ਸਾਊਥਾਲ (ਕਾਂਡ 1)

ਟਰੈਫਿਕ ਹੇਜ਼ ਐਂਡ ਤੱਕ ਹੈ। ਇਵੇਂ ਹੀ ਹੁੰਦਾ ਹੈ ਸਦਾ। ਫਿਰ ਅੱਜ ਤਾਂ ਧੁੱਪ ਵੀ ਲੋਹੜੇ ਦੀ ਹੈ ਤੇ ਉਪਰੋਂ ਸ਼ਨਿੱਚਰਵਾਰ। ਬਰਾਡਵੇਅ ਉਪਰ ਤਾਂ ਮੇਲਾ ਲੱਗਿਆ ਹੋਵੇਗਾ। ਇਧਰੋਂ ਦੀ ਲੰਘਣਾ ਵਕਤ ਖਰਾਬ ਕਰਨ ਵਾਲੀ ਗੱਲ ਹੈ। ਜਗਮੋਹਣ ਨੂੰ ਪਤਾ ਵੀ ਹੈ ਕਿ ਇਕ ਘੰਟਾ ਸਹਿਜੇ ਖਰਾਬ ਹੋ ਜਾਵੇਗਾ। ਉਹ ਕਾਰ ਘਰ ਮੁਹਰੇ ਖੜੀ ਕਰਕੇ ਤੁਰ ਕੇ ਵੀ ਬਰੌਡਵੇਅ ਤਕ ਜਾ ਸਕਦਾ ਹੈ। ਕੁਝ ਦੇਰ ਤੁਰਨਾ ਹੀ ਤਾਂ ਪਏਗਾ ਪਰ ਤੁਰਨ ਵਿਚ ਉਹ ਬਹੁਤ ਆਲਸੀ ਹੈ। ਵੈਸੇ ਵੀ ਉਸ ਦਾ ਸੁਭਾਅ ਹੈ ਕਿ ਇਕ ਵਾਰ ਬੈਠ ਗਿਆ ਤਾਂ ਬੈਠ ਗਿਆ, ਮੁੜ ਉਠਣਾ ਉਸ ਲਈ ਮੁਸ਼ਕਲ ਹੋ ਜਾਂਦਾ ਹੈ। ਹਾਂ, ਜੌਗਿੰਗ ਉਹ ਮੀਲਾਂ ਤਕ ਕਰ ਲਏਗਾ। ਬਰਾਡਵੇਅ ਵਲ ਤਾਂ ਉਹ ਉਂਜ ਵੀ ਕਦੇ ਕਦਾਈਂ ਹੀ ਆਇਆ ਕਰਦਾ ਹੈ ਅਜ ਉਹ ਆ ਰਿਹਾ ਕਿ ਉਸ ਨੇ ਸਕਾਈਲਿੰਕ ਵਾਲਿਆਂ ਦਿਉਂ ਟਿਕਟਾਂ ਚੁਕਣੀਆਂ ਹਨ। ਮਨਦੀਪ ਕੁਝ ਦਿਨਾਂ ਲਈ ਇੰਡੀਆ ਜਾ ਰਹੀ ਹੈ। ਉਹ ਸਕਾਈਲਿੰਕ ਕੋਲੋਂ ਹੀ ਟਿਕਟਾਂ ਲੈਂਦੇ ਹਨ। ਉਹ ਵੀਜ਼ਾ ਵੀ ਜਿਉਂ ਲਵਾ ਦਿੰਦੇ ਹਨ। ਨਹੀਂ ਤਾਂ ਵੀਜ਼ਾ ਲਗਵਾਉਣ ਲਈ ਭਾਰਤੀ ਹਾਈਕਮਿਸ਼ਨਰ ਦੇ ਦਫਤਰ ਜਾਣਾ ਪੈਂਦਾ ਹੈ ਜੋ ਕਿ ਕੇਂਦਰੀ ਲੰਡਨ ਵਿਚ ਹੈ। ਇਕ ਵਾਰ ਉਹ ਤੇ ਮਨਦੀਪ ਗਏ ਸਨ। ਉਥੇ ਜਾਣਾ ਵੀ ਕਿਸੇ ਮੁਹਿੰਮ ਤੇ ਜਾਣ ਵਾਂਗ ਹੈ। ਪੂਰਾ ਦਿਨ ਲਗ ਜਾਂਦਾ ਹੈ। ਬੱਸਾਂ, ਰੇਲਾਂ, ਟਿਊਬਾਂ ਫੜਦੇ ਜਾਓ, ਕਾਰ ਪਾਰਕ ਕਰਨ ਲਈ ਤਾਂ ਜਗਾਹ ਮਿਲੇਗੀ ਹੀ ਨਹੀਂ। ਵਕਤ ਖਰਾਬ ਕਰੋ ਤੇ ਨਾਲੇ ਭਾਰਤੀ ਬਿਓਰੋਕਰੇਸੀ ਦਾ ਸਾਹਮਣਾ ਕਰੋ। ਭਾਰਤੀ ਹਾਈ ਕਮਿਸ਼ਨ ਵਾਲੇ ਤੁਹਾਡੇ ਨਾਲ ਇਵੇਂ ਵਰਤਾਵ ਕਰਦੇ ਹਨ ਜਿਵੇਂ ਤੁਹਾਡੇ ਉਪਰ ਕੋਈ ਅਹਿਸਾਨ ਕਰ ਰਹੇ ਹੋਣ। ਤੁਹਾਡੇ ਕੰਮ ਨਾਲੋਂ ਉਹਨਾਂ ਨੂੰ ਆਪਣੇ ਦੋਸਤਾਂ ਨਾਲ ਫੋਨ ਰਾਹੀਂ ਰਾਤੀਂ ਟੈਲੀ ਤੇ ਦੇਖੇ ਪਰੋਗਰਾਮ ਬਾਰੇ ਜਾਂ ਪੌਂਡ ਦੇ ਰੇਟ ਬਾਰੇ ਗੱਲ ਕਰਨੀ ਜਿ਼ਆਦਾ ਜ਼ਰੂਰੀ ਹੁੰਦੀ ਹੈ। ਇਸ ਮੁਲਕ ਵਿਚ ਰਹਿੰਦਿਆਂ ਜਿਹੜੇ ਕੰਨ ਥੈਂਕਿਊ, ਪਲੀਜ਼ ਜਾਂ ਸੌਰੀ ਸੁਣਨਾ ਗਿਝ ਜਾਂਦੇ ਹਨ ਉਹਨਾਂ ਲਈ ‘ਅਬੇ’, ‘ਓਏ’ ਜਾਂ ‘ਕਿਆ ਕਹਾ ਤੂ ਨੇ’ ਸੁਣਨਾ ਔਖਾ ਹੋ ਜਾਂਦਾ ਹੈ। ਤੁਹਾਡੀ ਅਜਿਹੇ ਲੋਕਾਂ ਦਾ ਸਾਹਮਣਾ ਕਰਨ ਦੀ ਸਿਰਦਰਦੀ ਕੁਝ ਟਰੈਵਲ ਏਜੰਟ ਥੋੜ੍ਹੀ ਜਿਹੀ ਫੀਸ ਨਾਲ ਹੀ ਦੂਰ ਕਰ ਦਿੰਦੇ ਹਨ। ਸਕਾਈਲਿੰਕ ਵਾਲੇ ਫੋਨ ਕਰਕੇ ਦੱਸਦੇ ਹਨ ਕਿ ਟਿਕਟ ਤੇ ਵੀਜ਼ਾ ਲਗਿਆ ਪਾਸਪੋਰਟ ਤਿਆਰ ਪਏ ਹਨ। ਇਹ ਟਿਕਟ ਉਠਾਉਣ ਕਾਰਨ ਹੀ ਇਸ ਪਾਸੇ ਜਾ ਰਿਹਾ ਹੈ ਇਸੇ ਲਈ ਇਸ ਭੀੜ ਵਿਚ ਫਸਿਆ ਖੜਾ ਹੈ।
