ਸਾਊਥਾਲ (ਕਾਂਡ 11)

ਇਕ ਦਿਨ ਕਾਰਾ ਉਸ ਦੇ ਘਰ ਆਉਂਦਾ ਹੈ। ਆਖਣ ਲੱਗਦਾ ਹੈ,
“ਚੰਗਾ ਯਾਰ ਕੰਮ 'ਤੇ ਲੱਗਿਆਂ, ਮਿਲਣੋਂ ਵੀ ਗਿਆਂ, ਕਦੇ ਪੱਬ 'ਚ ਈ ਬੈਠੀਏ, ਘਰ ਤਾਂ ਬੁੜ੍ਹੀਆਂ ਸਾਹਮਣੇ ਕੋਈ ਗੱਲ ਈ ਨਹੀਂ ਸੀ ਹੁੰਦੀ।”
“ਚੱਲ, ਆ ਤੈਨੂੰ ਗਲਾਸ ਪਿਲਾ ਦਿੰਨਾਂ।”
ਜੈਕਟ ਪਾਉਂਦਾ ਪਰਦੁੱਮਣ ਸਿੰਘ ਉਸ ਨਾਲ ਤੁਰ ਪੈਂਦਾ ਹੈ। ਦੋਵੇਂ ਕਾਰ ਵਿਚ ਆ ਬੈਠਦੇ ਹਨ। ਪਰਦੁੱਮਣ ਕਹਿੰਦਾ ਹੈ,
“ਚੱਲ ਜਿਥੇ ਚੱਲਣਾ, ਗਲਾਸ ਪੀਨੇ ਆਂ, ਸੱਚੀਂ ਕਈ ਦਿਨ ਹੋ ਗਏ ਆਪਾਂ ਨੂੰ ਬੈਠਿਆਂ ਨੂੰ।”

ਕਾਰਾ ਕੰਟੀਨੈਂਟਲ ਹੋਟਲ ਵੱਲ ਨੂੰ ਕਾਰ ਤੋਰ ਲੈਂਦਾ ਹੈ। ਪਰਦੁੱਮਣ ਨੂੰ ਪਤਾ ਹੈ ਕਿ ਕਾਰੇ ਦਾ ਸਟੈਂਡਰਡ ਜ਼ਰਾ ਕੁ ਉੱਚਾ ਹੈ। ਉਹ ਆਮ ਲੋਕਾਂ ਵਾਲੇ ਪੱਬਾਂ ਵਿਚ ਘੱਟ ਜਾਇਆ ਕਰਦਾ ਹੈ। ਕਾਰਾ ਪੁੱਛਦਾ ਹੈ,
“ਕਿੱਦਾਂ, ਹੁਣ ਤਾਂ ਸਭ ਠੀਕ ਐ ਨਾ ?”
“ਹਾਂ, ਦੋਨਾਂ ਨੂੰ ਜੌਬ ਮਿਲ ਗਈ, ਨਿਆਣਿਆਂ ਦੇ ਮਨਾਂ ਵਿਚ ਜਿੰਨਾ ਕੁ ਇੰਡੀਆ ਰਜਿਸਟਰ ਹੋਇਆ ਸੀ ਉਤਰ ਚੁੱਕੈ, ਬਸ ਆਹ ਬੜਾ ਸਾਲ੍ਹਾ ਪੜ੍ਹਨ ਤੋਂ ਹਟਣ ਨੂੰ ਫਿਰਦੈ।”
“ਚੱਲ, ਕਿਸੇ ਕੋਰਸ ਵਿਚ ਪਾ ਦਿਓ।”
“ਦੇਖਦੇ ਆਂ, ਤੂੰ ਸੁਣਾ, ਕੰਮ ਕਿੱਦਾਂ?”
