ ਇਕ ਹੋਰ ਦੋਸਤ ਸਿ਼ਦੇ ਕੋਲ ਜਾ ਰਹਿਣ ਲੱਗਦਾ ਹੈ ਜੋ ਕਿ ਇਕੱਲਾ ਰਹਿੰਦਾ ਹੈ। ਉਸ ਕੋਲ ਇਕ ਛੋਟਾ ਜਿਹਾ ਕਮਰਾ ਹੈ ਜਿਸ ਵਿਚ ਗੰਦਾ ਜਿਹਾ ਬੈੱਡ ਪਿਆ ਹੈ। ਗੁਰਨਾਮ ਦੇ ਘਰ ਵਿਚ ਪੂਰੀ ਸਫਾਈ ਹੁੰਦੀ ਹੈ। ਪ੍ਰੀਤੀ ਘਰ ਨੂੰ ਬਹੁਤ ਸਾਫ ਰਖਦੀ ਹੈ। ਗੁਰਨਾਮ ਨੂੰ ਸਿ਼ੰਦੇ ਦਾ ਇਹ ਕਮਰਾ ਪਸੰਦ ਨਹੀਂ ਹੈ ਪਰ ਉਹ ਸ਼ਰਾਬ ਨਾਲ ਰੱਜ ਕੇ ਸਿ਼ੰਦੇ ਦੇ ਨਾਲ ਹੀ ਪੈ ਜਾਂਦਾ ਹੈ। ਉਸ ਨੇ ਕੰਮ ਤੋਂ ਬਿਮਾਰੀ ਦੇ ਅਧਾਰ ਤੇ ਛੁੱਟੀ ਲਈ ਹੋਈ ਹੈ। ਸਿ਼ੰਦਾ ਵੀ ਕੰਮ ਤੋਂ ਵਿਹਲਾ ਹੈ ਉਹ ਦੋਵੇਂ ਸਾਊਥਾਲ ਪਾਰਕ ਵਿਚ ਜਾ ਬੈਠਦੇ ਹਨ ਜਿਥੇ ਸ਼ਰਾਬੀਆਂ ਦੇ ਝੁੰਡ ਬੈਠੇ ਪਤਾ ਨਹੀਂ ਕਿਹੜੀਆਂ ਸਲਾਹਾਂ ਵਿਚ ਪਏ ਰਹਿੰਦੇ ਹਨ ਜਾਂ ਫਿਰ ਕਿਸੇ ਪੱਬ ਵਿਚ ਜਾ ਬੈਠਦੇ ਹਨ ਪਰ ਇਸ ਜਿੰ਼ਦਗੀ ਦਾ ਉਹ ਆਦਿ ਨਹੀਂ ਹੈ। ਕੁਝ ਦਿਨਾਂ ਬਾਅਦ ਜਦ ਉਹ ਆਪਣੇ ਆਪ ਵਿਚ ਆਉਂਦਾ ਹੈ ਤਾਂ ਸੋਚਣ ਲਗਦਾ ਹੈ ਕਿ ਹੁਣ ਕੀ ਕਰੇ। ਉਸ ਨੇ ਅਜਿਹੀ ਅਲਿਹਦਗੀ ਪਹਿਲਾਂ ਵੀ ਦੇਖੀ ਹੋਈ ਹੈ ਜਦ ਉਹ ਆਪਣੀ ਪਹਿਲੀ ਪਤਨੀ ਤੋਂ ਅਲੱਗ ਹੋਇਆ ਸੀ ਪਰ ਉਸ ਵਕਤ ਉਸ ਦੇ ਬੱਚੇ ਨਹੀਂ ਸਨ। ਹੁਣ ਉਸ ਨੂੰ ਆਪਣੇ ਤਿੰਨੋਂ ਬੱਚੇ ਯਾਦ ਆ ਰਹੇ ਹਨ। ਉਹ ਸੋਚਦਾ ਹੈ ਕਿ ਕੁਝ ਵੀ ਹੋਵੇ ਪ੍ਰੀਤੀ ਹੱਥੋਂ ਉਸ ਨੂੰ ਹਾਰ ਨਹੀਂ ਜਾਣਾ ਚਾਹੀਦਾ। ਸਭ ਤੋਂ ਪਹਿਲਾਂ ਤਾਂ ਉਸ ਨੂੰ ਰਹਿਣ ਲਈ ਕੋਈ ਵਧੀਆ ਜਿਹਾ ਕਮਰਾ ਲਭਣਾ ਚਾਹੀਦਾ ਹੈ ਫਿਰ ਕੰਮ ਤੇ ਜਾਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਜਦੋਂ ਵਕਤ ਹੋਵੇਗਾ ਤਾਂ ਬੱਚਿਆਂ ਨੂੰ ਵੀ ਮਿਲ ਲਵੇਗਾ ਪਰ ਪ੍ਰੀਤੀ ਲਈ ਉਸ ਦੀ ਜਿ਼ੰਦਗੀ ਵਿਚ ਕੋਈ ਜਗਾਹ ਨਹੀਂ ਹੋਵੇਗੀ।
ਪ੍ਰੀਤੀ ਨਾਲ ਉਸ ਨੂੰ ਬਹੁਤ ਗੁੱਸਾ ਹੈ। ਐਕਟਿੰਗ ਸਿੱਖਣ ਦੀ ਉਸ ਦੀ ਜ਼ਿੱਦ ਨੇ ਗੱਲ ਨੂੰ ਕਿਥੇ ਤੱਕ ਪਹੁੰਚਾ ਦਿੱਤਾ ਹੈ। ਇੰਨੇ ਸਾਲਾਂ ਦੀ ਜ਼ਿੱਦ ਨੂੰ ਉਹ ਜੱਫੀ ਪਾਈ ਬੈਠੀ ਹੈ। ਪ੍ਰੀਤੀ ਨੂੰ ਉਹ ਪਿਆਰ ਕਰਦਾ ਹੈ। ਉਸ ਦੀ ਕੋਈ ਵੀ ਜਿ਼ਦ ਪੁਗਾ ਸਕਦਾ ਹੈ ਪਰ ਇਹ ਐਕਟਿੰਗ ਦੀ ਨਹੀਂ। ਉਸ ਨੇ ਇੰਨੀ ਵਾਰ ਉਸ ਨੂੰ ਸਮਝਾਇਆ ਹੈ ਪਰ ਉਹ ਸਮਝ ਨਹੀਂ ਰਹੀ। ਹੁਣ ਨਿੱਕੀ ਜਿਹੀ ਗੱਲ ਤੋਂ ਪੁਲੀਸ ਬੁਲਾ ਲਈ ਤੇ ਉਸ ਨੂੰ ਘਰੋਂ ਬਾਹਰ ਕੱਢ ਧਰਿਆ। ਉਸ ਘਰ ਵਿਚੋਂ ਜਿਸ ਨੂੰ ਉਸ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਬਣਾਇਆ ਹੈ ਤੇ ਪ੍ਰੀਤੀ ਨੇ ਉਸ ਵਿਚ ਇਕ ਪੌਂਡ ਦਾ ਵੀ ਹਿੱਸਾ ਨਹੀਂ ਪਾਇਆ। ਪ੍ਰੀਤੀ ਨੂੰ ਤਾਂ ਇਥੇ ਆ ਕੇ ਕਿਸੇ ਕਿਸਮ ਦੀ ਮਿਹਨਤ ਕਰਨੀ ਹੀ ਨਹੀਂ ਪਈ। ਉਸ ਨੇ ਪ੍ਰੀਤੀ ਨੂੰ ਇਕ ਦਿਨ ਵੀ ਕੰਮ 'ਤੇ ਨਹੀਂ ਲਾਇਆ। ਕੋਈ ਹੋਰ ਹੁੰਦਾ ਤਾਂ ਦੂਜੇ ਦਿਨ ਹੀ ਝੋਲਾ ਫੜਾ ਕੇ ਕੰਮ 'ਤੇ ਤੋਰ ਦਿੰਦਾ ਤੇ ਆਪੇ ਕਰਦੀ ਰਹਿੰਦੀ ਐਕਟਿੰਗ। ਸਵੇਰ ਤੋਂ ਸ਼ਾਮ ਤੱਕ ਕੰਮ ਕਰਨ ਵਾਲੀਆਂ ਔਰਤਾਂ ਨੂੰ ਤਾਂ ਸਿਰ ਖੁਰਕਣ ਦੀ ਵਿਹਲ ਨਹੀਂ ਲੱਗਦੀ ਐਕਟਿੰਗ ਤਾਂ ਦੂਰ ਦੀ ਗੱਲ ਹੈ। ਉਹ ਬਹੁਤ ਸੋਚਦਾ ਰਹਿੰਦਾ ਹੈ ਪਰ ਕੁਝ ਵੀ ਨਹੀਂ ਸਕਦਾ। ਨਾ ਕੰਮ ਤੇ ਜਾ ਹੁੰਦਾ ਹੈ ਤੇ ਨਾ ਹੀ ਕੋਈ ਸਾਫ ਜਗਾਹ ਤੇ ਕਮਰਾ ਹੀ ਲੱਭ ਹੋ ਰਿਹਾ ਹੈ। ਸਵੇਰੇ ਉਠ ਉਹ ਤੇ ਉਸ ਦਾ ਦੋਸਤ ਸਾਈਡਰ ਦੀਆਂ ਬੋਤਲਾਂ ਖਰੀਦਦੇ ਹਨ ਤੇ ਪਾਰਕ ਵਿਚ ਜਾ ਬੈਠਦੇ ਹਨ। ਕਈ ਕਈ ਦਿਨ ਉਹ ਸ਼ੇਵ ਵੀ ਨਹੀਂ ਕਰਦਾ। ਹਫਤਾ ਭਰ ਬਿਨਾਂ ਨਹਾਤਿਆਂ ਨਿਕਲ ਜਾਂਦਾ ਹੈ। ਉਸ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਦੇ ਹੱਥ ਕੰਬਣ ਲਗ ਪਏ ਹਨ। ਉਹ ਡਰਦਾ ਹੋਇਆ ਸੋਚਦਾ ਹੈ ਕਿ ਉਹ ਅਲਕੋਹਲਿਕ ਹੋ ਗਿਆ ਹੈ। ਜੇ ਨਹੀਂ ਹੋਇਆ ਤਾਂ ਜਲਦੀ ਹੋ ਜਾਵੇਗਾ। ਉਹ ਚਾਹੁੰਦਾ ਕਿ ਇਸ ਸਥਿਤੀ ਵਿਚੋਂ ਕਿਸੇ ਨਾ ਕਿਸੇ ਤਰ੍ਹਾਂ ਨਿਕਲੇ ਨਹੀਂ ਤਾਂ ਉਹ ਇਵੇਂ ਹੀ ਖਤਮ ਹੋ ਜਾਵੇਗਾ ਤੇ ਪ੍ਰੀਤੀ ਦੂਰ ਖੜੀ ਹੱਸਦੀ ਹੋਵੇਗੀ। ਇਵੇਂ ਉਸ ਦੇ ਬੱਚਿਆਂ ਦਾ ਭਵਿਖ ਧੁੰਧਲਾ ਹੋ ਜਾਵੇਗਾ ਪਰ ਸ਼ਰਾਬ ਉਸ ਦੀਆਂ ਸਾਰੀਆਂ ਸੋਚਾਂ ਤੇ ਹਾਵੀ ਰਹਿੰਦੀ ਹੈ।
ਇਕ ਦਿਨ ਲੱਛੂ ਅੰਕਲ ਘੁੰਮਦਾ ਘੁਮਾਉਂਦਾ ਸਾਊਥਾਲ ਪਾਰਕ ਵੱਲ ਆ ਜਾਂਦਾ ਹੈ। ਘਰੋਂ ਕਾਫੀ ਦੂਰ ਹੋਣ ਕਰਕੇ ਉਹ ਇਸ ਪਾਰਕ ਵਿਚ ਨਹੀਂ ਆਇਆ ਕਰਦਾ। ਉਸ ਦਿਨ ਉਹ ਪਾਰਕ ਐਵੀਨਿਊ ਵਾਲੇ ਗੁਰਦੁਆਰੇ ਵਿਚ ਕਿਸੇ ਰਿਸ਼ਤੇਦਾਰ ਵਲੋਂ ਰਖਾਏ ਪਾਠ ਦੇ ਭੋਗ 'ਤੇ ਗਿਆਂ ਦਿਨ ਚੰਗਾ ਹੋਣ ਕਰਕੇ ਪਾਰਕ ਵੱਲ ਨਿਕਲ ਜਾਂਦਾ ਹੈ। ਇਕ ਢਾਣੀ ਵਿਚ ਬੈਠਾ ਗੁਰਨਾਮ ਉਸ ਨੂੰ ਦਿੱਸ ਪੈਂਦਾ ਹੈ। ਸਾਈਡਰ ਦੀ ਬੋਤਲ ਉਸ ਦੇ ਹੱਥ ਵਿਚ ਹੈ। ਅੰਕਲ ਲੱਛੂ ਸੋਚਦਾ ਕਿ ਇਹ ਤਾਂ ਗਿਆ ਕੰਮ ਤੋਂ, ਜਲਦੀ ਹੀ ਅਲਕੋਹਲਕ ਹੋ ਕੇ ਮਰ ਜਾਵੇਗਾ। ਉਹ ਕਾਹਲੀ ਨਾਲ ਗੁਰਨਾਮ ਵਲ ਵਧਦਾ ਹੈ। ਗੁਰਨਾਮ ਅੰਕਲ ਨੂੰ ਦੇਖਦਾ ਹੈ ਤੇ ਉਠ ਕੇ ਉਸ ਕੋਲ ਆਉਂਦਾ ਪੁੱਛਦਾ ਹੈ,
“ਅੰਕਲ ਕਿਧਰ ਫਿਰਦੈਂ ?”
“ਯੰਗ ਮੈਨ, ਮੈਂ ਤਾਂ ਜਿਧਰ ਫਿਰਦਾਂ ਬਸ ਫਿਰਦਾਂ ਪਰ ਤੂੰ ਦਸ ਆਹ ਤੂੰ ਕੀ ਬਣਾ ਲਿਆ ਆਪਣਾ? ਕੀ ਕਰਨ ਲੱਗਿਆਂ ਤੂੰ ਆਪਣੇ ਆਪ ਨੂੰ?”
“ਕੁਸ਼ ਨਈਂ ਅੰਕਲ, ਟਾਈਮ ਪਾਸ ਕਰਦਾਂ, ਛੁੱਟੀਆਂ ਜਿਓਂ ਐ।”
“ਚੱਲ ਆ ਜਾ, ਆਹ ਪੱਬ ਵਿਚ ਬੈਠ ਕੇ ਗੱਲਾਂ ਕਰਦੇ ਆਂ।”
ਉਹ ਦੋਵੇਂ ਬਰਾਬਰ ਤੁਰਦੇ ਪੱਬ ਵਿਚ ਆ ਜਾਂਦੇ ਹਨ। ਅੰਕਲ ਲੱਛੂ ਗਲਾਸ ਭਰਾ ਕੇ ਲਿਆਉਂਦਾ ਹੈ। ਉਹ ਕਹਿਣ ਲੱਗਦਾ ਹੈ,
“ਮੈਂ ਤਾਂ ਤੈਨੂੰ ਓਦਣ ਦਾ ਈ ਲਭਦਾ ਫਿਰਦਾਂ।”
“ਦੇਖ ਅੰਕਲ ਮੈਂ ਉਸ ਦੀ ਇਸ ਜਿ਼ਦ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀਂ ਸੀ ਕਰ ਸਕਦਾ, ਮੈਂ ਆਪਣੇ ਆਪ ਨੂੰ ਪੂਰਾ ਸੂਰਾ ਮਰਦ ਸਮਝਦਾਂ।”
“ਮੈਂ ਤੈਨੂੰ ਕਿਸੇ ਕਿਸਮ ਦੇ ਸਮਝੌਤੇ ਲਈ ਨਹੀਂ ਕਹਿੰਦਾ ਪਰ ਮੈਨੂੰ ਤਾਂ ਗਿਲਾ ਐ ਕਿ ਤੂੰ ਘਰ ਕਾਹਨੂੰ ਛੱਡਣਾ ਸੀ। ਘਰ ਤਾਂ ਬੰਦੇ ਦਾ ਬੇਸ ਹੁੰਦੈ, ਅਗਲੇ ਨੂੰ ਮਜਬੂਰ ਕਰੋ ਘਰੋਂ ਜਾਣ ਲਈ।”
“ਪਰ ਅੰਕਲ, ਏਸ ਮੁਲਕ ਦਾ ਕਾਨੂੰਨ ਉਲਟ ਐ।”
“ਪਰ ਕਾਨੂੰਨ ਨੂੰ ਆਪਾਂ ਹੱਥ ਵਿਚ ਲਈਏ ਹੀ ਕਿਉਂ! ਕੁੱਟ ਮਾਰ ਕਰਨ ਦੀ ਕੀ ਲੋੜ ਐ! ਤੂੰ ਤਾਂ ਪੜ੍ਹਿਆ ਲਿਖਿਐਂ।”
“ਪਰ ਅੰਕਲ ਉਹ ਰੁਕਦੀ ਨਹੀਂ ਜਿਹੜੇ ਕੰਮ ਤੋਂ ਰੋਕਦਾਂ ਮੈਂ।”
“ਔਰਤ ਰੁਕਦੀ ਨਈਂ ਹੁੰਦੀ, ਆਈ ਤੇ ਆਈ ਕਦੇ ਨਹੀਂ ਰੁਕਦੀ ਹੁੰਦੀ। ਔਰਤ ਤੇ ਮੱਖੀ ਜਿਥੋਂ ਰੋਕੋ ਮੁੜ ਉਥੇ ਹੀ ਬੈਠਣਗੀਆਂ। ਸਿਆਣੇ ਕਹਿੰਦੇ ਆ ਜੇ ਘਿਓ ਸਿੱਧੀ ਉਂਗਲ ਨਾਲ ਨਾ ਨਿਕਲੇ ਤਾਂ ਵਿੰਗੀ ਕਰ ਲਓ। ਤੂੰ ਘਰ ਚੱਲ ਤੈਨੂੰ ਕੁਸ਼ ਦਾਅ ਮੈਂ ਦੱਸੂੰ।”
“ਘਰ ਜਾਣਾ ਮੇਰਾ ਏਨਾ ਸੌਖਾ ਨਹੀਂ।”
“ਸੌਖਾ ਜਾਂ ਔਖਾ ਬਾਅਦ ਦੀ ਗੱਲ ਐ, ਅਕਲ ਦੀ ਗੱਲ ਇਹ ਐ ਕਿ ਏਨੀ ਦੇਰ ਔਰਤ ਨੂੰ ਇਕੱਲੀ ਨਹੀਂ ਛੱਡੀਦਾ। ਜੇ ਉਹਨੂੰ ਰੋਣ ਲਈ ਮੋਢਾ ਮਿਲ ਗਿਆ ਤਾਂ ਤੂੰ ਗਿਆ ਸਦਾ ਲਈ, ਤੇਰਾ ਘਰ ਵੀ ਜਾਊ ਤੇ ਨਿਆਣੇ ਵੀ, ਹਾਲੇ ਮੌਕਾ ਹੈਗਾ ਸਾਂਭ ਜਾ ਕੇ, ਇਹ ਸਾਊਥਾਲ ਤਾਂ ਟੁੱਚੇ ਬੰਦਿਆਂ ਦਾ ਭਰਿਆ ਪਿਆ, ਇਥੇ ਤਾਂ ਲੋਕ ਏਦਾਂ ਦੀ ਵਿਹਲੀ ਹੋਈ ਔਰਤ ਨੂੰ ਲੱਭਦੇ ਫਿਰਦੇ ਆ ਖਾਸ ਤੌਰ 'ਤੇ ਪਾਕਿਸਤਾਨੀ ਤੇ ਜਿਹੜੇ ਆਹ ਫੌਜੀ ਆ ਪੱਕੇ ਹੋਣ ਲਈ ਇਹ ਵੀ ਔਰਤਾਂ ਲਭਦੇ ਫਿਰਦੇ ਆ।”