ਸੁੱਖੀ ਦੇ ਕਤਲ ਤੋਂ ਬਾਅਦ ਤਾਂ ਉਹ ਇਧਰ ਆਉਂਦਾ ਹੀ ਨਹੀਂ। ਉਸ ਨੂੰ ਸੁੱਖੀ ਦਿੱਸਣ ਲੱਗਦੀ ਹੈ। ਸਵਿਮਿੰਗ ਪੂਲ ਦੇ ਫੱਟੇ ਉਤੇ ਖੜੀ ਸੁੱਖੀ। ਫੱਟੇ ਨੂੰ ਦੋ ਤਿੰਨ ਦਮ ਦੇ ਕੇ ਪਾਣੀ ਵਿਚ ਛਾਲ ਮਾਰਦੀ ਸੁੱਖੀ। ਮੱਛੀ ਵਾਂਗ ਤਿਲਕਦੀ ਤੇ ਫਿਰ ਸਵਿਮਿੰਗ ਪੂਲ ਦੇ ਦੂਜੇ ਪਾਸੇ ਜਾ ਨਿਕਲਦੀ ਸੁੱਖੀ। ਸੁੱਖੀ ਦੇ ਕਤਲ ਸਮੇਂ ਪੂਰੇ ਸਾਊਥਾਲ ਨੇ ਮੂੰਹ ਵਿਚ ਉਂਗਲਾਂ ਪਾ ਲਈਆਂ ਸਨ। ਇਸ ਕਤਲ ਨੇ ਅਜੀਬ ਜਿਹਾ ਰੁਮਾਂਸ ਪੈਦਾ ਕਰ ਦਿਤਾ ਸੀ ਪਰ ਕਿਸੇ ਨੇ ਇਸ ਕਤਲ ਦਾ ਬੁਰਾ ਨਹੀਂ ਸੀ ਮਨਾਇਆ। ਸੁੱਖੀ ਦੇ ਕਤਲ ਨੂੰ ਪੂਰਾ ਸਾਊਥਾਲ ਕਿਵੇਂ ਵੀ ਲੈਂਦਾ ਹੋਵੇ ਪਰ ਉਹ ਇਸ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਉਸ ਦੇ ਅੰਦਰ ਬਹੁਤ ਕੁਝ ਟੁੱਟ ਭੱਜ ਜਾਂਦਾ ਹੈ। ਉਸ ਦੀ ਹਾਲਤ ਬਿਮਾਰਾਂ ਵਾਲੀ ਹੋ ਜਾਂਦੀ ਹੈ। ਸਾਲ ਹੋ ਚੱਲਿਆ ਹੈ ਇਸ ਦੁਖਾਂਤ ਨੂੰ। ਹੁਣ ਜਾ ਕੇ ਉਹ ਕੁਝ ਸੰਭਲਿਆ ਹੈ ਪਰ ਇਹ ਘਟਨਾ ਹਾਲੇ ਵੀ ਤਾਜ਼ੀ ਹੈ ਜਿਵੇਂ ਕੱਲ ਹੀ ਵਾਪਰੀ ਹੋਵੇ। ਹਾਲੇ ਵੀ ਮਨਦੀਪ ਕਹਿਣ ਲਗਦੀ ਹੈ,
“ਕੀ ਲੱਗਦੀ ਸੀ ਤੁਹਾਡੀ ਉਹ ?... ਮਾਮੇ ਦੀ ਧੀ?”
“ਤੂੰ ਤਾਂ ਕਮਲ਼ ਮਾਰੀ ਜਾਨੀ ਐਂ !”
“ਮੈਂ ਨਹੀਂ ਤੁਸੀਂ ਕਮਲ਼ ਮਾਰਦੇ ਓ, ਸਾਰਾ ਸਾਊਥਾਲ, ਸਾਰੀ ਦੁਨੀਆ ਥੂ ਥੂ ਕਰਦੀ ਐ ਓਹਦੇ ‘ਤੇ, ਤੇ ਤੁਸੀਂ ਮੁਫਤ ਵਿਚ ਈ ਸੁਧ-ਬੁਧ ਗੰਵਾਈ ਬੈਠੇ ਓ।”
“ਮੈਂ ਸਾਰਾ ਸ਼ਹਿਰ ਨਹੀਂ, ਮੈਂ ਭੀੜ ਨਹੀਂ।”
“ਨਾ ਹੋਵੋ ਪਰ ਮੂਡ ਠੀਕ ਰੱਖੋ, ਤੁਹਾਨੂੰ ਪਤੈ ਸਾਨੂੰ ਕਿੰਨੀ ਤਖਲੀਫ ਹੁੰਦੀ ਐ, ਤੁਹਾਡਾ ਖਰਾਬ ਮੂਡ ਸਾਰੇ ਘਰ ਦਾ ਮਹੌਲ ਖਰਾਬ ਕਰ ਦਿੰਦਾ ਐ ਤੇ ਮੁੰਡੇ ਹੋਰਵੇਂ ਕਰਨ ਲਗਦੇ ਆ।”
ਹੁਣ ਤਾਂ ਉਹ ਠੀਕ ਹੈ ਫਿਰ ਵੀ ਮਨਦੀਪ ਨਹੀਂ ਚਾਹੁੰਦੀ ਕਿ ਉਹ ਬਰਾਡਵੇਅ ਵੱਲ ਨੂੰ ਜਾਵੇ ਤੇ ਆ ਕੇ ਹੋਰ ਤਰਾਂ ਤਰ੍ਹਾਂ ਦੀਆਂ ਗੱਲਾਂ ਕਰਨ ਲਗੇ। ਉਹ ਜਾਣਦੀ ਹੈ ਕਿ ਜਦ ਉਹ ਕਿਸੇ ਗੱਲ ਬਾਰੇ ਸੋਚਣ ਲਗਦਾ ਹੈ ਤਾਂ ਸੋਚਦਾ ਹੀ ਤੁਰਿਆ ਜਾਂਦਾ ਹੈ। ਜੇਕਰ ਸਕਾਈਲਿੰਕ ਦੇ ਦਫਤਰ ਨਾ ਜਾਣਾ ਹੁੰਦਾ ਤਾਂ ਉਧਰ ਜਾਣ ਲਈ ਕਦੇ ਨਾ ਆਖਦੀ।
ਟਰੈਫਿਕ ਮਸਾਂ ਮਸਾਂ ਕਰਦੇ ਤੁਰਦਾ ਹੈ। ਰੇਡੀਓ ਉਪਰ ਟਰੈਫਿਕ ਦੀਆਂ ਖਬਰਾਂ ਵਿਚ ਬਰਾਡਵੇਅ ਦੇ ਰੱਸ਼ ਬਾਰੇ ਵਾਰ ਵਾਰ ਅਗਾਹ ਕੀਤਾ ਜਾ ਰਿਹਾ ਹੈ। ਵੈਸੇ ਵੀ ਲੋਕਾਂ ਨੂੰ ਇਸ ਰੱਸ਼ ਦਾ ਪਤਾ ਹੈ ਪਰ ਫਿਰ ਵੀ ਆਉਂਦੇ ਹਨ। ਇਹੋ ਰੋਡ ਅੱਗੇ ਈਲਿੰਗ ਜਾਂਦੀ ਹੈ ਤੇ ਉਸ ਤੋਂ ਅਗੇ ਕੇਂਦਰੀ ਲੰਡਨ ਨੂੰ ਪਰ ਇਨ੍ਹਾਂ ਗੱਡੀਆਂ ਵਿਚ ਈਲਿੰਗ ਜਾਂ ਕੇਂਦਰੀ ਲੰਡਨ ਜਾਣ ਵਾਲੇ ਬਹੁਤੇ ਲੋਕ ਨਹੀਂ ਹੋਣੇ ਸ਼ਾਇਦ ਕੋਈ ਵੀ ਨਾ ਹੋਵੇ ਇਨ੍ਹਾਂ ਬੱਸਾਂ ਤੋਂ ਸਿਵਾ। ਬਹੁਤੇ ਲੋਕ ਤਾਂ ਈਲਿੰਗ ਲਈ ਬਦਲਵਾਂ ਰੂਟ ਲੈ ਲੈਂਦੇ ਹਨ। ਇਹਨਾਂ ਵਿਚ ਕੁਝ ਗੱਡੀਆਂ ਲੋਕਲ ਰਹਿੰਦੇ ਲੋਕਾਂ ਦੀਆਂ ਹੋਣਗੀਆਂ, ਕੁਝ ਇਧਰ ਕੰਮ ਆਏ ਜਾਂ ਸ਼ੌਪਿੰਗ ਆਦਿ ਨੂੰ ਆਏ ਲੋਕਾਂ ਦੀਆਂ ਤੇ ਬਾਕੀ ਤਮਾਸ਼ਬੀਨ ਹੋਣਗੇ ਜਿਹੜੇ ਬਰਾਡਵੇਅ ਦਾ ਨਜ਼ਾਰਾ ਦੇਖਣ ਹੀ ਆਏ ਹੋਣਗੇ। ਕਈ ਸਿਰਫ ਸਲਵਾਰ ਸੂਟ ਜਾਂ ਸਾੜ੍ਹੀਆਂ ਵਾਲੀਆਂ ਜਾਂ ਬਿੰਦੀਆਂ ਵਾਲੀਆਂ ਔਰਤਾਂ ਦੇਖਣ ਆਏ ਹੋ ਸਕਦੇ ਹਨ। ਕੁਝ ਜਗਮੋਹਣ ਵਰਗੇ ਮਜਬੂਰੀ ਵਿਚ ਫਸੇ ਵੀ। ਉਹ ਵਕਤ ਲੰਘਾਉਣ ਲਈ ‘ਵਾਸ ਪਰਵਾਸ’ ਨੂੰ ਸਟੇਅਰਿੰਗ ਉਪਰ ਰੱਖ ਪੜਨ ਲਗਦਾ ਹੈ। ‘ਵਾਸ ਪਰਵਾਸ’ ਸਾਊਥਾਲ ਦਾ ਪ੍ਰਮੁੱਖ ਸਪਤਾਹਿਕ ਪਰਚਾ ਹੈ। ਜਗਮੋਹਣ ਇਸ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਹੈ ਪਰ ਪੜਦਾ ਇਸੇ ਨੂੰ ਹੀ ਹੈ। ਇਸ ਵਿਚ ਸਥਾਨਕ ਤੇ ਭਾਰਤ ਦੀਆਂ ਖਬਰਾਂ ਹੁੰਦੀਆਂ ਹਨ।
ਗਰੈਂਡ ਯੂਨੀਅਨ ਕੈਨਾਲ ਦਾ ਪੁਲ ਆ ਜਾਂਦਾ ਹੈ। ਇਸ ਉਚੀ ਜਗਾਹ ਤੋਂ ਅੱਗੇ ਸੜਕ ਤੇ ਖੜੀਆਂ ਕਾਰਾਂ ਦਾ ਨਜ਼ਾਰਾ ਹੋਰ ਵੀ ਸਾਫ ਦਿੱਸਦਾ ਹੈ। ਰੰਗ ਬਰੰਗੀਆਂ ਕਾਰਾਂ ਜੜੀਆਂ ਖੜੀਆਂ ਹਨ ਇਕ ਸਾਰ, ਖਿਡਾਉਣਿਆਂ ਵਾਂਗ। ਜਗਮੋਹਣ ਮਨ ਹੀ ਮਨ ਸੋਚਦਾ ਹੈ ਕਿ ਇਹ ਨਜ਼ਾਰਾ ਵੀ ਕਿਹੜਾ ਰੋਜ਼ ਰੋਜ਼ ਮਿਲਦਾ ਹੈ। ਹੱਸਦਾ ਹੈ।
ਹੌਲੀ ਹੌਲੀ ਉਹ ਸਰਦਾਰ ਜ਼ਿਊਲਰਜ਼ ਮੂਹਰੇ ਆ ਜਾਂਦਾ ਹੈ। ਇਸ ਦਾ ਮਾਲਕ ਬਾਹਰ ਖੜਾ ਟਰੈਫਿਕ ਦੇਖ ਰਿਹਾ ਹੈ ਬਲਕਿ ਤਾੜ ਰਿਹਾ ਹੈ ਜਿਵੇਂ ਕਿ ਉਸ ਨੇ ਕਿਧਰੇ ਜਾਣਾ ਹੋਵੇ ਤੇ ਟਰੈਫਿਕ ਨੂੰ ਦੇਖਦਾ ਸਭ ਟਾਲ ਰਿਹਾ ਹੋਵੇ। ਇਹ ਸਰਦਾਰ ਉਸ ਦਾ ਵਾਕਿਫ ਹੈ। ਸਰਦਾਰ ਨੂੰ ਗਿਲਾ ਹੈ ਕਿ ਬਰਾਡਵੇਅ ਉਪਰਲੀ ਗਾਹਕਾਂ ਦੀ ਭੀੜ ਉਸ ਤੱਕ ਨਹੀਂ ਪੁੱਜਦੀ ਕਿਉਂਕਿ ਉਸ ਦੀ ਦੁਕਾਨ ਮੁੱਖ ਬਜ਼ਾਰ ਤੋਂ ਜ਼ਰਾ ਬਾਹਰ ਪੈ ਜਾਂਦੀ ਹੈ। ਇਥੇ ਤੱਕ ਪੁੱਜਦਿਆਂ ਗਾਹਕਾਂ ਦੀਆਂ ਜੇਬਾਂ ਹਲਕੀਆਂ ਹੋ ਜਾਂਦੀਆਂ ਹਨ।
ਟਰੈਫਿਕ ਹੁਝਕਾ ਹੁਝਕਾ ਚਲ ਰਿਹਾ ਹੈ। ਕੁਝ ਹੁਝਕਿਆ ਨਾਲ ਸਕਾਈਲਿੰਕ ਦਾ ਦਫਤਰ ਦਿੱਸਣ ਲੱਗਦਾ ਹੈ। ਉਹ ਕਾਰ ਖੜੀ ਕਰਨ ਲਈ ਜਗ੍ਹਾ ਦੇਖਣ ਲੱਗਦਾ ਹੈ। ਕਿਧਰੇ ਕੁਝ ਵੀ ਨਹੀਂ। ਦੂਰ ਟਰੈਫਿਕ ਵਾਰਡਨ ਦੀ ਫੌਜੀ ਰੰਗੀ ਵਰਦੀ ਦਿੱਸਣ ਲੱਗਦੀ ਹੈ। ਇਹ ਟਰੈਫਿਕ ਵਾਰਡਨ ਜਿਵੇਂ ਜਿ਼ਦ ਕੇ ਟਿਕਟ ਦਿੰਦੇ ਹੋਣ, ਜਿਵੇਂ ਤਨਖਾਹ ਦੇ ਨਾਲ ਨਾਲ ਇਹਨਾਂ ਨੂੰ ਟਿਕਟ ਦੇਣ ਵਿਚ ਵੀ ਕਮਿਸ਼ਨ ਮਿਲਦਾ ਹੋਵੇ। ਸਾਊਥਾਲ ਵਿਚ ਇਹ ਟਰੈਫਿਕ ਵਾਰਡਨ ਸਭ ਤੋਂ ਵੱਧ ਨਫਰਤ ਦੇ ਪਾਤਰ ਬਣੇ ਹੋਏ ਹਨ। ਕਈ ਵਾਰ ਗਰਮ ਸੁਭਾਅ ਵਾਲੇ ਟਿਕਟ ਮਿਲ ਜਾਣ ਤੇ ਇਹਨਾਂ ਨੂੰ ਕੁੱਟ ਵੀ ਧਰਦੇ ਹਨ। ਉਹ ਖੱਬੇ ਪਾਸੇ ਵਾਲੀ ਸੜਕ ਉਪਰ ਨੂੰ ਮੁੜ ਜਾਂਦਾ ਹੈ। ਕਾਰ ਖੜੀ ਕਰਨ ਲਈ ਇਥੇ ਵੀ ਜਗ੍ਹਾ ਨਹੀਂ ਹੈ। ਸਕਾਈਲਿੰਕ ਦੇ ਦਫਤਰ ਵਿਚ ਉਸ ਦਾ ਕੰਮ ਤਾਂ ਇਕ ਮਿੰਟ ਦਾ ਹੀ ਹੈ। ਪਾਸਪੋਰਟ ਤੇ ਟਿਕਟ ਹੀ ਚੁੱਕਣੇ ਹਨ। ਉਹ ਕਿਸੇ ਦੇ ਘਰ ਦੀ ਡਰਾਈਵ ਵੇਅ ਦੇ ਮੁਹਰੇ ਹੀ ਕਾਰ ਖੜੀ ਕਰਕੇ ਦਫਤਰ ਵਲ ਨੂੰ ਭੱਜਦਾ ਹੈ। ਸਾਹੋ ਸਾਹੀ ਹੋਇਆ ਵਾਪਸ ਮੁੜਦਾ ਹੈ ਤਾਂ ਘਰ ਵਾਲਾ ਕਾਰ ਕੱਢਣ ਤੋਂ ਰੁਕਿਆ ਖੜਾ ਮਿਲਦਾ ਹੈ। ਉਹ ਅੱਖਾਂ ਕੱਢ ਰਿਹਾ ਹੈ, ਜਗਮੋਹਨ ਉਸ ਨੂੰ ਸੌਰੀ ਸੌਰੀ ਕਹਿੰਦਾ ਜਾ ਰਿਹਾ ਹੈ। ਉਸ ਨੂੰ ਤਸੱਲੀ ਹੈ ਕਿ ਮਨਦੀਪ ਦਾ ਪਾਸਪੋਰਟ ਤੇ ਟਿਕਟ ਲੈ ਆਇਆ ਹੈ। ਕਾਰ ਸਟਾਰਟ ਕਰਦਾ ਮੁੜ ਬਰਾਡਵੇਅ ਦੇ ਟਰੈਫਿਕ ਦੇ ਦਰਿਆ ਵਿਚ ਠਿਲ ਪੈਦਾ ਹੈ। ਉਹ ਟਿਕਟ ਤੇ ਪਾਸਪੋਰਟ ਤੇ ਲਗੇ ਵੀਜ਼ੇ ਨੂੰ ਚੈਕ ਕਰਦਾ ਹੈ ਕਿ ਸਭ ਠੀਕ ਤਾਂ ਹੈ। ਹੁਣ ਉਸ ਨੂੰ ਪਹਿਲਾਂ ਜਿੰਨੀ ਕਾਹਲੀ ਨਹੀਂ ਹੈ। ਉਸ ਨੂੰ ਚੰਗਾ ਲਗ ਰਿਹਾ ਕਿ ਮਨਦੀਪ ਇੰਡੀਆ ਜਾ ਰਹੀ ਹੈ। ਦੋਨੋਂ ਮੁੰਡੇ ਉਸ ਨਾਲ ਹੋਰ ਜੁੜਨਗੇ। ਅੰਕਲ ਪਾਲਾ ਸਿੰਘ ਆਖਦਾ ਹੈ ਕਿ ਇਸ ਮੁਲਕ ਵਿਚ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਵੇ। ਅੱਖ ਦੇ ਫੋਰ ਵਿਚ ਘਰ ਟੁੱਟ ਜਾਂਦੇ ਹਨ। ਬਾਹਰ ਨੌਕਰੀ ਕਰਦੀ ਔਰਤ ਪਤਾ ਨਹੀਂ ਕਦ ਵਰਗਲਾ ਲਈ ਜਾਵੇ ਇਸ ਲਈ ਬੱਚਿਆਂ ਨੂੰ ਜਿੰਨਾ ਹੋਵੇ ਆਪਣੇ ਨਾਲ ਜੋੜ ਕੁ ਰੱਖੋ। ਕਿਸੇ ਦੋਸਤ ਦੀ ਕਹੀ ਇਕ ਗੱਲ ਹੋਰ ਉਸ ਨੂੰ ਚੇਤੇ ਆਉਣ ਲਗਦੀ ਹੈ ਕਿ ਔਰਤ ਆਪਣੇ ਬੱਚਿਆਂ ਨੂੰ ਫੌਜ ਬਣਾ ਕੇ ਪਤੀ ਦੇ ਖਿਲਾਫ ਵਰਤਦੀ ਹੈ ਇਸ ਲਈ ਬੱਚਿਆਂ ‘ਤੇ ਆਪਣਾ ਇੰਨਾ ਸੁਖਾਵਾਂ ਪਰਭਾਵ ਛੱਡੋ ਕਿ ਤੁਹਾਡੇ ਖਿਲਾਫ ਨਾ ਜਾਣ। ਵੈਸੇ ਤਾਂ ਉਸ ਦੇ ਮਨਦੀਪ ਨਾਲ ਰਿਸ਼ਤਾ ਕਿਸੇ ਹੱਦ ਤਕ ਠੀਕ ਹੈ ਪਰ ਫਿਰ ਵੀ ਇਕ ਧੁੜਕੂ ਜਿਹਾ ਹਰ ਵੇਲੇ ਉਸ ਦੇ ਮਨ ਨੂੰ ਲਗਿਆ ਰਹਿੰਦਾ ਹੈ।
ਬਰਾਡਵੇਅ ਉਪਰ ਹੁਣ ਇਸਲਾਮਿਕ ਸੈਂਟਰ ਖੁੱਲ੍ਹ ਗਿਆ ਹੈ। ਉਹ ਇਸ ਨੂੰ ਪਹਿਲੀ ਵਾਰ ਦੇਖ ਰਿਹਾ ਹੈ। ਨਾਲ ਹੀ ਸਿੱਖ ਮਿਸ਼ਨਰੀ ਸੈਂਟਰ ਹੈ ਜੋ ਕਿ ਕੁਝ ਸਾਲ ਪਹਿਲਾਂ ਖੁੱਲ੍ਹਿਆ ਸੀ। ਅੱਗੇ ਜਾ ਕੇ ਸੱਜੇ ਪਾਸੇ ਪ੍ਰਤਾਪ ਖੈਹਰੇ ਦਾ ਰੈਸਟੋਰੈਂਟ ਹੈ ਜਿਸ ਨੂੰ ਉਸ ਨੇ ਹੁਣੇ ਜਿਹੇ ਹੀ ਕੇਸਰੀ ਰੰਗ ਕਰਵਾਇਆ ਹੈ ਤੇ ਸਾਹਮਣੇ ਹੀ ਚੌਧਰੀ ਮੁਸ਼ਤਾਕ ਅਲੀ ਦਾ ਹਰੇ ਰੰਗ ਵਾਲਾ ਰੈਸਟੋਰੈਂਟ। ਲੋਕ ਕਹਿੰਦੇ ਹਨ ਕਿ ਇਹੋ ਹਨ ਜੋ ਸਾਊਥਾਲ ਵਿਚ ਨਿਕੇ ਨਿਕੇ ਲੜਾਈ ਝਗੜੇ ਕਰਵਾ ਰਹੇ ਹਨ। ਇਸ ਵੇਲੇ ਤਾਂ ਇਹ ਕੋਈ ਵੱਡੀ ਸਮੱਸਿਆ ਨਹੀਂ ਹੈ ਪਰ ਬਣ ਸਕਦੀ ਹੈ। ਕਈ ਗੰਭੀਰ ਸੋਚ ਵਾਲੇ ਲੋਕ ਇਸ ਦਾ ਹੱਲ ਲੱਭਣ ਦੀ ਕੋਸਿ਼ਸ਼ ਵੀ ਕਰ ਰਹੇ ਹਨ ਪਰ ਜਨੂੰਨੀ ਇਹਨਾਂ ਦੇ ਹੱਥ ਮਜਬੂਤ ਕਰ ਰਹੇ ਹਨ।
ਬਰੌਡਵੇਅ ਦੇ ਫੁੱਟ–ਵੇਅ ਉਪਰ ਮੋਢੇ ਵੱਜਦਾ ਰਸ਼ ਹੈ। ਕੁਝ ਕੁ ਦੁਕਾਨਾਂ ਮੁਹਰੇ ਲੋਕ ਮੇਜ਼ਾਂ ਉਪਰ ਘੜੀਆਂ ਸਜਾਈ ਖੜੇ ਹਨ ਤੇ ਗਾਹਕ ਝੁਕ ਝੁਕ ਕੇ ਕੀਮਤ ਤੇ ਮਾਲ ਤਾੜ ਰਹੇ ਹਨ। ਲੋਕਾਂ ਦੇ ਬੈਠਣ ਲਈ ਕੁਝ ਬੈਂਚ ਵੀ ਹਨ ਜਿਨ੍ਹਾਂ ਉਪਰ ਵਾਇਨੋ ਜਿਹੇ ਦਿੱਸਦੇ ਬੰਦੇ ਹੱਥਾਂ ਵਿਚ ਬੀਅਰ ਦੇ ਡੱਬੇ ਫੜੀ ਬੈਠੇ ਹਨ। ਮਠਿਆਈ ਦੀਆਂ ਦੁਕਾਨਾਂ ਵਿਚ ਨਿਕਲਦੀਆਂ ਜਲੇਬੀਆਂ ਖੁਸ਼ਬੂ ਜਿਹੀ ਬਖੇਰ ਰਹੀਆਂ ਹਨ। ਸੈਂਟਾਂ ਨਾਲ ਲੱਥ ਪੱਥ ਔਰਤਾਂ ਦੀ ਸੁੰਘ ਦੂਰ ਦੂਰ ਤੱਕ ਜਾ ਰਹੀ ਹੈ। ਉਸ ਨੂੰ ਮੇਲੇ ਵਾਲਾ ਇਹ ਮਾਹੌਲ ਚੰਗਾ ਚੰਗਾ ਲੱਗਦਾ ਹੈ। ਸਾਰੇ ਹੀ ਦੇਸੀ ਚਿਹਰੇ ਹਨ। ਗੋਰਾ ਰੰਗ ਦੇਖਣ ਨੂੰ ਵੀ ਨਹੀਂ ਮਿਲਦਾ। ਇਸੇ ਲਈ ਕਈ ਅੰਗਰੇਜ਼ ਮਜ਼ਾਕ ਕਰਦੇ ਕਹਿਣ ਲੱਗਦੇ ਹਨ ਕਿ ਸਾਊਥਾਲ ਜਾਣਾ ਹੋਵੇ ਤਾਂ ਪਾਸਪੋਰਟ ਲੋੜੀਂਦਾ ਹੈ।