“ਪਹਿਲਾਂ ਵਾਲੀ ਗੱਲ ਨਹੀਂ ਰਹੀ, ਕੰਪੀਟੀਸ਼ਨ ਬਹੁਤ ਐ, ਸਾਲੇ ਥੋੜ੍ਹੀ ਥੋੜ੍ਹੀ ਕੁਟੇਸ਼ਨ ਈ ਦੇਈ ਜਾਂਦੇ ਆ, ਪਤਾ ਨਹੀਂ ਕਿੱਦਾਂ ਸਰਵਾਈਵ ਕਰਦੇ ਆ। ਮੈਂ ਤਾਂ ਸੋਚਦਾਂ ਜੇ ਕੋਈ ਵੱਡਾ ਚੱਜ ਦਾ ਬਿਜ਼ਨਸ ਮਿਲ ਜਾਵੇ ਤਾਂ ਸਭ ਬਦਲ ਦੇਵਾਂ।”
“ਹਾਲੇ ਤੂੰ ਮੈਨੂੰ ਇਧਰ ਨੂੰ ਖਿੱਚਦਾਂ।”
“ਨਵੇਂ ਬੰਦੇ ਲਈ ਠੀਕ ਐ, ਮੇਰੇ ਹੁਣ ਓਵਰ ਹੈਡਜ਼ ਈ ਬਹੁਤ ਐ।”
ਉਹ ਹੋਟਲ ਦੀ ਬਾਰ ਵਿਚ ਪੁੱਜ ਜਾਂਦੇ ਹਨ। ਕਾਰਾ ਲਾਗਰ ਦੇ ਦੋ ਗਲਾਸ ਭਰਾ ਲਿਆਉਂਦਾ ਹੈ। ਪਰਦੁੱਮਣ ਪੁੱਛਦਾ ਹੈ,
“ਤੇਰੇ ਕੋਲ ਉਹ ਜਿਹੜੀ ਲਿਲੀ ਕੰਮ ਕਰਦੀ ਹੁੰਦੀ ਸੀ, ਹੈਗੀ ਕਿ ਛੱਡ ਗਈ।”
“ਸੁਰਜੀਤ ਕੌਰ ਨੂੰ ਪਤਾ ਚੱਲ ਗਿਆ ਸੀ, ਉਹਨੇ ਹਟਾ 'ਤੀ।”
“ਦੇਖਿਆ ਨਾ ਪੜ੍ਹੀ ਹੋਈ ਔਰਤ ਦਾ ਘਾਟਾ। ਹੋਰ ਹੁਣ ਕੋਈ?”
“ਹੈਗੀਆਂ ਇਕ ਦੋ ਕੁ, ਤੈਨੂੰ ਪਤਾ ਕਿ ਤੀਵੀਂ ਬਿਨਾਂ ਰਹਿ ਈ ਕਿਥੋਂ ਹੁੰਦਾ।”
“ਰੈਗੂਲਰ ਐ ਕਿ ਚਾਲੂ ਮਾਲ ਐ?”
“ਇਕ ਤਾਂ ਚਲਾਵਾਂ ਕੰਮ ਐ, ਗੋਰੀ ਐ, ਕਦੇ ਕਦੇ ਹੋਟਲ ਵਿਚ ਬੁਲਾ ਲੈਨਾਂ ਤੇ ਇਕ ਹੈਗੀ ਆ ਰੈਗੂਲਰ ਵੀ ਪਰ ਹੁਣ ਧਿਆਨ ਰੱਖਣਾ ਪੈਂਦੈ, ਨਿਆਣੇ ਬਰਾਬਰ ਦੇ ਹੋ ਚੱਲੇ।”
“ਇਹ ਤਾਂ ਹੈ ਈ, ਨਾਲੇ ਤੂੰ ਬਥੇਰਾ ਇਨਜੁਆਏ ਕੀਤਾ, ਮੈਂ ਤਾਂ ਦੁਕਾਨ ਵਿਚ ਈ ਫਸਿਆ ਰਿਹਾਂ।”
“ਉਥੇ ਇੰਡੀਆ ਕਿੱਦਾਂ?”
