ਉਸ ਦੇ ਮਨ ਵਿਚ ਆਉਂਦਾ ਹੈ ਕਿ ਰਾਜਾ ਰਾਜ ਭੋਜ ਦੇ ਸਾਹਮਣੇ ਦੀ ਗੇੜਾ ਕਢ ਕੇ ਆਵੇ। ਬਚਪਨ ਵਿਚ ਉਹ ਹਨੇਰੇ ਤੋਂ ਬਹੁਤ ਡਰਿਆ ਕਰਦਾ ਸੀ। ਉਸ ਦਾ ਚਾਚਾ ਉਸ ਨੂੰ ਜਾਣ ਬੁਝ ਕੇ ਹਨੇਰੇ ਵਿਚ ਲੈ ਜਾਂਦਾ ਤੇ ਦਸਦਾ ਕਿ ਹਨੇਰੇ ਵਿਚ ਡਰਨ ਡਰਾਉਣ ਵਾਲੀ ਕੋਈ ਸ਼ੈਅ ਨਹੀਂ ਹੈ। ਭੱਜਣਾ ਛੱਡ ਕੇ ਉਹ ਤੁਰਨ ਲਗਦਾ ਹੈ। ਅਲੈਗਜ਼ੈਂਡਰਾ ਰੋਡ ਤੋਂ ਹੁੰਦਾ ਹੋਇਆ ਵੂਲਵਰਥ ਦੇ ਸਾਹਮਣੇ ਜਾ ਨਿਕਲਦਾ ਹੈ। ਬਰਾਡਵੇਅ ਹਾਲੇ ਵੀ ਵਿਅਸਤ ਹੈ। ਲੋਕ ਉਵੇਂ ਹੀ ਤੁਰੇ ਫਿਰਦੇ ਹਨ। ਵਕਤ ਭਾਵੇਂ ਜ਼ਿਆਦਾ ਹੋ ਗਿਆ ਹੈ ਪਰ ਹਾਲੇ ਭਰਪੂਰ ਰੌਸ਼ਨੀ ਹੈ। ਉਹ ਬਰਾਡਵੇਅ ਤੋਂ ਖੱਬੇ ਮੁੜ ਪੈਂਦਾ ਹੈ। ਰਾਜਾ ਰਾਜ ਭੋਜ ਰੈਸਟੋਰੈਂਟ ਦੇ ਮੂਹਰੇ ਆ ਖੜਦਾ ਹੈ। ਰੁਕ ਕੇ ਚੰਗੀ ਤਰ੍ਹਾਂ ਦੇਖਦਾ ਹੈ। ਉਹ ਖੁਦ ਨੂੰ ਕਹਿਣ ਲਗਦਾ ਹੈ ਕਿ ਕੀ ਹੈ ਇਥੇ ਜੋ ਉਸ ਨੂੰ ਡਰਾ ਰਿਹਾ ਹੈ! ਕੁਝ ਵੀ ਨਹੀਂ ਹੈ। ਉਸ ਨੂੰ ਜਾਪਦਾ ਹੈ ਕਿ ਉਸ ਦਾ ਮਨ ਹੁਣ ਕੁਝ ਮਜਬੂਤ ਹੋ ਰਿਹਾ ਹੈ। ਉਹ ਖੁਸ਼ ਹੈ। ਉਹ ਸੋਚਦਾ ਹੈ ਕਿ ਸਾਲ ਭਰ ਦਾ ਬਿਜ਼ਨਸ ਖਰਾਬ ਹੋ ਗਿਆ ਇਸ ਰੈਸਟੋਰੈਂਟ ਦਾ। ਬਹੁਤ ਚੜ੍ਹਾਈਆਂ ਵਿਚ ਸੀ ਇਸ ਦਾ ਵਿਓਪਾਰ। ਇਸ ਦੇ ਬੰਦ ਹੋ ਜਾਣ ਨਾਲ ਦੋ ਹੋਰ ਨਵੇਂ ਰੈਸਟੋਰੈਂਟਾਂ ਨੂੰ ਖੁੱਲ੍ਹਣ ਦਾ ਮੌਕਾ ਮਿਲ ਗਿਆ ਹੈ।
ਟਰੈਫਿਕ ਲਾਈਟਾਂ ਉਪਰਲੇ ਪੱਬ, ਜਿਸ ਨੂੰ ਉਸ ਦਾ ਅਸਲੀ ਨਾਂ ਭੁਲਾ ਕੇ ਲਾਈਟਾਂ ਵਾਲਾ ਪੱਬ ਕਿਹਾ ਜਾਂਦਾ ਹੈ, ਵੱਲ ਵੇਖਦਾ ਉਹ ਲਾਈਟਾਂ ਪਾਰ ਕਰ ਲੈਂਦਾ ਹੈ। ਉਸ ਨੂੰ ਸਿਗਰਟ ਦੀ ਤਲਬ ਹੋ ਰਹੀ ਹੈ ਤੇ ਬੀਅਰ ਦੀ ਵੀ। ਉਹ ਗਲਾਸ ਭਰਾ ਕੇ ਬੈਠਣ ਲਈ ਜਗ੍ਹਾ ਲੱਭਣ ਲੱਗਦਾ ਹੈ। ਸਾਹਮਣਿਉਂ ਅੰਕਲ ਪਾਲਾ ਸਿੰਘ ਹੱਥ ਹਿਲਾਉਂਦਾ ਦਿਸਦਾ ਹੈ। ਉਹ ਉਸ ਵੱਲ ਤੁਰ ਪੈਂਦਾ ਹੈ। ਉਹ ਚਾਹੁੰਦਾ ਤਾਂ ਨਹੀਂ ਕਿ ਪਾਲਾ ਸਿੰਘ ਕੋਲ ਬੈਠੇ ਕਿਉਂਕਿ ਉਸ ਨੇ ਸਿਗਰਟ ਨਹੀਂ ਪੀ ਸਕਣਾ। ਉਸ ਦੇ ਬੈਠਦਿਆਂ ਹੀ ਪਾਲਾ ਸਿੰਘ ਕਹਿੰਦਾ ਹੈ,
“ਜੌਗਿੰਗ ਕਰਕੇ ਆਇਆਂ ਲੱਗਦਾਂ, ਪਸੀਨੇ ਵਿਚ ਗੜੁੱਚ ਐਂ।”
“ਹਾਂ ਅੰਕਲ।”
“ਮੈਂ ਵੀ ਵਾਲੀਬਾਲ ਖੇਲਿਆ ਜਵਾਨੀ 'ਚ, ਤੇਰਾ ਡੈਡੀ ਵੀ ਨਾਲ ਹੁੰਦਾ ਸੀ। ਕੀ ਹਾਲ ਐ ਸਾਡੇ ਯਾਰ ਦਾ ?”
“ਅੰਕਲ, ਭਾਪਾ ਜੀ ਮੌਜਾਂ ਕਰਦੇ ਆ, ਸਰਪੰਚ ਬਣੇ ਫਿਰਦੇ ਆ।”
“ਚੱਕਰ ਨਹੀਂ ਮਾਰਦਾ ਏਧਰ ਦਾ ?”