ਉਸ ਦੀ ਕਾਰ ਗਰੇਵਾਲ ਇੰਪੋਰੀਅਮ ਸਾਹਮਣੇ ਆ ਜਾਂਦੀ ਹੈ। ਇਸ ਸ਼ੋਅ ਰੂਮ ਦੀ ਆਪਣੀ ਸ਼ਾਨ ਹੈ। ਭਾਵੇਂ ਬਰਾਡਵੇਅ ਉਪਰ ਕੱਪੜੇ ਦੀਆਂ ਬਹੁਤ ਦੁਕਾਨਾਂ ਹਨ। ਪਰ ਗਰੇਵਾਲ ਇੰਪੋਰੀਅਮ ਮੁਹਰੇ ਖਾਸ ਨਹੀਂ ਦਿੱਸਦੀਆਂ। ਇਕ ਹੋਰ ਮਸ਼ਹੂਰ ਡਲਹੌਜ਼ੀ ਸਾੜ੍ਹੀ ਸਟੋਰ ਹੈ ਪਰ ਉਸ ਦਾ ਵੀ ਉਹ ਰੋਅਬ ਨਹੀਂ ਹੈ। ਗਰੇਵਾਲ ਇੰਪੋਰੀਅਮ ਵੱਲ ਨੂੰ ਗਾਹਕ ਖਿੱਚਿਆ ਚਲੇ ਜਾਂਦਾ ਹੈ। ਇੰਪੋਰੀਅਮ ਦੇ ਨਾਲ ਹੀ ਮੁੜਦੀ ਸੜਕ ਉਪਰ ਰਾਮਗੜ੍ਹੀਆ ਗੁਰਦਆਰਾ ਹੈ ਜਿਸ ਦੀ ਅੱਜ ਕੱਲ ਮਾਨਤਾ ਬਹੁਤ ਵੱਧ ਗਈ ਹੈ। ਕੋਈ ਨਵੀਂ ਟੀਮ ਆਈ ਹੈ ਪਾਠੀਆਂ ਦੀ ਤੇ ਕੀਰਤਨੀਆਂ ਦੀ। ਔਰਤਾਂ ਦੇ ਝੁੰਡ ਭੱਜੇ ਹੀ ਜਾਂਦੇ ਹਨ। ਮਨਦੀਪ ਦੇ ਨਾਲ ਕੰਮ ਕਰਦੀ ਔਰਤ ਮਨਦੀਪ ਨੂੰ ਦੱਸਦੀ ਹੈ ਤੇ ਮਨਦੀਪ ਉਸ ਨੂੰ। ਭਾਰਤ ਦੀ ਗਰਮ ਸਿਆਸਤ ਦਾ ਜਾਂ ਪੰਜਾਬ ਦੇ ਖਰਾਬ ਹਾਲਾਤ ਦਾ ਇਸ ਗੁਰਦੁਆਰੇ ਉਪਰ ਕੋਈ ਅਸਰ ਨਹੀਂ ਪੈਂਦਾ। ਸ਼ਾਇਦ ਇਸ ਦਾ ਕਾਰਨ ਇਹ ਹੋਵੇ ਕਿ ਇਸ ਦੀ ਮਲਕੀਅਤ ਰਾਮਗੜੀਆ ਬਰਾਦਰੀ ਦੇ ਹੱਥ ਵਿਚ ਹੈ। ਜੇਕਰ ਤੁਹਾਡੀ ਜ਼ਾਤ ਤ੍ਰਖਾਣ-ਮਿਸਤਰੀ ਨਹੀਂ ਹੈ ਤਾਂ ਤੁਸੀਂ ਇਸ ਗੁਰਦਵਾਰੇ ਦੀ ਕਮੇਟੀ ਵਿਚ ਸ਼ਾਮਲ ਨਹੀਂ ਹੋ ਸਕਦੇ। ਕੁਝ ਵੀ ਹੋਵੇ ਇਸ ਗੁਰਦਵਾਰੇ ਵਿਚ ਸਭ ਨਰਮਦਲੀਏ ਹਨ ਜਦਕਿ ਸਾਊਥਾਲ ਦੇ ਕੁਝ ਹੋਰ ਗੁਰਦੁਆਰਿਆਂ ਵਿਚ ਤਾਂ ਅੱਗ ਵਰ੍ਹਦੀ ਹੈ। ਵੈਸੇ ਹੁਣ ਹਾਲਾਤ ਠੀਕ ਹਨ, ਕੁਝ ਸ਼ਾਂਤੀ ਹੈ। ਮਨਦੀਪ ਦਾ ਮੱਥਾ ਟੇਕਣ ਜਾਣਾ ਉਸ ਨੂੰ ਇੰਨਾ ਡਰਾਉਣਾ ਨਹੀਂ ਲੱਗਦਾ। ਕਦੇ ਕਦੇ ਮਨਦੀਪ ਦੇ ਮਨ ਵਿਚ ਪੈਦਾ ਹੋਈ ਸ਼ਰਧਾ ਕਾਰਨ ਉਸ ਨੂੰ ਭੈਅ ਮਹਿਸੂਸ ਹੋਣ ਲੱਗਦਾ ਹੈ ਕਿ ਉਸ ਦੀਆਂ ਸਿਗਰਟਾਂ ਕਾਰਨ ਮਨਦੀਪ ਘਰ ਵਿਚ ਕੋਈ ਪੁਆੜਾ ਹੀ ਨਾ ਪਾ ਲਵੇ ਪਰ ਹਾਲੇ ਤਕ ਸਭ ਠੀਕ ਹੈ। ਕਦੇ ਕਦਾਈਂ ਮਨਦੀਪ ਉਸ ਦੀ ਇਸ ਆਦਤ ਉਪਰ ਗਿਲਾ ਕਰਦੀ ਕਹਿੰਦੀ ਹੈ ਕਿ ਬੱਚਿਆਂ ਤੇ ਵੀ ਇਸ ਦਾ ਬੁਰਾ ਅਸਰ ਪੈ ਸਕਦਾ ਹੈ। ਜਗਮੋਹਨ ਹੁਣ ਬੱਚਿਆਂ ਸਾਹਮਣੇ ਸਿਗਰਟ ਨਹੀਂ ਪੀਂਦਾ। ਉਹ ਘਰ ਵਿਚ ਸਿਗਰਟ ਬਹੁਤ ਘਟ ਪੀਂਦਾ ਹੈ ਜੇ ਹੁੜਕ ਹੋਵੇ ਵੀ ਤਾਂ ਬਾਹਰ ਗਾਰਡਨ ਵਿਚ ਨਿਕਲ ਜਾਂਦਾ ਹੈ।