ਕਾਰਾ ਸਵਾਲ ਪੁੱਛਦਾ ਹੈ। ਪਰਦੁੱਮਣ ਸੋਚਣ ਲੱਗਦਾ ਹੈ ਕਿ ਇਸ ਦਾ ਕੀ ਉਤਰ ਦੇਵੇ, ਮਾਸਟਰਨੀ ਵਾਲੀ ਗੱਲ ਕਿਵੇਂ ਦੱਸੇ। ਉਸ ਨੂੰ ਪਤਾ ਹੈ ਕਿ ਕਾਰਾ ਔਰਤਾਂ ਦਾ ਸ਼ੌਕੀਨ ਹੈ ਤੇ ਆਪਣੇ ਬਾਰੇ ਕਈ ਵਾਰ ਵਧਾ ਚੜ੍ਹਾ ਕੇ ਵੀ ਗੱਲ ਕਰ ਜਾਂਦਾ ਹੈ। ਜਵਾਬ ਵਿਚ ਕਦੇ ਕਦੇ ਪਰਦੁੱਮਣ ਵੀ ਗੱਪ ਮਾਰਨ ਲੱਗਦਾ ਹੈ। ਕਾਰੇ ਦੇ ਸਵਾਲ ਤੇ ਥੋੜਾ ਕੁ ਸੋਚਦਾ ਉਹ ਆਖਦਾ ਹੈ, “ਕਾਰਿਆ, ਇਨ੍ਹਾਂ ਟੈਰੋਰਿਸਟਾਂ ਨੇ ਬਹੁਤ ਧੋਖਾ ਕੀਤਾ ਮੇਰੇ ਨਾਲ, ਮੇਰੀ ਬਹੁਤ ਹੀ ਖੂਬਸੂਰਤ ਜ਼ਿੰਦਗੀ ਤਹਿਸ ਨਹਿਸ ਕਰਕੇ ਰੱਖ ਦਿੱਤੀ। ਹੁਣ ਤਾਂ ਮੈਂ ਇਹ ਵੀ ਸੋਚਦਾਂ ਕਿ ਇਕ ਲੱਖ ਦੇ ਵੀ ਦਿੰਦਾ ਤਾਂ ਕਿਹੜਾ ਪਹਾੜ ਡਿੱਗਣ ਲੱਗਾ ਸੀ।”
ਉਹ ਬੀਅਰ ਦਾ ਘੁੱਟ ਭਰਨ ਲਈ ਰੁਕ ਕੇ ਫਿਰ ਆਖਦਾ ਹੈ, 
“ਮੈਂ ਜੀ.ਟੀ. ਰੋਡ 'ਤੇ ਜਗ੍ਹਾ ਲੈ ਲਈ ਸੀ, ਟਾਇਰਾਂ ਦੀ ਏਜੰਸੀ ਲਈ ਪੈਸੇ ਜਮ੍ਹਾਂ ਕਰਾਉਣੇ ਸੀ ਛੇਤੀ ਹੀ, ਪੈਟਰੋਲ ਪੰਪ ਦੀ ਵੀ ਗੱਲ ਚੱਲ ਰਹੀ ਸੀ, ਇਕ ਹੋਟਲ ਬਾਰੇ ਵੀ ਸੋਚ ਰਿਹਾ ਸੀ ਮੈਂ। ਮੈਂ ਤਾਂ ਇਹ ਤਹਿ ਕਰ ਲਿਆ ਸੀ ਕਿ ਗਿਆਨ ਕੌਰ ਤੇ ਨਿਆਣਿਆਂ ਨੂੰ ਵਾਪਸ ਭੇਜ ਦੇਵਾਂ ਤੇ ਆਪ ਉਥੇ ਹੀ ਰਹਾਂ। ਇਕ ਗੱਲ ਬਾਬਿਆਂ ਨੇ ਬਹੁਤ ਚੰਗੀ ਕਰ ਦਿੱਤੀ, ਜੇ ਕੰਮ ਫੈਲਾਏ ਹੋਏ 'ਤੇ ਤੰਗ ਕਰਦੇ ਤਾਂ ਨਾ ਕਾਰੋਬਾਰ ਛੱਡ ਹੁੰਦਾ ਤੇ ਨਾ ਉਥੇ ਹੀ ਰਹਿ ਹੁੰਦਾ, ਲਾਈਫ ਬਹੁਤ ਔਖੀ ਹੋ ਜਾਣੀ ਸੀ, ਚਲੋ ਜੋ ਹੋ ਗਿਆ ਚੰਗਾ ਈ ਹੋ ਗਿਆ।”
“ਮੇਰਾ ਸਵਾਲ ਇਹ ਨਹੀਂ, ਤੇਰੀ ਉਨਾਭੀ ਪੱਗ 'ਤੇ ਵੀ ਕੋਈ ਮਰੀ ?”