ਗੁਰਨਾਮ ਉਸ ਦੀਆਂ ਗੱਲਾਂ ਬਹੁਤ ਧਿਆਨ ਨਾਲ ਸੁਣਦਾ ਹੈ। ਉਸ ਦੀਆਂ ਗੱਲਾਂ ਸੱਚੀਆਂ ਜਾਪ ਰਹੀਆਂ ਹਨ ਪਰ ਉਹ ਕਹਿੰਦਾ ਹੈ,
“ਅੰਕਲ, ਹੁਣ ਤਾਂ ਜੋ ਹੋਣਾ ਸੀ ਹੋ ਗਿਆ, ਮੈਂ ਹੁਣ ਪਿੱਛੇ ਨੂੰ ਨਹੀਂ ਮੁੜ ਸਕਦਾ। ਉਹਨੇ ਜੋ ਕਰਨੈ ਕਰੇ, ਫੌਜੀ ਨਾਲ ਜਾਵੇ ਜਾਂ ਕਾਲੇ ਚੋਰ ਨਾਲ਼।”
“ਇਹ ਗੱਲ ਨਹੀਂ ਗੁਰਨਾਮ ਕਿ ਉਹ ਕਿਹਦੇ ਨਾਲ ਜਾਵੇ ਕਿਉਂਕਿ ਏਦਾਂ ਉਹ ਸਹਿਜੇ ਜਾਣ ਵਾਲੀ ਨਹੀਂ ਪਰ ਇਸ ਵੇਲੇ ਉਹ ਟੁੱਟੀ ਪਈ ਐ ਪੈਸੇ ਵਲੋਂ ਵੀ ਤੇ ਭਾਵੁਕ ਤੌਰ ਤੇ ਵੀ ਇਸ ਵੇਲੇ ਟਾਈਮ ਆ ਕਿ ਸੁਲਾਹ ਕਰ ਲੈ ਨਾਲ਼ੇ ਆਪਣੇ ਬੱਚਿਆਂ ਬਾਰੇ ਸੋਚ।”
ਬੱਚਿਆਂ ਨੂੰ ਦੇਖਣ ਲਈ ਉਹ ਹੋਰ ਤੜਫ ਉਠਦਾ ਹੈ। ਬਾਹਰ ਦੀ ਦੁਨੀਆਂ ਉਸ ਨੇ ਹੁਣ ਦੇਖ ਲਈ ਹੈ। ਕੁਝ ਸੋਚਦਾ ਹੋਇਆ ਉਹ ਆਖਦਾ ਹੈ,
“ਉਹ ਆਕੇ ਮੈਨੂੰ ਸੌਰੀ ਬੋਲੇ ਤਾਂ ਮੈਂ ਸੋਚ ਸਕਦਾਂ।”
“ਏਦਾਂ ਨਹੀਂ, ਦੇਖ ਗਲਤੀ ਤੇਰੀ ਵੀ ਐ ਤੇ ਓਹਦੀ ਵੀ, ਮੈਂ ਤੇਰੀ ਮਾਸੀ ਨਾਲ ਗੱਲ ਕਰਕੇ ਤੁਹਾਡੀ ਸੁਲਾਹ ਕਰਾਉਂਨਾ, ਤੂੰ ਸਾਡੇ ਵਲ ਆ ਜਾਈਂ। ਉਸ ਨੂੰ ਸੱਦ ਲਵਾਂਗੇ। ਅਸੀਂ ਤੁਹਾਨੂੰ ਦੋਨਾਂ ਨੂੰ ਸਮਝਾਵਾਂਗੇ ਸਭ ਠੀਕ ਹੋ ਜਾਊ। ਬਾਕੀ ਜਿਹੜਾ ਉਹਦੇ ਡਰਾਮਿਆਂ ਦਾ ਡਰਾਮਾ ਐ ਅੱਵਲ ਤਾਂ ਉਹਨੂੰ ਹੁਣ ਤਕ ਅਕਲ ਆ ਗਈ ਹੋਊ ਨਹੀਂ ਤਾਂ ਤਰੀਕਾ ਤੈਨੂੰ ਮੈਂ ਦੱਸੂੰ, ਦੇਖੀਂ ਸਭ ਠੀਕ ਹੋ ਜਾਊ।”
“ਉਹ ਕਿੱਦਾਂ ਠੀਕ ਹੋ ਜਾਊ, ਅੰਕਲ?”