ਅੱਗੇ ਰਾਜਾ ਰਾਜ ਭੋਜ ਹੈ। ਉਸ ਦੇ ਦਿਲ ਵਿਚ ਤਾਰ ਜਿਹੀ ਫਿਰ ਜਾਂਦੀ ਹੈ। ਸਿਰ ਭਾਰਾ ਭਾਰਾ ਹੋਣ ਲਗਦਾ ਹੈ। ਸੁੱਖੀ ਫੱਟੇ ਨੂੰ ਦਮ ਦਿੰਦੀ ਸਵਿਮਿੰਗ ਪੂਲ ਵਿਚ ਛਲਾਂਗ ਮਾਰਦੀ ਹੈ ਤੇ ਮੱਛੀ ਬਣ ਦੂਜੇ ਕਿਨਾਰੇ ਜਾ ਨਿਕਲਦੀ ਹੈ। ਜਿਥੇ ਹੁਸੈਨ ਖੜਾ ਹੈ। ਹੁਸੈਨ ਉਸ ਵੱਲ ਦੇਖ ਕੇ ਮੁਸਕਰਾਉਂਦਾ ਹੈ। ਸੁੱਖੀ ਪਿਛਲਖੁਰੀ ਤੈਰਨ ਲੱਗਦੀ ਹੈ। ਰਾਜਾ ਰਾਜ ਭੋਜ ਰੈਸਟੋਰੈਂਟ ਨੂੰ ਸਾਰੇ ਪਾਸੇ ਫੱਟੇ ਲੱਗੇ ਹੋਏ ਹਨ। ਹੋ ਸਕਦਾ ਹੈ ਕਿ ਪੁਲਿਸ ਨੇ ਮੁੜ ਖੋਲ੍ਹਣ ਦੀ ਇਜਾਜ਼ਤ ਨਾ ਦਿੱਤੀ ਹੋਵੇ। ਸੰਭਵ ਹੈ ਸੁੱਖੀ ਦੇ ਖੂਨ ਦੇ ਛਿੱਟੇ ਹਾਲੇ ਵੀ ਕੰਧਾਂ ਉਪਰ ਹੋਣ। ਕਾਸ਼ ਉਹ ਕਿਸੇ ਤਰ੍ਹਾਂ ਦੇਖ ਸਕਦਾ ਇਨ੍ਹਾਂ ਛਿੱਟਿਆਂ ਨੂੰ। ਉਸ ਨੂੰ ਕੁਝ ਹੋਣ ਲੱਗਦਾ ਹੈ। ਉਸ ਦਾ ਦਿਲ ਕਰਦਾ ਹੈ ਕਿ ਕਿਸੇ ਤਰ੍ਹਾਂ ਉੜ ਕੇ ਇਸ ਟਰੈਫਿਕ ਨੂੰ ਲੰਘ ਜਾਵੇ ਤੇ ਇਸ ਜਗ੍ਹਾ ਤੋਂ ਬਹੁਤ ਦੂਰ ਹੋ ਜਾਵੇ। ਉਹ ਸੋਚਦਾ ਹੈ ਕਿ ਘਰ ਜਾ ਕੇ ਮਨਦੀਪ ਨੂੰ ਨਹੀਂ ਦੱਸੇਗਾ ਕਿ ਇਹ ਰੈਸਟੋਰੈਂਟ ਦੇਖਦਿਆਂ ਹੀ ਉਸ ਅੰਦਰ ਕੁਝ ਹੋਣ ਲੱਗਿਆ ਹੈ ਨਹੀਂ ਤਾਂ ਉਹ ਆਖੇਗੀ ਕਿ ਸੁੱਖੀ ਹਾਲੇ ਵੀ ਉਸ ਦੇ ਅੰਦਰ ਬੈਠੀ ਹੈ।
ਫਿਰ ਉਹ ਸੋਚਣ ਲੱਗਦਾ ਹੈ ਕਿ ਉਹ ਤਾਂ ਐਵੇਂ ਹੀ ਇਹ ਸਭ ਦਿਲ ਨੂੰ ਲਾਈ ਜਾਂਦਾ ਹੈ ਜਦ ਕਿ ਸਾਰਾ ਸ਼ਹਿਰ ਖੁਸ਼ ਫਿਰਦਾ ਹੈ। ਉਹ ਗਰਦਨ ਘੁਮਾ ਕੇ ਫੱਟੇ ਲੱਗੇ ਰੈਸਟੋਰੈਂਟ ਵੱਲ ਫਿਰ ਦੇਖਦਾ ਹੈ ਉਥੇ ਕੁਝ ਵੀ ਨਹੀਂ ਹੈ ਸਿਵਾਏ ਪੁਰਾਣੇ ਪੈ ਚੁੱਕੇ ਫੱਟਿਆਂ ਜਾਂ ਘਸਮੈਲੀਆਂ ਕੰਧਾਂ ਦੇ। ਸੁੱਖੀ ਕਿਧਰੇ ਨਹੀਂ ਹੈ। ਉਹ ਇਕ ਖਬਰ ਹੈ। ਖਬਰਾਂ ਦਾ ਕਿਸੇ ਨਾਲ ਲੰਮਾ ਨਾਤਾ ਨਹੀਂ ਹੁੰਦਾ। ਫਿਰ ਇਸ ਖਬਰ ਆਈ ਨੂੰ ਸਾਲ ਹੋ ਗਿਆ ਹੈ। ਇੰਨੀ ਦੇਰ ਤਾਂ ਕਿਸੇ ਖਬਰ ਨੂੰ ਅਖਬਾਰਾਂ ਜਾਂ ਟੈਲੀ ਵਾਲੇ ਵੀ ਨਹੀਂ ਵਰਤਦੇ।
ਉਹ ਲਾਈਟਾਂ ਤੋਂ ਖੱਬੇ ਮੁੜ ਜਾਂਦਾ ਹੈ। ਲੇਡੀ ਮਾਰਗਰੇਟ ਰੋਡ ਉਪਰ ਨੂੰ। ਮੰਦਰ ਕੋਲੋਂ ਲੰਘਦਾ ਹੈ। ਮੰਦਰ ਦਾ ਪੁਜਾਰੀ ਮੋਹਣ ਲਾਲ ਪਰਸੋਂ ਸ਼ਰਾਬ ਪੀਂਦਾ ਉਸ ਲਾਲ ਐਵੇਂ ਹੀ ਬਹਿਸਦਾ ਜਾ ਰਿਹਾ ਸੀ। ਮੋਹਣ ਲਾਲ ਉਸ ਤੋਂ ਇਮੀਗਰੇਸ਼ਨ ਬਾਰੇ ਸਲਾਹ ਪੁੱਛਦਾ ਪੁੱਛਦਾ ਆਪਣੇ ਇਸ਼ਕਾਂ ਬਾਰੇ ਗੱਲਾਂ ਕਰਨ ਲਗਦਾ ਹੈ। ਉਹ ਮੋਹਣ ਲਾਲ ਬਾਰੇ ਬਹੁਤਾ ਨਹੀਂ ਸੋਚਦਾ ਕਾਰ ਭਜਾ ਲੈਂਦਾ ਹੈ। ਇਥੇ ਟਰੈਫਿਕ ਬਿਲਕੁਲ ਨਹੀਂ ਹੈ। ਉਸ ਨੂੰ ਪਤਾ ਹੈ ਕਿ ਮਨਦੀਪ ਟਿਕਟ ਦੇਖ ਕੇ ਕਿੰਨੀ ਖੁਸ਼ ਹੋਵੇਗੀ। ਮਨਦੀਪ ਦੇ ਮੰਮੀ–ਡੈਡੀ ਪਹਿਲਾਂ ਹੀ ਗਏ ਹੋਏ ਹਨ। ਉਨ੍ਹਾਂ ਨੇ ਪਿੰਡ ਜਾ ਕੇ ਪਾਠ ਰਖਵਾਉਣਾ ਹੈ ਇਸੇ ਲਈ ਮਨਦੀਪ ਇੰਡੀਆ ਜਾਣ ਲਈ ਕਾਹਲੀ ਹੈ।