“ਮੰਨਦੇ ਨਹੀਂ, ਕਹਿੰਦੇ ਤੁਸੀਂ ਈ ਆ ਕੇ ਮਿਲ ਜਾਇਆ ਕਰੋ, ਅਸੀਂ ਇਥੇ ਆਪਣੇ ਪਿੰਡ ਈ ਠੀਕ ਆਂ।”
“ਜੱਗਿਆ, ਗੱਲ ਤਾਂ ਓਹਦੀ ਠੀਕ ਐ, ਜਦ ਓਥੇ ਈ ਸਭ ਠੀਕ ਹੈ ਤਾਂ ਬਿਗਾਨੇ ਮੁਲਕਾਂ ਵਿਚ ਰੁਲਣ ਦੀ ਕੀ ਲੋੜ ਐ, ਦੇਖ ਲੈ ਜ਼ਿੰਦਗੀ ਕਿੰਨੀ ਔਖੀ ਐ ਇਥੇ।”
ਜਗਮੋਹਨ ਹਾਂ ਵਿਚ ਸਿਰ ਹਿਲਾ ਕੇ ਬੀਅਰ ਦਾ ਵੱਡਾ ਸਾਰਾ ਘੁੱਟ ਭਰਦਾ ਗਿਲਾਸ ਰੱਖ ਦਿੰਦਾ ਹੈ। ਸਿਗਰਟ ਦੀ ਤਲਬ ਥੋੜ੍ਹੀ ਸੰਘਣੀ ਹੋ ਰਹੀ ਹੈ। ਪਾਲਾ ਸਿੰਘ ਫਿਰ ਕਹਿੰਦਾ ਹੈ,
“ਜੱਗਿਆ, ਕਦੇ ਘਰ ਦਾ ਚਕਰ ਮਾਰਿਆ ਕਰ, ਤੇਰੀ ਅੰਟੀ ਚੇਤੇ ਕਰਦੀ ਰਹਿੰਦੀ ਐ।”
“ਅੰਕਲ, ਆਊਂਗਾ ਕਿਸੇ ਦਿਨ।”
ਥੋੜੀ ਦੇਰ ਬਾਅਦ ਪਾਲਾ ਸਿੰਘ ਆਖਦਾ ਹੈ,
“ਆਹ ਦੇਖ, ਸਾਧੂ ਨਾਲ ਕੀ ਹੋਇਆ। ਸਾਡੇ ਨਾਲ ਹੀ ਆਇਆ ਸੀ, ਇਕੱਠੇ ਈ ਗੱਤੇ ਵਾਲੀ ਫੈਕਟਰੀ ਵਿਚ ਕੰਮ ਕਰਦੇ ਰਹੇ ਆਂ, ਪਰ ਉਹ ਮਰਦ ਦਾ ਬੱਚਾ ਨਿਕਲਿਆ, ਅਸਲੀ ਮਰਦ...।”
ਕਹਿੰਦਿਆਂ ਉਹ ਮੁੱਛਾਂ ਨੂੰ ਵਟਾ ਦੇਣ ਲੱਗਦਾ ਹੈ। ਬੀਅਰ ਦਾ ਗਲਾਸ ਖਤਮ ਕਰਦਾ ਫਿਰ ਆਖਦਾ ਹੈ,
“ਏਦਾਂ ਹੀ ਕੀਤੀ ਜਾਂਦੀ ਐ ਇੱਜ਼ਤ ਦੀ ਰਖਵਾਲੀ, ਸੀ ਨਹੀਂ ਕੀਤੀ ਸਾਧੂ ਨੇ...।”
ਉਸ ਨੇ ਦੋਵੇਂ ਮੁੱਛਾਂ ਹੀ ਖੜੀਆਂ ਕਰ ਰੱਖੀਆਂ ਹਨ। ਜਗਮੋਹਨ ਦੇ ਅੰਦਰ ਕੁਝ ਡੁੱਬਣ ਲੱਗਦਾ ਹੈ। ਉਹ ਕਾਹਲੀ ਵਿਚ ਆਪਣੀ ਬੀਅਰ ਖਤਮ ਕਰਦਾ ਬਹਾਨਾ ਬਣਾ ਕੇ ਉਠ ਖੜਦਾ ਹੈ ਤੇ ਪੱਬ ਤੋਂ ਬਾਹਰ ਆ ਕੇ ਸਿਗਰਟ ਸੁਲਘਾ ਲੈਂਦਾ ਹੈ। ਕੰਧ ਨਾਲ ਢੋਅ ਲਾ ਕੇ ਲੰਮੇ ਲੰਮੇ ਕਸ਼ ਖਿੱਚਦਾ ਫਿਰ ਹੌਲੀ ਹੌਲੀ ਲੇਡੀ ਮਾਰਗਰੇਟ ਉਪਰ ਪੈ ਜਾਂਦਾ ਹੈ। ਉਹ ਇਵੇਂ ਤੁਰਦਾ ਹੈ ਜਿਵੇਂ ਬਹੁਤ ਥੱਕਿਆ ਹੋਵੇ। ਬੜੀ ਮੁਸ਼ਕਲ ਨਾਲ ਘਰ ਪਹੁੰਚਦਾ ਹੈ। ਮੂਡ ਨੂੰ ਬਦਲਣ ਦੀ ਕੋਸਿ਼ਸ਼ ਕਰਦਾ ਘਰ ਅੰਦਰ ਵੜਦਾ ਹੈ।
ਮਨਦੀਪ ਬਹੁਤਾ ਕੁਝ ਕਹੇ ਬਿਨਾਂ ਖਾਣਾ ਲੈ ਆਉਂਦੀ ਹੈ। ਕਿਰਨ ਤੇ ਜੀਵਨ ਸੌਣ ਸੌਣ ਕਰਦੇ ਹਨ। ਮਨਦੀਪ ਉਨ੍ਹਾਂ ਨੂੰ ਬੈੱਡ ਵਿਚ ਪਾ ਆਉਂਦੀ ਹੈ। ਵਾਪਸ ਆ ਕੇ ਕਹਿਣ ਲੱਗਦੀ ਹੈ,
“ਜੈਗ, ਕੱਲ ਨੂੰ ਮੇਰੀ ਸ਼ੌਪਿੰਗ ਕਰਾ ਦਿਓ।”
“ਬਰਾਡਵੇਅ 'ਤੇ ਜਾਈਂ ਤੇ ਲੈ ਆਈਂ ਜੋ ਲਿਆਉਣਾ।”
“ਇਥੇ ਸਾਊਥਾਲ ਬਰਾਡਵੇਅ ਉਪਰ ਥਰਡ ਕਲਾਸ ਮਾਲ ਐ, ਮੈਂ ਕਿਸੇ ਸਟੋਰ ਵਿਚੋਂ ਸ਼ੌਪਿੰਗ ਕਰਨੀ ਐ, ਹੰਸਲੋ ਚੱਲੀਏ, ਬਰੈਂਟਕਰੌਸ ਜਾਂ ਫਿਰ ਔਕਸਫੋਰਡ ਸਟਰੀਟ। ਇਥੋਂ ਕੋਈ ਢੰਗ ਦੀ ਚੀਜ਼ ਮਿਲਣੀ ਐ, ਦੱਸੋ ਕਦੋਂ ਚੱਲੀਏ?”
“ਕੱਲ, ਪਰਸੋਂ ਜਦੋਂ ਮਰਜ਼ੀ।”
ਜਗਮੋਹਨ ਕਹਿ ਰਿਹਾ ਹੈ। ਉਸ ਦਾ ਮਨ ਬਹਿਸ ਕਰਨ ਨੂੰ ਨਹੀਂ ਕਰ ਰਿਹਾ। ਨਹੀਂ ਤਾਂ ਉਹ ਵਕਤ ਖਰਾਬ ਹੋਣ ਦਾ ਗਿਲਾ ਕਰਦਾ ਤੇ ਵੱਡੇ ਸਟੋਰਾਂ ਦੀ ਮੰਗਿਆਈ ਬਾਰੇ ਵੀ ਕੁਝ ਕਹਿੰਦਾ। ਮਨਦੀਪ ਉਸ ਦੇ ਚੁੱਪ ਚਾਪ ਮੰਨ ਜਾਣ ਬਾਰੇ ਖੁਸ਼ ਹੈ। ਉਹ ਫਿਰ ਕਹਿੰਦੀ ਹੈ,
“ਜੈਗ, ਯੂ ਸ਼ੋਅਰ ਕਿ ਮੇਰੇ ਮਗਰੋਂ ਬੱਚੇ ਸੰਭਾਲ ਲਵੋਂਗੇ?”