“ਹਾਂ ਮਰੀ ਸੀ ਇਕ। ਫਗਵਾੜੇ ਪ੍ਰੀਤ ਨਗਰ ਰਹਿੰਦੀ ਸੀ। ਇਨ੍ਹਾਂ ਨਿਆਣਿਆਂ ਦੀ ਇੰਗਲਿਸ਼ ਟੀਚਰ ਸੀ, ਘੁੰਮਣ ਫਿਰਨ ਦੀ ਸ਼ੌਕੀਨ ਸੀ ਤੇ ਆਪਾਂ ਘੁੰਮਾਉਣ ਫਿਰਾਉਣ ਦੇ।”
“ਸੁਹਣੀ ਸੀ?”
“ਹਾਂ, ਸੁਹਣੀ ਸੀ, ਠੀਕ ਸੀ, ਹਸਬੈਂਡ ਉਹਦਾ ਆਰਮੀ ਵਿਚ ਸੀ, ਨੇਵੀ ਵਿਚ। ਮੇਰੇ ਨਾਲ ਰਾਜਸਥਾਨ ਦੇਖਣ ਗਈ ਸੀ, ਬਹੁਤਾ ਈ ਮੋਹ ਕਰਨ ਲੱਗੀ ਸੀ।”
“ਤੇਰਾ ਕਿ ਤੇਰੀ ਜੇਬ੍ਹ ਦਾ।”
“ਸ਼ਾਇਦ ਜੇਬ੍ਹ ਦਾ ਵੀ ਕਰਦੀ ਹੋਵੇ, ਇਹ ਗਿਵ ਐਂਡ ਟੇਕ ਤਾਂ ਹੈ ਈ, ਪਰ ਉਹ ਬਹੁਤ ਚੰਗੀ ਔਰਤ ਐ, ਛੱਡਣ ਵਾਲੀ ਨਹੀਂ। ਜਦ ਮੈਂ ਤੁਰਨ ਤੋਂ ਪਹਿਲਾਂ ਮਿਲਣ ਗਿਆਂ ਤਾਂ ਬਹੁਤ ਰੋਈ, ਮੇਰਾ ਵੀ ਮਨ ਖਰਾਬ ਕਰਤਾ’ ਸੀ ਤੇ ਮੇਰੀ ਸੁਣ ਲੈ ਜਿੱਦਣ ਦਾ ਆਇਆਂ ਉਹਨੂੰ ਫੋਨ ਵੀ ਨਹੀਂ ਕਰ ਹੋਇਆ।”
“ਉਹਨੂੰ ਤੇਰੀ ਸਿਚੂਏਸ਼ਨ ਦਾ ਪਤਾ ਵੀ ਸੀ ?”
“ਹਾਂ ਮੈਂ ਦੱਸਿਆ ਸੀ, ਓਹਨੇ ਤਾਂ ਰਹਿਣ ਲਈ ਆਪਣਾ ਘਰ ਦਿੱਤਾ ਸੀ ਕਿ ਐਮਰਜੈਂਸੀ ਵਿਚ ਇਥੇ ਆ ਜਾਓ।”
“ਹੁਣ ਕਿੱਦਾਂ ਕਰਨੀ ਐ?”
“ਕਾਹਦੀ?”
“ਤੂੰ ਤਾਂ ਹੁਣ ਥੋੜੇ ਕੀਤੇ ਜਾਣਾ ਨਹੀਂ ਇੰਡੀਆ ਨੂੰ, ਮੇਰੇ ਨਾਲ ਇੰਟਰੋਡੱਕਸ਼ਨ ਕਰਾ ਦੇ, ਮੈਂ ਅਗਲੇ ਮਹੀਨੇ ਜਾ ਰਿਹਾਂ।”
“ਦੇਖ ਬਈ, ਗੱਲਾਂ ਸਾਂਝੀਆਂ ਤੇ ਔਰਤ ਆਪੋ ਆਪਣੀ!”

ਚਲਦਾ...