ਮਨਦੀਪ ਕੰਮ ਤੋਂ ਆ ਚੁੱਕੀ ਹੈ। ਨਵਕਿਰਨ ਤੇ ਨਵਜੀਵਨ ਬੈਠੇ ਕਾਰਟੂਨ ਦੇਖ ਰਹੇ ਹਨ। ਦੋਨੋਂ ਹੀ ਜੁੜਵੇਂ ਲੱਗਦੇ ਹਨ ਜਦ ਕਿ ਕਿਰਨ ਜੀਵਨ ਤੋਂ ਸਾਲ ਵੱਡਾ ਹੈ। ਜਗਮੋਹਨ ਬਿਨਾਂ ਬੋਲੇ ਮਨਦੀਪ ਦੇ ਹੱਥ ਵਿਚ ਟਿਕਟ ਤੇ ਪਾਸਪੋਰਟ ਫੜਾਉਂਦਾ ਦੋਨਾਂ ਮੁੰਡਿਆਂ ਦੇ ਵਿਚਕਾਰ ਜਾ ਬੈਠਦਾ ਹੈ ਤੇ ਉਨ੍ਹਾਂ ਨੂੰ ਆਪਣੇ ਨਾਲ ਘੁੱਟ ਲੈਂਦਾ ਹੈ। ਮਨਦੀਪ ਕਹਿੰਦੀ ਹੈ,
“ਮੂਡ ਠੀਕ ਨਹੀਂ ਜਾਪਦਾ।”
“ਬਰਾਡਵੇਅ ਦੇ ਟਰੈਫਿਕ ਵਿਚ ਫਸਾ ਦਿੱਤਾ ਮੈਨੂੰ।”
“ਤੁਹਾਨੂੰ ਕਿਹਨੇ ਕਿਹਾ ਸੀ ਓਧਰ ਦੀ ਆਓ, ਘਰ ਆ ਜਾਂਦੇ ਪਹਿਲਾਂ ਤੇ ਫੇਰ ਸਕਾਈਲਿੰਕ ਦੇ ਚਲੇ ਜਾਂਦੇ।”
“ਤੈਨੂੰ ਪਤੈ ਘਰ ਆ ਕੇ ਨਹੀਂ ਮੇਰੇ ਤੋਂ ਨਿਕਲਿਆ ਜਾਂਦਾ।”
“ਜੌਗਿੰਗ ਕਰਨ ਜਾਂਦੇ ਓ, ਓਧਰ ਨੂੰ ਚਲੇ ਜਾਂਦੇ।”
“ਤੈਨੂੰ ਪਤਾ ਤਾਂ ਐ ਕਿ ਅਜ ਉਹ ਦਫਤਰ ਜਲਦੀ ਬੰਦ ਕਰ ਜਾਂਦੇ ਆ। ਨਾਲੇ਼ ਇੰਡੀਅਨ ਅੱਖਾਂ ਨੂੰ ਜੌਗਿੰਗ ਓਪਰੀ ਲੱਗਦੀ ਐ, ਜੌਗਿੰਗ ਕਰਨ ਵਾਲੇ ਨੂੰ ਮੈਡ ਕਹਿੰਦੇ ਆ।”
ਕਹਿੰਦਾ ਹੋਇਆ ਜਗਮੋਹਨ ਹੱਸਦਾ ਹੈ। ਮਨਦੀਪ ਉਸ ਵੱਲ ਧਿਆਨ ਨਾਲ ਦੇਖਦੀ ਸੋਚਦੀ ਹੈ ਕਿ ਹਾਸਾ ਪੂਰਾ ਨਹੀਂ ਹੈ, ਕਿਧਰੇ ਕੁਝ ਛੁੱਟ ਗਿਆ ਹੈ ਉਸ ਦੇ ਹਾਸੇ ਵਿਚ। ਉਹ ਉਸ ਦੇ ਕੋਲ ਬੈਠਦੀ ਪੁੱਛਦੀ ਹੈ,
“ਜੈਗ, ਕੀ ਗੱਲ ਐ ?... ਮੈਨੂੰ ਦੱਸਣ ਵਾਲੀ ਐ।”
ਗੱਲ ਕਰਦੀ ਮਨਦੀਪ ਉਸ ਦੇ ਮੋਢੇ ਉਪਰ ਹੱਥ ਫੇਰਦੀ ਹੈ। ਜਗਮੋਹਨ ਨੂੰ ਉਸ ਦਾ ਇਵੇਂ ਕਰਨਾ ਚੰਗਾ ਲੱਗਦਾ ਹੈ। ਉਸ ਦੇ ਇਵੇਂ ਕਰਦਿਆਂ ਹੀ ਉਹ ਬੱਚਾ ਬਣ ਜਾਂਦਾ ਹੈ। ਉਹ ਆਖਦਾ ਹੈ,
“ਨਹੀਂ ਡਾਰਲਿੰਗ, ਕੋਈ ਗੱਲ ਨਹੀਂ।”
“ਤੁਹਾਡੀ ਮਰਜ਼ੀ।”
ਕਹਿੰਦੀ ਮਨਦੀਪ ਉਠਦੀ ਰਸੋਈ ਵਿਚ ਚਲੇ ਜਾਂਦੀ ਹੈ। ਕੁਝ ਦੇਰ ਬਾਅਦ ਜਗਮੋਹਨ ਜ਼ਰਾ ਉੱਚੀ ਅਵਾਜ਼ ਵਿਚ ਕਹਿਣ ਲੱਗਦਾ ਹੈ,
“ਰਾਜਾ ਰਾਜ ਭੋਜ ਹਾਲੇ ਵੀ ਬੰਦ ਐ।”
ਮਨਦੀਪ ਲੌਂਜ ਵਿਚ ਆਉਂਦੀ ਬੋਲਦੀ ਹੈ,
“ਤਾਂ ਇਹ ਗੱਲ ਐ।”

ਚਲਦਾ.....