“ਕਿਉਂ ਮੈਨੂੰ ਕੀ ਐ, ਇਨ੍ਹਾਂ ਨੂੰ ਸਕੂਲ ਈ ਭੇਜਣਾ, ਖਾਈ ਅਸੀਂ ਮੈਕਡਾਨਲਡ ਜਾਣੈ ਜਾਂ ਫਿਰ ਕੰਟਕੀ, ਕੱਪੜੇ ਈ ਰੈਡੀ ਕਰਨੇ ਆਂ, ਡੌਂਟ ਯੂ ਵਰੀ।”
ਬੈੱਡ ਵਿਚ ਪੈਂਦਿਆਂ ਹੀ ਮਨਦੀਪ ਬੋਲਦੀ ਹੈ,
“ਕਹਿੰਦੇ ਕਿ ਸਾਧੂ ਸੂੰਹ ਨੂੰ ਸਜ਼ਾ ਨਹੀਂ ਹੋਣ ਲੱਗੀ।”
“ਕਿਉਂ?”
ਗੱਸੇ ਵਿਚ ਬੋਲਦਾ ਉਹ ਉਠ ਕੇ ਬੈਠ ਜਾਂਦਾ ਹੈ। ਮਨਦੀਪ ਆਖਣ ਲਗਦੀ ਹੈ,
“ਉਹਹੋ, ਮੈਂ ਤਾਂ ਸੁਭੈਕੀ ਈ ਕਿਹਾ, ਅਜ ਕੰਮ ਤੇ ਗੱਲਾਂ ਕਰਦੀਆ ਸੀ ਕਿ ਕੋਈ ਗਵਾਹ ਜਿਉਂ ਨਹੀਂ, ਉਹਦੇ ਬੁਆਏ ਫਰਿੰਡ ਦਾ ਤਾਂ ਪਤਾ ਈ ਨਹੀਂ ਕਿਧਰ ਭੱਜ ਗਿਆ, ਰੈਸਟੋਰੈਂਟ ਵਾਲੇ ਵੀ ਕਹੀ ਜਾਂਦੇ ਆ ਕਿ ਸਾਨੂੰ ਕੁਸ਼ ਨੀ ਪਤਾ।”
“ਪਰ ਜਦ ਸਾਧੂ ਸੂੰਹ ਆਪ ਗਿਲਟੀ ਪਲੀਡ ਕਰੀ ਜਾਂਦੈ।”
“ਕਹਿੰਦੇ ਏਦਾਂ ਕਨੂੰਨ ਨਹੀਂ ਮੰਨਦਾ, ਹੋ ਸਕਦਾ ਉਹਦਾ ਮਾਈਂਡ ਪੂਰਾ ਠੀਕ ਨਾ ਹੋਵੇ ਸ਼ਾਇਦ।”
“ਵੱਡੀਏ ਵਕੀਲੇ, ‘ਰਾਮ ਨਾਲ਼ ਸੌਂ ਜਾਹ।”
ਆਖਦਾ ਜਗਮੋਹਣ ਸੌਣ ਦੀ ਕੋਸ਼ਿਸ਼ ਕਰਨ ਲੱਗਦਾ ਹੈ। ਸੁਫਨੇ ਵਿਚ ਉਸ ਨੂੰ ਸਾਧੂ ਸਿੰਘ ਮਿਲਦਾ ਹੈ। ਬਰਾਡਵੇਅ ਉਪਰ ਉਸੇ ਰੈਸਟੋਰੈਂਟ ਦੇ ਸਾਹਮਣੇ ਹੀ। ਸਾਧੂ ਸਿੰਘ ਜਗਮੋਹਣ ਨੂੰ ਹਾਲਚਾਲ ਪੁੱਛਦਾ ਸਲਾਹ ਮੰਗਦਾ ਹੈ ਕਿ ਇਸ ਰੈਸਟੋਰੈਂਟ ਦਾ ਨਵਾਂ ਨਾਂ ਕਿਹੜਾ ਰੱਖੇ ਕਿਉਂਕਿ ਇਹ ਜਗ੍ਹਾ ਉਸ ਨੇ ਇਸ ਦੇ ਮਾਲਕ ਤੋਂ ਖਰੀਦ ਲਈ ਹੈ। ਕਹਿੰਦਾ ਸਾਧੂ ਸਿੰਘ ਪਾਲਾ ਸਿੰਘ ਵਾਂਗ ਹੀ ਮੁੱਛਾਂ ਨੂੰ ਵਟਾ ਦਿੰਦਾ ਰਹਿੰਦਾ ਹੈ। ਦੂਜੇ ਪਾਸੇ ਇਕ ਪੁਲਿਸਮੈਨ ਤੁਰਿਆ ਆ ਰਿਹਾ ਹੈ। ਜਗਮੋਹਨ ਉਸ ਨੂੰ ਕੁਝ ਕਹਿਣ ਲਈ ਆਵਾਜ਼ ਦਿੰਦਾ ਹੈ ਪਰ ਉਸ ਦੀ ਨੀਂਦ ਖੁੱਲ੍ਹ ਜਾਂਦੀ ਹੈ।
ਜਗਮੋਹਨ ਉਠ ਕੇ ਹੇਠਾਂ ਲੌਂਜ ਵਿਚ ਆ ਜਾਂਦਾ ਹੈ। ਅੱਜ ਐਤਵਾਰ ਹੈ। ਕਿਹੜਾ ਕੰਮ 'ਤੇ ਜਾਣਾ ਹੈ। ਉਸ ਨੂੰ ਨੀਂਦ ਖੁੱਲ੍ਹਣ ਦਾ ਕੋਈ ਫਿਕਰ ਨਹੀਂ। ਉਹ ਸੈਟੀ 'ਤੇ ਬੈਠ ਜਾਂਦਾ ਹੈ। ਸੁੱਖੀ ਉਸ ਦੇ ਸਾਹਮਣੇ ਸਵਿਮਿੰਗ ਪੂਲ ਦੇ ਫੱਟੇ 'ਤੇ ਆ ਖੜਦੀ ਹੈ। ਪਾਣੀ ਵਿਚ ਛਾਲ ਮਾਰਦੀ ਉਸ ਵੱਲ ਚੋਰੀ ਅੱਖ ਨਾਲ ਦੇਖਦੀ ਹੈ। ਫਿਰ ਪੂਲ ਦੇ ਦੂਜੇ ਪਾਸੇ ਨਿਕਲ ਕੇ ਜਿਥੇ ਕੁ ਹੁਸੈਨ ਖੜਾ ਹੈ, ਇਕ ਵਾਰ ਫਿਰ ਉਸ ਵੱਲ ਵਿੰਗੀ ਨਜ਼ਰ ਨਾਲ ਤੱਕਦੀ ਹੈ। ਜਗਮੋਹਨ ਮਨ ਹੀ ਮਨ ਆਖਦਾ ਹੈ, “ਸੁੱਖੀ, ਤੂੰ ਹੀ ਸਮਝਦੀ ਹੋਵੇਂਗੀ ਕਿ ਮੈਨੂੰ ਤੇਰੇ ਨਾਲ ਕੋਈ ਨਫਰਤ ਨਹੀਂ ਸੀ, ਸਗੋਂ ਮੈਂ ਤਾਂ ਤੈਨੂੰ ਬਹੁਤ ਪਸੰਦ ਕਰਦਾ ਸਾਂ, ਮੇਰੀਆਂ ਅੱਖਾਂ ਵਿਚੋਂ ਤੂੰ ਪੜ੍ਹ ਹੀ ਲਿਆ ਹੋਵੇਗਾ। ਮੈਂ ਹੋਰਨਾਂ ਤੋਂ ਅਲੱਗ ਆਂ।”