“ ਉਹਨੂੰ ਸੋਧ ਕੇ ਤੇ ਸੋਧਣ ਦਾ ਤਰੀਕਾ ਤੈਨੂੰ ਮੈਂ ਦੱਸੂੰ।”
“ਉਹ ਕਿੱਦਾਂ ਅੰਕਲ ? ਕਿਹੜਾ ਤਰੀਕਾ ?”
“ਸਾਰੀਆਂ ਗੱਲਾਂ ਨਾ ਪੁੱਛ, ਤੂੰ ਸੁਲਾਹ ਲਈ ਤਿਆਰ ਹੋ ਜਾਹ।”
“ਫੇਰ ਵੀ ਕੋਈ ਹਿੰਟ ਤਾਂ ਦੇਹ।”
“ਤੈਨੂੰ ਪਤਾ ਕਿ ਸਰਕਸ ਵਾਲੇ ਸ਼ੇਰ ਨੂੰ ਕਿੱਦਾਂ ਸੋਧਦੇ ਆ? ਉਹ ਉਹਨੂੰ ਕੁੱਟਦੇ ਮਾਰਦੇ ਬਿਲਕੁਲ ਨਹੀਂ।”
“ਫੇਰ ਕੀ ਕਰਦੇ ਆਂ।”
“ਕੁੱਟਮਾਰ ਨਾਲ ਸ਼ੇਰ ਨਹੀਂ ਮੰਨਦਾ, ਸ਼ੇਰ ਕੀ ਕਈ ਹੋਰ ਜਾਨਵਰ ਵੀ ਨਹੀਂ ਮੰਨਦੇ, ਕਈ ਔਰਤਾਂ ਵੀ ਨਹੀਂ। ਇਨ੍ਹਾਂ ਲਈ ਸਰਕਸ ਵਾਲਿਆਂ ਇਕ ਹੋਰ ਤਰੀਕਾ ਕੱਢਿਆ ਹੋਇਐ। ਉਹ ਸ਼ੇਰ ਦੇ ਕੰਨਾਂ ਵਿਚ ਵਿਸਲ ਵਜਾਉਣ ਲੱਗਦੇ ਆ। ਏਨੀ ਜ਼ੋਰ ਜ਼ੋਰ ਦੀ, ਇੰਨੀ ਵਾਰ ਵਿਸਲ ਵਜਾਉਂਦੇ ਆ ਕਿ ਸ਼ੇਰ ਅੱਕ ਜਾਂਦੈ।”
“ਜਾਣੀ ਕਿ ਸ਼ੇਰ ਨੂੰ ਵੱਖਰੇ ਢੰਗ ਨਾਲ ਟੌਰਚਰ ਕੀਤਾ ਜਾਂਦੈ।”
“ਇਹਨੂੰ ਟੌਰਚਰ ਕਰਨਾ ਨਹੀਂ ਕਹਿੰਦੇ ਯੰਗਮੈਨ, ਸੋਧਣਾ ਕਹਿੰਦੇ ਆ ਤੇ ਕਿੱਦਾਂ ਸੋਧਣਾ ਇਹ ਮੈਂ ਤੈਨੂੰ ਸਿਖਾਊਂ, ਜਿਹੜਾ ਕੰਮ ਮੈਂ ਨਹੀਂ ਕਰ ਸਕਿਆ ਉਹ ਤੂੰ ਕਰੇਂਗਾ।”
ਚਲਦਾ....