ਉਹ ਹੁਸੈਨ ਬਾਰੇ ਸੋਚਦਾ ਹੈ ਜਿਹੜਾ ਕਿ ਪਾਣੀ ਵਿਚੋਂ ਨਿਕਲਦੀ ਸੁੱਖੀ ਨੂੰ ਦੇਖ ਕੇ ਫੁੱਲਿਆ ਨਹੀਂ ਸੀ ਸਮਾਉਂਦਾ ਤੇ ਜਦ ਸੁੱਖੀ ਉਪਰ ਭੀੜ ਪਈ ਤਾਂ ਛੱਡ ਕੇ ਭੱਜ ਗਿਆ। ਦੱਸਦੇ ਹਨ ਕਿ ਸਭ ਤੋਂ ਪਹਿਲਾਂ ਹੁਸੈਨ ਹੀ ਭੱਜਿਆ ਸੀ। ਫਿਰ ਗਾਹਕ ਤੇ ਰੈਸਟੋਰੈਂਟ ਵਾਲੇ ਵੀ ਇਕ ਪਾਸੇ ਹਟ ਗਏ ਸਨ। ਸੁੱਖੀ ਇਕੱਲੀ ਰਹਿ ਗਈ ਸੀ ਸਾਧੂ ਸਿੰਘ ਦੀ ਤਿੰਨ ਫੁੱਟ ਦੀ ਤਲਵਾਰ ਦੇ ਸਾਹਮਣੇ। ਪਤਾ ਨਹੀਂ ਸੁੱਖੀ ਉਸ ਵੇਲੇ ਕੀ ਸੋਚਦੀ ਹੋਵੇਗੀ। ਫਿਰ ਉਸ ਨੂੰ ਗੁੱਸੇ ਦਾ ਭਰਿਆ ਸਾਧੂ ਸਿੰਘ ਦਿੱਸਦਾ ਹੈ। ਉਸ ਨੂੰ ਪਤਾ ਚੱਲਿਆ ਹੈ ਕਿ ਸੁੱਖੀ ਹੁਸੈਨ ਨਾਲ ਬੈਠੀ ਰਾਜਾ ਰਾਜ ਭੋਜ ਵਿਚ ਖਾਣਾ ਖਾ ਰਹੀ ਹੈ। ਪਾਗਲ ਸੁੱਖੀ! ਖਾਣਾ ਖਾਣ ਲਈ ਸਾਊਥਾਲ ਦਾ ਰੈਸਟੋਰੈਂਟ ਹੀ ਮਿਲਦਾ ਹੈ। ਸਾਧੂ ਸਿੰਘ ਰੈਸਟੋਰੈਂਟ ਦੇ ਦਰਵਾਜ਼ੇ ਖੜਾ ਹੈ। ਉਸ ਦੇ ਹੱਥ ਵਿਚ ਤਲਵਾਰ ਦੇਖ ਕੇ ਲੋਕ ਚੀਕਾਂ ਮਾਰਦੇ ਇਧਰ ਉਧਰ ਭੱਜਦੇ ਹਨ। ਸੁੱਖੀ ਖੜੀ ਰਹਿੰਦੀ ਹੈ। ਉਹ ਸਾਧੂ ਸਿੰਘ ਵੱਲ ਦੇਖਦੀ ਹੈ ਫਿਰ ਉਸ ਦੀ ਤਲਵਾਰ ਵੱਲ। ਉਹ ਨਹੀਂ ਡਰਦੀ। ਬਾਪ ਕੋਲੋਂ ਕਿਹੜੀ ਧੀ ਡਰਦੀ ਹੈ। ਜੇ ਡਰਦੀ ਹੁੰਦੀ ਤਾਂ ਸਾਧੂ ਸਿੰਘ ਉਸ ਦੇ ਮੁਕਾਬਲੇ ਬਹੁਤ ਬੁੱਢਾ ਹੈ। ਉਹ ਆਪਣਾ ਬਚਾਅ ਕਰ ਸਕਦੀ ਹੈ। ਉਸ ਦਾ ਇਹ ਨਾ ਡਰਨਾ ਹੀ ਉਸ ਨੂੰ ਕਤਲ ਕਰਵਾ ਜਾਂਦਾ ਹੈ।
ਚਲਦਾ...